Saturday, September 8, 2012

                               ਸਰਧਾਂਜਲੀ  
         ਤੁਰ ਗਿਆ ਦਿਲ ਦਾ ਬਾਦਸ਼ਾਹ
                              ਚਰਨਜੀਤ ਭੁੱਲਰ
ਬਠਿੰਡਾ : ਹਾਕਮ ਸੂਫ਼ੀ ਦਿਲ ਦਾ ਬਾਦਸ਼ਾਹ ਸੀ। ਸੁਰਤ ਸੰਭਲੀ ਤਾਂ ਪਹਿਲਾ ਹੱਲਾ ਗੁਰਬਤ ਦਾ ਸੀ। ਅਨਪੜ• ਬਾਪ ਕਰਤਾਰ ਸਿੰਘ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ। ਘਰ ਚ ਸਭ ਤੋ ਵੱਡਾ ਹਾਕਮ ਹੀ ਸੀ। ਥੋੜੀ ਬਹੁਤੀ ਜ਼ਮੀਨ ਵੀ ਸੀ। ਜਦੋਂ ਉਹ ਨਾਭੇ ਆਰਟ ਐਂਡ ਕਰਾਫਟ ਦਾ ਕੋਰਸ ਕਰਨ ਲੱਗਾ ਤਾਂ ਪੜਾਈ ਖਾਤਰ ਜ਼ਮੀਨ ਵੇਚਣੀ ਪਈ। ਉਸ ਨੇ 22 ਜਨਵਰੀ 1976 ਨੂੰ ਬਠਿੰਡਾ ਦੇ ਪਿੰਡ ਜੰਗੀਰਾਣਾ ਵਿੱਚ ਡਰਾਇੰਗ ਅਧਿਆਪਕ ਵਜੋਂ ਜੁਆਇੰਨ ਕੀਤਾ ਸੀ। ਇੱਕੋ ਸਕੂਲ ਚ 34 ਸਾਲ ਸਰਵਿਸ ਕਰਨ ਮਗਰੋਂ 31 ਮਾਰਚ 2010 ਨੂੰ ਉਹ ਸੇਵਾ ਮੁਕਤ ਹੋ ਗਿਆ। ਖੁਦ ਉਸ ਨੇ ਵਿਆਹ ਨਹੀਂ ਕਰਾਇਆ ਸੀ ਲੇਕਿਨ ਉਸ ਨੇ ਭੈਣਾਂ ਨੂੰ ਪਹਿਲਾਂ ਧੀਆਂ ਵਾਂਗ ਪਾਲਿਆ ਤੇ ਫਿਰ ਉਨ•ਾਂ ਦੇ ਵਿਆਹ ਕੀਤੇ। ਭੈਣਾਂ ਦੀ ਡੋਲੀ ਤੁਰੀ ਤਾਂ ਹਾਕਮ ਨੇ ਲਿਖਿਆ, ਕਣਕਾਂ ਵਾਂਗੂ ਪਾਲ਼ੀਆਂ ਧੀਆਂ। ਜਦੋਂ ਮਾਂ ਗੁਰਦਿਆਲ ਕੌਰ ਜਹਾਨੋਂ ਤੁਰ ਗਈ ਤਾਂ ਹਾਕਮ ਦੀ ਕਲਮ ਦੇ ਬੋਲ ਸਨ, ਰੋਂਦੇ ਹਾਕਮ ਨੂੰ ,ਖਲਕਤ ਵੇਖਣ ਆਈ। ਸੱਚਮੁੱਚ ਉਹ ਫੱਕਰ ਇਨਸਾਨ ਸੀ। ਮਾਇਆ ਦਾ ਕੋਈ ਲੋਭ ਲਾਲਚ ਨਹੀਂ ਸੀ। ਪਹਿਲਾ ਗਾਇਕ ਹੋਏਗਾ ਜਿਸ ਦਾ ਅਖਾੜੇ ਦਾ ਕੋਈ ਮੁੱਲ ਨਹੀਂ ਸੀ। ਜਿੰਨੇ ਕੋਈ ਦੇ ਦਿੰਦਾ,ਲੈ ਲੈਂਦਾ ਸੀ। ਉਸ ਦਾ ਕੋਈ ਪੀ ਏ ਨਹੀਂ ਸੀ ਅਤੇ ਨਾ ਹੀ ਉਸ ਦਾ ਕੋਈ ਦਫ਼ਤਰ ਸੀ। ਬੱਸ ਚੱਲਦਾ ਫਿਰਦਾ ਰਮਤਾ ਜੋਗੀ ਸੀ। ਲੋਕਾਂ ਦੇ ਦਿਲਾਂ ਵਿੱਚ ਉਸ ਦਾ ਹਮੇਸ਼ਾ ਚੇਤਾ ਰਹੇਗਾ। ਅਫਸੋਸ ਕਿ ਦਿਲ ਦੀ ਬਿਮਾਰੀ ਨੇ ਹੀ ਉਸ ਨੂੰ ਲੋਕਾਂ ਕੋਲੋਂ ਖੋਹ ਲਿਆ। ਰਾਜ ਗੱਦੀ ਤੇ ਬੈਠੇ ਹਾਕਮਾਂ ਨੇ ਹਾਕਮ ਦੀ ਕਦੇ ਸਾਰ ਨਾ ਲਈ। ਹੁਣ ਉਹ ਹੰਝੂ ਵਹਾਉਂਦੇ ਨੇ। ਜਿਉਦੇ ਜੀਅ ਉਸ ਦੀ ਸਰਕਾਰੀ ਦਰਬਾਰ ਚੋ ਕੋਈ ਮਦਦ ਨਹੀਂ ਹੋਈ।
           ਅੱਜ ਉਦਾਸ ਹਨ ਪਿੰਡ ਜੰਗੀਰਾਣਾ ਸਕੂਲ ਦੇ ਉਹ ਪਿੱਪਲ ਤੇ ਬੋਹੜ ਜਿਨ•ਾਂ ਨੂੰ ਕਦੇ ਹਾਕਮ ਸੂਫ਼ੀ ਨੇ ਆਪਣੇ ਹੱਥੀ ਲਾਇਆ ਸੀ। ਉਦਾਸ ਹੈ ਉਹ ਤਿੰਨ ਦਹਾਕੇ ਪੁਰਾਣਾ ਸਾਈਕਲ ਜੋ ਉਸ ਦੇ ਰਾਹਾਂ ਦਾ ਸਾਥੀ ਬਣਿਆ ਸੀ। ਡਾਲਡੇ ਘਿਓ ਵਾਲੀ ਖ਼ਾਲੀ ਪੀਪੀ ਵੀ ਅੱਜ ਲੋਕਾਂ ਨੂੰ ਚੇਤੇ ਆ ਰਹੀ ਹੈ ਜੋ ਹਾਕਮ ਸੂਫ਼ੀ ਦਾ ਮੁਢਲਾ ਸਾਜ ਬਣੀ ਸੀ। ਜਦੋਂ ਸਾਈਕਲ ਨਹੀਂ ਸੀ ਤਾਂ ਉਹ ਗਿੱਦੜਬਹਾ ਤੋ ਤੁਰ ਕੇ 10 ਕਿਲੋਮੀਟਰ ਦੂਰ ਪਿੰਡ ਚ ਡਿਊਟੀ ਕਰਨ ਜਾਂਦਾ ਸੀ। ਸਕੂਲ ਵਿੱਚ ਉਹ ਕਾਫ਼ੀ ਸਮਾਂ ਲੰਮੇ ਚੋਲ਼ੇ ਵਿੱਚ ਵੀ ਜਾਂਦਾ ਰਿਹਾ ਹੈ। ਜਦੋਂ ਸਿੱਖਿਆ ਵਿਭਾਗ ਦੀ ਸਕੂਲ ਚ ਕੋਈ ਟੀਮ ਚੈਕਿੰਗ ਵਾਸਤੇ ਆਉਂਦੀ ਤਾਂ ਚੈਕਿੰਗ ਅਧਿਕਾਰੀ ਅੱਗਿਓਂ ਹਾਕਮ ਸੂਫ਼ੀ ਦੀ ਸੰਗਤ ਮਾਣ ਕੇ ਮੁੜ ਜਾਂਦੇ। ਚੈਕਿੰਗ ਦਾ ਚੇਤਾ ਹੀ ਭੁੱਲ ਜਾਂਦੇ ਸਨ। ਸਕੂਲ ਪਿੰ੍ਰਸੀਪਲ ਦੀਪਇੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਦਫ਼ਾ ਸਕੂਲੀ ਬੱਚਿਆਂ ਨੂੰ ਰਾਜਸਥਾਨ ਦੇ ਟੂਰ ਤੇ ਲੈ ਕੇ ਗਏ ਸਨ। ਬੀਕਾਨੇਰ ਦੇ ਕਿਲੇ ਵਿੱਚ ਜਦੋਂ ਹਾਕਮ ਸੂਫ਼ੀ ਨੇ ਡਫਲੀ ਤੇ ਗਾਇਆ ਤਾਂ ਉਥੇ ਪੂਰਾ ਅਖਾੜਾ ਬੱਝ ਗਿਆ। ਏਨਾ ਪੈਸਾ ਇਕੱਠਾ ਹੋਇਆ ਕਿ ਪੂਰੇ ਟੂਰ ਦਾ ਖਰਚਾ ਨਿਕਲ ਗਿਆ। ਅੱਜ ਹਰਾ ਭਰਾ ਸਕੂਲ ਹਾਕਮ ਸੂਫ਼ੀ ਦੀ ਦੇਣ ਹੈ। ਹਾਕਮ ਸੂਫ਼ੀ ਜਿੰਨੀ ਸੰਗਤ ਸਾਧੂ ਲੋਕਾਂ ਦੀ ਮਾਣਦਾ ਸੀ, ਉੱਨਾਂ ਹੀ ਉਹ ਪ੍ਰਕਿਰਤੀ ਦੇ ਨੇੜੇ ਸੀ।
            ਗਿੱਦੜਬਹਾ ਵਰਗੇ ਛੋਟੇ ਸ਼ਹਿਰ ਦਾ ਉਹ ਵੱਡਾ ਬੰਦਾ ਸੀ। ਸਾਈਕਲ ਤੇ ਹੀ ਉਹ ਘੁੰਮਦਾ ਫਿਰਦਾ ਰਹਿੰਦਾ ਸੀ। ਲੰਘੀਆਂ ਅਸੈਂਬਲੀ ਚੋਣਾਂ ਵੇਲੇ ਉਸ ਨੇ ਆਖਰੀ ਦਫ਼ਾ ਗੁਰਦਾਸ ਮਾਨ ਨਾਲ ਸਟੇਜ ਤੋ ਗਾਇਆ ਸੀ,ਸੱਜਣਾ ਵੇ ਸੱਜਣਾ, ਸਾਨੂੰ ਤੇਰੇ ਸ਼ਹਿਰ ਵਾਲੀ ਕਿੰਨੀ ਚੰਗੀ ਲੱਗਦੀ ਦੁਪਹਿਰ। ਹਾਲਾਂ ਕਿ ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਪੁੱਜੇ ਹਾਕਮ ਸੂਫ਼ੀ ਨੂੰ ਉਸ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਸੀ ਪ੍ਰੰਤੂ ਉਸ ਨੇ ਪੂਰੀ ਰੂਹ ਨਾਲ ਗਾਇਆ। ਇਹੋ ਉਸ ਦੀ ਆਖਰੀ ਸਟੇਜ ਹੀ ਨਿੱਬੜੀ। ਗੁਰਦਾਸ ਮਾਨ ਦਾ ਜਮਾਤੀ ਹਾਕਮ ਸੂਫ਼ੀ ਜੁਗਾੜਬੰਦੀ ਤੋ ਦੂਰ ਸੀ। ਇੱਕ ਦਫ਼ਾ ਜਲੰਧਰ ਲਾਗੇ ਦੂਰਦਰਸ਼ਨ ਦੀ ਰਿਕਾਰਡਿੰਗ ਸੀ। ਸਟੇਜ ਤੇ ਆਉਣ ਤੋ ਪਹਿਲਾਂ ਕਲਾਕਾਰ ਡਾਇਰੈਕਟਰ ਦੇ ਪੈਰੀਂ ਹੱਥ ਲਾ ਕੇ ਆਉਂਦੇ ਸਨ। ਜਦੋਂ ਇੱਕ ਸਾਥੀ ਨੇ ਹਾਕਮ ਨੂੰ ਅਜਿਹਾ ਕਰਨ ਵਾਸਤੇ ਆਖਿਆ, ਤਾਂ ਹਾਕਮ ਨੇ ਆਖਿਆ, ਅਸੀਂ ਤਾਂ ਉਸ ਮੌਲਾ ਦੀ ਚਮਚਾਗਿਰੀ ਕਰਦੇ ਹਾਂ, ਮਿੱਟੀ ਦੀਆਂ ਮੂਰਤਾਂ ਦੀ ਨਹੀਂ। ਉਸ ਦੇ ਤਿੰਨ ਗੀਤ ਉਦੋਂ ਰਿਕਾਰਡ ਹੋਏ ਸਨ। ਸਾਦਗੀ ਦੀ ਜ਼ਿੰਦਗੀ ਜੀਣ ਵਾਲੇ ਹਾਕਮ ਵਿੱਚ ਕੋਈ ਵੱਲ ਛੱਲ ਨਹੀਂ ਸੀ। ਤਾਹੀਓ ਉਹ ਚਮਕ ਦਮਕ ਵਾਲੇ ਜ਼ਮਾਨੇ ਚ ਉਵੇਂ ਚਮਕ ਨਾ ਸਕਿਆ।
              ਅਮਰਦੀਪ ਗਿੱਲ ਨੇ ਇੱਕ ਦਫ਼ਾ ਫੋਨ ਕੀਤਾ, ਬਾਬਿਓ ਕਿਥੇ ਹੋ ? ਤਾਂ ਹਾਕਮ ਸੂਫ਼ੀ ਦਾ ਜੁਆਬ ਸੀ ਸਿਵਿਆਂ ਚ। ਸੱਚਮੁੱਚ ਉਹ ਕਰੀਬ ਇੱਕ ਦਹਾਕੇ ਤੋ ਗਿੱਦੜਬਹਾ ਦੇ ਸਿਵਿਆਂ ਚ ਜਿਆਦਾ ਸਮਾਂ ਰਹਿੰਦਾ ਸੀ। ਸ਼ਮਸ਼ਾਨਘਾਟ ਚੋ ਪਹਿਲਾਂ ਲੋਕਾਂ ਨੂੰ ਰਜ਼ਾਮੰਦ ਕਰਕੇ ਮਟੀਆਂ ਹਟਵਾ ਦਿੱਤੀਆਂ। ਫਿਰ ਉਸ ਨੂੰ ਹਰਾ ਭਰਾ ਬਣਾ ਦਿੱਤਾ। ਹਾਕਮ ਸੂਫ਼ੀ ਦੀ ਕਲਾ ਕ੍ਰਿਤ ਅੱਜ ਚੰਡੀਗੜ• ਦੀ ਆਰਟ ਗੈਲਰੀ ਵਿੱਚ ਵੀ ਹੈ ਅਤੇ ਗਿੱਦੜਬਹਾ ਦੇ ਸਿਵਿਆਂ ਵਿੱਚ ਵੀ। ਲੋਕ ਗਾਇਕੀ ਦਾ ਸੋਨਾ ਆਖਰ ਇਨ•ਾਂ ਸਿਵਿਆਂ ਵਿੱਚ ਹੀ ਮਿੱਟੀ ਹੋ ਗਿਆ ਹੈ। ਇਨ•ਾਂ ਸਿਵਿਆਂ ਦੀ ਚਾਰਦੀਵਾਰੀ ਖਾਤਰ ਗੁਰਦਾਸ ਮਾਨ ਨੇ ਪੈਸੇ ਭੇਜੇ ਸਨ। ਅੱਜ ਇਹ ਸਿਵੇ ਪਾਰਕ ਵਾਂਗ ਹਨ ਜਿਥੇ ਲੋਕ ਬੈਠ ਕੇ ਸਕੂਨ ਲੈਂਦੇ ਹਨ। ਜਦੋਂ ਸਕੂਲ ਵਿੱਚ ਸਿੱਖਿਆ ਵਿਭਾਗ ਦੇ ਪੈਂਦੇ ਛਾਪਿਆ ਬਾਰੇ ਹਾਕਮ ਕੋਲ ਕਿਸੇ ਨੇ ਗੱਲ ਕਰਨੀ ਤਾਂ ਉਸ ਨੇ ਆਖਣਾ, ਬਾਬਿਓ ਅਸੀਂ ਤਾਂ ਪਹਿਲਾਂ ਹੀ ਉਸ ਥਾਂ ਤੇ ਬੈਠੇ ਹਨ, ਜਿਥੇ ਗੱਲ ਮੁੱਕਣੀ ਹੈ। ਕਈ ਕਈ ਦਿਨ ਹਾਕਮ ਸਿਵਿਆਂ ਵਿੱਚ ਹੀ ਦਿਨ ਰਾਤ ਗੁਜ਼ਾਰ ਦਿੰਦਾ ਸੀ। ਮਰਹੂਮ ਫਿਲਮ ਡਾਇਰੈਕਟਰ ਵਰਿੰਦਰ ਆਪਣੀ ਫਿਲਮ ਯਾਰੀ ਜੱਟ ਦੀ ਲਈ ਗਿੱਦੜਬਹਾ ਆਇਆ। ਜਦੋਂ ਹਾਕਮ ਸੂਫ਼ੀ ਘਰ ਨਾ ਮਿਲਿਆ ਤਾਂ ਵਰਿੰਦਰ ਉੁਸ ਦੇ ਭਰਾ ਨਛੱਤਰ ਨੂੰ ਨਾਲ ਲੈ ਕੇ ਲੱਭਣ ਤੁਰ ਪਿਆ। ਗਿੱਦੜਬਹਾ ਦੀ ਰੇਲਵੇ ਰੋਡ ਤੇ ਪਿੱਪਲ ਕੋਲ ਜੋਗੀ ਬੈਠੇ ਸਨ। ਜਦੋਂ ਵਰਿੰਦਰ ਨੇ ਦੇਖਿਆ ਤਾਂ ਹਾਕਮ ਸੂਫ਼ੀ ਜੋਗੀਆਂ ਵਿੱਚ ਬੈਠਾ ਸੀ ਅਤੇ ਬੀਨ ਆਪਣੇ ਰੰਗ ਬਿਖੇਰ ਰਹੀ ਸੀ। ਜਦੋਂ ਮੌਤ ਦੀ ਖ਼ਬਰ ਸੁਣੀ ਤਾਂ ਗੱਡੀਆਂ ਵਾਲੇ ਵਣਜਾਰੇ ਵੀ ਉਸ ਦੇ ਘਰ ਅਫਸੋਸ ਲਈ ਆਏ ਹੋਏ ਸਨ। ਮਸਤ ਮੌਲਾ ਇਨਸਾਨ ਪਿਆਰ ਵੰਡਦਾ ਸੀ। ਲੋਭੀ ਹੁੰਦਾ ਤਾਂ ਬਹੁਤ ਕੁਝ ਕਮਾ ਲੈਂਦਾ।
