Monday, October 21, 2013

                                   ਮਾਲੀ ਸੰਕਟ
                   ਹੁਣ ਢਾਡੀਆਂ ਨੂੰ ਸੇਕ ਲੱਗਾ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਢਾਡੀ ਅਤੇ ਕਵੀਸ਼ਰ ਵੀ ਹੁਣ ਮਾਲੀ ਸੰਕਟ ਦਾ ਸੇਕ ਝੱਲ ਰਹੇ ਹਨ। ਸਰਕਾਰੀ ਸਮਾਰੋਹਾਂ 'ਤੇ ਇਨ੍ਹਾਂ ਢਾਡੀਆਂ ਤੇ ਕਵੀਸ਼ਰਾਂ ਨੇ ਪ੍ਰੋਗਰਾਮ ਦਿੱਤੇ ਸਨ ਪਰ ਪੰਜਾਬ ਸਰਕਾਰ ਨੇ ਹਾਲੇ ਤੱਕ ਇਨ੍ਹਾਂ ਦੀ ਅਦਾਇਗੀ ਨਹੀਂ ਕੀਤੀ। ਗਾਇਕਾਂ ਦੀ ਅਦਾਇਗੀ ਕਦੇ ਨਹੀਂ ਰੁਕੀ, ਜਦੋਂ ਕਿ ਢਾਡੀਆਂ ਦੇ ਬਿੱਲ ਦਫ਼ਤਰਾਂ ਵਿੱਚ ਫਸੇ ਰਹਿੰਦੇ ਹਨ। ਇਨ੍ਹਾਂ ਢਾਡੀਆਂ ਤੇ ਕਵੀਸ਼ਰਾਂ ਨੇ ਜੋੜ ਮੇਲਿਆਂ ਤੇ ਸਹੁੰ ਚੁੱਕ ਸਮਾਗਮਾਂ 'ਤੇ ਪ੍ਰੋਗਰਾਮ ਦਿੱਤੇ ਸਨ। ਇਨ੍ਹਾਂ ਦੀ ਅਦਾਇਗੀ ਵੀ ਕੋਈ ਬਹੁਤੀ ਨਹੀਂ ਹੈ ਪਰ ਸਰਕਾਰ ਵੱਲੋਂ ਇਨ੍ਹਾਂ ਦੀ ਥਾਂ ਗਾਇਕਾਂ ਨੂੰ ਪਹਿਲ ਦੇ ਆਧਾਰ 'ਤੇ ਅਦਾਇਗੀ ਕੀਤੀ ਜਾਂਦੀ ਹੈ। ਮਰਹੂਮ ਯਮਲਾ ਜੱਟ ਦਾ ਲੜਕਾ ਜਸਦੇਵ ਯਮਲਾ ਜੱਟ ਵੀ ਪਹਿਲੀ ਦਫ਼ਾ ਸਰਕਾਰੀ ਪ੍ਰੋਗਰਾਮ ਕਰ ਕੇ ਫਸ ਗਿਆ ਹੈ। ਪੰਜਾਬ ਸਰਕਾਰ ਨੇ ਪੰਚਾਂ-ਸਰਪੰਚਾਂ ਦਾ ਸਹੁੰ ਚੁੱਕ ਸਮਾਗਮ 5 ਅਗਸਤ 2013 ਨੂੰ ਪਠਾਨਕੋਟ ਵਿਖੇ ਕੀਤਾ ਸੀ, ਜਿਸ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਸਨ। ਜਸਦੇਵ ਯਮਲਾ ਜੱਟ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਸਰਕਾਰੀ ਸਮਾਗਮ ਵਿੱਚ ਪ੍ਰੋਗਰਾਮ ਦਿੱਤਾ, ਜਿਸ ਦੀ ਅਦਾਇਗੀ ਹਾਲੇ ਤੱਕ ਨਹੀਂ ਕੀਤੀ ਗਈ। ਉਸ ਨੇ ਦੱਸਿਆ ਕਿ ਉਹ ਵਿਦੇਸ਼ ਚਲਾ ਗਿਆ ਸੀ, ਜਿਸ ਕਰ ਕੇ ਉਹ  ਸਰਕਾਰ ਨਾਲ ਰਾਬਤਾ ਵੀ ਕਾਇਮ ਨਹੀਂ ਕਰ ਸਕਿਆ। ਲੋਕ ਸੰਪਰਕ ਵਿਭਾਗ ਨੇ 15 ਹਜ਼ਾਰ ਰੁਪਏ ਵਿੱਚ ਜਸਦੇਵ ਯਮਲਾ ਜੱਟ ਨੂੰ ਬੁੱਕ ਕੀਤਾ ਸੀ।
                     ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀਆਂ ਦੇ ਮੈਂਬਰਾਂ ਨੂੰ ਸਹੁੰ ਚੁਕਾਉਣ ਵਾਸਤੇ 19 ਜੁਲਾਈ 2013 ਨੂੰ ਸਹੁੰ ਚੁੱਕ ਸਮਾਗਮ ਕੀਤੇ ਸਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਹੋਏ ਸਨ। ਇਨ੍ਹਾਂ ਸਮਾਰੋਹਾਂ ਵਿੱਚ ਤਿੰਨ ਢਾਡੀ ਜਥਿਆਂ ਨੇ ਪ੍ਰੋਗਰਾਮ ਦਿੱਤਾ, ਜਿਨ੍ਹਾਂ ਨੂੰ ਹਾਲੇ ਤੱਕ ਅਦਾਇਗੀ ਨਹੀਂ ਕੀਤੀ ਗਈ। ਗੁਰਮੁਖ ਸਿੰਘ ਮੋਹਨਪੁਰ, ਮਹਿੰਦਰ ਸਿੰਘ ਅਤੇ ਹਰਨੇਕ ਸਿੰਘ ਰਾਣਾ ਦੇ ਢਾਡੀ ਜਥੇ ਨੂੰ ਹਾਲੇ ਤੱਕ 20 ਹਜ਼ਾਰ ਰੁਪਏ ਦੀ ਅਦਾਇਗੀ ਨਹੀਂ ਹੋਈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਨੇ ਸਹੁੰ ਚੁੱਕ ਸਮਾਗਮਾਂ ਦੀ ਸਭ ਅਦਾਇਗੀ ਕਲੀਅਰ ਕਰ ਦਿੱਤੀ ਹੈ ਪਰ ਹਾਲੇ ਤੱਕ ਇਨ੍ਹਾਂ ਢਾਡੀਆਂ ਦੀ ਵਾਰੀ ਨਹੀਂ ਆਈ। ਢਾਡੀ ਗੁਰਮੁਖ ਸਿੰਘ ਅਤੇ ਹਰਨੇਕ ਸਿੰਘ ਨੇ ਤਾਂ ਪੰਚਾਂ-ਸਰਪੰਚਾਂ ਦੇ ਲੁਧਿਆਣਾ ਵਿੱਚ 4 ਅਗਸਤ ਨੂੰ ਹੋਏ ਸਹੁੰ ਚੁੱਕ ਸਮਾਗਮਾਂ ਵਿੱਚ ਵੀ ਹਾਜ਼ਰੀ ਭਰੀ ਸੀ ਪਰ ਇਨ੍ਹਾਂ ਦੋਵਾਂ ਢਾਡੀਆਂ ਨੂੰ ਸਰਕਾਰ ਨੇ 15 ਹਜ਼ਾਰ ਰੁਪਏ ਦੀ ਅਦਾਇਗੀ ਨਹੀਂ ਕੀਤੀ। ਜ਼ਿਲ੍ਹਾ ਲੋਕ ਸੰਪਰਕ ਅਫਸਰਾਂ ਨੇ ਇਨ੍ਹਾਂ ਢਾਡੀਆਂ ਦੇ ਬਿੱਲ ਸਿਫ਼ਾਰਸ਼ ਕਰ ਕੇ ਮੁੱਖ ਦਫ਼ਤਰ ਨੂੰ ਭੇਜੇ ਹੋਏ ਹਨ। ਢਾਡੀ ਗੁਰਮੁਖ ਸਿੰਘ ਮੋਹਨਪੁਰ ਦੇ ਜਥੇ ਨੇ 6 ਅਗਸਤ 2013 ਨੂੰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿਖੇ ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮਾਂ ਵਿੱਚ ਵੀ ਪ੍ਰੋਗਰਾਮ ਪੇਸ਼ ਕੀਤਾ ਸੀ, ਜਿਸ ਦੀ ਪੰਜ ਹਜ਼ਾਰ ਰੁਪਏ ਦੀ ਅਦਾਇਗੀ ਬਣਦੀ ਹੈ। ਢਾਡੀ ਹਰਜਿੰਦਰ ਸਿੰਘ ਦੇ ਜਥੇ ਨੇ ਫਤਹਿਗੜ੍ਹ ਸਾਹਿਬ ਵਿਖੇ ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿੱਚ 7 ਅਗਸਤ 2013 ਨੂੰ ਪ੍ਰੋਗਰਾਮ ਪੇਸ਼ ਕੀਤਾ ਸੀ। ਇਸ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ । ਢਾਡੀ ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਅਦਾਇਗੀ ਲਈ ਸਰਕਾਰ ਨਾਲ ਰਾਬਤਾ ਬਣਾਇਆ ਸੀ ਅਤੇ ਲੋਕ ਸੰਪਰਕ ਵਿਭਾਗ ਨੇ ਬਿੱਲ ਖ਼ਜ਼ਾਨੇ ਨੂੰ ਭੇਜੇ ਹੋਏ ਹਨ।
