Thursday, October 17, 2013

                                   ਵੀ.ਆਈ.ਪੀ ਹਲਕਾ
                 ਪੈਪਸੂ ਦੀ ਦੋ ਨੰਬਰ ਦੀ ਬੱਸ ਸੇਵਾ
                                      ਚਰਨਜੀਤ ਭੁੱਲਰ
ਬਠਿੰਡਾ  :  ਪੀ. ਆਰ.ਟੀ.ਸੀ ਵਲੋਂ ਬਠਿੰਡਾ ਸੰਸਦੀ ਹਲਕੇ ਵਿੱਚ ਲੋਕਾਂ ਨੂੰ ਖੁਸ਼ ਕਰਨ ਵਾਸਤੇ ਦੋ ਨੰਬਰ ਦੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਕਾਰਪੋਰੇਸ਼ਨ ਨੂੰ ਪ੍ਰਤੀ ਦਿਨ ਔਸਤਨ 15 ਹਜ਼ਾਰ ਰੁਪਏ ਦਾ ਰਗੜਾ ਲੱਗ ਰਿਹਾ ਹੈ। ਮੈਂਬਰ ਪਾਰਲੀਮੈਂਟ ਬਠਿੰਡਾ ਨੇ ਸੰਗਤ ਦਰਸ਼ਨਾਂ ਵਿੱਚ ਲੋਕਾਂ ਵਲੋਂ ਕੀਤੀ ਮੰਗ ਮਗਰੋਂ ਜ਼ੁਬਾਨੀ ਹੁਕਮ ਕਰਕੇ ਲਿੰਕ ਸੜਕਾਂ 'ਤੇ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਦੀ ਹਦਾਇਤ ਕੀਤੀ ਸੀ। ਇਨ੍ਹਾਂ ਬੱਸਾਂ ਨੂੰ ਘਾਟੇ ਵਾਲੇ ਰੂਟਾਂ ਤੇ ਚਲਾਇਆ ਗਿਆ ਹੈ। ਇਹ ਸਰਕਾਰੀ ਬੱਸਾਂ ਬਿਨ੍ਹਾਂ ਪਰਮਿਟ ਤੋਂ ਹੀ ਲਿੰਕ ਸੜਕਾਂ ਤੇ ਦੌੜ ਰਹੀਆਂ ਹਨ। ਪੀ.ਆਰ.ਟੀ.ਸੀ ਨੇ ਇਨ੍ਹਾਂ ਬੱਸਾਂ ਨੂੰ ਕਮਾਈ ਵਾਲੇ ਰੂਟਾਂ ਤੋਂ ਹਟਾ ਕੇ ਘਾਟੇ ਵਾਲੇ ਰੂਟਾਂ 'ਤੇ ਚਲਾ ਦਿੱਤਾ ਹੈ। ਕਰੀਬ ਇੱਕ ਮਹੀਨੇ ਤੋਂ ਇਹ ਬੱਸਾਂ ਹੁਣ ਘਾਟੇ ਵਾਲੇ ਰੂਟਾਂ 'ਤੇ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਹਨ। ਪੀ.ਆਰ.ਟੀ.ਸੀ ਨੂੰ ਇਨ੍ਹਾਂ ਰੂਟਾਂ ਤੋਂ ਪ੍ਰਤੀ ਮਹੀਨਾ 4.50 ਲੱਖ ਰੁਪਏ ਦਾ ਘਾਟਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਬੱਸਾਂ ਦਾ ਔਸਤਨ ਪ੍ਰਤੀ ਕਿਲੋਮੀਟਰ 10 ਰੁਪਏ ਘਾਟਾ ਪੈ ਰਿਹਾ ਹੈ। ਹਰ ਬੱਸ ਔਸਤਨ 200 ਕਿਲੋਮੀਟਰ ਤੋਂ 250 ਕਿਲੋਮੀਟਰ ਚੱਲ ਰਹੀ ਹੈ। ਸੂਤਰ ਆਖਦੇ ਹਨ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਿੰਕ ਸੜਕਾਂ 'ਤੇ ਇਹ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਰੂਟਾਂ 'ਚੋਂ ਕੁਝ ਰੂਟਾਂ 'ਤੇ ਪਹਿਲਾਂ ਵੀ ਕਿਸੇ ਸਮੇਂ ਪੀ.ਆਰ.ਟੀ.ਸੀ ਚੱਲਦੀ ਰਹੀ ਹੈ ਪ੍ਰੰਤੂ ਘਾਟੇ ਪੈਣ ਕਰਕੇ ਰੂਟ ਬੰਦ ਕਰ ਦਿੱਤੇ ਗਏ ਸਨ।
