Wednesday, October 23, 2013

                                           ਸੱਚਾ ਮੋਹ
                        ਗੁਰਦੇ ਦੇ ਕੇ ਸੁਹਾਗ ਬਚਾਏ
                                       ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਪਿੰਡ ਪਥਰਾਲਾ ਦੀ ਸੁਖਬੀਰ ਕੌਰ ਨੇ ਆਪਣਾ ਇੱਕ ਗੁਰਦਾ ਦੇ ਕੇ ਆਪਣਾ ਸੁਹਾਗ ਬਚਾ ਲਿਆ ਹੈ ਤਾਹੀਓਂ ਅੱਜ ਉਹ ਕਰਵਾ ਚੌਥ ਮਨਾ ਸਕੀ ਹੈ। ਜਦੋਂ ਗੁਰਦਾ ਫੇਲ੍ਹ ਹੋਣ ਦੀ ਗੱਲ ਪਤਾ ਲੱਗੀ ਤਾਂ ਉਸ ਦੇ ਪਤੀ ਰਜਿੰਦਰ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਵਾਰ ਤਾਂ ਹਨੇਰਾ ਛਾ ਗਿਆ ਸੀ।  ਸੁਖਬੀਰ ਕੌਰ ਨੇ ਖੁਦ ਗੁਰਦਾ ਦੇ ਕੇ ਆਪਣੇ ਪਰਿਵਾਰ ਨੂੰ ਖੇਰੂੰ-ਖੇਰੂੰ ਹੋਣੋਂ ਬਚਾਇਆ। ਰਜਿੰਦਰ ਸਿੰਘ ਆਖਦਾ ਹੈ ਕਿ ਉਹ ਤਾਂ ਜੀਵਨ ਸਾਥਣ ਦੀ ਬਦੌਲਤ ਹੀ ਸਲਾਮਤ ਹੈ। ਮੁੱਖ ਮੰਤਰੀ ਪੰਜਾਬ ਦੇ ਜੱਦੀ ਹਲਕੇ ਲੰਬੀ ਦੇ ਪਿੰਡ ਬੀਦੋਵਾਲੀ ਦੀ ਸੁਹਾਗਣ ਵੀਰਪਾਲ ਕੌਰ ਨੇ ਅੱਜ ਕਰਵਾ ਚੌਥ ਮੌਕੇ ਆਪਣੇ ਸੁਹਾਗ ਦੀ ਲੰਮੀ ਉਮਰ ਦੀ ਦੁਆ ਕੀਤੀ। 38 ਵਰ੍ਹਿਆਂ ਦੀ ਵੀਰਪਾਲ ਕੌਰ ਨੇ ਵੀ ਆਪਣਾ ਇੱਕ ਗੁਰਦਾ ਆਪਣੇ ਪਤੀ ਨੂੰ ਦੇ ਕੇ ਆਪਣਾ ਪਰਿਵਾਰ ਬਚਾਇਆ ਹੈ। ਪਤੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਗੁਰਦਾ ਦੇਣ ਦੀ ਗੱਲ ਚੱਲੀ ਸੀ ਤਾਂ ਉਦੋਂ ਖੂਨ ਦੇ ਰਿਸ਼ਤੇ ਵੀ ਫਿੱਕੇ ਪੈ ਗਏ ਸਨ। ਠੀਕ ਉਸ ਵਕਤ ਵੀਰਪਾਲ ਕੌਰ ਨੇ ਗੁਰਦਾ ਦੇ ਕੇ ਆਪਣੇ ਪਤੀ ਦੀ ਜ਼ਿੰਦਗੀ ਨੂੰ ਨਵਾਂ ਰਾਹ ਦੇ ਦਿੱਤਾ।
                     ਪੰਜਾਬ ਵਿੱਚ ਕਰੀਬ ਢਾਈ ਸੌ ਔਰਤਾਂ ਹਨ ਜਿਨ੍ਹਾਂ ਨੇ ਪਿਛਲੇ ਅੱਠ ਵਰ੍ਹਿਆਂ ਵਿੱਚ ਆਪਣੇ ਗੁਰਦੇ ਦੇ ਕੇ ਆਪਣੇ ਪਤੀਆਂ ਨੂੰ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਆਰ.ਟੀ.ਆਈ ਦੇ ਵੇਰਵੇ ਹਨ ਕਿ ਜਲੰਧਰ ਦੇ ਪ੍ਰਾਈਵੇਟ ਕਿਡਨੀ ਹਸਪਤਾਲ ਵਿੱਚ ਸਾਲ 2007 ਤੋਂ ਹੁਣ ਤੱਕ 326 ਮਰੀਜ਼ਾਂ ਦੇ ਗੁਰਦੇ ਟਰਾਂਸਪਲਾਂਟ ਕੀਤੇ ਗਏ ਹਨ ਜਿਨ੍ਹਾਂ ਚੋਂ 93 ਮਰੀਜ਼ ਉਹ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਨੇ ਗੁਰਦਾ ਦਾਨ ਕੀਤਾ। ਲੁਧਿਆਣਾ ਦੇ ਡੀ.