Tuesday, October 1, 2013

                                  ਪਾਵਰਕੌਮ ਦੀ ਪਾਵਰ
          ਅਫਸਰਾਂ ਦੇ ਯੋਗ ਕੈਂਪਾਂ ਤੇ ਲੱਖਾਂ ਖਰਚੇ
                                    ਚਰਨਜੀਤ ਭੁੱਲਰ
ਬਠਿੰਡਾ : ਪਾਵਰਕੌਮ ਦੀ ਮੈਨੇਜਮੈਂਟ ਦੇ ਅਫਸਰਾਂ 'ਤੇ ਤਣਾਅ ਦਾ ਬੋਝ ਹੈ ਪਰ ਫੀਲਡ ਮੁਲਾਜ਼ਮਾਂ ਦਾ ਕੋਈ ਫਿਕਰ ਨਹੀਂ ਹੈ। ਤਾਹੀਓਂ ਪਾਵਰਕੌਮ ਵੱਲੋਂ ਅਫਸਰਾਂ ਦਾ ਤਣਾਅ ਦੂਰ ਕਰਨ ਵਾਸਤੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਪਾਵਰਕੌਮ ਵੱਲੋਂ ਵਿਸ਼ੇਸ਼ ਮਾਹਿਰ ਬੁਲਾਏ ਜਾ ਰਹੇ ਹਨ ਜੋ ਅਫਸਰਾਂ ਨੂੰ ਜ਼ਿੰਦਗੀ ਜੀਣ ਦਾ ਸਲੀਕਾ ਸਿਖਾਉਂਦੇ ਹਨ ਤੇ ਤਣਾਅ ਮੁਕਤ ਰਹਿਣ ਦੇ ਗੁਰ ਦੱਸਦੇ ਹਨ। ਪਾਵਰਕੌਮ ਵਿੱਚ ਵੱਡੀ ਗਿਣਤੀ 'ਚ ਅਸਾਮੀਆਂ ਖਾਲੀ ਹਨ। ਕਈ ਕਈ ਸੀਟਾਂ ਦਾ ਕੰਮ ਇੱਕ ਇੱਕ ਅਧਿਕਾਰੀ ਨੂੰ ਕਰਨਾ ਪੈਂਦਾ ਹੈ। ਫੀਲਡ ਸਟਾਫ ਦਾ ਹੋਰ ਵੀ ਮਾੜਾ ਹਾਲ ਹੈ। ਇਵੇਂ ਪਾਵਰਕੌਮ ਦੇ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਕਮੀ ਰੜਕਦੀ ਹੈ ਜਿਸ ਕਰਕੇ ਮੁਲਾਜ਼ਮ ਵੀ ਤਣਾਅ ਵਿੱਚੋਂ ਦੀ ਲੰਘ ਰਹੇ ਹਨ। ਪਾਵਰਕੌਮ ਵੱਲੋਂ ਅਫਸਰਾਂ ਲਈ ਯੋਗਾ ਕੈਂਪ, ਆਰਟ ਆਫ਼ ਲਿਵਿੰਗ ਦੇ ਕੈਂਪ ਤੇ ਸਟਰੈਸ ਮੈਨੇਜਮੈਂਟ ਦੇ ਕੈਂਪ ਪੰਜਾਬ 'ਚ ਲਾਏ ਗਏ ਹਨ। ਇਵੇਂ ਹੀ ਪਾਵਰਕੌਮ ਵੱਲੋਂ ਤਾਪ ਬਿਜਲੀ ਘਰਾਂ ਦੀ ਪੈਦਾਵਾਰ ਵਿੱਚ ਵਾਧੇ ਅਤੇ ਫੀਲਡ ਦੇ ਅਫਸਰਾਂ ਦੀਆਂ ਵਰਕਸ਼ਾਪਾਂ ਵੀ ਲਾਈਆਂ ਜਾ ਰਹੀਆਂ ਹਨ।
                ਪਾਵਰਕੌਮ ਵੱਲੋਂ ਆਰ.ਟੀ.ਆਈ. ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ ਪਹਾੜੀ ਇਲਾਕਿਆਂ ਵਿੱਚ ਵੀ ਅਫਸਰਾਂ ਦੇ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਉਹ ਤਣਾਅ ਮੁਕਤ ਹੋ ਸਕਣ। ਪਾਵਰਕੌਮ ਵੱਲੋਂ ਏਦਾ ਦਾ ਕੈਂਪ ਸਨਾਵਰ ਵਿਖੇ ਲਾਇਆ ਗਿਆ ਸੀ ਜਿਥੇ ਦਿੱਲੀ ਦੀ ਮਨੁਸ ਉਥਾਨ ਸੰਸਥਾ ਨੇ ਗੁਰ ਦੱਸੇ ਸਨ। ਬਦਲੇ ਵਿੱਚ ਇਸ ਸੰਸਥਾ ਨੂੰ 62605 ਰੁਪਏ ਦਿੱਤੇ ਗਏ। ਏ.ਸੀ.