Monday, September 3, 2012

                                ਜਾਅਲਸਾਜ਼ੀ
       ਐਕਸੀਅਨ ਦੇ ਜੁਗਾੜ ਦਾ ਉਘਾੜ
                             ਚਰਨਜੀਤ ਭੁੱਲਰ
ਬਠਿੰਡਾ : ਲੋਕ ਨਿਰਮਾਣ ਵਿਭਾਗ ਦੇ ਜੁਗਾੜੀ ਐਕਸੀਅਨ ਜੋਗਿੰਦਰ ਸਿੰਘ ਦੇ ਭੇਤ ਖੁੱਲ੍ਹਣ ਲੱਗੇ ਹਨ। ਕਰੋੜਾਂ ਰੁਪਏ ਦੇ ਘਪਲੇ ਵਿੱਚ ਫੜੇ ਇਸ ਐਕਸੀਅਨ ਦੀ ਇੱਕ ਹੋਰ ਜਾਅਲਸਾਜ਼ੀ ਦਾ ਪਤਾ ਲੱਗਾ ਹੈ। ਥੋੜ੍ਹੀ ਦੇਰ ਹੋ ਜਾਂਦੀ ਤਾਂ ਸਰਕਾਰੀ ਖ਼ਜ਼ਾਨੇ ਨੂੰ ਪੰਜ ਕਰੋੜ ਰੁਪਏ ਦਾ ਹੋਰ ਚੂਨਾ ਲੱਗ ਜਾਣਾ ਸੀ। ਦੱਸਣਯੋਗ ਹੈ ਕਿ ਪੌਣੇ ਪੰਜ ਕਰੋੜ ਦੀ ਜਾਅਲੀ ਐਲ.ਓ.ਸੀ. (ਲੈਟਰ ਆਫ ਕ੍ਰੈਡਿਟ) ਤਿਆਰ ਕਰਕੇ ਰਾਸ਼ੀ ਖੁਰਦ ਬੁਰਦ ਕਰਨ ਦੇ ਦੋਸ਼ ਵਿੱਚ ਵਿਜੀਲੈਂਸ ਰੇਂਜ ਬਠਿੰਡਾ ਨੇ 21 ਜੁਲਾਈ,2012 ਨੂੰ ਐਕਸੀਅਨ ਜੋਗਿੰਦਰ ਸਿੰਘ ਖ਼ਿਲਾਫ਼ ਕੁਰੱਪਸ਼ਨ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਸੀ। ਐਕਸੀਅਨ ਨੇ ਪੱਤਰ ਨੰਬਰ 1024 ਬਜਟ ਮਿਤੀ 14 ਜੂਨ,2010 ਅਨੁਸਾਰ 225 ਲੱਖ ਦੀ ਰਾਸ਼ੀ ਦਾ ਅਤੇ ਐਲ.ਓ.ਸੀ. ਪੱਤਰ ਨੰਬਰ 11824 ਮਿਤੀ 3 ਅਗਸਤ,2010 ਅਨੁਸਾਰ 251 ਲੱਖ ਦੀ ਰਾਸ਼ੀ ਦੇ ਫਰਜ਼ੀ ਕਰਜ਼ਾ ਮਨਜ਼ੂਰੀ ਪੱਤਰ (ਐਲ.ਓ.ਸੀ.) ਤਿਆਰ ਕੀਤੇ ਅਤੇ ਖ਼ਜ਼ਾਨਾ ਅਫ਼ਸਰ ਮਾਨਸਾ ਦੀ ਮਿਲੀਭੁਗਤ ਨਾਲ ਇਹ ਰਾਸ਼ੀ ਖੁਰਦ ਬੁਰਦ ਕਰ ਦਿੱਤੀ ਸੀ। ਇਸ ਐਕਸੀਅਨ ਵੱਲੋਂ ਕੀਤੇ ਗਏ ਕੰਮਾਂ ਦੀ ਜਦੋਂ ਵਿਜੀਲੈਂਸ ਅਫ਼ਸਰਾਂ ਨੇ ਘੋਖ ਕੀਤੀ ਤਾਂ ਪਤਾ ਲੱਗਾ ਕਿ ਪੌਣੇ ਪੰਜ ਕਰੋੜ ਰੁਪਏ ਖੁਰਦ ਬੁਰਦ ਕਰਨ ਮਗਰੋਂ ਹੁਣ ਇਸ ਐਕਸੀਅਨ ਨੇ ਪੰਜ ਕਰੋੜ ਰੁਪਏ ਦੀ ਹੋਰ ਜਾਅਲੀ ਐਲ.ਓ.