Wednesday, October 16, 2013

                                ਵਾਹ ਨੀ ਕਬੱਡੀਏ
              ਪੰਜਾਬ ਦਾ ਅਨੋਖਾ ਬੱਸ ਸਕੈਂਡਲ
                                 ਚਰਨਜੀਤ ਭੁੱਲਰ
ਬਠਿੰਡਾ :  ਕੀ ਇੱਕ ਸਕੂਟਰ 'ਤੇ 52 ਵਿਅਕਤੀ ਸਫ਼ਰ ਕਰ ਸਕਦੇ ਹਨ ? ਸਰਕਾਰੀ ਰਿਕਾਰਡ 'ਤੇ ਯਕੀਨ ਕਰੀਏ ਤਾਂ ਇਹ ਸੱਚ ਹੈ। ਦੂਸਰੇ ਵਿਸ਼ਵ ਕਬੱਡੀ ਕੱਪ ਵਿੱਚ  ਪੰਜਾਬ ਸਰਕਾਰ ਨੇ ਇਹ 'ਕ੍ਰਿਸ਼ਮਾ' ਕਰ ਦਿਖਾਇਆ ਹੈ। ਦੂਸਰੇ ਵਿਸ਼ਵ ਕਬੱਡੀ ਕੱਪ ਦੇ 1 ਨਵੰਬਰ 2011 ਨੂੰ ਬਠਿੰਡਾ ਵਿੱਚ ਹੋਏ ਉਦਘਾਟਨੀ ਸਮਾਰੋਹਾਂ ਅਤੇ 18 ਨਵੰਬਰ 2011 ਨੂੰ ਹੋਏ ਸੈਮੀਫਾਈਨਲ ਮੈਚਾਂ ਵਿੱਚ ਰਿਕਾਰਡ ਇਕੱਠ ਕਰਨ ਖਾਤਰ ਪਿੰਡਾਂ 'ਚੋਂ ਲੋਕਾਂ ਨੂੰ ਬੱਸਾਂ ਵਿੱਚ ਲਿਆਂਦਾ ਗਿਆ ਸੀ। ਖੇਡ ਵਿਭਾਗ ਪੰਜਾਬ ਵੱਲੋਂ ਬਠਿੰਡਾ ਪੱਟੀ ਦੇ ਬੱਸ ਮਾਲਕਾਂ ਨੂੰ, ਜਿਨ੍ਹਾਂ ਬੱਸਾਂ ਦੀ ਅਦਾਇਗੀ ਕੀਤੀ ਗਈ ਹੈ, ਉਹ ਅਸਲ ਵਿੱਚ ਬੱਸਾਂ ਨਹੀਂ, ਬਲਕਿ ਸਕੂਟਰ ਅਤੇ ਮੋਟਰਸਾਈਕਲ ਸਨ। ਪ੍ਰਾਈਵੇਟ ਬੱਸ ਮਾਲਕਾਂ ਨੇ ਟਰਾਂਸਪੋਰਟ ਅਫਸਰਾਂ ਨਾਲ ਮਿਲ ਕੇ ਲੱਖਾਂ ਰੁਪਏ ਰੁਪਏ ਦਾ ਘਪਲਾ ਕਰ ਦਿੱਤਾ ਹੈ, ਜਿਸ ਵਿੱਚ ਬੱਸਾਂ ਦੇ ਫਰਜ਼ੀ ਨੰਬਰ (ਰਜਿਸਟ੍ਰੇਸ਼ਨ) ਪਾ ਦਿੱਤੇ ਗਏ ਹਨ। ਆਰ.ਟੀ.ਆਈ. ਤਹਿਤ ਪ੍ਰਾਪਤ ਸੂਚਨਾ ਅਨੁਸਾਰ ਬੱਸਾਂ ਦੇ ਇਕੱਲੇ ਫਰਜ਼ੀ ਨੰਬਰ ਹੀ ਨਹੀਂ ਪਾਏ ਗਏ ਬਲਕਿ ਇੱਕ-ਇੱਕ ਬੱਸ ਦਾ ਇੱਕੋ ਦਿਨ ਵਿੱਚ ਦੋ-ਦੋ ਵਾਰੀ ਕਿਰਾਇਆ ਵੀ ਵਸੂਲਿਆ ਗਿਆ ਹੈ। ਜ਼ਿਲ੍ਹਾ ਖੇਡ ਅਫਸਰ ਬਠਿੰਡਾ ਅਨੁਸਾਰ ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹਾਂ ਵਿੱਚ ਇਕੱਠ ਕਰਨ ਵਾਸਤੇ 227 ਬੱਸਾਂ ਵਰਤੀਆਂ ਗਈਆਂ, ਜਿਨ੍ਹਾਂ ਦੀ ਛੇ ਬੱਸ ਮਾਲਕਾਂ ਨੂੰ 7,94,500 ਰੁਪਏ ਦੀ ਅਦਾਇਗੀ ਕੀਤੀ ਗਈ। ਖੇਡ ਵਿਭਾਗ ਵੱਲੋਂ ਪ੍ਰਤੀ ਬੱਸ (52 ਸੀਟਾਂ ਵਾਲੀ) 2500 ਰੁਪਏ ਪ੍ਰਤੀ ਦਿਹਾੜੀ ਅਤੇ ਇੱਕ ਹਜ਼ਾਰ ਰੁਪਏ ਦੇ ਸਮੇਤ ਪ੍ਰਤੀ ਬੱਸ ਨੂੰ ਪ੍ਰਤੀ ਦਿਨ ਦੀ ਕੁੱਲ 3500 ਰੁਪਏ ਦੀ ਅਦਾਇਗੀ ਕੀਤੀ ਗਈ।
                              ਖੇਡ ਵਿਭਾਗ ਤੋਂ ਜੋ ਬੱਸਾਂ ਦੀ ਸਮੇਤ ਰਜਿਸਟ੍ਰੇਸ਼ਨ ਨੰਬਰ ਸੂਚੀ ਪ੍ਰਾਪਤ ਹੋਈ, ਉਨ੍ਹਾਂ ਨੰਬਰਾਂ ਦੀ ਹੀ ਜਦੋਂ ਡੀ.ਟੀ.ਓ. ਬਠਿੰਡਾ, ਬਰਨਾਲਾ ਅਤੇ ਸੰਗਰੂਰ ਤੋਂ ਸੂਚਨਾ ਪ੍ਰਾਪਤ ਕੀਤੀ ਤਾਂ ਮਾਮਲਾ ਬੇਪਰਦ ਹੋਇਆ ਕਿ ਜਿਨ੍ਹਾਂ ਨੂੰ ਬੱਸਾਂ ਦਿਖਾਇਆ ਗਿਆ ਹੈ, ਉਹ ਅਸਲ ਵਿੱਚ ਸਕੂਟਰ, ਮੋਟਰਸਾਈਕਲ ਤੇ ਕਾਰਾਂ ਦੇ ਨੰਬਰ ਹਨ। ਤਤਕਾਲੀ ਡੀ.ਟੀ.ਓ. ਬਠਿੰਡਾ ਵੱਲੋਂ ਬਾਕਾਇਦਾ ਇਨ੍ਹਾਂ ਬੱਸਾਂ ਨੂੰ ਵੈਰੀਫਾਈ ਕੀਤਾ ਗਿਆ ਹੈ ਅਤੇ ਉਸ ਮਗਰੋਂ ਹੀ ਖੇਡ ਵਿਭਾਗ ਨੇ ਅਦਾਇਗੀ ਕੀਤੀ ਹੈ। ਸਰਕਾਰੀ ਸੂਚਨਾ ਅਨੁਸਾਰ ਟਰਾਂਸਪੋਰਟਰ ਹਰਮੀਕ ਸਿੰਘ ਵਾਸੀ ਨਥਾਣਾ ਨੂੰ ਉਦਘਾਟਨੀ ਸਮਾਗਮਾਂ ਵਾਸਤੇ ਭੇਜੀਆਂ 52 ਬੱਸਾਂ ਲਈ 1.82 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਸ ਬੱਸ ਮਾਲਕ ਵੱਲੋਂ ਰਜਿਸਟ੍ਰੇਸ਼ਨ ਨੰਬਰ ਪੀ.ਬੀ. 19 ਸੀ 9557 ਨੂੰ ਬੱਸ ਦਿਖਾਇਆ ਗਿਆ ਹੈ ਜਦੋਂ ਕਿ ਇਹ  ਬਰਨਾਲਾ ਦੇ ਗੁਰਪ੍ਰੀਤ ਸਿੰਘ ਦੇ ਮੋਟਰਸਾਈਕਲ ਦਾ ਨੰਬਰ ਹੈ। ਖੇਡ ਵਿਭਾਗ ਦੀ ਸੂਚੀ ਵਿੱਚ ਪੀ.ਬੀ. 13 ਜੀ 841 ਵੱਡੀ ਬੱਸ ਹੈ, ਜਦੋਂ ਕਿ ਇਹ ਧੂਰੀ ਦੇ ਪਿੰਡ ਕੇਹਰੂ ਦੇ ਬਰਿੰਦਰ ਸਿੰਘ ਦੇ ਬਜਾਜ ਸਕੂਟਰ ਦਾ ਨੰਬਰ ਹੈ। ਪੀ.ਬੀ. 13 ਸੀ 3187 ਅਤੇ ਪੀ.ਬੀ. 19 ਸੀ 9245  ਬਰਨਾਲਾ ਦੇ ਪਿੰਡ ਮੱਲੀਆ ਵਾਲਾ ਦੇ ਜਗਦੀਪ ਸਿੰਘ ਅਤੇ ਚਰਨ ਸਿੰਘ ਦੇ ਕ੍ਰਮਵਾਰ ਇਹ ਸਕੂਟਰ (1994 ਮਾਡਲ) ਤੇ ਮੋਟਰਸਾਈਕਲ ਹਨ। ਇਸੇ ਤਰ੍ਹਾਂ ਮਾਲੇਰਕੋਟਲਾ ਦੇ ਪਿੰਡ ਅਖਤਿਆਰਪੁਰਾ ਦੇ ਭਰੂਪਰ ਸਿੰਘ ਦੇ ਟਰਾਲੇ (ਪੀ.ਬੀ. 13 ਐਲ 9387) ਨੂੰ ਬੱਸ ਦਿਖਾਇਆ ਗਿਆ ਤੇ ਬਰਨਾਲਾ ਦੀ ਸਵਰਨਜੀਤ ਕੌਰ ਦੇ ਸਕੂਟਰ (ਪੀ.ਬੀ. 19 ਈ 2665) ਨੂੰ ਵੀ ਬੱਸ ਦਿਖਾ ਕੇ ਅਦਾਇਗੀ ਲਈ ਗਈ ਹੈ। ਬਰਨਾਲਾ ਦੇ ਅਮਰਜੀਤ ਸਿੰਘ ਦੀ ਇੰਡੋਗੋ ਕਾਰ (ਪੀ.ਬੀ. 19 ਐਫ 7107), ਗੁਲਸ਼ਨ ਕੁਮਾਰ ਦੀ ਸਵਿਫਟ ਕਾਰ (ਪੀ.ਬੀ. 19 ਐਫ 4007) ਅਤੇ ਪਿੰਡ ਬੋੜ ਕਲਾਂ ਦੇ ਮਨਜੀਤ ਸਿੰਘ ਦੇ ਮੋਟਰਸਾਇਕਲ (ਪੀ.ਬੀ. 13 ਐਨ 7611) ਨੂੰ ਵੀ ਕਾਗ਼ਜ਼ਾਂ ਵਿੱਚ ਬੱਸ ਦਿਖਾ ਕੇ ਕਬੱਡੀ ਮੇਲਾ ਲੁੱਟਿਆ ਗਿਆ ਹੈ।
