Sunday, September 2, 2012

                                ਸਰਕਾਰੀ ਲੁੱਟ
    ਜੁਗਾੜੀ ਐਕਸੀਅਨ ਦਾ ਖਜ਼ਾਨਾ ਲੱਭਿਆ  
                              ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਨੇ ਅੱਜ ਐਕਸੀਅਨ ਜੋਗਿੰਦਰ ਸਿੰਘ ਦੀ ਲੁੱਟ ਦਾ ਮਾਲ ਇੱੱਕ ਠੇਕੇਦਾਰ ਦੇ ਘਰੋਂ ਬਰਾਮਦ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਦੀ ਟੀਮ ਵਲੋਂ ਕਰੀਬ ਘੰਟੇ ਇਸ ਠੇਕੇਦਾਰ ਦੇ ਘਰ ਦੀ ਤਲਾਸ਼ੀ ਲਈ ਗਈ। ਬਠਿੰਡਾ ਦੇ ਮਹੱਲਾ ਝੁੱਟੀਕਾ ਦਾ ਵਸਨੀਕ ਠੇਕੇਦਾਰ ਗੁਰਜੀਤ ਸਿੰਘ ਐਕਸੀਅਨ ਜੋਗਿੰਦਰ ਸਿੰਘ ਦਾ ਰਿਸ਼ਤੇਦਾਰ ਹੈ। ਵਿਜੀਲੈਂਸ ਰੇਂਜ ਬਠਿੰਡਾ ਵਲੋਂ 25 ਜੁਲਾਈ 2012 ਨੂੰ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਜੋਗਿੰਦਰ ਸਿੰਘ 'ਤੇ ਕਰੁਪਸ਼ਨ ਦਾ ਕੇਸ ਦਰਜ ਕੀਤਾ ਸੀ। ਇਸ ਐਕਸੀਅਨ ਵਲੋਂ ਪੰਜ ਕਰੋੜ ਰੁਪਏ ਦਾ ਸਕੈਂਡਲ ਕੀਤਾ ਗਿਆ ਸੀ। ਹੁਣ ਇਹ ਐਕਸੀਅਨ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਪੁਲੀਸ ਦਾ ਕਹਿਣਾ ਹੈ ਕਿ ਐਕਸੀਅਨ ਠੇਕੇਦਾਰ ਗੁਰਜੀਤ ਸਿੰਘ ਦੀ ਭੂਆ ਦਾ ਜਵਾਈ ਹੈ। ਠੇਕੇਦਾਰ ਦੇ ਪ੍ਰਵਾਰ ਨੇ ਇਹ ਗੱਲ ਅੱਜ ਕਬੂਲ ਕਰ ਲਈ ਹੈ ਕਿ ਇਹ ਸਾਰਾ ਮਾਲ ਐਕਸੀਅਨ ਜੋਗਿੰਦਰ ਸਿੰਘ ਦਾ ਹੈ। ਜ਼ਿਲ੍ਹਾ ਪੁਲੀਸ ਵਲੋਂ ਅੱਜ ਠੇਕੇਦਾਰ ਗੁਰਜੀਤ ਸਿੰਘ ਦੇ ਘਰੋਂ ਅਤੇ ਲਾਕਰਾਂ ਚੋਂ 4 ਕਿਲੋ ਸੋਨੇ ਦੇ ਬਿਸਕੁੱਟ,21.90 ਲੱਖ ਰੁਪਏ ਦੀ ਨਗਦੀ ਅਤੇ ਇੱਕ ਕਿਲੋ ਅਫੀਮ ਬਰਾਮਦ ਕੀਤੀ ਹੈ। ਥਾਣਾ ਕੋਤਵਾਲੀ ਵਿੱਚ ਪੁਲੀਸ ਨੇ ਠੇਕੇਦਾਰ ਗੁਰਜੀਤ ਸਿੰਘ ਅਤੇ ਉਸ ਦੇ ਲੜਕੇ ਭੁਪਿੰਦਰ ਸਿੰਘ 'ਤੇ ਐਨ.ਡੀ.ਪੀ.ਐਸ ਅਤੇ ਕਰੁਪਸ਼ਨ ਐਕਟ ਤਹਿਤ ਪੁਲੀਸ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
