Wednesday, April 13, 2011

                 ਏਹ ਤਾਂ ਸਾਰੇ ਹੀ 'ਸੋਫੀ' ਨਿਕਲੇ !
                                      ਚਰਨਜੀਤ ਭੁੱਲਰ
ਬਠਿੰਡਾ : ਗੱਲ ਹੀ ਏਦਾ ਦੀ ਹੈ ਕਿ ਯਕੀਨ ਹੀ ਨਹੀਂ ਬੱਝਦਾ। ਸਮਝੋ ਬਾਹਰ ਹੈ ਕਿ ਇਹ ਕਿਵੇਂ ਹੋ ਗਿਆ। ਠੇਕਿਆਂ ਦੀ ਕੋਈ ਤੋਟ ਨਹੀਂ, ਨਾ ਹੀ ਪੀਣ ਵਾਲਿਆਂ ਦੀ। ਫਿਰ ਵੀ ਇੱਕੋ ਜ਼ਿਲ੍ਹੇ 'ਚ ਸਭ 'ਸੋਫੀ' ਹੋਣ, ਛੋਟੀ ਗੱਲ ਨਹੀਂ ਹੈ। ਬਠਿੰਡਾ ਪੁਲੀਸ ਨੇ ਆਪਣਾ ਦਿਲ ਜ਼ਰੂਰ ਵੱਡਾ ਕੀਤਾ ਹੈ। ਤਾਹੀਓਂ ਤਾਂ ਹੁਣ ਸ਼ਰਾਬੀ ਡਰਾਈਵਰਾਂ ਦੇ ਫਿਕਰ ਮੁੱਕ ਗਏ ਹਨ। ਟਰੈਫਿਕ ਪੁਲੀਸ ਨੇ ਉਨ੍ਹਾਂ ਨੂੰ 'ਖੁੱਲ੍ਹੀ ਛੁੱਟੀ' ਦੇ ਰੱਖੀ ਹੈ। ਸਰਕਾਰੀ ਕਾਗਜ ਬੋਲਦੇ ਹਨ ਕਿ ਟਰੈਫਿਕ ਪੁਲੀਸ ਬਠਿੰਡਾ ਨੇ ਲੰਘੇ ਤਿੰਨ ਵਰ੍ਹਿਆਂ ਵਿੱਚ ਕਿਸੇ ਵੀ ਸ਼ਰਾਬੀ ਡਰਾਈਵਰ ਦਾ ਚਲਾਨ ਨਹੀਂ ਕੱਟਿਆ। ਜ਼ਿਲ੍ਹਾ ਬਠਿੰਡਾ ਦੇ ਸਾਰੇ ਡਰਾਈਵਰ 'ਸੋਫੀ' ਹੀ ਨਿਕਲੇ ਹਨ । ਹਾਲਾਂਕਿ ਪੰਜਾਬ ਵਿੱਚ ਸਭ ਤੋਂ ਵੱਧ ਸੜਕ ਹਾਦਸੇ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਤੇਜ਼ ਰਫਤਾਰੀ ਕਰਕੇ ਹੁੰਦੇ ਹਨ। ਟਰੈਫਿਕ ਪੁਲੀਸ ਦੀ ਢਿੱਲੀ ਲਗਾਮ ਕਾਰਨ ਸ਼ਰਾਬੀ ਡਰਾਈਵਰਾਂ ਦੇ ਹੌਸਲੇ ਵਧ ਰਹੇ ਹਨ। ਇੱਥੋਂ ਤੱਕ ਕਿ ਬਠਿੰਡਾ ਪੁਲੀਸ ਨੇ ਤਿੰਨ ਵਰ੍ਹਿਆਂ ਵਿੱਚ 49 ਉਨ੍ਹਾਂ ਵਿਅਕਤੀਆਂ ਦੇ ਚਲਾਨ ਕੱਟੇ ਹਨ ਜਿਨ੍ਹਾਂ ਨੇ ਤੇਜ਼ ਰਫਤਾਰੀ ਡਰਾਈਵਿੰਗ ਕੀਤੀ। ਟਰੈਫਿਕ ਪੁਲੀਸ ਵਾਹਨ ਚਲਾਉਣ ਵਾਲੇ ਨਿਆਣਿਆਂ ਦੇ ਚਲਾਨ ਤਾਂ ਕੱਟ ਰਹੀ ਹੈ ਪਰ ਸ਼ਰਾਬੀਆਂ ਨੂੰ 'ਬਖਸ਼' ਰਹੀ ਹੈ। ਟਰੈਫਿਕ ਪੁਲੀਸ ਹਰ ਸਾਲ 150 ਦੇ ਕਰੀਬ ਨਾਬਾਲਗ ਬੱਚਿਆਂ ਦੇ ਟਰੈਫਿਕ ਚਲਾਨ ਕੱਟਦੀ ਹੈ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੁੰਦਾ ਹੈ। ਬਠਿੰਡਾ ਜ਼ਿਲ੍ਹੇ ਵਿੱਚ ਵੱਡੀ ਗਿਣਤੀ 'ਚ ਸੜਕ ਹਾਦਸਿਆਂ ਪਿੱਛੇ ਸ਼ਰਾਬ ਤੇ ਤੇਜ਼ ਰਫਤਾਰੀ ਕਾਰਨ ਬਣਦੀ ਹੈ ਪਰ ਟਰੈਫਿਕ ਪੁਲੀਸ ਇਸ ਤੋਂ ਬੇਖਬਰ ਹੈ।।