                        ਬੱਸ ਮਾਲਕ ਹਰਮੀਕ ਸਿੰਘ ਨੇ ਬੱਸ ਪੀ.ਬੀ. 19 ਸੀ 4507 ਦੀ ਇੱਕੋ ਦਿਨ ਦੋ ਜਗ੍ਹਾ ਐਂਟਰੀ ਦਿਖਾ ਕੇ ਦੋਹਰੀ ਅਦਾਇਗੀ ਲੈ ਲਈ। ਉਸ ਨੇ ਤਾਂ ਪੀ.ਬੀ. 19 ਕਿਊ 7907 ਬੱਸ ਨੰਬਰ ਦੀ ਵੀ ਅਦਾਇਗੀ ਲੈ ਲਈ ਜਦੋਂ ਕਿ ਡੀ.ਟੀ.ਓ. ਦਫ਼ਤਰ ਬਰਨਾਲਾ ਵਿੱਚ ਇਸ ਨੰਬਰ ਦੀ ਸੀਰੀਜ਼ ਚਾਲੂ ਹੀ ਨਹੀਂ ਹੋਈ ਹੈ। ਦੂਸਰੇ ਬੱਸ ਮਾਲਕ ਲਖਵੀਰ ਸਿੰਘ ਵਾਸੀ ਹਰਰਾਏਪੁਰ ਨੂੰ ਖੇਡ ਵਿਭਾਗ ਨੇ 20 ਬੱਸਾਂ ਲਈ 70 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਹੈ। ਸਰਕਾਰ ਨੇ ਇਸ ਮਾਲਕ ਨੂੰ ਜਿਸ ਬੱਸ ਨੰਬਰ ਪੀ.ਬੀ. 19 ਜੀ 5264 ਅਤੇ ਪੀ.ਬੀ.19 ਡੀ 0407 ਦੀ ਅਦਾਇਗੀ ਕੀਤੀ ਹੈ, ਉਹ ਅਸਲ ਵਿੱਚ ਸੈਕੀ  ਤੇ ਹਰਪ੍ਰੀਤ ਸਿੰਘ  ਨਾਮਕ ਵਿਅਕਤੀਆਂ ਦੇ ਮੋਟਰਸਾਈਕਲਾਂ ਦੇ ਨੰਬਰ ਹਨ। ਮਾਲੇਰਕੋਟਲਾ ਦੇ ਪਿੰਡ ਫਲੌਦ ਕਲਾਂ ਦੇ ਕਰਨੈਲ ਸਿੰਘ ਦੇ ਸਕੂਟਰ (ਪੀ.ਬੀ. 13 ਡੀ 9028) ਅਤੇ ਸੰਗਰੂਰ ਦੇ ਪਿੰਡ ਭੈਣੀ ਮਹਿਰਾਜ ਦੇ ਹਾਕਮ ਸਿੰਘ  ਦੇ ਸਕੂਟਰ (ਪੀ.ਬੀ. 13 ਡੀ 9529) ਨੂੰ ਵੀ ਬੱਸ ਦਿਖਾਇਆ ਗਿਆ ਹੈ। ਤੀਸਰੇ ਬੱਸ ਮਾਲਕ ਸੁਖਮੰਦਰ ਸਿੰਘ ਵਾਸੀ ਜੱਸੀ ਪੌਂ ਵਾਲੀ ਨੂੰ ਖੇਡ ਵਿਭਾਗ ਨੇ 33 ਬੱਸਾਂ ਲਈ 1,15,500 ਰੁਪਏ ਅਦਾਇਗੀ ਕੀਤੀ ਹੈ। ਇਸ ਮਾਲਕ ਨੂੰ ਬੱਸ ਪੀ.ਬੀ. 03 6166 ਦੀ ਅਦਾਇਗੀ ਕੀਤੀ ਹੈ ਜਦੋਂ ਕਿ ਇਹ ਜਸਵਿੰਦਰ ਕੌਰ ਭਾਟੀਆ ਵਾਸੀ ਬਠਿੰਡਾ ਦਾ ਬਿਨਾਂ ਗੇਅਰ ਵਾਲੇ ਸਕੂਟਰ ਦਾ ਨੰਬਰ ਹੈ। ਚੌਥੇ ਬੱਸ ਮਾਲਕ ਗੁਰਚਰਨ ਸਿੰਘ ਵਾਸੀ ਬਠਿੰਡਾ ਨੂੰ 15 ਬੱਸਾਂ ਲਈ 52,500 ਰੁਪਏ ਦੀ ਅਦਾਇਗੀ ਕੀਤੀ ਗਈ, ਜਿਸ ਨੇ ਪੀ.