            ਬਠਿੰਡਾ ਜੋਨ ਦੇ ਆਈ.ਜੀ ਨਿਰਮਲ ਸਿੰਘ ਢਿਲੋਂ ਅਤੇ ਐਸ.ਐਸ.ਪੀ ਡਾ.ਸੁਖਚੈਨ ਸਿੰਘ ਗਿੱਲ ਨੇ ਅੱਜ ਠੇਕੇਦਾਰ ਦੇ ਘਰ ਚੱਲ ਰਹੀ ਸਰਚ ਮਿਹੰਮ ਦੀ ਨਿਗਰਾਨੀ ਵੀ ਕੀਤੀ ਅਤੇ ਘਰ ਦਾ ਦੌਰਾ ਕੀਤਾ। ਪੁਲੀਸ ਨੇ ਗੁਪਤ ਸੂਚਨਾ ਮਿਲਣ 'ਤੇ ਇਹ ਅੱਜ ਦੁਪਾਹਿਰ ਮਗਰੋਂ ਛਾਪਾ ਮਾਰਿਆ। ਪੁਲੀਸ ਵਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਏ.ਐਸ.ਪੀ ਵਨ,ਡੀ.ਐਸ.ਪੀ ਭੁੱਚੋ ਬਲਜੀਤ ਸਿੰਘ ਸਿੱਧੂ,ਇੰਸਪੈਕਟਰ ਗੁਰਜੀਤ ਸਿੰਘ ਰੋਮਾਣਾ ਅਤੇ ਥਾਣਾ ਕੋਤਵਾਲੀ ਦੇ ਇੰਸਪੈਕਟਰ ਜਸਪਾਲ ਸਿੰਘ ਸ਼ਾਮਲ ਸਨ। ਦੁਪਾਹਿਰ ਮਗਰੋਂ ਇਸ ਟੀਮ ਵਲੋਂ ਪਹਿਲਾਂ ਠੇਕੇਦਾਰ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਮਗਰੋਂ ਵੱਡੀ ਪੱਧਰ ਤੇ ਪੁਲੀਸ ਨੇ ਇਸ ਠੇਕੇਦਾਰ ਦੇ ਘਰ 'ਤੇ ਛਾਪਾਮਾਰੀ ਕੀਤੀ। ਪੁਲੀਸ ਨੇ ਇਸ ਠੇਕੇਦਾਰ ਦੇ ਘਰ ਦਾ ਚੱਪਾ ਚੱਪਾ ਛਾਣ ਦਿੱਤਾ। ਇਸ ਠੇਕੇਦਾਰ ਨੇ ਡੇਢ ਕਿਲੋ ਸੋਨਾ ਇੱਕ ਬੈਂਕ ਦੇ ਲਾਕਰ ਵਿੱਚ ਰੱਖਿਆ ਹੋਇਆ ਸੀ। ਪੁਲੀਸ ਵਲੋਂ ਹੁਣ ਜੋਗਿੰਦਰ ਸਿੰਘ 'ਤੇ ਵੱਖਰਾ ਕਰੁਪਸ਼ਨ ਐਕਟ ਦਾ ਪੁਲੀਸ ਕੇਸ ਦਰਜ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਐਕਸੀਅਨ ਜੋਗਿੰਦਰ ਸਿੰਘ ਵਲੋਂ ਕਈ ਘਪਲੇ ਕੀਤੇ ਗਏ ਹਨ ਅਤੇ ਉਸ 'ਤੇ ਪਹਿਲਾਂ ਵੀ ਪੁਲੀਸ ਕੇਸ ਦਰਜ ਹੋ ਚੁੱਕਾ ਹੈ। ਪੁਲੀਸ ਹੁਣ ਇਹ ਵੀ ਪਤਾ ਲਗਾਏਗੀ ਕਿ ਐਕਸੀਅਨ ਜੋਗਿੰਦਰ ਸਿੰਘ ਵਲੋਂ ਹੋਰ ਕਿਸ ਕਿਸ ਰਿਸ਼ਤੇਦਾਰ ਦੇ ਘਰ ਪੈਸੇ ਰੱਖੇ ਹੋਏ ਹਨ।
