Thursday, October 3, 2013

                                 ਪੱਛਮੀ ਹੱਲਾ    
        ਪੰਜਾਬੀ ਹੁਣ ਨਹੀਂ ਪਾਉਂਦੇ ਖਾਦੀ                                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਲੋਕ ਹੁਣ ਖਾਦੀ ਦੇ ਕੱਪੜੇ ਨਹੀਂ ਪਾਉਂਦੇ ਹਨ। ਪੱਛਮੀ ਹਨੇਰੀ ਪੰਜਾਬ ਵਿੱਚੋਂ ਖਾਦੀ ਨੂੰ ਉਡਾ ਕੇ ਲੈ ਗਈ। ਹਾਲਾਂਕਿ ਦੂਸਰੇ ਸੂਬਿਆਂ ਦਾ ਇਸ ਪੱਖੋਂ ਥੋੜ੍ਹਾ ਬਚਾਅ ਹੈ। ਹੁਣ ਨੇਤਾ ਲੋਕ ਵੀ ਖਾਦੀ ਦੇ ਕੱਪੜੇ ਨਹੀਂ ਪਹਿਨਦੇ। ਉਂਜ ਉਨ੍ਹਾਂ ਦੇ ਕੱਪੜੇ ਖਾਦੀ ਦਾ ਪ੍ਰਭਾਵ ਜ਼ਰੂਰ ਦਿੰਦੇ ਹਨ। ਪੰਜਾਬ ਵਿੱਚ ਖਾਦੀ ਦਾ ਉਤਪਾਦਨ ਅਤੇ ਇਸ ਦੀ ਵਿਕਰੀ  ਘਟੀ ਹੈ। ਉੱਤਰੀ ਭਾਰਤ ਦੇ ਬਾਕੀ ਰਾਜਾਂ ਵਿੱਚ ਖਾਦੀ ਦਾ ਉਤਪਾਦਨ ਪੰਜਾਬ ਨਾਲੋਂ ਜ਼ਿਆਦਾ ਹੈ। ਵਿਕਰੀ ਤਾਂ ਉਤਪਾਦਨ ਨਾਲੋਂ ਵੀ ਜ਼ਿਆਦਾ ਹੈ। ਪੰਜਾਬ ਵਿੱਚ ਜੋ ਖਾਦੀ ਬੋਰਡ ਵੱਲੋਂ ਉਦਯੋਗ ਲਗਾਏ ਸਨ, ਉਨ੍ਹਾਂ ਦਾ ਵੀ ਬੁਰਾ ਹਾਲ ਹੀ ਹੈ। ਖਾਦੀ ਗਰਾਮ ਅਤੇ ਉਦਯੋਗ ਕਮਿਸ਼ਨ (ਭਾਰਤ ਸਰਕਾਰ) ਵੱਲੋਂ ਪੰਜਾਬ ਵਿੱਚ ਖਾਦੀ ਦੇ ਕਰੀਬ 20 ਸਟੋਰ ਖੋਲ੍ਹੇ ਹੋਏ ਹਨ। ਏਦਾਂ ਹੀ ਖਾਦੀ ਬੋਰਡ ਵੱਲੋਂ ਵੱਖ-ਵੱਖ ਮੌਕਿਆਂ 'ਤੇ ਨੁਮਾਇਸ਼ਾਂ ਵੀ ਲਾਈਆਂ ਜਾਂਦੀਆਂ ਹਨ। ਖਾਦੀ ਵੀ ਵਿਕਰੀ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ ਵਿੱਚ ਹੈ।