             ਪੰਜਾਬ ਪੁਲੀਸ ਦੇ ਵੇਰਵਿਆਂ ਅਨੁਸਾਰ ਪੰਜਾਬ 'ਚ ਸਾਲ 2010 ਵਿੱਚ ਹਰ ਮਹੀਨੇ ਔਸਤਨ 311 ਮੌਤਾਂ ਸੜਕ ਹਾਦਸਿਆਂ ਨਾਲ ਹੋਈਆਂ ਹਨ। ਇਸ ਵਰ੍ਹੇ ਦੇ ਪਹਿਲੇ 11 ਮਹੀਨਿਆਂ ਵਿੱਚ 6641 ਸੜਕ ਹਾਦਸੇ ਹੋਏ ਹਨ। ਸਾਲ 2009 ਦੇ ਮੁਕਾਬਲੇ ਸਾਲ 2010 'ਚ ਸੜਕ ਹਾਦਸਿਆਂ ਦੀ ਗਿਣਤੀ 'ਚ 13 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2009 'ਚ 6425 ਸੜਕ ਹਾਦਸੇ ਹੋਏ ਸਨ ਜਿਨ੍ਹਾਂ 'ਚ 3622 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਜਦੋਂ ਕਿ ਸਾਲ 2010 ਦੇ ਪਹਿਲੇ ਗਿਆਰਾਂ ਮਹੀਨਿਆਂ 'ਚ 6641 ਸੜਕ ਹਾਦਸੇ ਹੋਏ ਹਨ ਜਿਨ੍ਹਾਂ 'ਚ 3424 ਵਿਅਕਤੀਆਂ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪਏ। ਪੀਪਲਜ਼ ਫਾਰ ਟਰਾਂਸਪਰੈਂਸੀ ਦੇ ਐਡਵੋਕੇਟ ਕਮਲ ਆਨੰਦ ਨੇ ਕਿਹਾ ਕਿ ਟਰੈਫਿਕ ਪੁਲੀਸ ਦਾ ਜ਼ਿਆਦਾ ਜ਼ੋਰ ਜੁਰਮਾਨੇ ਕਰਨ 'ਤੇ ਲੱਗਦਾ ਹੈ। ਟਰੈਫਿਕ ਪੁਲੀਸ ਲਈ ਚਲਾਨ ਕੇਵਲ ਕਮਾਈ ਦਾ ਸਾਧਨ ਬਣ ਗਏ ਹਨ। ਉਨ੍ਹਾਂ ਆਖਿਆ ਕਿ ਬਠਿੰਡਾ ਪੁਲੀਸ ਨੇ ਤਾਂ ਸ਼ਰਾਬੀ ਡਰਾਈਵਰਾਂ ਨੂੰ ਛੋਟ ਹੀ ਦੇ ਰੱਖੀ ਹੈ ਜਿਸ ਦੇ ਵਜੋਂ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਟਰੈਫਿਕ ਪੁਲੀਸ ਦੀ ਸੂਚਨਾ ਹੈ ਕਿ ਇਕੱਲੇ ਸਾਲ 2010 ਦੇ ਪਹਿਲੇ ਗਿਆਰਾਂ ਮਹੀਨਿਆਂ 'ਚ ਪੁਲੀਸ ਨੇ 13.87 ਕਰੋੜ ਰੁਪਏ ਜੁਰਮਾਨੇ ਲਾ ਕੇ ਕਮਾਏ ਹਨ। ਸਾਲ 2009 ਵਿੱਚ ਜੁਰਮਾਨਿਆਂ ਤੋਂ ਆਮਦਨ 11.43 ਕਰੋੜ ਰੁਪਏ ਸੀ।
         ਟਰੈਫਿਕ ਪੁਲੀਸ ਨੇ ਜ਼ਿਲ੍ਹਾ ਬਠਿੰਡਾ 'ਚ ਲੰਘੇ ਤਿੰਨ ਵਰ੍ਹਿਆਂ'ਚ ਕੁੱਲ 33830 ਵਾਹਨਾਂ ਦੇ ਚਲਾਨ ਕੱਟੇ ਹਨ। ਏਡੀ ਵੱਡੀ ਗਿਣਤੀ ਵਿੱਚ ਇਕ ਵੀ ਚਲਾਨ ਉਨ੍ਹਾਂ ਦਾ ਸ਼ਾਮਲ ਨਹੀਂ ਹੈ ਜੋ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਸਨ। ਇਕ ਵੱਖਰੀ ਸੂਚਨਾ ਟਰੈਫਿਕ ਪੁਲੀਸ ਨੇ ਇਕ ਜਨਵਰੀ 2004 ਤੋਂ ਮਈ 2009 ਤੱਕ ਦੀ ਦਿੱਤੀ ਹੈ, ਉਸ ਅਨੁਸਾਰ ਜ਼ਿਲ੍ਹਾ ਪੁਲੀਸ ਨੇ ਸਾਢੇ ਪੰਜ ਵਰ੍ਹਿਆਂ 'ਚ ਟਰੈਫਿਕ ਚਲਾਨਾਂ ਤੋਂ 1.51 ਕਰੋੜ ਕਮਾਏ ਹਨ। ਇਸ ਸਮੇਂ ਦੌਰਾਨ ਟਰੈਫਿਕ ਪੁਲੀਸ ਨੇ 51130 ਟਰੈਫਿਕ ਚਲਾਨ ਕੱਟੇ ਹਨ। ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਸਥਾ ਨੇ ਅਪਰੈਲ, 2010 ਵਿੱਚ ਜੋ ਰੋਡ ਸੇਫਟੀ 'ਤੇ ਆਪਣੀ ਗਲੋਬਲ ਸਟੇਟਸ ਰਿਪੋਰਟ ਜਾਰੀ ਕੀਤੀ ਹੈ, ਉਸ ਅਨੁਸਾਰ ਸੜਕ ਹਾਦਸਿਆਂ ਲਈ ਸ਼ਰਾਬ ਤੇ ਤੇਜ਼ ਰਫਤਾਰੀ ਮੁੱਖ ਤੌਰ 'ਤੇ ਜ਼ਿੰਮੇਵਾਰ ਬਣੀ ਹੈ। ਜ਼ਿਲ੍ਹਾ ਬਠਿੰਡਾ 'ਚ ਜ਼ਿਆਦਾ ਚਲਾਨ ਉਨ੍ਹਾਂ ਦੇ ਕੱਟੇ ਜਾਂਦੇ ਰਹੇ ਹਨ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੁੰਦੇ ਹਨ। ਉਨ੍ਹਾਂ ਦੇ ਚਲਾਨ ਵੀ ਕੱਟੇ ਗਏ ਹਨ ਜਿਨ੍ਹਾਂ ਦੀ ਗੱਡੀ ਦਾ ਬੀਮਾ ਨਹੀਂ ਹੁੰਦਾ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕੌਮੀ ਸੜਕ ਮਾਰਗਾਂ 'ਤੇ ਠੇਕੇ ਖੁੱਲ੍ਹੇ ਹੋਏ ਹਨ ਅਤੇ 99 ਫੀਸਦੀ ਸੜਕ ਹਾਦਸੇ ਸ਼ਰਾਬ ਪੀਣ ਵਾਲੇ ਡਰਾਈਵਰਾਂ ਕਰਕੇ ਵਾਪਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਸੜਕ ਹਾਦਸਿਆਂ ਦੇ ਜ਼ਖਮੀਆਂ ਨੂੰ ਚੁੱਕਦੇ ਹਨ।
                                               ਬੱਚਿਆਂ ਨੂੰ ਸਬਕ ਸਿਖਾਉਣ 'ਤੇ ਜ਼ੋਰ
ਟਰੈਫਿਕ ਪੁਲੀਸ ਦਾ ਜ਼ਿਆਦਾ ਧਿਆਨ ਬੱਚਿਆਂ 'ਤੇ ਰਹਿੰਦਾ ਹੈ। ਲੰਘੇ ਸਾਢੇ ਪੰਜ ਵਰ੍ਹਿਆਂ ਵਿੱਚ ਟਰੈਫਿਕ ਪੁਲੀਸ ਨੇ 915 ਬੱਚਿਆਂ ਦੇ ਟਰੈਫਿਕ ਚਲਾਨ ਕੱਟੇ ਹਨ। ਇਸ ਹਿਸਾਬ ਨਾਲ ਹਰ ਸਾਲ 150 ਬੱਚਿਆਂ ਦੇ ਚਲਾਨ ਕੱਟੇ ਜਾਂਦੇ ਹਨ।  ਜ਼ਿਆਦਾਤਾਰ ਲੜਕੀਆਂ ਦੇ ਚਲਾਨ ਇਸ ਕਰਕੇ ਕੱਟੇ ਜਾਂਦੇ ਹਨ ਕਿਉਂਕਿ ਉਹ ਨਾਬਾਲਗ ਹੁੰਦੀਆਂ ਹਨ। ਨਿਯਮਾਂ ਅਨੁਸਾਰ ਪੁਲੀਸ ਇਹ ਠੀਕ ਕਦਮ ਉਠਾ ਰਹੀ ਹੈ।

No comments:

Post a Comment