ਈ. ਮੈਨੇਜਮੈਂਟ ਵੱਲੋਂ ਚੈਲ ਵਿਖੇ ਲੀਡਰਸ਼ਿਪ ਤੇ ਟੀਮ ਬਿਲਡਿੰਗ ਬਾਰੇ ਲੈਕਚਰ ਦਿੱਤੇ ਸਨ ਜਿਸ ਦਾ ਖਰਚਾ ਕਰੀਬ ਢਾਈ ਲੱਖ ਰੁਪਏ ਆਇਆ ਸੀ। ਇਸੇ ਤਰ੍ਹਾਂ ਮਨੁਸ ਉਥਾਨ ਵੱਲੋਂ ਪਰਵਾਣੂ ਵਿਖੇ ਅਫਸਰਾਂ ਦਾ ਵੀਜ਼ਨਿੰਗ ਦਾ ਫਿਊਚਰ ਵਿਸ਼ੇ 'ਤੇ ਤਿੰਨ ਦਿਨਾਂ ਕੈਂਪ ਲਾਇਆ ਗਿਆ ਸੀ ਜਿਸ ਦਾ ਖਰਚਾ 6.90 ਲੱਖ ਰੁਪਏ ਆਇਆ ਸੀ। ਇਵੇਂ ਹੀ ਉਪਿੰਦਰ ਘੁੰਮਣ ਵੱਲੋਂ ਸਾਇੰਸ ਆਫ਼ ਬਰੀਥ ਆਰਟ ਆਫ ਲਿਵਿੰਗ ਦੇ ਪਟਿਆਲਾ, ਰੋਪੜ, ਲਹਿਰਾ ਮੁਹੱਬਤ, ਬਠਿੰਡਾ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਕੈਂਪ ਲਾਏ ਹਨ। ਉਪਿੰਦਰ ਘੁੰਮਣ ਵੱਲੋਂ ਆਰਟ ਆਫ਼ ਲਿਵਿੰਗ ਦੇ ਸਾਲ 2011 ਵਿੱਚ ਬਠਿੰਡਾ, ਪਟਿਆਲਾ, ਰੋਪੜ ਅਤੇ ਲਹਿਰਾ ਮੁਹੱਬਤ ਵਿਖੇ ਕੈਂਪ ਲਗਾਏ ਗਏ ਸਨ। ਬਦਲੇ ਵਿੱਚ ਪਾਵਰਕੌਮ ਨੇ ਇਸ ਮਾਹਿਰ ਨੂੰ 3.51 ਲੱਖ ਰੁਪਏ ਦੀ ਅਦਾਇਗੀ ਕੀਤੀ ਸੀ।
                    ਇਸੇ ਤਰ੍ਹਾਂ ਇੰਜ. ਕੁਲਦੀਪ ਸਿੰਘ ਅਤੇ ਇਕਬਾਲ ਸਿੰਘ ਵੱਲੋਂ ਸਟਰੈਸ ਮੈਨੇਜਮੈਂਟ ਦੇ ਬਠਿੰਡਾ, ਲਹਿਰਾ ਮੁਹੱਬਤ ਅਤੇ ਰੋਪੜ ਵਿਖੇ ਹਫਤੇ ਹਫਤੇ ਦੇ ਕੈਂਪ ਲਾਏ ਗਏ ਸਨ ਜਿਨ੍ਹਾਂ ਨੂੰ 91,500 ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਚੈਲ ਵਿੱਖੇ ਇੱਕ ਹੋਰ ਤਿੰਨ ਦਿਨਾਂ ਦਾ ਕੈਂਪ ਅਗਸਤ 2011 'ਚ ਵੀ ਲਾਇਆ ਗਿਆ ਸੀ ਜਿਸ 'ਤੇ ਸਵਾ 9 ਲੱਖ ਰੁਪਏ ਖਰਚ ਆਇਆ ਸੀ। ਇੰਜ. ਅਕਸ਼ੈ ਢੀਂਗਰਾ ਤੇ ਅਸ਼ੋਕ ਰਾਣਾ ਵੱਲੋਂ ਸਟਰੈਸ ਮੈਨੇਜਮੈਂਟ ਤਹਿਤ ਜੋ ਯੋਗਾ ਕੈਂਪ ਲਾਏ ਸਨ, ਉਹ ਮੁਫ਼ਤ ਵਿੱਚ ਲਗਾਏ ਸਨ। ਸਕਸੈਸ ਦੈਟ ਸਕਸੀਡ ਵਿਸ਼ੇ ਤਹਿਤ ਵੀ ਕੈਂਪ ਲਾਏ ਗਏ ਹਨ। ਇਸ ਤੋਂ ਇਲਾਵਾ ਦਿੱਲੀ ਦੀ ਇੱਕ ਸੰਸਥਾ ਵੱਲੋਂ ਪਟਿਆਲਾ ਵਿਖੇ ਇੱਕ ਯਤਨ ਵਿਸ਼ੇ ਤਹਿਤ ਤਿੰਨ ਦਿਨਾਂ ਦਾ ਕੈਂਪ ਲਾਇਆ ਗਿਆ ਸੀ ਜਿਸ 'ਤੇ 1.90 ਲੱਖ ਰੁਪਏ ਖਰਚ ਆਏ ਸਨ। ਦਿੱਲੀ ਦੀ ਮਾਨਵੀ ਸਰੋਤ ਨਾਲ ਸਬੰਧਤ ਇੱਕ ਸੰਸਥਾ ਵੱਲੋਂ ਰੋਪੜ ਲਾਗੇ ਇੱਕ ਪਿੰਡ 'ਚ ਮੰਥਨ ਵਿਸ਼ੇ ਤਹਿਤ ਚਾਰ ਦਿਨਾਂ ਦਾ ਕੈਂਪ ਲਾਇਆ ਸੀ ਜਿਸ 'ਤੇ ਪਾਵਰਕੌਮ ਦੇ 1.65 ਲੱਖ ਰੁਪਏ ਖਰਚ ਆਏ ਸਨ। ਪਾਵਰਕੌਮ ਵੱਲੋਂ ਜ਼ਿਆਦਾ ਸੇਵਾਵਾਂ ਮਨੁਸ ਉਥਾਨ ਸੰਸਥਾ ਦੀਆਂ ਲਈਆਂ ਗਈਆਂ ਹਨ। ਪਾਵਰਕੌਮ ਵੱਲੋਂ ਇਨ੍ਹਾਂ ਕੈਂਪਾਂ ਵਿੱਚ ਅਫਸਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