ਸੀ. ਤਿਆਰ ਕਰ ਲਈ ਸੀ ਜੋ ਕਿ ਵਿਜੀਲੈਂਸ ਦੇ ਕਾਬੂ ਆਉਣ ਕਰਕੇ ਖ਼ਜ਼ਾਨੇ 'ਚੋਂ ਨਹੀਂ ਕਢਵਾ ਸਕਿਆ। ਵਿਜੀਲੈਂਸ ਨੇ ਹੁਣ ਇਸ ਜਾਅਲੀ ਐਲ.ਓ.ਸੀ. ਦੀ ਤਕਨੀਕੀ ਪੜਤਾਲ ਕਰਨ ਵਾਸਤੇ ਮਾਮਲਾ ਲੋਕ ਨਿਰਮਾਣ ਵਿਭਾਗ ਕੋਲ ਭੇਜ ਦਿੱਤਾ ਹੈ।
           ਜ਼ਿਕਰਯੋਗ ਹੈ ਕਿ ਕੱਲ੍ਹ ਬਠਿੰਡਾ ਪੁਲੀਸ ਨੇ ਇਸ ਐਕਸੀਅਨ ਦਾ ਚਾਰ ਕਿਲੋ ਸੋਨਾ ਅਤੇ 22 ਲੱਖ ਰੁਪਏ ਉਸ ਦੇ ਇੱਕ ਰਿਸ਼ਤੇਦਾਰ ਦੇ ਘਰੋਂ ਬਰਾਮਦ ਕੀਤੇ ਹਨ। ਵਿਜੀਲੈਂਸ ਨੇ ਲੋਕ ਨਿਰਮਾਣ ਵਿਭਾਗ ਅਤੇ ਬਠਿੰਡਾ ਵਿਕਾਸ ਅਥਾਰਟੀ ਤੋਂ ਵੀ ਰਿਕਾਰਡ ਤਲਬ ਕਰ ਲਿਆ ਹੈ। ਲੋਕ ਨਿਰਮਾਣ ਵਿਭਾਗ ਦੇ ਇਸ ਐਕਸੀਅਨ ਨੂੰ ਹਾਕਮ ਧਿਰ ਦੇ ਇੱਕ ਵੱਡੇ ਨੇਤਾ ਦਾ ਥਾਪੜਾ ਰਿਹਾ ਹੈ। ਮਾਨਸਾ ਵਿੱਚ ਤਾਇਨਾਤੀ ਦੌਰਾਨ ਜਦੋਂ ਇਸ ਐਕਸੀਅਨ ਨੇ ਵਿਕਾਸ ਕਾਰਜਾਂ ਵਿੱਚ ਜ਼ਿਆਦਾ ਹੇਰ ਫੇਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਬਹੁਤੇ ਮੁਲਾਜ਼ਮ ਅਤੇ ਅਧਿਕਾਰੀ ਤਾਂ ਡਰਦੇ ਮਾਰੇ ਮਾਨਸਾ ਤੋਂ  ਬਦਲੀ ਕਰਵਾ ਗਏ ਸਨ। ਇਸ ਐਕਸੀਅਨ ਦੀ ਦਹਿਸ਼ਤ ਕਾਰਨ ਲੋਕ ਨਿਰਮਾਣ ਵਿਭਾਗ ਦੇ ਹੈੱਡ ਡਰਾਫਟਸਮੈਨ ਰਾਮ ਸਿੰਘ ਨੇ ਆਪਣੀ ਬਦਲੀ ਬਠਿੰਡਾ ਦੀ ਕਰਾ ਲਈ ਸੀ। ਰਾਮ ਸਿੰਘ ਨੇ ਦੱਸਿਆ ਕਿ ਇਸ ਐਕਸੀਅਨ ਵੱਲੋਂ ਉਸ 'ਤੇ ਗਲਤ ਕੰਮ ਕਰਨ ਲਈ ਦਬਾਅ ਪਾਇਆ ਜਾਂਦਾ ਸੀ ਜਿਸ ਕਾਰਨ ਉਸ ਨੇ ਆਪਣੀ ਬਦਲੀ ਕਰਾ ਲਈ। ਜਾਣਕਾਰੀ ਮੁਤਾਬਕ ਇੱਕ ਐਸ.ਡੀ.ਓ., ਇੱਕ ਜੇ.