Wednesday, September 12, 2012

                                                                    ਬਲੈਕੀਆਂ ਦਾ ਪਿੰਡ
                                        ਦੌਲੇਵਾਲੇ ਦਾ ਹਰ ਘਰ ਥਾਣੇ ਹਾਜ਼ਰੀ ਭਰਦੈ...
                                                                      ਚਰਨਜੀਤ ਭੁੱਲਰ
ਬਠਿੰਡਾ : ਪਿੰਡ ਦੌਲੇਵਾਲਾ ਪੰਜਾਬ ਦਾ ਇਕਲੌਤਾ ਪਿੰਡ ਹੈ ਜਿਸ ਦੇ ਔਸਤਨ ਹਰੇਕ ਘਰ ਖ਼ਿਲਾਫ਼ ਪੁਲੀਸ ਕੇਸ ਦਰਜ ਹੈ। ਇਸ ਪਿੰਡ ਵਿੱਚ ਕਰੀਬ 400 ਘਰ ਹਨ ਜਦੋਂ ਕਿ ਪੁਲੀਸ ਕੇਸਾਂ ਦੀ ਗਿਣਤੀ 385 ਹੈ ਜੋ ਲੰਘੇ ਸਾਢੇ ਪੰਜ ਵਰ੍ਹਿਆਂ ਦੌਰਾਨ ਦਰਜ ਹੋਏ ਹਨ। ਪੁਰਾਣੇ ਕੇਸਾਂ ਨੂੰ ਜੋੜ ਲਈਏ ਤਾਂ ਇਹ ਗਿਣਤੀ ਹਜ਼ਾਰਾਂ ਵਿੱਚ ਬਣਦੀ ਹੈ। ਜ਼ਿਲ੍ਹਾ ਮੋਗਾ ਦੇ ਇਸ ਪਿੰਡ ਦੇ 75 ਫੀਸਦੀ ਲੋਕ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ। ਇਹ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਤੇ ਮੋਗਾ ਦੀ ਹੱਦ 'ਤੇ ਪੈਂਦਾ ਹੈ। ਪੂਰੇ ਇਲਾਕੇ ਦੀ ਜਵਾਨੀ ਨੂੰ ਇਨ੍ਹਾਂ ਤਸਕਰਾਂ ਨੇ ਤਬਾਹੀ ਕੰਢੇ ਲਿਆ ਖੜ੍ਹਾਇਆ ਹੈ। ਇਸ ਪਿੰਡ ਦੇ ਬਹੁਗਿਣਤੀ ਲੋਕ ਰਾਏ ਸਿੱਖ ਬਰਾਦਰੀ ਦੇ ਹਨ ਜੋ ਤਸਕਰੀ ਕਰਦੇ ਹਨ। ਪੁਲੀਸ ਅਨੁਸਾਰ ਇਸ ਪਿੰਡ ਦੇ 65 ਵਿਅਕਤੀ ਜੇਲ੍ਹਾਂ ਵਿੱਚ ਬੰਦ ਹਨ।
           ਜ਼ਿਲ੍ਹਾ ਪੁਲੀਸ ਮੋਗਾ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਜਾਣਕਾਰੀ ਅਨੁਸਾਰ ਇੱਕ ਜਨਵਰੀ, 2006 ਤੋਂ 28 ਜੁਲਾਈ,2012 ਤੱਕ ਪਿੰਡ ਦੌਲੇਵਾਲਾ ਦੇ ਲੋਕਾਂ ਖ਼ਿਲਾਫ਼ 385 ਪੁਲੀਸ ਕੇਸ ਦਰਜ ਹੋਏ ਹਨ ਅਤੇ ਬਹੁਤੇ ਕੇਸਾਂ ਵਿੱਚ ਮੁਲਜ਼ਮਾਂ ਦੀ ਗਿਣਤੀ ਔਸਤਨ ਦੋ ਜਾਂ ਤਿੰਨ ਹੈ। 