Saturday, April 2, 2011

                                                                 ਆਓ ਕਰਾਓ ਅਪਰੇਸ਼ਨ
                                                ਕੁੱਤਾ 'ਮਹਿੰਗਾ',ਬੰਦਾ 'ਸਸਤਾ'
                                                                   ਚਰਨਜੀਤ ਭੁੱਲਰ
ਬਠਿੰਡਾ : ਕੁੱਤੇ ਨਾਲੋਂ ਭੈੜੀ ਜੂਨ ਬੰਦੇ ਦੀ ਹੈ। ਚੰਗੀ ਨਸਲ ਦੇ ਕੁੱਤੇ ਵੀ ਆਦਮੀ ਨਾਲੋਂ ਮਹਿੰਗੇ ਵਿਕਦੇ ਨੇ। ਦਿੱਲੀ ਦੀ ਇੱਕ ਔਰਤ ਪੰਜਾਬ 'ਚ ਪੰਜ ਹਜ਼ਾਰ 'ਚ ਵਿਕੀ ਸੀ ਜਦੋਂ ਕਿ ਕੁੱਤੇ ਦਾ ਮੁੱਲ 20 ਹਜ਼ਾਰ ਵੀ ਮਿਲਿਆ। ਆਦਮੀ ਨਾਲੋਂ ਤਾਂ ਕੁੱਤਿਆਂ ਦੀ ਨਸਬੰਦੀ ਵੀ ਮਹਿੰਗੀ ਹੈ। ਵੱਖਰਾ ਮਾਮਲਾ ਹੈ ਕਿ ਸਰਕਾਰ ਕੁੱਤਿਆਂ ਦੀ ਨਸਬੰਦੀ ਨੂੰ ਖਰਚੇ ਦਾ ਘਰ ਮੰਨਦੀ ਹੈ। ਵਜ੍ਹਾ ਇਹੋ ਹੈ ਕਿ ਅੱਜ ਹਰ ਪਾਸੇ ਅਵਾਰਾ ਕੁੱਤਿਆਂ ਦੀ ਆਬਾਦੀ ਕਈ ਗੁਣਾ ਵੱਧ ਗਈ ਹੈ। ਪਾਰਲੀਮੈਂਟ ਤੋਂ ਬਿਨ੍ਹਾਂ ਐਤਕੀਂ ਪੰਜਾਬ ਵਿਧਾਨ ਸਭਾ 'ਚ ਵੀ ਅਵਾਰਾ ਕੁੱਤਿਆਂ ਦੇ ਮਾਮਲੇ ਦੀ ਗੂੰਜ ਪਈ ਹੈ। ਅਵਾਰਾ ਕੁੱਤੇ ਏਦਾ ਬੰਦਿਆਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ ਜਿਵੇਂ ਕਿਸੇ ਪੁਰਾਣੇ ਜਨਮ ਦਾ ਬਦਲਾ ਲੈ ਰਹੇ ਹੋਣ। ਤੱਥ ਹਨ ਕਿ ਆਦਮੀ ਦੀ ਨਸਬੰਦੀ 'ਤੇ ਖਰਚਾ 200 ਰੁਪਏ ਆਉਂਦਾ ਹੈ ਜਦੋਂ ਕਿ ਕੁੱਤੇ ਦੀ ਨਸਬੰਦੀ ਪੰਜਾਬ 'ਚ 700 ਰੁਪਏ 'ਚ ਪੈਂਦੀ ਹੈ। ਸਮਾਂ ਲੰਘ ਗਿਆ ਜਦੋਂ ਸਿਹਤ ਮਹਿਕਮੇ ਵਾਲੇ ਪਿੰਡਾਂ 'ਚ ਗੋਲੀਆਂ ਪਾ ਕੇ ਅਵਾਰਾ ਕੁੱਤੇ ਮਾਰ ਦਿੰਦੇ ਸਨ। ਮੇਨਕਾ ਗਾਂਧੀ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਕਿ ਪ੍ਰੋਵੈਨਸ਼ਨ ਆਫ਼ ਕਰੂਲਟੀ ਐਕਟ 1960 ਮੁਤਾਬਿਕ ਕੁੱਤੇ ਮਾਰੇ ਨਹੀਂ ਜਾ ਸਕੇ। ਉਦੋਂ ਤੋਂ ਕੁੱਤਿਆਂ ਦੀ ਅਬਾਦੀ ਵੱਧ ਗਈ ਹੈ। ਪਿਛੇ ਜਿਹੇ ਹੁਕਮ ਆ ਗਏ ਕਿ ਪਿੰਡਾਂ ਦੇ ਸਰਪੰਚ ਕੁੱਤਿਆਂ ਦੀ ਨਸਬੰਦੀ 'ਚ ਮਦਦ ਕਰਾਉਣਗੇ। ਸਰਪੰਚ ਖੁਦ ਕੁੱਤਿਆਂ ਪਿਛੇ ਦੌੜਨਗੇ। ਫੜ ਕੇ ਪਸ਼ੂ ਪਾਲਣ ਵਿਭਾਗ ਹਵਾਲੇ ਕਰਨਗੇ। ਸਰਪੰਚਾਂ ਨੇ ਵਿਰੋਧ ਕੀਤਾ ਕਿ 'ਕੁਝ ਤਾਂ ਸ਼ਰਮ ਕਰੋ, ਸਰਪੰਚ ਕੁੱਤੇ ਘੇਰਦਾ ਚੰਗਾ ਲੱਗਦੈ'।
           ਸਿਹਤ ਵਿਭਾਗ ਪੰਜਾਬ ਉਸ ਨੂੰ 1100 ਰੁਪਏ ਦਾ ਨਗਦ ਤੋਹਫ਼ਾ ਦਿੰਦਾ ਹੈ ਜੋ ਆਦਮੀ ਨਸਬੰਦੀ ਕਰਾਉਂਦਾ ਹੈ। ਜ਼ਿਲ੍ਹਾ ਬਠਿੰਡਾ 'ਚ ਕੁਝ ਸਾਲ ਪਹਿਲਾਂ ਨਸਬੰਦੀ ਕੈਂਪ ਲੱਗੇ ਸਨ। ਨਸਬੰਦੀ ਕਰਾਉਣ ਵਾਲੇ ਨੂੰ ਮੁਫ਼ਤ ਕੰਬਲ ਦਿੱਤਾ ਜਾਂਦਾ ਸੀ। ਪੰਜਾਬ 'ਤੇ ਉਦੋਂ ਤਰਸ ਆਇਆ ਕਿ ਠੰਡ ਤੋਂ ਬਚਣ ਲਈ ਇੱਕ ਕੰਬਲ ਖਾਤਰ ਪਤਾ ਨਹੀਂ ਕਿੰਨੇ ਹੀ ਗਰੀਬ ਕਤਾਰਾਂ 'ਚ ਆ ਖੜੇ ਹੋਏ ਸਨ।  ਬਾਲਿਆਂ ਵਾਲੀ ਦੇ ਇਲਾਕੇ ਦੇ ਦੋ ਮਜ਼ਦੂਰਾਂ ਨੇ ਇਸ ਕਰਕੇ ਨਸਬੰਦੀ ਕਰਾਈ ਕਿਉਂਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਇਲਾਜ ਲਈ ਪੈਸੇ ਚਾਹੀਦੇ ਸਨ। ਗੱਲ ਕੁੱਤਿਆਂ ਦੀ ਨਸਬੰਦੀ ਕਰਦੇ ਹਾਂ। ਮੁਲਕ 'ਚ ਕਰੀਬ 24 ਮਿਲੀਅਨ ਅਵਾਰਾ ਕੁੱਤੇ ਹਨ ਜਦੋਂ ਕਿ ਚੰਡੀਗੜ੍ਹ 'ਚ ਅਵਾਰਾ ਕੁੱਤਿਆਂ ਦੀ ਗਿਣਤੀ 7500 ਦੇ ਕਰੀਬ ਦੱਸੀ ਜਾ ਰਹੀ ਹੈ। ਦਿਲੀ ਸਰਕਾਰ ਵਲੋਂ ਕੁੱਤਿਆਂ ਦੀ ਨਸਬੰਦੀ ਲਈ ਐਨ.ਜੀ.ਓਜ ਨੂੰ ਪ੍ਰਤੀ ਕੁੱਤਾ 445 ਰੁਪਏ ਦਿੱਤੇ ਜਾਂਦੇ ਹਨ। 