Wednesday, September 5, 2012

                                                                ਅਧਿਆਪਕ ਦਿਵਸ
                                     ਨਹੀਂ ਲਭਦੇ ਸਾਈਕਲਾਂ ਵਾਲੇ ਉਹ ਮਾਸਟਰ
                                                                  ਚਰਨਜੀਤ ਭੁੱਲਰ
ਬਠਿੰਡਾ :  ਮਾਲਵੇ ਵਿੱਚ ਮਾਸਟਰ ਜੀ ਹੁਣ ਲੰਮੀ ਗੱਡੀ ਵਿੱਚ ਆਉਂਦੇ ਹਨ । ਹੁਣ ਸਰਕਾਰੀ ਸਕੂਲਾਂ ਵਿੱਚ ਸਾਈਕਲਾਂ ਵਾਲੇ ਮਾਸਟਰ  ਟਾਵੇਂ ਰਹਿ ਗਏ ਹਨ ਜਿਨ੍ਹਾਂ ਅਧਿਆਪਕਾਂ ਦਾ ਰਹਿਣ ਸਹਿਣ ਦਾ ਸਟੈਂਡਰਡ ਉੱਚਾ ਹੋਇਆ ਹੈ ਉਨ੍ਹਾਂ ਸਕੂਲਾਂ ਦਾ ਵਿਦਿਅਕ ਮਿਆਰ ਉੱਚਾ ਨਹੀਂ ਹੋਇਆ ਹੈ। ਭਾਵੇਂ ਤੇਜ਼ ਰਫ਼ਤਾਰ ਜ਼ਮਾਨੇ 'ਚ ਇਹ ਕੋਈ ਨਵੀਂ ਗੱਲ ਨਹੀਂ ਪਰ ਅਧਿਆਪਕਾਂ 'ਚੋਂ ਸਾਦਗੀ ਗਾਇਬ ਹੋਣ ਲੱਗੀ ਹੈ। ਰੋਲ ਮਾਡਲ ਬਣਨ ਵਾਲੇ ਅਧਿਆਪਕ ਹੁਣ ਗਾਇਬ ਹੋ ਗਏ ਹਨ। ਕਈ ਸਕੂਲ ਏਦਾ ਦੇ ਹਨ ਜਿਨ੍ਹਾਂ ਦੇ ਅਧਿਆਪਕ ਆਉਂਦੇ ਤਾਂ ਲੰਮੀਆਂ ਗੱਡੀਆਂ 'ਚ ਹਨ ਪਰ ਉਨ੍ਹਾਂ ਦੇ ਨਤੀਜੇ ਉਨੇ ਲੰਮੇ ਨਹੀਂ ਹਨ। ਪਿੰਡ ਭਾਈਰੂਪਾ ਦੇ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਕਰੋਲਾ ਗੱਡੀ 'ਚ ਆਉਂਦਾ ਹੈ ਜਿਸ ਦੀ ਕੀਮਤ 13 ਲੱਖ ਦੇ ਕਰੀਬ ਹੈ। ਪਿੰਡ ਮਾਈਸਰਖਾਨਾ ਵਿੱਚ ਇੱਕ ਅਧਿਆਪਕ ਸਫਾਰੀ 'ਚ ਆਉਂਦਾ ਹੈ। ਭਾਈਰੂਪਾ ਦਾ ਇੱਕ ਹੋਰ ਅਧਿਆਪਕ ਅਪਟਰਾ ਐਲ.ਡੀ ਗੱਡੀ 'ਚ ਸਕੂਲ ਆਉਂਦਾ ਹੈ ਜਿਸ ਦੀ ਕੀਮਤ 7 ਲੱਖ ਤੋਂ ਉਪਰ ਹੈ। ਪਿੰਡ ਚਾਉਕੇ ਦੇ ਸਕੂਲ ਵਿੱਚ ਇੱਕ ਅਧਿਆਪਕ ਇਨੋਵਾ ਗੱਡੀ 'ਚ ਆਉਂਦਾ ਹੈ ਅਤੇ ਇਸ ਗੱਡੀ ਦੀ ਕੀਮਤ ਕਰੀਬ 12 ਲੱਖ ਤੋਂ ਉਪਰ ਹੈ। ਕਾਫੀ ਈ.ਟੀ.ਟੀ. ਅਧਿਆਪਕਾਂ ਕੋਲ ਵੱਡੀਆਂ ਗੱਡੀਆਂ ਹਨ।
          ਸੂਤਰਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਦੇ ਨਤੀਜੇ ਉਨੇ ਸ਼ਾਨਦਾਰ ਨਹੀਂ ਹਨ ਜਿਨ੍ਹੀਆਂ ਗੱਡੀਆਂ ਸ਼ਾਨਦਾਰ ਹਨ। ਪਿੰਡ ਗੁੰਮਟੀ ਦੇ ਸਕੂਲ ਵਿੱਚ ਇੱਕ ਅਧਿਆਪਕ ਆਈ-20 ਵਿੱਚ ਆਉਂਦਾ ਹੈ ਜਦੋਂ ਕਿ ਨਥਾਣਾ ਦੇ ਸਕੂਲ ਵਿੱਚ ਇੱਕ ਅਧਿਆਪਕ ਇਨੋਵਾ 'ਚ ਆਉਂਦਾ ਹੈ। ਪਿੰਡ ਅਮਰਗੜ੍ਹ ਦੇ ਸਕੂਲ ਵਿੱਚ ਇੱਕ ਅਧਿਆਪਕ ਆਈਕਾਨ ਗੱਡੀ 'ਚ ਆਉਂਦਾ ਹੈ ਅਤੇ ਇਸੇ ਤਰ੍ਹਾਂ ਪਿੰਡ ਮੰਡੀ ਕਲਾਂ ਵਿੱਚ ਇੱਕ ਅਧਿਆਪਕ ਬੋਲੈਰੋ 'ਚ ਆਉਂਦਾ ਹੈ।ਟੋਇਟਾ ਕੰਪਨੀ ਦੇ ਬਠਿੰਡਾ ਦਫ਼ਤਰ ਦੇ ਜਨਰਲ ਮੈਨੇਜਰ ਦਵਿੰਦਰ ਸਿੰਘ ਦਾਨੇਵਾਲੀਆ ਦਾ ਕਹਿਣਾ ਹੈ ਕਿ ਕਈ ਕਾਰ ਕੰਪਨੀਆਂ ਨੇ ਤਾਂ ਅਧਿਆਪਕਾਂ ਲਈ ਖਾਸ ਰਿਆਇਤਾਂ ਦਾ ਵੀ ਐਲਾਨ ਕੀਤਾ ਹੋਇਆ ਹੈ ਜਿਸ ਦੇ ਤਹਿਤ ਅਧਿਆਪਕਾਂ ਨੂੰ ਕਾਰ ਦੀ ਕੀਮਤ 'ਤੇ ਵਿੱਤੀ ਛੋਟ ਦਿੱਤੀ ਜਾਂਦੀ ਹੈ। ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜਗਸੀਰ ਸਹੋਤਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਮਾਜ ਦੇ ਤੌਰ ਤਰੀਕੇ ਅਤੇ ਰਹਿਣ ਸਹਿਣ ਬਦਲਿਆ ਹੈ, ਉਸ ਦਾ ਅਸਰ ਅਧਿਆਪਕ ਵਰਗ 'ਤੇ ਵੀ ਪਿਆ ਹੈ। ਉਨ੍ਹਾਂ ਆਖਿਆ ਕਿ ਸਹੂਲਤ ਲਈ ਅਧਿਆਪਕ ਸਾਈਕਲ 'ਤੇ ਆਵੇ ਅਤੇ ਭਾਵੇਂ ਗੱਡੀ 