ਈ. ਅਤੇ ਇੱਕ ਕਲਰਕ ਨੇ ਵੀ ਬਦਲੀ ਕਰਾ ਲਈ ਸੀ। ਇੱਕ ਮੁਲਾਜ਼ਮ ਦੀ ਪੱਕੀ ਰਿਹਾਇਸ਼ ਮਾਨਸਾ ਵਿੱਚ ਹੀ ਸੀ ਪਰ ਉਸ ਨੇ ਵੀ ਇਸ ਐਕਸੀਅਨ ਡਰੋਂ ਆਪਣੀ ਬਦਲੀ ਬਠਿੰਡਾ ਕਰਾ ਲਈ ਸੀ। ਐਕਸੀਅਨ ਜੋਗਿੰਦਰ ਸਿੰਘ 'ਤੇ ਹੁਣ ਤੱਕ ਤਿੰਨ ਕੇਸ ਦਰਜ ਹੋ ਚੁੱਕੇ ਹਨ। ਵਿਜੀਲੈਂਸ ਬਠਿੰਡਾ ਵੱਲੋਂ ਅਦਾਲਤੀ ਕੰਪਲੈਕਸ ਬੁਢਲਾਡਾ ਦੇ ਕੰਮਾਂ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਵਿੱਚ ਪਹਿਲਾਂ ਹੀ ਐਫ.ਆਈ.ਆਰ. ਦਰਜ ਕੀਤੀ ਹੋਈ ਹੈ। ਬਠਿੰਡਾ ਵਿਕਾਸ ਅਥਾਰਟੀ ਦੇ ਕੰਮ ਵੀ ਇਸ ਐਕਸੀਅਨ ਵੱਲੋਂ ਕਰਾਏ ਗਏ ਹਨ ਜਿਸ ਕਾਰਨ ਅਥਾਰਟੀ ਵੱਲੋਂ ਵੀ ਉਸ ਨੂੰ ਮੁਅੱਤਲ ਕੀਤਾ ਗਿਆ ਹੈ। ਏਦਾ ਹੀ ਇਹ ਅਧਿਕਾਰੀ ਬਤੌਰ ਐਸ.ਡੀ.ਓ. ਬਰਨਾਲਾ ਅਤੇ ਸੁਨਾਮ ਤੋਂ ਵੀ ਮੁਅੱਤਲ ਹੋ ਚੁੱਕਾ ਹੈ।
            ਸੂਤਰਾਂ ਮੁਤਾਬਕ ਜੇਕਰ ਬਠਿੰਡਾ ਵਿਕਾਸ ਅਥਾਰਟੀ ਦੇ ਵਿਕਾਸ ਕਾਰਜਾਂ ਦੀ ਪੜਤਾਲ ਹੁੰਦੀ ਹੈ ਤਾਂ ਉਸ 'ਚ ਵੀ ਇੱਕ ਵੱਡਾ ਘਪਲਾ ਸਾਹਮਣੇ ਆਵੇਗਾ। ਵਿਜੀਲੈਂਸ ਵੱਲੋਂ ਇਸ ਐਕਸੀਅਨ ਵੱਲੋਂ ਕਰਾਏ ਗਏ ਕੰਮਾਂ 'ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਵਿਜੀਲੈਂਸ ਵੱਲੋਂ ਉਨ੍ਹਾਂ ਫੰਡਾਂ 'ਤੇ ਵੀ ਨਜ਼ਰ ਮਾਰੀ ਜਾ ਰਹੀ ਹੈ ਜੋ ਕਿ ਹੜ੍ਹਾਂ ਵਾਸਤੇ ਆਏ ਸਨ। ਵਿਜੀਲੈਂਸ ਨੂੰ ਸੂਚਨਾ ਮਿਲੀ ਹੈ ਕਿ ਇਸ ਐਕਸੀਅਨ ਨੇ ਡਿਪਟੀ ਕਮਿਸ਼ਨਰ ਤੋਂ ਹੜ੍ਹਾਂ ਵਾਸਤੇ ਆਈ ਰਾਸ਼ੀ 'ਚੋਂ 4,10,00,000 ਰੁਪਏ ਲਏ ਸਨ ਅਤੇ ਇਹ ਰਾਸ਼ੀ ਸੜਕਾਂ ਦਾ ਪੈਚ ਵਰਕ ਕਰਕੇ ਹੀ ਖਪਾ ਦਿੱਤੀ ਸੀ। ਏਦਾ ਹੀ ਇਸ ਐਕਸੀਅਨ ਨੇ 31 ਮਾਰਚ,2008 ਨੂੰ 4 ਕਰੋੜ,80 ਲੱਖ ਰੁਪਏ ਦੀ ਰਾਸ਼ੀ ਸੇਵਿੰਗ 'ਚੋਂ ਕਢਵਾ ਕੇ ਪ੍ਰਾਈਵੇਟ ਬੈਂਕਾਂ ਵਿੱਚ ਰੱਖ ਦਿੱਤੀ ਸੀ ਜੋ ਕਿ ਮਗਰੋਂ ਵਰਤੀ ਗਈ। ਇਸ ਤੋਂ ਇਲਾਵਾ ਸਾਲ 2010 ਤੋਂ 2012 ਤੱਕ ਇਸ ਐਕਸੀਅਨ ਨੇ 6 ਕਰੋੜ,77 ਲੱਖ ਰੁਪਏ ਦੀ ਰਾਸ਼ੀ ਬਿਨਾਂ ਅਸਟੀਮੇਟ ਤੋਂ ਕੰਮਾਂ 'ਤੇ ਲਗਾ ਦਿੱਤੀ ਸੀ।  