           ਬਠਿੰਡਾ ਪੁਲੀਸ ਵਲੋਂ ਅੱਜ ਫੜੀ ਹੋਈ ਰਕਮ ਦੀ ਕਾਫੀ ਸਮਾਂ ਲਗਾ ਕੇ ਗਿਣਤੀ ਕੀਤੀ ਗਈ ਜਦੋਂ ਕਿ ਸੋਨੇ ਦੇ ਬਿਸਕੁੱਟ ਕਾਗਜਾਂ ਵਿੱਚ ਲਪੇਟੇ ਹੋਏ ਸਨ। ਠੇਕੇਦਾਰ ਦੇ ਘਰ ਵਿੱਚ ਇੱਕੋ ਥਾਂ 'ਤੇ ਸੋਨੇ ਦੇ ਬਿਸਕੁੱਟ ਅਤੇ ਨਗਦੀ ਰੱਖੀ ਹੋਈ ਸੀ। ਪੁਲੀਸ ਵਲੋਂ ਇਸ ਠੇਕੇਦਾਰ ਤੋਂ ਹੋਰ ਪੁੱਛਗਿਛ ਵੀ ਨਾਲੋਂ ਨਾਲ ਕੀਤੀ ਜਾ ਰਹੀ ਹੈ। ਬਠਿੰਡਾ ਜੋਨ ਦੇ ਆਈ.ਜੀ ਨਿਰਮਲ ਸਿੰਘ ਢਿਲੋ ਨੇ ਦੱਸਿਆ ਕਿ ਠੇਕੇਦਾਰ ਦੇ ਘਰੋਂ ਕਰੀਬ ਡੇਢ ਕਰੋੜ ਰੁਪਏ ਦਾ ਮਾਲ ਫੜਿਆ ਗਿਆ ਹੈ ਜਿਸ ਵਿੱਚ ਚਾਰ ਕਿਲੋ ਸੋਨਾ, ਕਰੀਬ 20 ਲੱਖ ਦੀ ਨਗਦੀ ਅਤੇ ਇੱਕ ਕਿਲੋ ਅਫੀਮ ਸ਼ਾਮਲ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਅਫੀਮ ਤਾਂ ਠੇਕੇਦਾਰ ਦੀ ਹੀ ਸੀ ਜਿਸ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਤੇ ਠੇਕੇਦਾਰ ਵਲੋ ਅਫੀਮ ਦੀ ਤਸਕਰੀ ਤਾਂ ਨਹੀਂ ਕੀਤੀ ਜਾਂਦੀ ਸੀ।
                             ਐਕਸੀਅਨ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਜਾਏਗਾ- ਐਸ.ਐਸ.ਪੀ
ਐਸ.ਐਸ.ਪੀ ਡਾ.ਸੁਖਚੈਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਠੇਕੇਦਾਰ ਨੇ ਸਵੀਕਾਰ ਕੀਤਾ ਹੈ ਕਿ ਉਸ ਦੇ ਘਰੋਂ ਮਿਲੀ ਰਾਸ਼ੀ ਐਕਸੀਅਨ ਜੋਗਿੰਦਰ ਸਿੰਘ ਦੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਠੇਕੇਦਾਰ ਜੋਗਿੰਦਰ ਸਿੰਘ 'ਤੇ ਕਰੁਪਸ਼ਨ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਐਕਸੀਅਨ ਜੋਗਿੰਦਰ ਸਿੰਘ ਨੂੰ ਬਠਿੰਡਾ ਜੇਲ੍ਹ ਚੋਂ ਪ੍ਰੋਡਕਸ਼ਨ ਵਰੰਟ ਤੇ ਲੈ ਕੇ ਆਉਣਗੇ। ਉਨ੍ਹਾਂ ਦੱਸਿਆ ਕਿ ਐਕਸੀਅਨ ਦੇ ਹੋਰ ਟਿਕਾਣਿਆ ਤੇ ਵੀ ਛਾਪੇ ਮਾਰੇ ਜਾਣਗੇ ਅਤੇ ਉਸ ਦੇ ਬੈਂਕ ਖਾਤਿਆਂ ਦੀ ਛਾਣਬੀਣ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੜਤਾਲ ਕੀਤੀ ਜਾਵੇਗੀ ਕਿ ਹੋਰ ਕਿਥੇ ਕਿਥੇ ਐਕਸੀਅਨ ਵਲੋਂ ਪੈਸੇ ਰੱਖੇ ਗਏ ਹਨ।