                         ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਬਾਰੇ ਮੰਤਰਾਲੇ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਵਿੱਚ ਖਾਦੀ ਦੀ ਵਿਕਰੀ ਘੱਟ ਰਹੀ ਹੈ। ਸਾਲ 2009-10 ਵਿੱਚ ਪੰਜਾਬ ਵਿੱਚ ਖਾਦੀ ਦੀ ਵਿਕਰੀ 10.18 ਕਰੋੜ ਰੁਪਏ ਦੀ ਸੀ ਜੋ ਕਿ ਸਾਲ 2011-12 ਵਿੱਚ ਘੱਟ ਕੇ 8.54 ਕਰੋੜ ਰੁਪਏ ਦੀ ਰਹਿ ਗਈ ਹੈ। ਉਤਪਾਦਨ ਵੱਧ ਰਿਹਾ ਹੈ। ਸਾਲ 2009-10 ਵਿੱਚ ਪੰਜਾਬ ਵਿੱਚ ਖਾਦੀ ਦਾ ਉਤਪਾਦਨ 11.02 ਕਰੋੜ ਰੁਪਏ ਦਾ ਸੀ ਜੋ ਸਾਲ 2010-11 ਵਿੱਚ ਇਹ 11.95 ਕਰੋੜ ਰੁਪਏ ਦਾ ਹੋ ਗਿਆ। ਸਾਲ 2011-12 ਵਿੱਚ ਇਹ ਉਤਪਾਦਨ 12.10 ਕਰੋੜ ਰੁਪਏ ਦਾ ਅਤੇ ਸਾਲ 2012-13 ਵਿੱਚ ਇਹ 12.82 ਕਰੋੜ ਰੁਪਏ ਦਾ ਹੋ ਗਿਆ ਹੈ। ਵਿਕਰੀ ਵਿੱਚ ਕਮੀ ਹੋਈ ਹੈ। ਦੂਜੇ ਪਾਸੇ ਗੁਆਂਢੀ ਰਾਜ ਹਰਿਆਣਾ ਵਿੱਚ ਉਤਪਾਦਨ ਨਾਲੋਂ ਵਿਕਰੀ ਜ਼ਿਆਦਾ ਹੈ। ਹਰਿਆਣਾ ਵਿੱਚ ਖਾਦੀ ਦਾ ਉਤਪਾਦਨ ਸਾਲ 2009-10 ਵਿੱਚ 60.86 ਕਰੋੜ ਰੁਪਏ ਦਾ ਸੀ ਜਦੋਂ ਕਿ ਵਿਕਰੀ 76.28 ਕਰੋੜ ਰੁਪਏ ਦੀ ਸੀ। ਹਰਿਆਣਾ ਵਿੱਚ ਸਾਲ 2010-11 ਵਿੱਚ ਉਤਪਾਦਨ 62.34 ਕਰੋੜ ਰੁਪਏ ਦਾ ਸੀ ਜਦੋਂ ਕਿ ਵਿਕਰੀ 84.80 ਕਰੋੜ ਰੁਪਏ ਦੀ ਸੀ। ਸਾਲ 2011-12 ਵਿੱਚ ਹਰਿਆਣਾ ਵਿੱਚ ਵਿਕਰੀ 69.68 ਕਰੋੜ ਰੁਪਏ ਦੀ ਹੋਈ ਹੈ। ਪੇਂਡੂ ਕਲਚਰ ਦੇ ਮਾਹਿਰ ਡਾ. ਰਵੀ ਰਵਿੰਦਰ (ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਮੁਕਤਸਰ) ਦਾ ਕਹਿਣਾ ਹੈ ਕਿ ਵਿਸ਼ਵੀਕਰਨ ਅਤੇ ਪੱਛਮੀ ਸਭਿਆਚਾਰ ਨੇ ਪੰਜਾਬ ਦੇ ਪਿੰਡਾਂ ਨੂੰ ਵੀ ਬਰਾਬਰ ਲਪੇਟ ਵਿੱਚ ਲਿਆ ਹੈ ਜਦੋਂ ਕਿ ਬਾਕੀ ਸੂਬਿਆਂ ਵਿੱਚ ਪੱਛਮੀ ਹੱਲਾ ਹਾਲੇ ਸ਼ਹਿਰਾਂ ਤੱਕ ਹੀ ਸੀਮਤ ਹੈ।