'ਤੇ, ਇਹ ਉਸ ਦਾ ਨਿੱਜੀ ਫੈਸਲਾ ਹੈ ਪਰ ਅਜਿਹੇ ਅਧਿਆਪਕਾਂ ਨੂੰ ਆਪਣੇ ਸਕੂਲ ਨਤੀਜੇ ਵੀ ਗੱਡੀ ਦੇ ਹਾਣ ਹੀ ਕਰਨੇ ਚਾਹੀਦੇ ਹਨ। ਗੱਡੀ ਰੱਖਣ ਵਾਲੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਕੂਲ ਨਤੀਜੇ ਕਦੇ ਮਾੜੇ ਨਹੀਂ ਆਏ।
            ਸਰਕਾਰੀ ਸਕੂਲਾਂ ਵਿੱਚ ਕਈ ਥਾਈਂ ਇਹ ਹਾਲ ਹੈ ਕਿ ਅਧਿਆਪਕਾਂ ਨੇ ਅੱਗੇ ਬੱਚੇ ਪੜ੍ਹਾਉਣ ਵਾਸਤੇ ਪ੍ਰਾਈਵੇਟ ਅਧਿਆਪਕ ਥੋੜ੍ਹੀ ਤਨਖਾਹ 'ਤੇ ਰੱਖੇ ਹੋਏ ਹਨ। ਪਿੰਡ ਕੈਲੇ ਬਾਂਦਰ ਦੇ ਸਰਕਾਰੀ ਸਕੂਲ ਵਿੱਚ ਏਦਾ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਪੜਤਾਲ ਵੀ ਹੋਈ ਸੀ। ਪਿੰਡ ਸੰਗਤ ਕਲਾਂ ਅਤੇ ਪਿੰਡ ਜਲਾਲ ਵਿੱਚ ਵੀ ਦੋ ਅਧਿਆਪਕਾਂ ਨੇ ਅੱਗੇ ਪ੍ਰਾਈਵੇਟ ਅਧਿਆਪਕ ਬੱਚੇ ਪੜ੍ਹਾਉਣ ਵਾਸਤੇ ਰੱਖੇ ਹੋਏ ਹਨ। ਕੋਈ ਵੇਲਾ ਸੀ ਜਦੋਂ ਅਧਿਆਪਕ ਸਾਦਗੀ 'ਚ ਰਹਿੰਦੇ ਸਨ ਅਤੇ ਸਾਈਕਲਾਂ 'ਤੇ ਆਉਂਦੇ ਸਨ। ਪਿੰਡ ਭਾਈਰੂਪਾ ਦਾ ਅਧਿਆਪਕ ਭੋਲਾ ਸਿੰਘ ਹਾਲੇ ਵੀ ਸਾਈਕਲ ਹੀ ਵਰਤਦਾ ਹੈ। ਪਿੰਡ ਭਾਈਰੂਪਾ ਦੀ ਮਹਿਲਾ ਅਧਿਆਪਕ ਹਾਲੇ ਵੀ ਪਿੰਡ ਦੁੱਲੇਵਾਲਾ ਸਾਈਕਲ 'ਤੇ ਪੜ੍ਹਾਉਣ ਜਾਂਦੀ ਹੈ। ਇੱਕ ਅਧਿਆਪਕ ਅਮਨਦੀਪ ਸਿੰਘ ਆਪਣੇ ਪਿੰਡ ਪੂਹਲਾ ਤੋਂ ਪਿੰਡ ਬਾਠ ਦੇ ਸਰਕਾਰੀ ਸਕੂਲ ਵਿੱਚ ਸਾਈਕਲ 'ਤੇ ਪੜ੍ਹਾਉਣ ਜਾਂਦਾ ਹੈ। ਇੱਕ ਡਰਾਇੰਗ ਅਧਿਆਪਕ ਪਿੰਡ ਪੂਹਲੀ ਤੋਂ ਗੰਗਾ ਦੇ ਸਕੂਲ ਵਿੱਚ ਸਾਈਕਲ 'ਤੇ ਜਾਂਦਾ ਹੈ। ਪਿੰਡ ਜੰਗੀਰਾਣਾ ਦਾ ਪੰਜਾਬੀ ਅਧਿਆਪਕ ਨਛੱਤਰ ਸਿੰਘ ਹਾਲੇ ਵੀ ਸਾਈਕਲ 'ਤੇ ਹੀ ਸਕੂਲ ਆਉਂਦਾ ਹੈ। ਪਿੰਡ ਨਰੂਆਣਾ ਦੇ ਪ੍ਰੋ. ਗੁਰਬਚਨ ਸਿੰਘ ਨੇ ਜਿਨ੍ਹਾਂ ਸਮਾਂ ਸਰਕਾਰੀ ਸਕੂਲਾਂ 'ਚ ਨੌਕਰੀ ਕੀਤੀ, ਉਹ ਸਾਈਕਲ 'ਤੇ ਪੜ੍ਹਾਉਣ ਜਾਂਦਾ ਰਿਹਾ। ਰਾਮਪੁਰਾ ਫੂਲ ਦੇ ਮਰਹੂਮ ਪ੍ਰਿੰਸੀਪਲ ਕਰਮ ਸਿੰਘ ਗਰੇਵਾਲ ਨੇ ਸਾਰੀ ਉਮਰ ਹੀ ਸਕੂਲ ਜਾਣ ਵਾਸਤੇ ਸਾਈਕਲ ਚਲਾਇਆ। ਸਮਾਜ ਸੇਵਕ ਅਧਿਆਪਕ ਮੇਹਰ ਬਾਹੀਆ ਦਾ ਕਹਿਣਾ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਅਧਿਆਪਕਾਂ ਕੋਲ ਸੁੱਖ ਸਹੂਲਤਾਂ ਤਾਂ ਵਧੀਆਂ ਹਨ ਪਰ ਸਮਾਜਿਕ ਸਨਮਾਨ ਪਹਿਲਾਂ ਨਾਲੋਂ ਕਾਫੀ ਘਟਿਆ ਹੈ।
                                                            ਮਾਸਟਰਾਂ ਨੇ ਬੁਲਟ ਵੇਚੇ
ਪੰਜਾਬ ਸਰਕਾਰ ਵੱਲੋਂ ਜਦੋਂ ਈ.ਟੀ.ਟੀ. ਅਧਿਆਪਕ ਭਰਤੀ ਕੀਤੇ ਗਏ ਸਨ, ਉਦੋਂ ਬਠਿੰਡਾ ਜ਼ਿਲ੍ਹੇ ਵਿੱਚ ਕਰੀਬ ਦੋ ਦਰਜਨ ਈ.ਟੀ.ਟੀ. ਅਧਿਆਪਕਾਂ ਨੇ ਪਹਿਲੀ ਤਨਖਾਹ ਨਾਲ ਬੁਲਟ ਮੋਟਰਸਾਈਕਲ ਲਏ ਸਨ। ਉਨ੍ਹਾਂ ਵਿੱਚੋਂ ਕਾਫੀ ਅਧਿਆਪਕਾਂ ਨੇ ਬੁਲਟ ਮੋਟਰਸਾਈਕਲ ਵੇਚ ਦਿੱਤੇ ਹਨ। ਇਨ੍ਹਾਂ ਅਧਿਆਪਕਾਂ ਨੇ ਦੱਸਿਆ ਕਿ ਬੁਲਟ ਦੀ ਟੌਹਰ ਤਾਂ ਹੈ ਪਰ ਖਰਚਾ ਜ਼ਿਆਦਾ ਪੈ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੇ ਬੁਲਟ ਵੇਚ ਦਿੱਤੇ ਹਨ। ਟਾਵੇਂ ਅਧਿਆਪਕ ਹਾਲੇ ਵੀ ਸਕੂਲਾਂ ਵਿੱਚ ਬੁਲਟ ਮੋਟਰਸਾਈਕਲ 'ਤੇ ਆਉਂਦੇ ਹਨ। ਇਨ੍ਹਾਂ ਅਧਿਆਪਕਾਂ ਨੂੰ ਬੱਚੇ ਬੁਲਟ ਵਾਲੇ ਮਾਸਟਰ ਜੀ ਆਖਦੇ ਹਨ।

No comments:

Post a Comment