Tuesday, September 4, 2012


                                 ਕੈਂਸਰ  ਨੇ
        ਬੰਦੇ ਮੁਕਾਏ,ਫੰਡ ਨਾ ਆਏ
                  ਚਰਨਜੀਤ ਭੁੱਲਰ
ਬਠਿੰਡਾ :  ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਕੋਲ ਕੈਂਸਰ ਪੀੜਤਾਂ ਲਈ ਆਏ 90 ਫੀਸਦੀ ਫੰਡ ਅਣਵਰਤੇ ਪਏ ਹਨ। ਪ੍ਰਸ਼ਾਸਨ ਕੋਲ ਏਨੀ ਵਿਹਲ ਨਹੀਂ ਹੈ ਕਿ ਇਹ ਫੰਡ ਕੈਂਸਰ ਪੀੜਤਾਂ ਨੂੰ ਵੰਡ ਦਿੱਤੇ ਜਾਣ। ਕਰੀਬ ਸਵਾ ਸਾਲ ਪਹਿਲਾਂ ਇਹ ਫੰਡ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੇ ਸਨ। ਕੈਂਸਰ ਪੀੜਤ ਫੰਡਾਂ ਵਾਸਤੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਬਹੁਤੇ ਮਰੀਜ਼ ਤਾਂ ਫੰਡਾਂ ਦੀ ਉਡੀਕ 'ਚ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਬਠਿੰਡਾ ਜ਼ਿਲ੍ਹੇ ਨੂੰ ਕੈਂਸਰ ਦੀ ਸਭ ਤੋਂ ਵੱਧ ਮਾਰ ਪਈ ਹੈ ਪਰ ਇਸ ਦੇ ਬਾਵਜੂਦ ਅਫ਼ਸਰ ਇਹ ਫੰਡ ਵੰਡਣ ਲਈ ਸੰਜੀਦਾ ਨਹੀਂ ਹਨ। ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ 30 ਲੱਖ ਰੁਪਏ ਦੇ ਫੰਡ ਕੈਂਸਰ ਪੀੜਤਾਂ ਦੀ ਮਦਦ ਵਾਸਤੇ ਮਿਲੇ ਸਨ। ਮੁੱਖ ਮੰਤਰੀ ਰਾਹਤ ਫੰਡ 'ਚੋਂ ਇਹ ਫੰਡ ਜਾਰੀ ਕੀਤੇ ਗਏ ਸਨ। ਉਸ ਤੋਂ ਪਹਿਲਾਂ ਵੀ ਇਹ ਫੰਡ ਮੁੱਖ ਮੰਤਰੀ ਦਫ਼ਤਰ 'ਚੋਂ ਆਉਂਦੇ ਰਹੇ ਹਨ। ਡਿਪਟੀ ਕਮਿਸ਼ਨਰ ਦਫ਼ਤਰ 'ਚੋਂ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਜਾਣਕਾਰੀ ਮੁਤਾਬਕ ਸਾਲ 2011 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੈਂਸਰ ਪੀੜਤਾਂ ਦੀ ਮਦਦ ਲਈ 30 ਲੱਖ ਰੁਪਏ ਮਿਲੇ ਸਨ ਜਿਸ 'ਚੋਂ 3,80,000 ਰੁਪਏ ਵੰਡੇ ਗਏ ਹਨ। ਬਾਕੀ ਰਾਸ਼ੀ ਸਬ ਡਿਵੀਜ਼ਨ ਬਠਿੰਡਾ, ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਵਿੱਚ ਪਈ ਹੈ ਜੋ ਕਿ ਹਾਲੇ ਤੱਕ ਨਹੀਂ ਵੰਡੀ ਗਈ। ਜ਼ਿਲ੍ਹਾ ਪ੍ਰਸ਼ਾਸਨ ਕੋਲ ਇਸ ਰਾਸ਼ੀ ਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਆਇਆ ਹੈ। ਜੋ ਰਾਸ਼ੀ ਵੰਡੀ ਗਈ ਹੈ, ਉਸ 'ਚੋਂ ਵੀ ਕਈ ਚੈੱਕ ਪ੍ਰਸ਼ਾਸਨ ਕੋਲ ਵਾਪਸ ਆ ਗਏ ਹਨ ਕਿਉਂਕਿ ਕਈ ਪੀੜਤਾਂ ਦੀ ਚੈੱਕ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਇਹ ਚੈੱਕ ਵੀ ਪ੍ਰਸ਼ਾਸਨ ਨੇ ਮੁੱਖ ਮੰਤਰੀ ਦਫ਼ਤਰ ਨੂੰ ਵਾਪਸ ਭੇਜ ਦਿੱਤੇ ਹਨ।
       ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੈਂਸਰ ਪੀੜਤਾਂ ਲਈ ਆਈ ਰਾਸ਼ੀ ਪੂਰੀ ਇਸਤੇਮਾਲ ਨਹੀਂ ਕੀਤੀ। ਸਾਲ 2010 ਵਿੱਚ ਪੰਜਾਬ ਸਰਕਾਰ ਨੇ ਜ਼ਿਲ੍ਹਾ ਬਠਿੰਡਾ ਨੂੰ ਕੈਂਸਰ ਪੀੜਤਾਂ ਵਾਸਤੇ 6 ਲੱਖ ਰੁਪਏ ਭੇਜੇ ਸਨ ਜਿਸ 'ਚੋਂ ਇੱਕ ਲੱਖ ਰੁਪਏ ਪ੍ਰਸ਼ਾਸਨ ਨੇ ਵਾਪਸ ਭੇਜ ਦਿੱਤੇ ਸਨ। ਸਾਲ 2008 ਵਿੱਚ ਮੁੱਖ ਮੰਤਰੀ ਦਫ਼ਤਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 25 ਲੱਖ ਰੁਪਏ ਭੇਜੇ ਗਏ ਸਨ ਜਿਸ 'ਚੋਂ ਪ੍ਰਸ਼ਾਸਨ ਨੇ 7,07,578 ਰੁਪਏ ਵਾਪਸ ਭੇਜ ਦਿੱਤੇ ਸਨ। ਡਿਪਟੀ ਕਮਿਸ਼ਨਰ ਕੋਲ ਕੈਂਸਰ ਪੀੜਤਾਂ ਦੀਆਂ ਕਰੀਬ 500 ਦਰਖਾਸਤਾਂ ਪੈਂਡਿੰਗ ਪਈਆਂ ਹਨ। ਡਿਪਟੀ ਕਮਿਸ਼ਨਰ ਹੁਣ ਇਸ ਕਰਕੇ ਇਨ੍ਹਾਂ 'ਤੇ ਕਾਰਵਾਈ ਨਹੀਂ ਕਰਦੇ ਹਨ ਕਿਉਂਕਿ ਸਰਕਾਰ ਨੇ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਬਣਾ ਦਿੱਤਾ ਹੈ। ਰਾਹਤ ਕੋਸ਼ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵੱਲੋਂ 15 ਤੋਂ 30 ਹਜ਼ਾਰ ਤੱਕ ਦੀ ਰਾਸ਼ੀ ਪ੍ਰਤੀ ਮਰੀਜ਼ ਦਿੱਤੀ ਜਾਂਦੀ ਸੀ। ਪਿੰਡ ਕਲਿਆਣ ਸੁੱਖਾ ਦੇ ਕੈਂਸਰ ਮਰੀਜ਼ ਰੂਪ ਚੰਦ ਦੇ ਲੜਕੇ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ 31 ਜਨਵਰੀ,2006 ਨੂੰ ਵਿੱਤੀ ਮਦਦ ਵਾਸਤੇ ਦਰਖਾਸਤ ਦਿੱਤੀ ਸੀ ਪਰ ਅੱਜ ਤੱਕ ਮਦਦ ਨਹੀਂ ਮਿਲੀ। ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਤਾਂ ਬਾਪ ਦਾ ਇਲਾਜ ਕਰਾਉਣ ਵਾਸਤੇ ਕੋਈ ਜ਼ਮੀਨ-ਜਾਇਦਾਦ ਵੀ ਨਹੀਂ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਇਲਾਜ 'ਤੇ 2 ਲੱਖ ਰੁਪਏ ਲੱਗ ਚੁੱਕੇ ਹਨ। ਪਿੰਡ ਗਹਿਰੀ ਭਾਗੀ ਦਾ ਇੱਕ ਮਰੀਜ਼ ਤਾਂ ਮਦਦ ਮਿਲਣ ਤੋਂ ਪਹਿਲਾਂ ਹੀ ਜਹਾਨੋਂ ਚਲਾ ਗਿਆ ਹੈ। ਇਸ ਤਰ੍ਹਾਂ ਦੇ ਸੈਂਕੜੇ ਮਰੀਜ਼ ਹਨ ਜੋ  ਰਾਸ਼ੀ ਉਡੀਕਦੇ ਰੱਬ ਨੂੰ ਪਿਆਰੇ ਹੋ ਗਏ।
      ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਜਦੋਂ ਪ੍ਰਸ਼ਾਸਨ ਨੂੰ ਆਖਰੀ 30 ਲੱਖ ਰੁਪਏ ਭੇਜੇ ਗਏ ਸਨ ਉਸ ਮਗਰੋਂ ਕੈਂਸਰ ਮਰੀਜ਼ਾਂ ਦਾ ਵੀ ਸਿਆਸੀਕਰਨ ਹੋ ਗਿਆ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਕੈਂਸਰ ਮਰੀਜ਼ਾਂ ਨੂੰ ਚੈੱਕ ਵੰਡਣੇ ਸ਼ੁਰੂ ਕਰ ਦਿੱਤੇ ਸਨ ਅਤੇ ਕੈਂਸਰ ਪੀੜਤਾਂ ਦੀਆਂ ਸੂਚੀਆਂ ਵੀ ਹਲਕਿਆਂ ਮੁਤਾਬਕ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸੰਗਤ ਦਰਸ਼ਨਾਂ ਵਿੱਚ ਵੰਡੇ ਤਿੰਨ ਚੈੱਕ ਵਾਪਸ ਹੋਏ ਸਨ ਕਿਉਂਕਿ ਰਾਸ਼ੀ ਪੁੱਜਣ ਤੱਕ ਮਰੀਜ਼ ਮੌਤ ਦੇ ਮੂੰਹ ਜਾ ਪਏ ਸਨ। ਕਾਫ਼ੀ ਸਮਾਂ ਤਾਂ ਇਹ ਰਾਸ਼ੀ ਸੰਸਦ ਮੈਂਬਰ ਦੇ ਸੰਗਤ ਦਰਸ਼ਨਾਂ ਦੀ ਉਡੀਕ ਵਿੱਚ ਹੀ ਖ਼ਜ਼ਾਨੇ ਵਿੱਚ ਪਈ ਰਹੀ। ਨਾਗਰਿਕ ਭਲਾਈ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਲਾਲ ਬਾਂਸਲ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਫੌਰੀ ਕੈਂਸਰ ਪੀੜਤਾਂ ਲਈ ਆਈ ਰਾਸ਼ੀ ਵੰਡੇ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਜਾਰੀ ਰਹਿਣੀ ਚਾਹੀਦੀ ਹੈ ਅਤੇ ਭਾਵੇਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਵੀ ਬਣ ਗਿਆ ਹੈ।
                     ਮਾਮਲਾ ਧਿਆਨ ਵਿੱਚ ਨਹੀਂ ਹੈ: ਡੀ.ਸੀ.  
ਡਿਪਟੀ ਕਮਿਸ਼ਨਰ ਕੇ.ਕੇ. ਯਾਦਵ ਦਾ ਕਹਿਣਾ ਹੈ ਕਿ ਕੈਂਸਰ ਪੀੜਤਾਂ ਲਈ ਆਈ ਰਾਸ਼ੀ ਦੇ ਅਣਵਰਤੀ ਪਈ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਆਖਿਆ ਕਿ ਉਹ ਇਸ ਸਬੰਧੀ ਰਿਪੋਰਟ ਪ੍ਰਾਪਤ ਕਰਕੇ ਉਸ ਦੇ ਆਧਾਰ 'ਤੇ ਇਸ ਰਾਸ਼ੀ ਦੀ ਵੰਡ ਕਰਨਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ 'ਚੋਂ ਬਠਿੰਡਾ ਜ਼ਿਲ੍ਹੇ ਦੇ 150 ਤੋਂ ਉਪਰ ਮਰੀਜ਼ਾਂ ਨੂੰ ਵਿੱਤੀ ਮਦਦ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਕੈਂਸਰ ਪੀੜਤ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ 'ਚੋਂ ਵਿੱਤੀ ਮਦਦ ਲੈਣ ਵਾਸਤੇ ਅਪਲਾਈ ਕਰਨ ਕਿਉਂਕਿ ਉਸ 'ਚੋਂ ਰਾਸ਼ੀ ਵੀ ਜ਼ਿਆਦਾ ਮਿਲ ਜਾਂਦੀ ਹੈ। ਉਨ੍ਹਾਂ ਆਖਿਆ ਕਿ ਕੈਂਸਰ ਪੀੜਤ ਸਿਹਤ ਵਿਭਾਗ ਨਾਲ ਸੰਪਰਕ ਕਰਨ।

No comments:

Post a Comment