18 ਜੂਨ, 2011 ਨੂੰ ਇਸ ਪਿੰਡ ਦੇ 29 ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਹੋਇਆ ਸੀ ਜਿਸ ਵਿੱਚ ਅੱਠ ਔਰਤਾਂ ਦੇ ਨਾਂ ਵੀ ਸ਼ਾਮਲ ਹਨ। ਇਸ ਪਿੰਡ ਦੀਆਂ 70 ਔਰਤਾਂ ਖ਼ਿਲਾਫ਼ ਵੀ ਪੁਲੀਸ ਕੇਸ ਦਰਜ ਹਨ।ਕਈ ਪਰਿਵਾਰਾਂ ਖ਼ਿਲਾਫ਼ ਤਾਂ ਦਰਜਨਾਂ ਕੇਸ ਦਰਜ ਹਨ। ਔਰਤਾਂ ਖ਼ਿਲਾਫ਼ ਇੱਕ ਦਰਜਨ ਕੇਸ ਪੋਸਤ ਤਸਕਰੀ ਦੇ ਦਰਜ ਹਨ ਜਦੋਂ ਕਿ 9 ਪੁਲੀਸ ਕੇਸ ਸਮੈਕ ਤਸਕਰੀ ਦੇ ਦਰਜ ਹਨ। ਔਰਤਾਂ ਖ਼ਿਲਾਫ਼ ਤਿੰਨ ਪੁਲੀਸ ਕੇਸ ਸ਼ਰਾਬ ਦੀ ਤਸਕਰੀ ਦੇ ਦਰਜ ਹਨ। ਫਤਹਿਗੜ੍ਹ ਪੰਜਤੂਰ ਥਾਣੇ ਅਧੀਨ ਪੈਂਦੇ ਇਸ ਪਿੰਡ ਦੇ ਲੋਕਾਂ ਖ਼ਿਲਾਫ਼ 140 ਕੇਸ ਤਾਂ ਇਕੱਲੇ ਫਤਹਿਗੜ ਪੰਜਤੂਰ ਥਾਣੇ ਵਿੱਚ ਹੀ ਦਰਜ ਹਨ ਜਦੋਂ ਕਿ 245 ਪੁਲੀਸ ਕੇਸ ਬਾਕੀ ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਜੋ ਰਾਜਸਥਾਨ ਅਤੇ ਹਰਿਆਣਾ ਵਿੱਚ ਕੇਸ ਦਰਜ ਹਨ,ਉਹ ਵੱਖਰੇ ਹਨ। ਪਿੰਡ ਦੇ ਕਰੀਬ ਇੱਕ ਦਰਜਨ ਲੋਕ ਭਗੌੜੇ ਹਨ। ਅੱਧੀ ਦਰਜਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਸਨ।
            ਤੱਥਾਂ 'ਤੇ ਨਜ਼ਰ ਮਾਰੀਏ ਤਾਂ ਛੇ ਵਰ੍ਹਿਆਂ ਵਿੱਚ ਇਸ ਪਿੰਡ ਦੇ ਲੋਕਾਂ ਖ਼ਿਲਾਫ਼ 120 ਪੁਲੀਸ ਕੇਸ ਤਾਂ ਇਕੱਲੇ ਪੋਸਤ ਤਸਕਰੀ ਦੇ ਦਰਜ ਹੋਏ ਹਨ ਜਦੋਂ ਕਿ 105 ਕੇਸ ਨਾਜਾਇਜ਼ ਸ਼ਰਾਬ ਦੇ ਦਰਜ ਹਨ। ਚਾਰ ਕੇਸ ਅਫੀਮ ਤਸਕਰੀ ਦੇ ਦਰਜ ਹਨ। ਸੂਚਨਾ ਅਨੁਸਾਰ ਪਿੰਡ ਦੇ ਲੋਕਾਂ ਖ਼ਿਲਾਫ਼ 24 ਕੇਸ ਸਮੈਕ ਤਸਕਰੀ ਦੇ ਦਰਜ ਹਨ ਜਦੋਂ ਕਿ ਇੱਕ ਕੇਸ ਹੈਰੋਇਨ ਦਾ ਦਰਜ ਹੈ। ਪੰਜ ਕੇਸ ਜੂਆ ਐਕਟ ਤਹਿਤ ਦਰਜ ਹਨ। ਬਾਕੀ ਕੇਸ ਇਰਾਦਾ ਕਤਲ ਅਤੇ ਲੜਾਈ ਝਗੜੇ ਦੇ ਹਨ। ਇਸ ਪਿੰਡ ਦੀਆਂ ਔਰਤਾਂ ਖ਼ਿਲਾਫ਼ 51 ਪੁਲੀਸ ਕੇਸ ਤਾਂ ਇਕੱਲੇ ਫਤਹਿਗੜ੍ਹ ਪੰਜਤੂਰ ਥਾਣੇ ਵਿੱਚ ਦਰਜ ਹਨ ਜਦੋਂ ਕਿ 19 ਪੁਲੀਸ ਕੇਸ ਪੰਜਾਬ ਦੇ ਬਾਕੀ ਥਾਣਿਆਂ ਵਿੱਚ ਦਰਜ ਹਨ। ਇਸ ਪਿੰਡ ਵਿੱਚ ਤਕਰੀਬਨ ਦੋ ਹਜ਼ਾਰ ਵੋਟਾਂ ਹਨ। ਦੇਖਿਆ ਜਾਵੇ ਤਾਂ ਔਸਤਨ ਹਰ ਦੂਜੇ ਵੋਟਰ ਖ਼ਿਲਾਫ਼ ਪੁਲੀਸ ਕੇਸ ਦਰਜ ਹੈ। ਕਈ ਨੌਜਵਾਨ ਲੜਕੀਆਂ ਖ਼ਿਲਾਫ਼  ਵੀ ਕੇਸ ਦਰਜ ਹਨ। ਸੂਚਨਾ ਅਨੁਸਾਰ ਇਸ ਪਿੰਡ ਦੇ ਲੋਕ ਪਾਕਿਸਤਾਨ 'ਚੋਂ ਉੱਜੜ ਕੇ ਆਏ ਹਨ। ਪਿੰਡ ਵਿੱਚ 15 ਫੀਸਦੀ ਜੱਟ ਸਿੱਖ ਅਤੇ ਪੰਜ ਫੀਸਦੀ ਅਰੋੜਾ ਸਿੱਖਾਂ ਦੇ ਘਰ ਹਨ ਜਦੋਂ ਕਿ ਪੰਜ ਕੁ ਫੀਸਦੀ ਦਲਿਤ ਲੋਕਾਂ ਦੇ ਘਰ ਹਨ। ਬਾਕੀ ਸਭ ਰਾਏ ਸਿੱਖ ਬਰਾਦਰੀ ਦੇ ਘਰ ਹਨ। ਪੰਚਾਇਤ ਨੇ ਦੱਸਿਆ ਕਿ ਫਿਲਹਾਲ ਜੱਟ ਸਿੱਖ ਅਤੇ ਅਰੋੜਾ ਬਰਾਦਰੀ ਤਸਕਰੀ ਤੋਂ ਬਚੀ ਹੋਈ ਹੈ। ਪਿੰਡ ਦੀ ਮਾੜੀ ਆਰਥਿਕਤਾ ਨੇ ਰਾਏ ਸਿੱਖ ਬਰਾਦਰੀ ਨੂੰ ਤਸਕਰੀ ਵੱਲ ਧੱਕਿਆ ਹੈ।
           ਇਸ ਪਿੰਡੇ ਦੇ ਲੋਕਾਂ ਮੁਤਾਬਕ ਰਾਏ ਸਿੱਖ ਬਰਾਦਰੀ ਦੇ ਲੋਕ ਪਹਿਲਾਂ ਸ਼ਰਾਬ ਵੇਚਦੇ ਸਨ ਅਤੇ ਫਿਰ ਇਹ ਭੁੱਕੀ ਅਤੇ ਅਫ਼ੀਮ ਦੀ ਤਸਕਰੀ ਕਰਨ ਲੱਗ ਪਏ। ਹੁਣ ਇਨ੍ਹਾਂ ਨੇ ਸਮੈਕ ਅਤੇ ਹੈਰੋਇਨ ਦੀ ਤਸਕਰੀ ਸ਼ੁਰੂ ਕਰ ਦਿੱਤੀ ਹੈ। ਰਾਜਸਥਾਨ,ਹਰਿਆਣਾ ਅਤੇ ਮੱਧ ਪ੍ਰਦੇਸ਼ ਤੱਕ ਇਨ੍ਹਾਂ ਦੇ ਸੰਪਰਕ ਹਨ। ਬਹੁਤੇ ਤਸਕਰ ਨਸ਼ਿਆਂ ਦੀ ਇਲਾਕੇ ਵਿੱਚ ਹੋਮ ਡਲਿਵਰੀ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਸਮੈਕ ਦਾ ਕਾਰੋਬਾਰ ਸ਼ੁਰੂ ਹੋਇਆ ਹੈ ਉਦੋਂ ਤੋਂ ਪਿੰਡ ਵਿੱਚ ਸ਼ਾਮ ਨੂੰ ਲੰਮੀਆਂ ਗੱਡੀਆਂ ਦਾ ਮੇਲਾ ਲੱਗ ਜਾਂਦਾ ਹੈ। ਪਿੰਡ ਵਾਲਿਆਂ ਮੁਤਾਬਕ ਨਸ਼ਿਆਂ ਕਾਰਨ ਪਿੰਡ ਦੇ ਚਾਰ ਪੰਜ ਲੜਕਿਆਂ ਦੀ ਮੌਤ ਵੀ ਹੋ ਚੁੱਕੀ ਹੈ। ਪਿੰਡ ਦੇ ਸਰਪੰਚ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਥੋੜ੍ਹੀ ਸਖ਼ਤੀ ਦਿਖਾਉਂਦੀ ਤਾਂ ਅੱਜ ਪਿੰਡ ਦਾ ਇਹ ਹਾਲ ਨਾ ਹੁੰਦਾ। ਉਨ੍ਹਾਂ ਕਿਹਾ ਕਿ ਤਸਕਰੀ ਕਾਰਨ ਪਿੰਡ ਦੇ ਮੱਥੇ 'ਤੇ ਦਾਗ ਲੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਲੋਕ ਮੁੱਖ ਧਾਰਾ ਵਿੱਚ ਆਉਣ ਨੂੰ ਤਿਆਰ ਵੀ ਹਨ ਪਰ ਪੁਲੀਸ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਹ ਨੇਤਾਵਾਂ ਅਤੇ ਅਫ਼ਸਰਾਂ ਨੂੰ ਮਿਲੇ ਹਨ ਤਾਂ ਜੋ ਪਿੰਡ ਨੂੰ ਇਸ ਦਲਦਲ 'ਚੋਂ ਕੱਢ ਕੇ ਕਿਰਤ ਦੇ ਰਾਹ ਪਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕਈ ਵਾਰ ਪੁਲੀਸ ਨੂੰ ਤਸਕਰੀ ਬਾਰੇ ਦੱਸਦੇ ਹਾਂ ਪਰ ਪੁਲੀਸ ਚੁੱਪ ਕਰ ਜਾਂਦੀ ਹੈ।
                                                               ਦੌਲੇਵਾਲਾ ਦੀ ਪੁੜੀ
ਮਾਲਵੇ ਵਿੱਚ ਪਿੰਡ ਦੌਲੇਵਾਲਾ ਦੀ ਪੁੜੀ ਕਾਫ਼ੀ ਮਸ਼ਹੂਰ ਹੈ। ਇਸ ਪਿੰਡ ਦੇ ਤਸਕਰ ਪਰਚੂਨ ਵਿੱਚ ਵੀ ਸਮੈਕ ਵੇਚਦੇ ਹਨ। ਕਈ ਔਰਤਾਂ ਸਮੈਕ ਦੀ ਇੱਕ ਗਰਾਮ ਦੀ ਪੁੜੀ ਤਿਆਰ ਕਰਦੀਆਂ ਹਨ ਜਿਸ ਨੂੰ 600 ਰੁਪਏ ਵਿੱਚ ਵੇਚਿਆ ਜਾਂਦਾ ਹੈ ਜਦੋਂ ਕਿ ਤਸਕਰਾਂ ਨੂੰ ਇੱਕ ਗਰਾਮ ਸਮੈਕ 200 ਰੁਪਏ ਵਿੱਚ ਮਿਲਦੀ ਹੈ। ਨਸ਼ੇੜੀ ਦਿਨ ਵਿੱਚ ਦੋ ਜਾਂ ਤਿੰਨ ਪੁੜੀਆਂ ਉਡਾ ਦਿੰਦੇ ਹਨ। ਇੱਕ ਗਰਾਮ ਹੀਰੋਇਨ ਇਨ੍ਹਾਂ ਤਸਕਰਾਂ ਵੱਲੋਂ 1500 ਰੁਪਏ ਵਿੱਚ ਵੇਚੀ ਜਾਂਦੀ ਹੈ। ਪਿੰਡ 'ਚੋਂ ਦਿਨ ਵਿੱਚ ਸੈਂਕੜੇ ਪੁੜੀਆਂ ਦੀ ਵਿਕਰੀ ਹੁੰਦੀ ਹੈ।
                                               ਹੁਣ ਤਸਕਰੀ ਕੰਟਰੋਲ ਹੋਈ: ਪੁਲੀਸ ਕਪਤਾਨ  
ਜ਼ਿਲ੍ਹਾ ਪੁਲੀਸ ਕਪਤਾਨ ਮੋਗਾ ਸੁਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਸਮਝਾਇਆ ਸੀ ਕਿ ਉਹ ਇਹ ਕਾਰੋਬਾਰ ਛੱਡ ਦੇਣ, ਪ੍ਰਸ਼ਾਸਨ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕਾਫ਼ੀ ਲੋਕ ਕੰਮ ਛੱਡ ਵੀ ਗਏ ਹਨ ਅਤੇ ਅੱਧੀ ਦਰਜਨ ਤਸਕਰ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਨਾਲੋਂ ਹੁਣ ਤਸਕਰੀ ਦਾ ਕੰਮ ਕੰਟਰੋਲ ਹੋਇਆ ਹੈ ਅਤੇ ਪੁਲੀਸ ਵੱਲੋਂ ਇਸ ਪਿੰਡ 'ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ।

No comments:

Post a Comment