                      ਪੰਜਾਬ ਵਿੱਚ ਕਰੀਬ 80 ਪ੍ਰਾਈਵੇਟ ਖਾਦੀ ਸਟੋਰ ਹਨ ਜੋ ਖਾਦੀ ਬੋਰਡ ਨਾਲ ਜੁੜੇ ਹੋਏ ਹਨ। ਇਨ੍ਹਾਂ ਸਟੋਰਾਂ 'ਤੇ ਖਾਦੀ ਦੀਆਂ ਵਸਤਾਂ ਦਰੀ, ਚਾਦਰ, ਖੇਸ ਆਦਿ ਦੀ ਵਿਕਰੀ ਹੁੰਦੀ ਹੈ। ਅੰਮ੍ਰਿਤਸਰ, ਚੰਡੀਗੜ੍ਹ ਅਤੇ ਪਟਿਆਲਾ ਵਿੱਚ ਤਾਂ ਕਈ ਕਈ ਸਟੋਰ ਹਨ। ਇਨ੍ਹਾਂ ਸਟੋਰਾਂ ਤੋਂ ਆਯੁਰਵੈਦਿਕ ਦੇ ਉਤਪਾਦ ਵੀ ਵਿਕਦੇ ਹਨ। ਪੰਜਾਬ ਵਿੱਚ ਜੋ ਖਾਦੀ ਬੋਰਡ ਦੀ ਮਦਦ ਨਾਲ ਚੱਲਦੇ। ਗਰਾਮ ਉਦਯੋਗ ਹਨ, ਉਨ੍ਹਾਂ ਵਿੱਚ ਕਰੀਬ 4 ਲੱਖ ਲੋਕ ਕੰਮ ਕਰਦੇ ਹਨ। ਸੂਤਰ ਆਖਦੇ ਹਨ ਕਿ ਕੋਈ ਵੇਲਾ ਸੀ ਜਦੋਂ ਨੇਤਾ ਲੋਕ ਖਾਦੀ ਪਹਿਨਦੇ ਸਨ ਪਰ ਅੱਜ ਦੇ ਕੁਝ ਨੇਤਾ ਖਾਦੀ ਦੇ ਪ੍ਰਭਾਵ ਵਾਲੇ ਕੱਪੜੇ ਹੀ ਪਹਿਨਦੇ ਹਨ। ਬਠਿੰਡਾ ਦੇ ਸਿਰਕੀ ਬਾਜ਼ਾਰ ਵਿੱਚ ਵੀ ਖਾਦੀ ਦਾ ਸਟੋਰ ਹੈ ਅਤੇ ਹੁਣ ਅਜੀਤ ਰੋਡ 'ਤੇ ਵੀ ਖਾਦੀ ਸਟੋਰ ਖੁੱਲ੍ਹਿਆ ਹੈ।  ਦੂਜੇ ਪਾਸੇ ਲੋਕਾਂ ਦੀ ਪਸੰਦ ਹੁਣ ਆਧੁਨਿਕ ਕੱਪੜੇ ਹੀ ਬਣ ਗਏ ਹਨ।
                                                   ਨਵੀਂ ਪੀੜ੍ਹੀ ਖਾਦੀ ਤੋਂ ਦੂਰ ਹੋਈ: ਮੈਂਬਰ ਸਕੱਤਰ
 ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੇ ਮੈਂਬਰ ਸਕੱਤਰ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਨਵੀਂ ਪੀੜ੍ਹੀ ਖਾਦੀ ਦੀਆਂ ਵਸਤਾਂ ਤੋਂ ਦੂਰ ਹੋ ਗਈ ਹੈ। ਉਨ੍ਹਾਂ ਆਖਿਆ ਕਿ ਖਾਦੀ ਬੋਰਡ ਵਲੋਂ ਜੋ ਨੁਮਾਇਸ਼ਾਂ ਲਗਾਈਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਵਿਦੇਸ਼ੀ ਲੋਕ ਖਾਦੀ ਨੂੰ ਵਧੇਰੇ ਪਸੰਦ ਕਰਦੇ ਹਨ। ਹਾਲਾਂ ਕਿ ਖਾਦੀ ਦਾ ਰੁਝਾਨ ਜ਼ਿਆਦਾ ਵੱਧ ਨਹੀਂ ਸਕਿਆ।

No comments:

Post a Comment