                                                 ਰਾਤੋ ਰਾਤ ਕਰੋੜਪਤੀ ਬਣਿਆ ਜੋਗਿੰਦਰ  
ਲੋਕ ਨਿਰਮਾਣ ਵਿਭਾਗ ਦਾ ਐਕਸੀਅਨ ਜੋਗਿੰਦਰ ਸਿੰਘ ਕੁਝ ਸਮੇਂ 'ਚ ਹੀ ਕਰੋੜਪਤੀ ਬਣ ਗਿਆ। ਵਿਜੀਲੈਂਸ ਰੇਂਜ ਬਠਿੰਡਾ ਵਲੋਂ  ਉਸ ਦੀ ਸੰਪਤੀ ਦੀ ਕੀਤੀ ਪੜਤਾਲ 'ਚ ਇਹ ਗੱਲ ਬੇਪਰਦ ਹੋਈ ਹੈ। ਐਕਸੀਅਨ ਜੋਗਿੰਦਰ ਸਿੰਘ ਹੁਣ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਅਤੇ ਉਸ 'ਤੇ ਵਿਜੀਲੈਂਸ ਰੇਂਜ ਬਠਿੰਡਾ ਵਲੋਂ 25 ਜੁਲਾਈ 2012 ਨੂੰ ਕੇਸ ਦਰਜ ਕੀਤਾ ਸੀ। ਐਕਸੀਅਨ ਜੋਗਿੰਦਰ ਸਿੰਘ ਨੇ ਜਾਅਲੀ ਐਲ.ਓ.ਸੀ ਬਣਾ ਕੇ ਪੌਣੇ ਪੰਜ ਕਰੋੜ ਰੁਪਏ ਕਢਵਾ ਲਏ ਸਨ। ਉਸ ਨੇ 47 ਲੱਖ ਰੁਪਏ ਹੋਰ ਵੱਖ ਵੱਖ ਵਾਊਚਰ ਬਣਾ ਕੇ ਕਢਵਾ ਲਏ ਸਨ। ਇਹ ਐਕਸੀਅਨ ਬਠਿੰਡਾ ਵਿਕਾਸ ਅਥਾਰਟੀ ਵਿੱਚ ਵੀ ਡੈਪੂਟੇਸ਼ਨ ਤੇ ਕੰਮ ਕਰ ਰਿਹਾ ਸੀ। ਮਾਨਸਾ ਜ਼ਿਲ੍ਹੇ ਵਿੱਚ ਹਾਕਮ ਧਿਰ ਦੇ ਇੱਕ ਵੱਡੇ ਨੇਤਾ ਦਾ ਇਸ ਐਕਸੀਅਨ ਦੇ ਸਿਰ 'ਤੇ ਹੱਥ ਰਿਹਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਇਸ ਐਕਸੀਅਨ ਵਲੋਂ ਕੀਤੇ ਕੰਮਾਂ ਦੀ ਜਾਂਚ ਦੇ ਹੁਕਮ ਦਿੱਤੇ ਸਨ ਜਿਸ ਵਿੱਚ ਕਰੋੜਾਂ ਰੁਪਏ ਦਾ ਸਕੈਂਡਲ ਨੰਗਾ ਹੋਇਆ ਸੀ। ਵਿਜੀਲੈਂਸ ਰੇਂਜ ਵਲੋਂ ਇਸ ਐਕਸੀਅਨ ਦੀ ਪੁੱਛ ਗਿੱਛ ਕੀਤੀ ਗਈ ਸੀ। ਹੁਣ ਇਹ ਐਕਸੀਅਨ ਨਿਆਇਕ ਹਿਰਾਸਤ ਵਿੱਚ ਹੈ। ਇਸ ਐਕਸੀਅਨ ਨੇ ਵਿਜੀਲੈਂਸ ਦੇ ਡਰੋਂ ਪਹਿਲਾਂ ਹੀ ਆਪਣਾ ਭੇਸ ਬਦਲ ਲਿਆ ਸੀ। ਉਸ ਨੇ ਆਪਣੇ ਕੇਸ ਵੀ ਕਟਵਾ ਦਿੱਤੇ ਸਨ। ਅੱਜ ਇਸ ਐਕਸੀਅਨ ਦੀ ਕਰੀਬ 22 ਲੱਖ ਰੁਪਏ ਦੀ ਨਗਦੀ ਅਤੇ ਚਾਰ ਕਿਲੋ ਸੋਨਾ ਉਸ ਦੇ ਬਠਿੰਡਾ ਵਿਚਲੇ ਰਿਸ਼ਤੇਦਾਰ ਦੇ ਘਰੋਂ ਬਰਾਮਦ ਹੋਈ ਹੈ।