                      ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਤੋਂ ਮੌੜ ਵਾਇਆ ਬਹਿਣੀਵਾਲ, ਕੁੱਬੇ, ਕਮਾਲੂ ਬੱਸ ਚਲਾਈ ਗਈ ਹੈ ਜੋ ਕਿ ਚਾਰ ਚੱਕਰ ਕੱਟਦੀ ਹੈ। ਇਸ ਬੱਸ ਦਾ ਕੋਈ ਪਰਮਿਟ ਨਹੀਂ ਹੈ। ਬਠਿੰਡਾ ਨਥਾਣਾ ਵਾਇਆ ਬੀਬੀਵਾਲਾ, ਢੇਲਵਾਂ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ ਜਿਸ ਦਾ ਕੋਈ ਸਰਕਾਰੀ ਪਰਮਿਟ ਨਹੀਂ ਹੈ। ਇਹ ਬੱਸ ਵੀ ਚਾਰ ਚੱਕਰ ਹੀ ਲਾਉਂਦੀ ਹੈ। ਇਨ੍ਹਾਂ ਰੂਟਾਂ ਵਾਸਤੇ ਇਹ ਬੱਸਾਂ ਰਾਖਵੀਆਂ ਹੀ ਹਨ। ਬਠਿੰਡਾ ਨਥਾਣਾ ਵਾਇਆ ਭੁੱਚੋ,ਸੇਮਾ ਵੀ ਬੱਸ ਚੱਲ ਰਹੀ ਹੈ ਜਿਸ ਦਾ ਕੋਈ ਪਰਮਿਟ ਨਹੀਂ ਹੈ। ਬਠਿੰਡਾ ਚੱਕ ਬਖਤੂ ਵਾਇਆ ਭੁੱਚੋ, ਚੱਕ ਫ਼ਤਿਹ ਸਿੰਘ ਵਾਲਾ ਬੱਸ ਚਲਾਈ ਗਈ ਹੈ ਜੋ ਦੋ ਚੱਕਰ ਰੋਜ਼ਾਨਾ ਲਗਾਉਂਦੀ ਹੈ। ਇਸੇ ਤਰ੍ਹਾਂ ਰਾਮਪੁਰਾ ਤੋਂ ਬੱਲ੍ਹੋ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਕਿ ਦਿਨ ਵਿੱਚ ਚਾਰ ਚੱਕਰ ਲਗਾਉਂਦੀ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ ਤੋਂ ਸਰਦੂਲੇਵਾਲਾ ਵਾਇਆ ਕੌਰੇਆਣਾ, ਮਿਰਜੇਆਣਾ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਕਿਸੇ ਹੋਰ ਲਿੰਕ ਰੂਟ 'ਤੇ ਚੱਲ ਰਹੀ ਹੈ। ਇਸ ਤੋਂ ਪਹਿਲਾਂ ਇਹ ਬੱਸਾਂ ਰਾਮਾ ਮੰਡੀ, ਡਬਵਾਲੀ, ਮਲੋਟ ਅਤੇ ਭਗਤਾ ਆਦਿ ਰੂਟਾਂ ਤੇ ਚੱਲ ਰਹੀਆਂ ਸਨ। ਉਨ੍ਹਾਂ ਰੂਟਾਂ ਦੀ ਥਾਂ ਇਨ੍ਹਾਂ ਨੂੰ ਲਿੰਕ ਸੜਕਾਂ 'ਤੇ ਤੋਰਿਆ ਜਾ ਰਿਹਾ ਹੈ। ਇਨ੍ਹਾਂ ਲਿੰਕ ਰੂਟਾਂ ਤੋਂ ਸਰਕਾਰੀ ਬੱਸਾਂ ਨੂੰ ਖ਼ਰਚਾ ਕੱਢਣ ਜੋਗੀ ਸਵਾਰੀ ਵੀ ਨਹੀਂ ਮਿਲ ਰਹੀ ਹੈ। ਦੂਸਰੀ ਤਰਫ਼ ਵਿਦਿਆਰਥੀਆਂ ਵਲੋਂ ਜੋ ਕੁਝ ਰੂਟਾਂ ਤੇ ਬੱਸ ਸਰਵਿਸ ਸ਼ੁਰੂ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ ਰੂਟਾਂ ਤੇ ਬੱਸਾਂ ਚਲਾਉਣ ਤੋਂ ਕਾਰਪੋਰੇਸ਼ਨ ਨਾਂਹ ਕਰ ਰਹੀ ਹੈ।