ਵਿਜੀਲੈਂਸ ਰੇਂਜ ਬਠਿੰਡਾ ਦੇ ਐਸ.ਪੀ. ਸੁਖਦੇਵ ਸਿੰਘ ਚਹਿਲ ਦਾ ਕਹਿਣਾ ਹੈ ਕਿ ਇਸ ਐਕਸੀਅਨ ਵੱਲੋਂ ਇੱਕ ਹੋਰ ਪੰਜ ਕਰੋੜ ਰੁਪਏ ਦੀ ਜਾਅਲੀ ਐਲ.ਓ.ਸੀ. ਤਿਆਰ ਕਰ ਲਈ ਸੀ ਜੋ ਕਿ ਵਰਤੀ ਨਹੀਂ ਗਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ।  ਸੂਤਰਾਂ ਅਨੁਸਾਰ ਇਹ ਐਕਸੀਅਨ ਆਪਣੀ ਜੁੰਡੀਦਾਰਾਂ ਨੂੰ ਖੁਸ਼ ਰੱਖਦਾ ਸੀ। ਲੋਕ ਨਿਰਮਾਣ ਵਿਭਾਗ ਦੇ ਇੱਕ ਅਧਿਕਾਰੀ ਦਾ ਜਦੋਂ ਮਾਨਸਾ ਵਿਖੇ ਨਵੰਬਰ,2011 ਵਿੱਚ ਸੇਵਾਮੁਕਤੀ ਸਮਾਗਮ ਹੋਇਆ ਤਾਂ ਇਸ ਐਕਸੀਅਨ ਨੇ ਉਸ ਅਧਿਕਾਰੀ ਅਤੇ ਉਸ ਦੀ ਪਤਨੀ ਨੂੰ ਸੋਨੇ ਦੇ ਗਹਿਣੇ ਦਿੱਤੇ ਸਨ। ਦੱਸਣਯੋਗ ਹੈ ਕਿ ਇਹ ਐਕਸੀਅਨ ਹੁਣ ਮਾਨਸਾ ਜੇਲ੍ਹ ਵਿੱਚ ਬੰਦ ਹੈ।
                                         ਐਕਸੀਅਨ ਦੇ ਜੋਟੀਦਾਰਾਂ 'ਤੇ ਵਿਜੀਲੈਂਸ ਦੀ ਮਿਹਰ
ਵਿਜੀਲੈਂਸ ਰੇਂਜ ਬਠਿੰਡਾ ਦੀ ਇਸ ਐਕਸੀਅਨ ਦੇ ਜੋਟੀਦਾਰਾਂ 'ਤੇ ਪੂਰੀ ਮਿਹਰ ਹੈ। ਵਿਜੀਲੈਂਸ ਨੇ ਲੋਕ ਨਿਰਮਾਣ ਵਿਭਾਗ ਦੇ ਸੁਪਰਡੈਂਟ ਸਤਪਾਲ ਬਾਂਸਲ ਖ਼ਿਲਾਫ਼ ਵੀ ਐਫ.ਆਈ.ਆਰ. ਦਰਜ ਕੀਤੀ ਸੀ ਪਰ ਉਸ ਨੂੰ ਹਾਲੇ ਤੱਕ ਛੇੜਿਆ ਨਹੀਂ ਗਿਆ ਹੈ। ਸੂਤਰਾਂ ਮੁਤਾਬਕ ਏਨਾ ਵੱਡਾ ਘਪਲਾ ਇਕੱਲਾ ਐਕਸੀਅਨ ਨਹੀਂ ਕਰ ਸਕਦਾ ਇਸ ਵਿੱਚ ਹੋਰ ਅਧਿਕਾਰੀ ਵੀ ਸ਼ਾਮਲ ਸਨ ਜਿਨ੍ਹਾਂ ਬਾਰੇ ਵਿਜੀਲੈਂਸ ਚੁੱਪ ਹੋ ਗਈ ਹੈ। ਲੋਕ ਨਿਰਮਾਣ ਵਿਭਾਗ ਦੇ ਛੋਟੇ ਤੇ ਵੱਡੇ ਅਫ਼ਸਰਾਂ ਨੂੰ ਵੀ ਵਿਜੀਲੈਂਸ ਨੇ ਇਸ ਮਾਮਲੇ 'ਚ ਸ਼ਾਮਲ ਨਹੀਂ ਕੀਤਾ ਹੈ।

No comments:

Post a Comment