                        ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਦਾ ਕਹਿਣਾ ਸੀ ਕਿ ਪਾਵਰਕੌਮ ਦਾ ਹਰ ਮੁਲਾਜ਼ਮ ਹੀ ਤਣਾਅ ਹੇਠ ਹੈ ਕਿਉਂਕਿ ਪਾਵਰਕੌਮ ਨੇ ਲਾਈਨਮੈਨ, ਸਹਾਇਕ ਲਾਈਨਮੈਨ, ਐਸ.ਐਸ.ਏ. ਆਦਿ ਦੀ ਭਰਤੀ ਤਾਂ ਲੰਮੇ ਸਮੇਂ ਤੋਂ ਕੀਤੀ ਹੀ ਨਹੀਂ ਹੈ ਜਿਸ ਕਰਕੇ ਇੱਕ ਇੱਕ ਮੁਲਾਜ਼ਮ ਤਿੰਨ ਤਿੰਨ ਜਾਂ ਚਾਰ ਚਾਰ ਸੀਟਾਂ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਇਕੱਲੇ ਅਫਸਰਾਂ ਦਾ ਤਣਾਅ ਦੂਰ ਕਰਨ ਦੀ ਲੋੜ ਨਹੀਂ ਬਲਕਿ ਮੁਲਾਜ਼ਮਾਂ ਵਾਸਤੇ ਅਜਿਹੇ ਕੈਂਪ ਲਾਏ ਜਾਣੇ ਚਾਹੀਦੇ ਹਨ। ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸਕੱਤਰ ਸਤਵਿੰਦਰ ਸਿੰਘ ਦਾ ਕਹਿਣਾ ਸੀ ਕਿ ਪਾਵਰਕੌਮ ਵੱਲੋਂ ਸਾਰੀ ਭਰਤੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਕੈਂਪ ਦੀ ਲੋੜ ਹੀ ਨਾ ਪਵੇ। ਉਨ੍ਹਾਂ ਆਖਿਆ ਕਿ ਪਾਵਰਕੌਮ ਵਿੱਚ ਫੀਲਡ ਸਟਾਫ ਦੀ ਮਾੜੀ ਹਾਲਤ ਹੈ ਤੇ ਉਨ੍ਹਾਂ ਵੱਲ ਧਿਆਨ ਦਿੱਤੇ ਜਾਣ ਦੀ ਲੋੜ ਹੈ।
                                                               ਕੈਂਪ ਸਭ ਲਈ ਲੱਗਣ: ਸਰ੍ਹਾ
ਪੰਜਾਬ ਰਾਜ ਬਿਜਲੀ ਬੋਰਡ ਇੰਜਨੀਅਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਸਰ੍ਹਾ ਦਾ ਕਹਿਣਾ ਸੀ ਕਿ ਇਕੱਲੇ ਅਧਿਕਾਰੀਆਂ ਦਾ ਨਹੀਂ ਬਲਕਿ ਪਾਵਰਕੌਮ ਦੇ ਸਾਰੇ ਮੁਲਾਜ਼ਮਾਂ ਲਈ ਹੀ ਅਜਿਹੇ ਕੈਂਪਾਂ ਲਾਏ ਜਾਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੀ ਕਾਰਗੁਜ਼ਾਰੀ ਬਿਹਤਰ ਹੋ ਸਕੇ। ਉਨ੍ਹਾਂ ਆਖਿਆ ਕਿ ਮੁਲਾਜ਼ਮਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਠੀਕ ਰੱਖਣ ਵਾਸਤੇ ਪਾਵਰਕੌਮ ਨੂੰ ਹੇਠਲੇ ਪੱਧਰ ਤੋਂ ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ।

No comments:

Post a Comment