                     ਨੌਜਵਾਨ ਭਾਰਤ ਸਭਾ ਦੇ ਸਕੱਤਰ ਪਾਵੇਲ ਕੁੱਸਾ ਦਾ ਕਹਿਣਾ ਸੀ ਕਿ ਜਿਨ੍ਹਾਂ ਪਿੰਡਾਂ 'ਚੋਂ ਜ਼ਿਆਦਾ ਵਿਦਿਆਰਥੀ ਸ਼ਹਿਰਾਂ ਵਿੱਚ ਪੜ੍ਹਨ ਵਾਸਤੇ ਆਉਂਦੇ ਹਨ, ਉਹ ਪਿੰਡ ਸਰਕਾਰੀ ਬੱਸ ਸੇਵਾ ਤੋਂ ਵਾਂਝੇ ਹਨ ਜਿਨ੍ਹਾਂ ਪਿੰਡਾਂ ਦੇ ਵਿਦਿਆਰਥੀ ਬਕਾਇਦਾ ਪੈਸੇ ਭਰ ਕੇ ਬੱਸ ਪਾਸ ਬਣਾਉਂਦੇ ਹਨ। ਉਨ੍ਹਾਂ ਆਖਿਆ ਕਿ ਪ੍ਰਾਈਵੇਟ ਬੱਸ ਮਾਲਕ ਸਰਕਾਰੀ ਬੱਸ ਪਾਸ ਨੂੰ ਮੰਨਣ ਨੂੰ ਤਿਆਰ ਨਹੀਂ ਜਦੋਂ ਕਿ ਕਾਰਪੋਰੇਸ਼ਨ ਇਨ੍ਹਾਂ ਰੂਟਾਂ 'ਤੇ ਬੱਸਾਂ ਚਲਾਉਣ ਤੋਂ ਇਨਕਾਰ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਿਆਸੀ ਰੂਟਾਂ ਦੀ ਥਾਂ ਲੋੜ ਵਾਲੇ ਰੂਟਾਂ 'ਤੇ ਬੱਸਾਂ ਚਲਾਈਆਂ ਜਾਣ। ਸੂਤਰ ਆਖਦੇ ਹਨ ਕਿ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਵਲੋਂ ਸਰਕਾਰੀ ਖਜ਼ਾਨੇ ਨੂੰ ਵੀ ਰਗੜਾ ਲਗਾਇਆ ਜਾ ਰਿਹਾ ਹੈ। ਪ੍ਰਤੀ ਕਿਲੋਮੀਟਰ ਪੌਣੇ ਤਿੰਨ ਰੁਪਏ ਟੈਕਸ ਦੀ ਚੋਰੀ ਵੀ ਹੋ ਰਿਹਾ ਹੈ। ਪਰਮਿਟ ਨਾ ਹੋਣ ਕਰਕੇ ਇਨ੍ਹਾਂ ਰੂਟਾਂ ਤੋਂ ਹੋਣ ਵਾਲੀ ਕਮਾਈ ਦਾ ਟੈਕਸ ਵੀ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਨਹੀਂ ਹੋ ਰਿਹਾ ਹੈ। ਇਨ੍ਹਾਂ ਗ਼ੈਰਕਨੂੰਨੀ ਬੱਸਾਂ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਪੀ.ਆਰ.ਟੀ.ਸੀ ਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ।
                                               ਲੋਕਾਂ ਦੀ ਸਹੂਲਤ ਲਈ ਹੈ ਬੱਸ ਸੇਵਾ : ਜੀ.ਐਮ.
ਪੀ.ਆਰ.ਟੀ.ਸੀ ਦੇ ਬਠਿੰਡਾ ਡਿੱਪੂ ਦੇ ਜਨਰਲ ਮੈਨੇਜਰ ਵਿਨੋਦ ਕੁਮਾਰ ਦਾ ਕਹਿਣਾ ਸੀ ਕਿ ਪੰਜ ਛੇ ਰੂਟਾਂ 'ਤੇ ਨਵੀਆਂ ਬੱਸਾਂ ਚਲਾਈਆਂ ਗਈਆਂ ਹਨ। ਜਿਨ੍ਹਾਂ ਰੂਟਾਂ ਤੋਂ ਇਹ ਬੱਸਾਂ ਹਟਾਈਆਂ ਗਈਆਂ ਸਨ, ਉਨ੍ਹਾਂ ਰੂਟਾਂ 'ਤੇ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਚਾਲੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਮੰਨਿਆ ਕਿ ਇਹ ਬੱਸ ਬਿਨ੍ਹਾਂ ਪਰਮਿਟ ਤੋਂ ਚੱਲ ਰਹੀਆਂ ਹਨ। ਇਹ ਵੀ ਆਖਿਆ ਕਿ ਉਨ੍ਹਾਂ ਨੇ ਪਰਮਿਟ ਵਾਸਤੇ ਅਪਲਾਈ ਕੀਤਾ ਹੋਇਆ ਹੈ। ਉਨ੍ਹਾਂ ਆਖਿਆ ਕਿ ਲੋਕਾਂ ਦੀ ਸਹੂਲਤ ਲਈ ਬਿਨਾਂ ਪਰਮਿਟ ਤੋਂ ਬੱਸਾਂ ਚਲਾਉਣੀਆਂ ਪੈਂਦੀਆਂ ਹਨ।

No comments:

Post a Comment