                  ਉਨ੍ਹਾਂ ਦੱਸਿਆ ਕਿ ਕਈ ਦਫ਼ਾ ਅਦਾਇਗੀ ਜਲਦੀ ਵੀ ਹੋ ਜਾਂਦੀ ਹੈ ਅਤੇ ਕਈ ਵਾਰ ਲੇਟ ਹੋ ਜਾਂਦੀ ਹੈ। ਢਾਡੀ ਹਰਜਿੰਦਰ ਸਿੰਘ ਦੇ ਜਥੇ ਨੇ 13 ਜਨਵਰੀ 2013 ਨੂੰ ਮੁਕਤਸਰ ਦੇ ਮਾਘੀ ਮੇਲੇ 'ਤੇ ਪ੍ਰੋਗਰਾਮ ਦਿੱਤਾ ਸੀ, ਜਿਸ ਦੀ ਅਦਾਇਗੀ ਹਾਲੇ ਤੱਕ ਨਹੀਂ ਹੋ ਸਕੀ। ਲੋਕ ਸੰਪਰਕ ਮਹਿਕਮੇ ਨੇ ਪੰਜ ਹਜ਼ਾਰ ਦੀ ਅਦਾਇਗੀ ਕਰਨ ਵਾਸਤੇ 17 ਸਤੰਬਰ 2009 ਨੂੰ ਉਸ ਦੇ ਬਿੱਲ ਦਾ ਰਜਿਸਟਰ ਵਿੱਚ ਇੰਦਰਾਜ ਕੀਤਾ ਹੈ। ਕਵੀਸ਼ਰ ਜਗਦੇਵ ਸਿੰਘ ਨੂੰ ਲੌਗੋਂਵਾਲ ਦੀ ਬਰਸੀ ਸਮਾਗਮਾਂ ਦੀ 5 ਹਜ਼ਾਰ ਦੀ ਅਦਾਇਗੀ ਹਾਲੇ ਤੱਕ ਨਹੀਂ ਹੋਈ। ਢਾਡੀ ਹਰਨੇਕ ਸਿੰਘ ਨੂੰ 6 ਪ੍ਰੋਗਰਾਮਾਂ ਦੀ ਅਦਾਇਗੀ ਨਹੀਂ ਕੀਤੀ ਗਈ। ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਜੁਲਾਈ 2012 ਦੇ ਸਮਾਗਮਾਂ ਦੀ ਅਦਾਇਗੀ ਸਰਕਾਰ ਨੇ ਢਾਡੀ ਹਰਨੇਕ ਸਿੰਘ ਨੂੰ ਨਹੀਂ ਕੀਤੀ। ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ 2012 ਦੀ ਅਦਾਇਗੀ ਵੀ ਇਸ ਢਾਡੀ ਨੂੰ ਨਹੀਂ ਕੀਤੀ ਗਈ। ਢਾਡੀ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਤਾਂ ਪਿਛਲੇ ਸਾਲ ਦੀ ਅਦਾਇਗੀ ਵੀ ਰੁਕੀ ਪਈ ਹੈ। ਉਨ੍ਹਾਂ ਆਖਿਆ ਕਿ ਉਸ ਨੇ ਤਾਂ ਆਪਣੀ ਤਰਫ਼ੋਂ ਬਿੱਲ ਵੀ ਸਮੇਂ ਸਿਰ ਭੇਜੇ ਹਨ। ਇਸ ਬਾਰੇ ਸੰਪਰਕ ਕਰਨ 'ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਕਿਹਾ ਹੈ ਕਿ ਇਹ ਮਾਮਲਾ ਪਹਿਲੀ ਵਾਰ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਹ ਭਲਕੇ ਇਸ ਮਾਮਲੇ ਦੀ ਜਾਂਚ ਕਰਨਗੇ।

No comments:

Post a Comment