Thursday, April 7, 2011

       ਚਾਰ ਹਜ਼ਾਰ ਪੇਂਡੂ ਕਲੱਬ 'ਸਵਰਗਵਾਸ'
                                ਚਰਨਜੀਤ ਭੁੱਲਰ
ਬਠਿੰਡਾ : ਪੰਜਾਬ 'ਚ ਚਾਰ ਹਜ਼ਾਰ ਪੇਂਡੂ ਕਲੱਬ 'ਸਵਰਗਵਾਸ' ਹੋ ਗਏ ਹਨ। ਇਹ ਕਲੱਬ ਆਪਣੀ ਮੌਤ ਨਹੀਂ ਮਰੇ ਬਲਕਿ ਉਨ੍ਹਾਂ ਨੂੰ ਦਮ ਘੁੱਟ ਕੇ ਮਾਰਿਆ ਗਿਆ ਹੈ। ਕਲੱਬਾਂ ਨੂੰ ਮਾਰਨ ਵਾਲੇ ਉਹ ਲੋਕ ਹਨ ਜਿਨ੍ਹਾਂ ਨੇ ਪਹਿਲਾਂ ਪੰਚਾਇਤਾਂ ਵੰਡੀਆਂ, ਗੁਰੂ ਘਰ ਵੰਡੇ ਤੇ ਫਿਰ ਸ਼ਮਸ਼ਾਨ ਘਾਟ ਵੀ। ਸਾਲ 2001 'ਚ ਪੇਂਡੂ ਕਲੱਬਾਂ 'ਤੇ ਪਹਿਲਾ ਹੱਲਾ ਹੋਇਆ ਸੀ। ਉਦੋਂ ਤਤਕਾਲੀ ਅਕਾਲੀ ਹਕੂਮਤ ਨੇ ਸੰਗਤ ਦਰਸ਼ਨਾਂ 'ਚ 'ਸਿਆਸੀ ਕਲੱਬ' ਬਣਾਏ ਹਨ ਜਿਨ੍ਹਾਂ ਨੂੰ ਫੰਡਾਂ ਦੇ ਗੱਫੇ ਦਿੱਤੇ ਗਏ ਸਨ। ਮਗਰੋਂ ਕੈਪਟਨ ਸਰਕਾਰ ਨੇ ਵੀ 'ਆਪਣਿਆਂ' ਦੇ ਸਿਆਸੀ ਕਲੱਬ ਬਣਾ ਕੇ ਉਨ੍ਹਾਂ ਨੂੰ ਮਾਲਾ ਮਾਲ ਕੀਤਾ। ਭਾਵੇਂ ਇਨ੍ਹਾਂ ਨੂੰ ਨੌਜਵਾਨਾਂ ਦੇ ਕਲੱਬਾਂ ਦਾ ਨਾਮ ਦਿੱਤਾ ਗਿਆ ਪ੍ਰੰਤੂ ਇਨ੍ਹਾਂ ਕਲੱਬਾਂ ਨੂੰ ਰਾਤੋਂ ਰਾਤ ਬਣਾਇਆ ਗਿਆ ਸੀ। ਉਹ ਵੀ ਕੇਵਲ ਸਰਕਾਰੀ ਫੰਡ ਦੇਣ ਲਈ। ਪ੍ਰਮੁੱਖ ਸਿਆਸੀ ਧਿਰਾਂ ਨੇ ਉਨ੍ਹਾਂ ਪੇਂਡੂ ਕਲੱਬਾਂ ਨੂੰ ਵਿਸਾਰ ਦਿੱਤਾ ਜੋ ਸਿਆਸਤ ਤੋਂ ਰਹਿਤ ਸਨ। ਇਨ੍ਹਾਂ ਸਿਆਸੀ ਕਲੱਬਾਂ ਨੂੰ ਉੱਚਾ ਚੁੱਕਣਾ ਸ਼ੁਰੂ ਕਰ ਦਿੱਤਾ। ਕਰੀਬ ਇੱਕ ਦਹਾਕੇ 'ਚ ਹੀ ਪੇਂਡੂ ਕਲੱਬ ਦਮ ਤੋੜ ਗਏ। ਜਿਨ੍ਹਾਂ 'ਚ ਮਾਰ ਝੱਲਣ ਦੀ ਹਿੰਮਤ ਸੀ,ਉਹ ਅੱਜ ਵੀ ਜਿੰਦਾ ਹਨ। ਜੋ ਕਲੱਬ ਹੁਣ ਮਰ ਮੁੱਕੇ ਚੁੱਕੇ ਹਨ, ਉਨ੍ਹਾਂ ਚੋਂ ਪੰਜਾਹ ਫੀਸਦੀ ਕਲੱਬ ਇਕੱਲੇ ਮਾਲਵਾ ਖ਼ਿੱਤੇ ਦੇ ਹਨ,ਜਿਥੇ ਨਸ਼ਿਆਂ ਦੇ ਹੜ੍ਹ ਵਹਿ ਰਹੇ ਹਨ। ਸਿਆਸੀ ਕਲੱਬਾਂ ਦੀ ਭੀੜ ਨੇ ਇਨ੍ਹਾਂ ਪੇਂਡੂ ਕਲੱਬਾਂ ਨੂੰ ਹੀ ਮਿਟਾ ਦਿੱਤਾ ਹੈ। ਵੱਡੀ ਸੱਟ ਉਨ੍ਹਾਂ ਪੇਂਡੂ ਮੁੰਡਿਆਂ ਨੂੰ ਵੱਜੀ ਹੈ ਜੋ ਕਲੱਬਾਂ ਤੋਂ ਵਿਹਲੇ ਹੋ ਕੇ ਮਾੜੇ ਰਾਹਾਂ 'ਤੇ ਪੈ ਗਏ ਹਨ। ਪੇਂਡੂ ਯੁਵਕ ਕਲੱਬ ਹੀ ਹਨ ਜੋ ਪੇਂਡੂ ਮੁੰਡਿਆਂ ਨੂੰ ਰੁਝੇਵੇਂ 'ਚ ਰੱਖ ਰਹੇ ਹਨ।
             ਸਿਆਸੀ ਲੋਕਾਂ ਨੇ ਪੇਂਡੂ ਮੁੰਡਿਆਂ ਨੂੰ ਆਪਣੀ ਚਾਟ 'ਤੇ ਲਾਉਣ ਲਈ ਫੰਡ ਦਿਲ ਖੋਲ ਕੇ ਦੇਣੇ ਸ਼ੁਰੂ ਕਰ ਦਿੱਤੇ। ਸਿਆਸਤ ਨੇ ਕਲੱਬਾਂ ਦਾ ਵੀ ਬੇੜਾ ਗਰਕ ਕਰ ਦਿੱਤਾ। ਜੋ ਉਸਾਰੂ ਯੁਵਕ ਕਲੱਬ ਸਨ, ਉਨ੍ਹਾਂ ਦੀ ਥਾਂ ਸਿਆਸੀ ਲੋਕਾਂ ਨੇ ਆਪਣੀ ਸਰਪ੍ਰਸਤੀ ਵਾਲੇ ਪੇਂਡੂ ਨੌਜਵਾਨਾਂ ਦੇ ਕਲੱਬ ਹਰ ਪਿੰਡ ਵਿੱਚ ਖੜੇ ਕਰ ਦਿੱਤੇ। ਪੰਜਾਬ 'ਚ ਹੁਣ ਇਹ ਹਾਲ ਹੈ ਕਿ ਹਰ ਸਿਆਸੀ ਧਿਰ ਦਾ ਹਰ ਪਿੰਡ 'ਚ ਆਪਣੀ ਮੋਹਰ ਵਾਲਾ ਨੌਜਵਾਨ ਕਲੱਬ ਹੈ। ਮਤਲਬ ਪਿੰਡ ਦੇ ਮੁੰਡੇ ਵੀ ਸਿਆਸਤ ਨੇ ਵੰਡ ਦਿੱਤੇ ਹਨ। ਜਿਨ੍ਹਾਂ ਮੁੰਡਿਆਂ 'ਚ ਜਜ਼ਬਾ ਸੀ ,ਉਹ ਅੱਜ ਟੁੱਟ ਕੇ ਬੈਠ ਗਏ ਹਨ। ਸਿਆਸੀ ਸਰਪ੍ਰਸਤੀ ਵਾਲੇ ਕਲੱਬਾਂ ਦਾ ਬੋਲਬਾਲਾ ਹੈ। ਨਤੀਜਾ ਇਹ ਨਿਕਲਿਆ ਕਿ ਨਿਰਪੱਖ ਪੇਂਡੂ ਕਲੱਬ ਜੋ ਯੁਵਕ ਸੇਵਾਵਾਂ ਮਹਿਕਮੇ ਜਾਂ ਨਹਿਰੂ ਯੁਵਾ ਕੇਂਦਰ ਦੀ ਨਿਗਰਾਨੀ ਹੇਠ ਚੱਲ ਰਹੇ ਸਨ, ਨਿਰਾਸ਼ ਹੋ ਗਏ ਹਨ। ਕੋਈ ਫੰਡ ਨਾ ਮਿਲਿਆ ਤਾਂ ਮੁੰਡਿਆਂ ਦੀ ਉਮੀਦ ਟੁੱਟ ਗਈ। ਨਤੀਜਾ ਇਹ ਨਿਕਲਿਆ ਕਿ ਸਰਕਾਰ ਨੇ ਹੁਣ ਕਰੀਬ ਚਾਰ ਹਜ਼ਾਰ ਕਲੱਬਾਂ ਨੂੰ 'ਡੈੱਡ' ਐਲਾਨ ਦਿੱਤਾ ਹੈ। ਸਾਲ 1997 ਤੋਂ ਮਗਰੋਂ ਕਿਸੇ ਵੀ ਸਰਕਾਰ ਨੇ ਇਨ੍ਹਾਂ ਪੇਂਡੂ ਨੌਜਵਾਨ ਕਲੱਬਾਂ ਨੂੰ ਕਿਸੇ ਨੇ ਧੇਲਾ ਨਹੀਂ ਦਿੱਤਾ। ਸਿਆਸੀ ਸਰਪ੍ਰਸਤੀ ਵਾਲੇ ਰਾਤੋਂ ਰਾਤ ਬਣੇ ਕਲੱਬਾਂ ਦੇ ਖ਼ਜ਼ਾਨੇ ਭਰੇ ਰਹੇ ਹਨ। ਇੱਧਰ ਯੁਵਕ ਸੇਵਾਵਾਂ ਮਹਿਕਮੇ ਵਲੋਂ ਆਪਣੀ ਨਿਗਰਾਨੀ ਹੇਠ ਚਲਾਏ ਜਾ ਰਹੇ ਪੇਂਡੂ ਕਲੱਬ ਪਾਈ ਪਾਈ ਨੂੰ ਤਰਸ ਰਹੇ ਹਨ।
           ਯੁਵਕ ਸੇਵਾਵਾਂ ਮਹਿਕਮੇ ਦੀ ਨਿਗਰਾਨੀ ਵਾਲੇ ਪੇਂਡੂ ਕਲੱਬਾਂ ਦੀ ਪੰਜਾਬ ਵਿੱਚ ਗਿਣਤੀ 4796 ਹੈ ਜਿਨ੍ਹਾਂ ਚੋਂ 1551 ਕਲੱਬ 'ਡੈੱਡ' ਐਲਾਨ ਦਿੱਤੇ ਗਏ ਹਨ। ਨਹਿਰੂ ਯੁਵਾ ਕੇਂਦਰ ਤਹਿਤ ਪੰਜਾਬ ਵਿੱਚ ਕਰੀਬ 10 ਹਜ਼ਾਰ ਕਲੱਬ ਹਨ ਜਿਨ੍ਹਾਂ ਚੋਂ 2500 ਦੇ ਕਰੀਬ ਕਲੱਬ 'ਡੈੱਡ' ਐਲਾਨ ਦਿੱਤੇ ਗਏ ਹਨ। ਮਾਲਵੇ 'ਚ 2925 ਪੇਂਡੂ ਕਲੱਬ ਯੁਵਕ ਸੇਵਾਵਾਂ ਮਹਿਕਮੇ ਨਾਲ ਬੱਝੇ ਹੋਏ ਹਨ। ਜਦੋਂ ਕੋਈ ਫੰਡ ਨਾ ਮਿਲੇ ਤਾਂ ਮਹਿਕਮੇ ਨੇ 1291 ਪੇਂਡੂ ਕਲੱਬ 'ਡੈੱਡ' ਐਲਾਨ ਦਿੱਤੇ ਹਨ। ਆਮ ਬੋਲਚਾਲ ਦੀ ਭਾਸ਼ਾ 'ਚ ਕਹਿ ਲਓ ਕਿ ਇਨ੍ਹਾਂ ਕਲੱਬਾਂ ਦਾ ਭੋਗ ਪੈ ਗਿਆ ਹੈ। ਕੇਵਲ ਨਾਮ ਹੀ ਬਾਕੀ ਹੈ। ਨਹਿਰੂ ਯੁਵਾ ਕੇਂਦਰ ਨਾਲ ਕਰੀਬ ਚਾਰ ਹਜ਼ਾਰ ਕਲੱਬ ਇਕੱਲੇ ਮਾਲਵੇ 'ਚ ਜੁੜੇ ਹੋਏ ਹਨ। ਇਨ੍ਹਾਂ ਚੋਂ ਕਰੀਬ 800 ਕਲੱਬਾਂ ਨੂੰ 'ਇਨਐਕਟਿਵ' ਐਲਾਨ ਦਿੱਤਾ ਗਿਆ ਹੈ। ਯੁਵਕ ਸੇਵਾਵਾਂ ਵਿਭਾਗ  ਦੀ ਨਿਗਰਾਨੀ ਵਾਲੇ ਬਠਿੰਡਾ ਜ਼ਿਲੇ 'ਚ 303 ਕਲੱਬ ਹਨ ਜਿਨ੍ਹਾਂ ਚੋਂ 80 ਕਲੱਬ ਡੈੱਡ ਐਲਾਨੇ ਗਏ ਹਨ ਜਦੋਂ ਕਿ ਫਿਰੋਜ਼ਪੁਰ ਜ਼ਿਲੇ ਦੇ 500 ਕਲੱਬਾਂ ਚੋਂ 250 ਕਲੱਬ ਡੈੱਡ ਹੋ ਗਏ ਹਨ। ਜ਼ਿਲ੍ਹਾ ਮਾਨਸਾ ਦੇ 71 ਚੋਂ 28 ਕਲੱਬ, ਮੋਗਾ ਦੇ 56 ਚੋਂ ਇੱਕ ਦਰਜਨ,ਮੁਕਤਸਰ ਦੇ 72 ਚੋਂ 15 ਕਲੱਬ, ਜ਼ਿਲ੍ਹਾ ਸੰਗਰੂਰ ਦੇ 346 ਕਲੱਬਾਂ ਚੋਂ 100 ਦੇ ਕਰੀਬ ਕਲੱਬ 'ਡੈਡ' ਹਨ। ਪਟਿਆਲਾ ਜ਼ਿਲੇ 'ਚ ਸਭ ਤੋਂ ਜਿਆਦਾ 961 ਪੇਂਡੂ ਕਲੱਬ ਹਨ ਜਿਨ੍ਹਾਂ ਚੋਂ 470 ਦੇ ਕਰੀਬ 'ਡੈਡ' ਹਨ। ਫਰੀਦਕੋਟ ਜ਼ਿਲੇ 'ਚ 330 ਚੋਂ 10 ਫੀਸਦੀ ਅਤੇ ਮੋਗਾ ਜ਼ਿਲੇ ਵਿੱਚ 15 ਫੀਸਦੀ ਕਲੱਬ ਡੈਡ ਹਨ। ਮਹਿਕਮੇ ਦੇ ਅਧਿਕਾਰੀ ਆਖਦੇ ਹਨ ਕਿ ਇੱਕੋ ਇਲਾਜ ਹੈ ਕਿ ਸਰਕਾਰ ਮਹਿਕਮੇ ਨੂੰ ਫੰਡ ਦੇਵੇ। ਇਹ ਫੰਡ ਨਿਗਰਾਨੀ ਹੇਠ ਸਹੀ ਪਾਸੇ ਲੱਗਣ। ਜਦੋਂ ਫੰਡ ਹੀ ਨਹੀਂ ਆਉਂਦੇ ਤਾਂ ਕਲੱਬ ਡੈਡ ਹੋ ਜਾਂਦੇ ਹਨ। ਹਾਲਾਂ ਕਿ ਹੁਣ ਤਾਂ ਇਹ ਮਹਿਕਮਾ ਵੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਹੀ ਹੈ ਜੋ ਕਿ ਹਰ ਸਟੇਜ ਤੋਂ ਨੌਜਵਾਨਾਂ ਦੀ ਗੱਲ ਕਰਦੇ ਹਨ, ਖੇਡਾਂ ਦੀ ਚਰਚਾ ਕਰਦੇ ਹਨ।
                                                       ਗਰਾਂਟਾਂ ਲੈ ਕੇ ਰਫ਼ੂ ਚੱਕਰ
ਪੰਜਾਬ ਸਰਕਾਰ ਨੂੰ ਹੁਣ ਸਿਆਸੀ ਸਰਪ੍ਰਸਤੀ ਵਾਲੇ ਕਲੱਬ ਜਾਂ ਸੰਸਥਾਵਾਂ ਨਹੀਂ ਲੱਭ ਰਹੀਆਂ ਜਿਨ੍ਹਾਂ ਨੂੰ ਵੋਟਾਂ ਵੇਲੇ ਗੱਫੇ ਦਿੱਤੇ ਸਨ। ਪੰਜਾਬ ਭਰ ਵਿੱਚ 87 ਕਲੱਬ ਤੇ ਸੰਸਥਾਵਾਂ ਅਜਿਹੀਆਂ ਹਨ ਜਿਨ੍ਹਾਂ ਨੇ ਫੰਡ ਤਾਂ ਲੈ ਲਏ ਤੇ ਹੁਣ ਉਨ੍ਹਾਂ ਦਾ ਕੋਈ ਪਤਾ ਟਿਕਾਣਾ ਨਹੀਂ ਲੱਭ ਰਿਹਾ। ਇਨ੍ਹਾਂ ਚੋਂ 18 ਕਲੱਬ ਮਾਲਵੇ ਦੇ ਹਨ ਜਿਨ੍ਹਾਂ ਨੇ ਹਾਲੇ ਤੱਕ ਲਏ ਫੰਡਾਂ ਦਾ ਹਿਸਾਬ ਕਿਤਾਬ ਨਹੀਂ ਦਿੱਤਾ। ਜ਼ਿਲ੍ਹਾ ਬਠਿੰਡਾ 'ਚ ਉਸ ਵੇਲੇ ਦੇ ਸੱਤ ਕਲੱਬ ਤੇ ਸੰਸਥਾਵਾਂ ਉਹ ਹਨ ਜੋ ਸਰਕਾਰੀ ਗਰਾਂਟ ਤਾਂ ਲੈ ਗਈਆਂ ਪ੍ਰੰਤੂ ਉਨ੍ਹਾਂ ਦਾ ਸਰਕਾਰ ਨੂੰ ਹੁਣ ਪਤਾ ਟਿਕਾਣਾ ਨਹੀਂ ਲੱਭ ਰਿਹਾ। ਇਨ੍ਹਾਂ ਤੋਂ ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਲੈਣੇ ਔਖੇ ਹੋ ਗਏ ਹਨ। ਜੋ ਕਲੱਬ ਜਾਂ ਸੰਸਥਾਵਾਂ ਨਹੀਂ ਲੱਭ ਰਹੀਆਂ ,ਉਨ੍ਹਾਂ 'ਚ ਬਠਿੰਡਾ ਦੇ ਸੱਤ,ਸੰਗਰੂਰ ਦੇ ਦੋ,ਪਟਿਆਲਾ ਦੇ ਤਿੰਨ ਅਤੇ ਮੁਕਤਸਰ ਦੇ 6 ਕਲੱਬ ਹਨ। ਛੋਟੀਆਂ ਬੱਚਤਾਂ ਵਿਭਾਗ ਵਲੋਂ ਇਨ੍ਹਾਂ ਕਲੱਬਾਂ ਵਾਲਿਆਂ ਨੂੰ ਹੁਣ ਜੋ ਚਿੱਠੀ ਪਾਈ ਜਾਂਦੀ ਹੈ, ਉਹ ਵਾਪਸ ਮੁੜ ਆਉਂਦੀ ਹੈ।
           ਏਦਾ ਹੀ ਪਿਛਲੀ ਵਜ਼ਾਰਤ ਵੇਲੇ ਹੋਇਆ ਸੀ। ਕੈਪਟਨ ਸਰਕਾਰ ਨੂੰ ਉਹ ਕਲੱਬ ਨਾ ਲੱਭੇ ਜਿਨ੍ਹਾਂ ਨੇ ਅਕਾਲੀ ਵਜ਼ਾਰਤ ਵੇਲੇ ਫੰਡ ਲਏ ਸਨ। ਆਖਰ ਸਰਕਾਰ ਨੇ ਉਨ੍ਹਾਂ ਕਲੱਬਾਂ ਤੋਂ ਫੰਡ ਲੈਣ ਵੀ ਕਾਰਵਾਈ ਸ਼ੁਰੂ ਕੀਤੀ ਸੀ ਜੋ ਕਿ ਹੁਣ ਤੱਕ ਵਿਚਕਾਰੇ ਲਮਕ ਰਹੀ ਹੈ। ਕੌਮੀ ਅਵਾਰਡ ਜੇਤੂ ਸਰਬਜੀਤ ਸਿੰਘ ਜੇਠੂਕੇ ਅਤੇ ਬੀਰਾ ਤੁੰਗਵਾਲੀ ਦਾ ਕਹਿਣਾ ਸੀ ਕਿ ਸਰਕਾਰ ਯੁਵਕਾਂ ਪ੍ਰਤੀ ਕਿੰਨੀ ਕੁ ਸੁਹਿਰਦ ਹੈ,ਮਹਿਕਮੇ ਨੂੰ ਜਾਰੀ ਹੋਏ ਫੰਡਾਂ ਤੋਂ ਪਤਾ ਲੱਗਦਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਸਹੀ ਤਰੀਕੇ ਨਾਲ ਨੌਜਵਾਨ ਕਲੱਬਾਂ ਨੂੰ ਪ੍ਰਫੁੱਲਿਤ ਕਰੇ ਤਾਂ ਨਸ਼ਿਆਂ ਦੇ ਰਾਹ ਪਏ ਨੌਜਵਾਨ ਮੁੜ ਘਰਾਂ ਨੂੰ ਪਰਤ ਸਕਦੇ ਹਨ। ਉਨ੍ਹਾਂ ਆਖਿਆ ਕਿ ਲੀਡਰਾਂ ਵਲੋਂ ਕੇਵਲ ਆਪਣੇ ਬਣਾਏ ਕਲੱਬਾਂ ਨੂੰ ਹੀ ਮੁੜ ਮੁੜ ਫੰਡ ਦਿੱਤੇ ਜਾਂਦੇ ਹਨ, ਜੋ ਠੀਕ ਨਹੀਂ।     

No comments:

Post a Comment