ਬੀ. 13 ਐਚ 9755 ਬੱਸ ਦੀ ਅਦਾਇਗੀ ਵੀ ਲਈ ਹੈ, ਜੋ ਅਸਲ ਵਿੱਚ ਪਿੰਡ ਖਨਾਲ ਕਲਾਂ ਦੇ ਜਗਸੀਰ ਸਿੰੰਘ ਦੇ ਸਕੂਟਰ (ਮਾਡਲ 2000) ਦਾ ਨੰਬਰ ਹੈ। ਇਸ ਤੋਂ ਬਿਨਾਂ ਬੱਸ ਪੀ.ਬੀ. 13 ਐਮ 5755, ਪੀ.ਬੀ. 19 ਸੀ 6625, ਪੀ.ਬੀ. 13 ਐਮ 5155 ਦੀ ਅਦਾਇਗੀ ਇੱਕੋ ਦਿਨ ਵਿੱਚ ਬੱਸ ਮਾਲਕ ਗੁਰਚਰਨ ਸਿੰਘ ਨੇ ਵੀ ਲਈ ਅਤੇ ਇਨ੍ਹਾਂ ਨੰਬਰਾਂ ਦੀ ਅਦਾਇਗੀ ਮਾਲਕ ਹਰਮੀਕ ਸਿੰਘ ਨੇ ਵੀ ਲੈ ਲਈ ਹੈ।
                    ਬਾਬਾ ਕਾਲਾ ਟਾਇਰ ਸਰਵਿਸ ਰਾਮਪੁਰਾ ਫੂਲ ਦੇ ਹਰਮੀਤ ਸਿੰਘ ਮਹਿਰਾਜ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਾਈ ਜਾਵੇ। ਬੱਸ ਮਾਲਕ ਲਖਵੀਰ ਸਿੰਘ ਦਾ ਕਹਿਣਾ ਕਿ ਤਤਕਾਲੀ ਡੀ.ਟੀ.ਓ. ਨੇ ਜ਼ਿਆਦਾ ਚੈੱਕਾਂ ਦੇ ਝੰਜਟ ਦੀ ਥਾਂ ਉਨ੍ਹਾਂ ਦੇ ਨਾਮ 'ਤੇ ਹੀ ਸਾਰੀਆਂ ਬੱਸਾਂ ਦੇ ਚੈੱਕ ਬਣਾ ਦਿੱਤੇ ਸਨ ਅਤੇ ਇਹ ਬੱਸਾਂ ਡੀ.ਟੀ.ਓ. ਨੇ ਹੀ ਮੰਗਵਾਈਆਂ ਸਨ। ਉਨ੍ਹਾਂ ਨੇ ਕੋਈ ਘਪਲਾ ਨਹੀਂ ਕੀਤਾ ਹੈ। ਹਰਮੀਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਰਫ਼ ਬੈਂਕ ਖਾਤੇ ਨੂੰ ਹੀ ਵਰਤਿਆ ਗਿਆ ਹੈ ਅਤੇ ਉਸ ਨੇ ਖੁਦ ਬੱਸਾਂ ਦੀ ਕੋਈ ਸੂਚੀ ਖੇਡ ਵਿਭਾਗ ਕੋਲ ਜਮ੍ਹਾਂ ਹੀ ਨਹੀਂ ਕਰਾਈ। ਉਸ ਦੇ ਦਸਤਖ਼ਤ ਵੀ ਜਾਅਲੀ ਹੋਏ ਹਨ। ਸੁਨਾਲੀ ਗਿਰੀ, ਡਿਪਟੀ ਕਮਿਸ਼ਨਰ (ਕਾਰਜਕਾਰੀ), ਬਠਿੰਡਾ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ, ਜਿਸ ਦੀ ਪੜਤਾਲ ਕੀਤੀ ਜਾਵੇਗੀ। ਖੇਡ ਵਿਭਾਗ ਤੋਂ ਰਿਕਾਰਡ ਲੈ ਕੇ ਵੈਰੀਫਾਈ ਕੀਤਾ ਜਾਵੇਗਾ। ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਭੁਪਿੰਦਰ ਸਿੰਘ, ਡੀ.ਟੀ.ਓ. ਬਠਿੰਡਾ (ਤਤਕਾਲੀ) ਨੇ ਕਿਹਾ ਕਿ ਹਰ ਬੱਸ ਨੂੰ ਫਿਜੀਕਲੀ ਵੈਰੀਫਾਈ ਕਰਨਾ ਮੁਸ਼ਕਲ ਹੈ ਪ੍ਰੰਤੂ ਜੋ ਦੂਸਰੇ ਜ਼ਿਲ੍ਹਿਆਂ 'ਚੋਂ ਬੱਸਾਂ ਕਬੱਡੀ ਕੱਪ ਵਾਸਤੇ ਆਈਆਂ ਸਨ, ਉਹ ਪਿੰਡਾਂ ਵਿੱਚ ਭੇਜੀਆਂ ਗਈਆਂ ਸਨ ਜਿਨ੍ਹਾਂ ਦੀ ਬਕਾਇਦਾ ਰਿਪੋਰਟ ਲਈ ਗਈ ਸੀ। ਰਿਪੋਰਟ ਮੁਤਾਬਕ ਹੀ ਬੱਸਾਂ ਦੀ ਸੂਚੀ ਵੈਰੀਫਾਈ ਕੀਤੀ ਗਈ ਸੀ।
                                                ਸ਼ਿਕਾਇਤ ਆਈ ਤਾਂ ਦੇਖ ਲਵਾਂਗੇ: ਸਕੱਤਰ
ਖੇਡ ਵਿਭਾਗ ਪੰਜਾਬ ਦੇ ਸਕੱਤਰ ਅਸ਼ੋਕ ਗੁਪਤਾ ਦਾ ਕਹਿਣਾ ਹੈ ਕਿ ਜੇ ਕੋਈ ਸ਼ਿਕਾਇਤ ਆਏਗੀ ਤਾਂ ਦੇਖ ਲਵਾਂਗੇ। ਉਹ ਬਿਆਨ ਦੇਣ ਦੇ ਸਰਕਾਰੀ ਤੌਰ 'ਤੇ ਸਮਰੱਥ ਨਹੀਂ ਹੈ ਅਤੇ ਇਸ ਸਬੰਧੀ ਉਪ ਮੁੱਖ ਮੰਤਰੀ ਨਾਲ ਗੱਲ ਕਰੋ। ਜ਼ਿਲ੍ਹਾ ਖੇਡ ਅਫਸਰ ਬਠਿੰਡਾ ਕਰਮ ਸਿੰਘ ਦਾ ਕਹਿਣਾ ਹੈ ਕਿ ਟਰਾਂਸਪੋਰਟ ਵਿਭਾਗ ਦੇ ਵੈਰੀਫਾਈ ਕਰਨ ਮਗਰੋਂ ਹੀ ਉਨ੍ਹਾਂ ਨੇ ਬੱਸ ਮਾਲਕਾਂ ਨੂੰ ਅਦਾਇਗੀ ਕੀਤੀ ਹੈ।

2 comments:

  1. bhullar sahb andrliya gallan bahar kad dittiya...wah ji wah..Punjab da ta rab he raakha

    ReplyDelete