              ਪੰਜਾਬ ਵਿੱਚ ਆਏ ਕਾਲੇ ਦੌਰ ਦੇ ਦਿਨਾਂ ਦੀ ਗੱਲ ਹੈ। ਹਾਕਮ ਸੂਫ਼ੀ ਅਤੇ ਬਲਕਾਰ ਹਾਜੀ ਦਾ ਪਿੰਡ ਬੋਦੀਵਾਲਾ ਖੜਕ ਸਿੰਘ ਵਿੱਚ ਅਖਾੜਾ ਲੱਗਾ ਹੋਇਆ ਸੀ। ਤਿੰਨ ਖਾੜਕੂ ਸਟੇਜ ਕੋਲ ਆਏ ਜਿਨ•ਾਂ ਨੂੰ ਦੇਖ ਕੇ ਲੋਕ ਖਿਸਕਣ ਲੱਗ ਪਏ। ਸਟੇਜ ਤੋ ਹਾਕਮ ਨੇ ਆਖਿਆ ਕਿ ਉਹ ਤਾਂ ਸੂਫ਼ੀਆਨਾ ਗਾਉਂਦਾ ਹੈ, ਕੋਈ ਅਜਿਹਾ ਨਹੀਂ ਗਾਉਂਦਾ ਜੋ ਧੀਆਂ ਭੈਣਾਂ ਵਿੱਚ ਬੈਠ ਕੇ ਨਾ ਸੁਣਿਆ ਜਾ ਸਕਦਾ ਹੋਵੇ। ਹਾਕਮ ਸੂਫ਼ੀ ਨੇ ਖਾੜਕੂਆਂ ਨੂੰ ਸੰਬੋਧਨ ਹੋ ਕੇ ਆਖਿਆ, ਮਿੱਤਰੋ ,ਪਹਿਲਾਂ ਇੱਕ ਗਾਣਾ ਸੁਣ ਲੋ, ਫਿਰ ਜੋ ਮਰਜ਼ੀ ਫੈਸਲਾ ਕਰ ਲੈਣਾ। ਹਾਕਮ ਸੂਫ਼ੀ ਨੇ ਮੇਲਾ ਯਾਰਾ ਦਾ ਗਾਇਆ। ਖਾੜਕੂ ਇੱਕ ਸੌ ਦਾ ਨੋਟ ਇਨਾਮ ਦੇ ਕੇ ਚੁੱਪ ਚਾਪ ਚਲੇ ਗਏ। ਮਗਰੋਂ ਕਈ ਘੰਟੇ ਲੋਕ ਉਸ ਦੀ ਗਾਇਕੀ ਦਾ ਆਨੰਦ ਲੈਂਦੇ ਰਹੇ। ਉਸ ਦੀ ਮਹਿਫਲ ਵਿਦੇਸ਼ਾਂ ਵਿੱਚ ਸਜਦੀ ਰਹੀ ਹੈ ਅਤੇ ਰਾਜਧਾਨੀ ਵਿੱਚ ਵੀ। ਸਾਫ ਸੁਥਰੀ ਗਾਇਕੀ ਦਾ ਮਾਲਕ ਸੀ। ਉਸ ਦੇ ਸਮਿਆਂ ਵਿੱਚ ਦੋ ਗਾਣਾ ਗਾਇਕੀ ਦੀ ਚੜ•ਤ ਸੀ। ਉਸ ਦਾ ਸਾਥੀ ਦਰਸ਼ਨ ਮਾਨ ਦੱਸਦਾ ਹੈ ਕਿ ਜਦੋਂ ਉਹ ਪਿੰਡਾਂ ਵਿੱਚ ਪ੍ਰੋਗਰਾਮ ਤੇ ਜਾਂਦੇ ਤਾਂ ਲੋਕ ਕਾਰ ਵੇਖ ਕੇ ਰੌਲਾ ਪਾ ਦਿੰਦੇ, ਆ ਗਈ ਓਏ, ਆ ਗਈ ਓਏ। ਜਦੋਂ ਕਾਰ ਚੋ ਇਕੱਲਾ ਲੋਈ ਵਾਲਾ ਫੱਕਰ ਉੱਤਰਦਾ ਤਾਂ ਇੱਕ ਵਾਰੀ ਲੋਕ ਨਿਰਾਸ਼ ਹੋ ਜਾਂਦੇ। ਲੋਕਾਂ ਨੂੰ ਇਹੋ ਉਮੀਦ ਹੁੰਦੀ ਸੀ ਕਿ ਨਾਲ ਕੋਈ ਗਾਇਕ ਬੀਬੀ ਵੀ ਹੋਵੇਗੀ। ਜਦੋਂ ਉਹ ਪ੍ਰੋਗਰਾਮ ਖਤਮ ਕਰਕੇ ਵਾਪਸ ਜਾਂਦਾ ਤਾਂ ਉਸ ਨੂੰ ਲੋਕਾਂ ਚੋ ਨਿਕਲਣਾ ਮੁਸ਼ਕਲ ਹੋ ਜਾਂਦਾ ਸੀ।
           ਅੱਜ ਉਸ ਦੇ ਪ੍ਰਸੰਸਕ ਦਿਲ ਹੌਲਾ ਕਰੀ ਬੈਠੇ ਹਨ। ਉਸ ਦੀ ਭੈਣ ਜੱਗੂ ਤੇ ਵੀਨਾ ਕੋਲ ਹੁਣ ਉਸ ਦੀਆਂ ਯਾਦਾਂ ਬਚੀਆਂ ਹਨ। ਇਨ•ਾਂ ਭੈਣਾਂ ਨੂੰ ਹੀ ਉਹ ਨਿੱਕੇ ਹੁੰਦੇ ਹੱਥੀ ਰੋਟੀ ਖੁਆਉਂਦਾ ਸੀ। ਘਰ ਦੇ ਵਿਹੜੇ ਵਿੱਚ ਖੜ•ਾ ਸਾਈਕਲ ਉਸ ਦੀ ਨਿਸ਼ਾਨੀ ਹੈ ਅਤੇ ਉਹ ਤੁਰ ਜਾਣ ਤੋ ਪਹਿਲਾਂ ਪ੍ਰਵਾਰ ਨੂੰ ਇਹੋ ਨਿਸ਼ਾਨੀ ਸੰਭਾਲਣ ਵਾਸਤੇ ਆਖ ਕੇ ਵਿਦਾ ਹੋਇਆ। ਲੋਈ ਅਤੇ ਡਫਲੀ ਨੇ ਵੀ ਹਾਕਮ ਸੂਫ਼ੀ ਦਾ ਜ਼ਿੰਦਗੀ ਭਰ ਸਾਥ ਦਿੱਤਾ। ਇਹੋ ਉਹੀ ਡਫਲੀ ਹੈ ਜੋ ਕਦੇ ਹਾਕਮ ਸੂਫ਼ੀ ਨੇ ਗੁਰਦਾਸ ਮਾਨ ਨੂੰ ਫੜਾਈ ਸੀ। ਕਲਯੁਗ ਦੇ ਇਸ ਸਤਜੁਗੀ ਬੰਦੇ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਉਸ ਦੀ ਗਾਇਕੀ ਨੂੰ ਦੇਣ ਕੋਈ ਛੋਟੀ ਨਹੀਂ, ਵੱਡੀ ਸੀ। ਅਫਸੋਸ ਇਹੋ ਹੈ ਕਿ ਹਕੂਮਤਾਂ ਨੂੰ ਵੱਡੇ ਬੰਦੇ ਨਿਗ•ਾ ਪੈਂਦੇ ਹਨ, ਵੱਡੀ ਦੇਣ ਵਾਲੇ ਨਹੀਂ।
        

No comments:

Post a Comment