            ਵਿਜੀਲੈਂਸ ਸੂਤਰਾਂ ਤੋਂ ਮਿਲੇ ਵੇਰਵਿਆਂ ਅਨੁਸਾਰ ਐਕਸੀਅਨ ਜੋਗਿੰਦਰ ਸਿੰਘ ਨੇ ਕਰੁਪਸ਼ਨ ਦੀ ਰਾਸ਼ੀ ਨਾਲ ਕਾਫੀ ਜ਼ਮੀਨ ਦੀ ਖਰੀਦੋ ਫਰੋਖਤ ਕੀਤੀ ਅਤੇ ਕਈ ਪਲਾਂਟ ਵੀ ਖਰੀਦ ਕੀਤੇ ਸਨ। ਵਿਜੀਲੈਂਸ ਪੜਤਾਲ ਅਨੁਸਾਰ ਐਕਸੀਅਨ ਜੋਗਿੰਦਰ ਸਿੰਘ ਵਲੋਂ ਪਿੰਡ ਕੋਟਲੀ ਖੁਰਦ ਵਿੱਚ 46 ਏਕੜ ਜ਼ਮੀਨ ਖਰੀਦੀ ਕੀਤੀ ਸੀ ਜਿਸ ਦੀ ਰਜਿਸਟਰੀ ਕਰੀਬ ਦੋ ਕਰੋੜ ਰੁਪਏ ਵਿੱਚ ਹੋਈ ਸੀ। ਉਸ ਦੇ ਜੀਰਕਪੁਰ ਵਿੱਚ ਦੋ ਪਲਾਂਟ ਵੀ ਹਨ ਜਿਨ੍ਹਾਂ ਦੀ ਕੀਮਤ ਇੱਕ ਕਰੋੜ ਤੋਂ ਜਿਆਦਾ ਹੈ। ਇਵੇਂ ਹੀ ਉਸ ਦਾ ਜੀਰਕਪੁਰ ਵਿੱਚ ਸੋਹੀ ਬਿਲਡਰਜ਼ ਵਿੱਚ ਵੀ ਇੱਕ ਫਲੈਟ ਹੈ ਜਿਸ ਦੀ ਕੀਮਤ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਵਿਜੀਲੈਂਸ ਸੂਤਰਾਂ ਨੇ ਦੱਸਿਆ ਕਿ ਇਸ ਐਕਸੀਅਨ ਦੀ ਬਰਨਾਲਾ ਵਿੱਚ ਇੱਕ ਕੋਠੀ ਹੈ ਜਿਸ ਦੀ ਕੀਮਤ 80 ਲੱਖ ਰੁਪਏ ਦੇ ਕਰੀਬ ਲਗਾਈ ਗਈ ਹੈ। ਵਿਜੀਲੈਂਸ ਨੇ ਉਹ ਸਰਕਾਰੀ ਗੱਡੀ ਵੀ ਰਿਕਾਰਡ ਵਿੱਚ ਲਿਆਂਦੀ ਹੈ ਜੋ ਕਿ ਇਸ ਐਕਸੀਅਨ ਨੇ ਸਰਕਾਰੀ ਫੰਡਾਂ ਚੋਂ ਖਰੀਦ ਕੀਤੀ ਸੀ। ਸਰਕਾਰੀ ਗੱਡੀ ਇਨੋਵਾ ਇਸ ਐਕਸੀਅਨ ਨੇ ਆਪਣੇ ਰਿਸ਼ਤੇਦਾਰ ਦੇ ਘਰ ਖੜ੍ਹੀ ਕੀਤੀ ਹੋਈ ਸੀ। ਨਿਯਮਾਂ ਅਨੁਸਾਰ ਇਹ ਐਕਸੀਅਨ ਗੱਡੀ ਖਰੀਦਣ ਲਈ ਅਥਾਰਟੀ ਨਹੀਂ ਰੱਖਦਾ ਸੀ। ਵਿਜੀਲੈਂਸ ਕੋਲ ਐਕਸੀਅਨ ਨੇ ਮੰਨਿਆ ਕਿ ਇੱਕ ਆਈ.ਏ.ਐਸ ਅਧਿਕਾਰੀ ਨੂੰ ਇਹ ਗੱਡੀ ਦਿੱਤੀ ਜਾਣੀ ਸੀ।
           ਐਕਸੀਅਨ ਨੇ ਉਸ ਤੋਂ ਪਹਿਲਾਂ ਸਰਕਾਰੀ ਫੰਡਾਂ ਚੋਂ ਇੱਕ ਬਲੈਰੋ ਗੱਡੀ ਵੀ ਖਰੀਦ ਕੀਤੀ ਸੀ। ਵਿਜੀਲੈਂਸ ਵਲੋਂ ਇਸ ਐਕਸੀਅਨ ਦੀ ਜਾਇਦਾਦ ਦਾ ਮਾਰਕੀਟ ਭਾਅ ਵੀ ਕੱਢਿਆ ਗਿਆ ਹੈ। ਵਿਜੀਲੈਂਸ ਨੇ ਇਸ ਐਕਸੀਅਨ ਦੇ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਹਨ। ਬਠਿੰਡਾ ਵਿੱਚ ਇੱਕ ਬੈਂਕ ਖਾਤੇ ਵਿਚ ਵੀ 15 ਲੱਖ ਰੁਪਏ ਜਮ੍ਹਾ ਕਰਾਏ ਗਏ ਸਨ ਜਿਨ੍ਹਾਂ ਦੀ ਬਠਿੰਡਾ ਪੁਲੀਸ ਜਾਂਚ ਕਰ ਰਹੀ ਹੈ। ਵਿਜੀਲੈਂਸ ਵਲੋਂ ਇਸ ਐਕਸੀਅਨ ਦੇ ਲਾਕਰ ਵੀ ਸੀਲ ਕੀਤੇ ਹੋਏ ਹਨ। ਪਤਾ ਲੱਗਾ ਹੈ ਕਿ ਵਿਜੀਲੈਂਸ ਕੋਲ ਹੋਰ ਵੀ ਸਿਕਾਇਤਾਂ ਪੁੱਜੀਆਂ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਇਸ ਐਕਸੀਅਨ ਦਾ ਮਾਲ ਵਿਭਾਗ ਤੋਂ ਰਿਕਾਰਡ ਵੀ ਲੈ ਲਿਆ ਹੈ। ਹੁਣ ਇਸ ਐਕਸੀਅਨ ਦੇ ਇਸ ਰਿਸ਼ਤੇਦਾਰ ਦੇ ਘਰੋਂ ਚਾਰ ਕਿਲੋ ਸੋਨਾ ਬਰਾਮਦ ਹੋਣ ਮਗਰੋਂ ਨਵੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ।
                                             ਕਈ ਵਾਰ ਮੁਅੱਤਲ ਹੋਇਆ ਐਕਸੀਅਨ
ਐਕਸੀਅਨ ਜੋਗਿੰਦਰ ਸਿੰਘ ਦੀ ਸਰਕਾਰੀ ਨੌਕਰੀ ਦਾ ਪਿਛੋਕੜ ਹੀ ਏਦਾ ਦਾ ਰਿਹਾ ਹੈ। ਵਿਜੀਲੈਂਸ ਦੇ ਤਾਜਾ ਪੁਲੀਸ ਕੇਸ ਤੋਂ ਪਹਿਲਾਂ ਵੀ ਹਾਈਕੋਰਟ ਦੇ ਹੁਕਮਾਂ 'ਤੇ ਬੁਢਲਾਡਾ ਵਿੱਚ ਬਣਾਏ ਅਦਾਲਤੀ ਕੰਪਲੈਕਸ ਦੀ ਪੜਤਾਲ ਹੋਈ ਜਿਸ ਵਿੱਚ ਵਿਜੀਲੈਂਸ ਰੇਂਜ ਬਠਿੰਡਾ ਨੇ ਇਸ ਐਕਸੀਅਨ 'ਤੇ ਐਫ.ਆਈ.ਆਰ ਨੰਬਰ 6 ਦਰਜ ਕੀਤੀ ਸੀ। ਬਠਿੰਡਾ ਵਿਕਾਸ ਅਥਾਰਟੀ ਦੇ ਕੰਮ ਵੀ ਇਸ ਐਕਸੀਅਨ ਵਲੋਂ ਕਰਾਏ ਗਏ ਸਨ ਜਿਨ੍ਹਾਂ ਵਿੱਚ ਇਸ ਐਕਸੀਅਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਇਹ ਜੋਗਿੰਦਰ ਸਿੰਘ ਸੁਨਾਮ ਅਤੇ ਬਰਨਾਲਾ ਵਿੱਚ ਵੀ ਬਤੌਰ ਐਸ.ਡੀ.ਓ ਰਿਹਾ ਹੈ ਅਤੇ ਦੋਵੇਂ ਥਾਵਾਂ ਤੇ ਉਸ ਨੂੰ ਦੋ ਦਫਾ ਮੁਅੱਤਲ ਕੀਤਾ ਗਿਆ ਸੀ। ਹੁਣ ਤਾਜਾ ਬਠਿੰਡਾ ਪੁਲੀਸ ਵਲੋਂ ਵੀ ਪੁਲੀਸ ਕੇਸ ਦਰਜ ਕੀਤਾ ਜਾ ਰਿਹਾ ਹੈ।
       

No comments:

Post a Comment