75 ਰੁਪਏ ਤਾਂ ਇਕੱਲੇ ਅਵਾਰਾ ਕੁੱਤੇ ਨੂੰ ਫੜਨ ਦੇ ਦਿੱਤੇ ਜਾਂਦੇ ਹਨ। ਇਵੇਂ ਹੀ ਬਾਂਦਰਾ ਦੀ ਨਸਬੰਦੀ ਲਈ 1320 ਰੁਪਏ ਦਾ ਖਰਚਾ ਦਿੱਤਾ ਜਾਂਦਾ ਹੈ। ਨਵੀਂ ਦਿੱਲੀ 'ਚ ਕਰੀਬ 5 ਹਜ਼ਾਰ ਬਾਂਦਰ ਹਨ ਜਦੋਂ ਕਿ ਚੰਡੀਗੜ੍ਹ 'ਚ ਵੀ ਬਾਂਦਰਾ ਦੀ ਗਿਣਤੀ 500 ਦੇ ਕਰੀਬ ਹੈ। ਆਮ ਲੋਕ ਅਵਾਰਾ ਕੁੱਤਿਆਂ ਅਤੇ ਬਾਂਦਰਾ ਤੋਂ ਇੱਕੋ ਜਿੰਨੇ ਹੀ ਤੰਗ ਪਰੇਸ਼ਾਨ ਹਨ। ਲੰਘੇ ਹਫਤੇ ਦੀ ਗੱਲ ਹੀ ਕਰੀਏ ਤਾਂ ਪੰਜਾਬ 'ਚ 25 ਮਾਰਚ ਨੂੰ ਇੱਕ ਤਿੰਨ ਸਾਲ ਦੇ ਮਾਸੂਮ ਨੂੰ ਅਵਾਰੇ ਕੁੱਤਿਆਂ ਨੇ ਨੋਚ ਲਿਆ। 27 ਮਾਰਚ ਨੂੰ ਬਟਾਲਾ ਦੇ 9 ਵਰ੍ਹਿਆਂ ਦੇ ਮਨਵੀਰ ਦੀ ਅਵਾਰਾ ਕੁੱਤਿਆ ਨੇ ਜਾਨ ਲੈ ਲਈ। ਇਵੇਂ ਹੀ 31 ਮਾਰਚ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੋਹਣੋਂ ਕਲਾਂ ਦੇ 65 ਵਰ੍ਹਿਆਂ ਦੇ ਬਜ਼ੁਰਗ ਹਰਬੰਸ ਸਿੰਘ ਨੂੰ ਵੀ ਅਵਾਰਾ ਕੁੱਤਿਆਂ ਨੇ ਘੇਰ ਕੇ ਹਮਲਾ ਕਰ ਦਿੱਤਾ। ਉਸ ਦੀ ਜਾਨ ਚਲੀ ਗਈ।
             ਪੰਜਾਬ 'ਚ ਹਰ ਹਫਤੇ ਏਦਾ ਹੋ ਰਿਹਾ ਹੈ। ਬਹੁਤੇ ਪਿੰਡਾਂ 'ਚ ਤਾਂ ਹੁਣ ਹੱਡਾਰੋੜੀ ਲਾਗਿਓਂ ਇਕੱਲੇ ਆਦਮੀ ਨੂੰ ਲੰਘਣਾ ਮੁਸ਼ਕਲ ਹੋ ਗਿਆ ਹੈ। ਹੁਣ ਤਾਂ ਸ਼ਹਿਰਾਂ ਦੀ ਵੀ ਹਰ ਗਲੀ 'ਚ ਅਵਾਰਾ ਕੁੱਤੇ ਦਿੱਖਦੇ ਹਨ। ਨਗਰ ਨਿਗਮ ਅੰਮ੍ਰਿਤਸਰ ਵਲੋਂ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਦੋਂ ਕਿ ਪਹਿਲਾਂ ਲੁਧਿਆਣਾ 'ਚ ਵੀ ਇਹ ਮਿਹੰਮ ਚੱਲੀ ਸੀ। ਬਠਿੰਡਾ ਸ਼ਹਿਰ 'ਚ ਅਵਾਰਾ ਕੁੱਤਿਆਂ ਦੀ ਗਿਣਤੀ 6 ਹਜ਼ਾਰ ਦੇ ਕਰੀਬ ਹੈ। ਨਗਰ ਨਿਗਮ ਬਠਿੰਡਾ ਨੂੰ ਇਨ੍ਹਾਂ ਦੀ ਨਸਬੰਦੀ ਲਈ 30 ਲੱਖ ਰੁਪਏ ਦੀ ਲੋੜ ਹੈ। ਪੰਜਾਬ ਸਰਕਾਰ ਆਖਦੀ ਹੈ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ 2.89 ਕਰੋੜ ਰੁਪਏ ਦੀ ਲੋੜ ਹੈ। ਜ਼ਮੀਨਾਂ ਵੇਚ ਕੇ ਗੁਜ਼ਾਰਾ ਕਰ ਰਹੀ ਸਰਕਾਰ ਕੋਲ ਏਨੀ ਰਾਸ਼ੀ ਹੀ ਨਹੀਂ ਹੈ। ਐਨੀਮਲ ਵੈਲਫੇਅਰ ਬੋਰਡ ਆਫ਼ ਇੰਡੀਆ ਵਲੋਂ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਐਨ.ਜੀ.ਓਜ ਨੂੰ ਪੈਸਾ ਦਿੱਤਾ ਜਾਂਦਾ ਹੈ। ਪੰਜਾਬ 'ਚ ਕਦੇ ਵੀ ਇਹ ਰਾਸ਼ੀ ਜਾਰੀ ਨਹੀਂ ਹੋ ਸਕੀ ਹੈ। ਕੁੱਤਿਆਂ ਦੀ ਨਸਬੰਦੀ ਕਾਫੀ ਟੇਢਾ ਕੰਮ ਹੈ। ਆਦਮਖੋਰ ਕੁੱਤਿਆ ਨੂੰ ਫੜਨਾ ਸੌਖਾ ਕੰਮ ਨਹੀਂ ਹੈ।
           ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਰਿੰਦਰ ਕੁਮਾਰ ਸਿੰਗਲਾ ਦੱਸਦੇ ਹਨ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਕੋਈ ਫੰਡ ਪ੍ਰਾਪਤ ਨਹੀਂ ਹੋਏ ਹਨ। ਕੁਝ ਸਮਾਂ ਪਹਿਲਾਂ ਕੁੱਤਿਆ ਦੀ ਨਸਬੰਦੀ ਦਾ ਅਸਟੀਮੇਟ ਜਰੂਰ ਲਗਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਕ ਕੁੱਤੇ ਦੀ ਨਸਬੰਦੀ ਦੇ ਅਪਰੇਸ਼ਨ 'ਤੇ ਕਰੀਬ 700 ਰੁਪਏ ਦਾ ਖਰਚਾ ਆਉਂਦਾ ਹੈ। ਪਸ਼ੂ ਪਾਲਣ ਮਹਿਕਮੇ ਦੇ ਪੋਲੀਕਲੀਨਿਕ ਦੇ ਇਨਚਾਰਜ ਡਾ.ਰਾਕੇਸ ਗਰੋਵਰ ਦਾ ਕਹਿਣਾ ਸੀ ਕਿ ਕੁੱਤੇ ਦੀ ਨਸਬੰਦੀ ਦਾ ਕਾਫੀ ਖਰਚਾ ਪੈਂਦਾ ਹੈ ਅਤੇ ਇਹ ਮਹਿੰਗਾ ਇਲਾਜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਨਵੀਂ ਤਕਨੀਕ ਆਈ ਹੈ ਜਿਸ ਨਾਲ ਇਹ ਖਰਚ ਘੱਟ ਪੈਂਦਾ ਹੈ ਜਿਸ ਨੂੰ ਨਗਰ ਨਿਗਮ ਅੰਮ੍ਰਿਤਸਰ ਵਲੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸਬੰਦੀ ਤੋਂ ਇਲਾਵਾ ਕੁੱਤਿਆ ਨੂੰ ਫੜਨ ਦਾ ਪ੍ਰੋਜੈਕਟ ਵੀ ਵੱਡਾ ਹੈ ਜਿਸ ਦਾ ਵੱਖਰਾ ਖਰਚ ਕਰਨਾ ਪੈਂਦਾ ਹੈ। ਦੂਸਰੀ ਤਰਫ਼ ਮਨੁੱਖਾਂ ਦੀ ਨਸਬੰਦੀ ਦਾ ਖਰਚ ਕੁੱਤਿਆਂ ਨਾਲੋਂ ਸਸਤਾ ਹੈ। ਸਿਵਲ ਸਰਜਨ ਬਠਿੰਡਾ ਡਾ.ਆਈ.ਡੀ.ਗੋਇਲ ਦਾ ਕਹਿਣਾ ਸੀ ਕਿ ਉਹ ਆਦਮੀਆਂ ਦੀ ਨਸਬੰਦੀ ਦੇ ਅਪਰੇਸ਼ਨ ਸਿਹਤ ਮਹਿਕਮੇ ਤਰਫ਼ੋਂ ਬਿਲਕੁਲ ਮੁਫ਼ਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਮਹਿਕਮੇ ਵਲੋਂ ਤਾਂ ਨਸਬੰਦੀ ਕਰਾਉਣ ਵਾਲੇ ਵਿਅਕਤੀ ਨੂੰ 1100 ਰੁਪਏ ਦਿੱਤੇ ਜਾਂਦੇ ਹਨ ਅਤੇ ਨਸਬੰਦੀ ਦਾ ਕੇਸ ਲਿਆਉਣ ਵਾਲੇ ਨੂੰ ਵੀ ਨਕਦ ਇਨਾਮ ਦਿੱਤਾ ਜਾਂਦਾ ਹੈ।
 ਅਵਾਰਾ ਕੁੱਤੇ ਜਦੋਂ ਹਲਕ ਜਾਂਦੇ ਹਨ,ਹੋਰ ਵੀ ਨੌਬਤ ਖੜ੍ਹੀ ਕਰਦੇ ਹਨ। ਹਲ਼ਕਾਅ ਦੇ ਇਲਾਜ ਲਈ ਲੋਕਾਂ ਨੂੰ ਵੱਡਾ ਖਰਚਾ ਝੱਲਣਾ ਪੈਂਦਾ ਹੈ। ਸਰਕਾਰ ਆਖ ਰਹੀ ਹੈ ਕਿ ਉਸ ਕੋਲ ਤਾਂ ਬੰਦਿਆਂ ਦੇ ਇਲਾਜ ਲਈ ਪੈਸਾ ਨਹੀਂ ,ਕੁੱਤਿਆਂ ਦੀ ਨਸਬੰਦੀ 'ਤੇ ਕਿਥੋਂ ਖਰਚ ਕੀਤਾ ਜਾਵੇ। ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਐਤਕੀਂ ਅਸੈਂਬਲੀ 'ਚ ਇਹ ਮਾਮਲਾ ਉਠਾਇਆ ਸੀ। ਦੇਖਣਾ ਇਹ ਹੈ ਕਿ ਸਰਕਾਰ ਹੁਣ ਅਵਾਰਾ ਕੁੱਤਿਆਂ ਲਈ ਕੀ ਨਵੀਂ ਯੋਜਨਾਬੰਦੀ ਬਣਾਉਂਦੀ ਹੈ। ਅਵਾਰਾ ਕੁੱਤਿਆਂ ਤੋਂ ਹੀ ਨਹੀਂ ਬਲਕਿ ਦੋ ਡੰਗ ਦੀ ਰੋਟੀ ਨੂੰ ਤਰਸਣ ਵਾਲਾ ਤਾਂ ਉਨ੍ਹਾਂ ਕੁੱਤਿਆਂ ਤੋਂ ਵੀ ਤੰਗ ਹੈ ਜਿਨ੍ਹਾਂ ਨੂੰ ਰੋਟੀ ਨਹੀਂ, ਬਿਸਕੁਟ ਮਿਲਦੇ ਹਨ। ਵੱਡੇ ਲੋਕ ਜਾਂ ਕਹਿ ਲਓ ਕੁੱਤਿਆਂ ਦੇ ਸ਼ੌਕੀਨ ਤਾਂ ਆਪਣੀ ਕਮਾਈ ਦਾ ਕਾਫੀ ਹਿੱਸਾ ਤਾਂ ਕੁੱਤਿਆਂ 'ਤੇ ਹੀ ਖਰਚ ਦਿੰਦੇ ਹਨ। ਇਨ੍ਹਾਂ ਕੁੱਤਿਆਂ ਦੀ ਜ਼ਿੰਦਗੀ ਦੀ ਵੱਖਰੀ ਬਕਾਇਦਾ ਗੱਲ ਕਰਾਂਗੇ, ਅੱਜ ਅਵਾਰਾ ਕੁੱਤੇ ਹੀ ਸਹੀ।

No comments:

Post a Comment