ਐਮ.ਸੀ. ਵਿੱਚ ਪਿਛਲੇ ਅੱਠ ਵਰ੍ਹਿਆਂ ਵਿੱਚ 357 ਮਰੀਜ਼ਾਂ ਦੇ ਗੁਰਦੇ ਟਰਾਂਸਪਲਾਂਟ ਹੋਏ ਹਨ ਜਿਨ੍ਹਾਂ 'ਚੋਂ 118 ਮਰੀਜ਼ਾਂ ਨੂੰ ਗੁਰਦਾ ਉਨ੍ਹਾਂ ਦੀ ਪਤਨੀ ਨੇ ਦਾਨ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਅੰਮ੍ਰਿਤਸਰ ਵਿੱਚ ਦੋ ਵਰ੍ਹਿਆਂ ਵਿੱਚ 103 ਮਰੀਜ਼ਾਂ 'ਚੋਂ 24 ਨੂੰ ਉਨ੍ਹਾਂ ਦੀ ਜੀਵਨ ਸਾਥਣ ਵੱਲੋਂ ਗੁਰਦੇ ਦਿੱਤੇ ਗਏ ਸਨ। ਇਵੇਂ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਗੁਰਦਿਆਂ ਦੇ 26 ਕੇਸ ਆਏ ਜਿਨ੍ਹਾਂ 'ਚੋਂ ਪੰਜ ਕੇਸਾਂ ਵਿੱਚ ਗੁਰਦਾ ਦਾਨ ਕਰਨ ਵਾਲੀ ਮਰੀਜ਼ ਦੀ ਪਤਨੀ ਸੀ। ਏਦਾਂ ਹੀ ਬਾਕੀ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਹੋਇਆ ਹੈ। ਬਠਿੰਡਾ ਸ਼ਹਿਰ ਦੀ ਘਰੇਲੂ ਔਰਤ ਰਜਨੀ ਬਾਂਸਲ ਨੇ ਵੀ ਗੁਰਦਾ ਦੇ ਕੇ ਆਪਣੇ ਪਤੀ ਰਾਜ ਕੁਮਾਰ ਬਾਂਸਲ ਨੂੰ ਭਵਿੱਖ ਦਿੱਤਾ ਹੈ। ਪਿੰਡ ਚੁੱਘੇ ਖੁਰਦ ਦੀ ਔਰਤ ਗੁਰਜੀਤ ਕੌਰ ਨੇ ਵੀ ਅਜਿਹੀ ਕੁਰਬਾਨੀ ਕੀਤੀ ਹੈ।
                      ਦੂਜੇ ਪਾਸੇ ਉਹ ਔਰਤਾਂ ਵੀ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਅ 'ਤੇ ਵੀ ਲਾਈ ਪ੍ਰੰਤੂ ਫਿਰ ਵੀ ਉਨ੍ਹਾਂ ਦੇ ਹੱਥ ਅੱਜ ਖ਼ਾਲੀ ਹਨ। ਭਗਤਾ ਭਾਈਕਾ ਦੀ ਪਰਮਜੀਤ ਕੌਰ ਨੇ ਛੇ ਸਾਲ ਪਹਿਲਾਂ ਆਪਣਾ ਗੁਰਦਾ ਦੇ ਕੇ ਆਪਣੇ ਪਤੀ ਕੁਲਦੀਪ ਸਿੰਘ ਨੂੰ ਬਚਾ ਲਿਆ ਸੀ। ਐਤਕੀਂ ਦਾ ਕਰਵਾ ਚੌਥ ਉਸ ਲਈ ਦੁੱਖ ਹੀ ਲੈ ਕੇ ਆਇਆ ਹੈ ਕਿਉਂਕਿ ਠੀਕ ਦੋ ਮਹੀਨੇ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪਿੰਡ ਢਪਾਲੀ ਦੀ ਗੁਰਮੀਤ ਕੌਰ ਤਾਂ ਖੁਦ ਆਪਣੇ ਪਤੀ ਬਹਾਦਰ ਸਿੰਘ ਲਈ ਜ਼ਿੰਦਗੀ ਬਣ ਕੇ ਆਈ ਸੀ ਪ੍ਰੰਤੂ ਕੁਦਰਤ ਨੇ ਸਾਥ ਨਾ ਦਿੱਤਾ। ਉਸ ਦਾ ਗੁਰਦਾ ਵੀ ਪਤੀ ਨੂੰ ਲੰਮੀ ਜ਼ਿੰਦਗੀ ਨਾ ਦੇ ਸਕਿਆ। ਮਾਨਸਾ ਦੇ ਪਿੰਡ ਜਵਾਹਕੇ ਦੀ ਗੁਰਜੀਤ ਕੌਰ ਨੇ ਉਦੋਂ ਆਪਣੀ ਪਤੀ ਅੰਗਰੇਜ਼ ਸਿੰਘ ਨੂੰ ਗੁਰਦਾ ਦਿੱਤਾ ਜਦੋਂ ਸਾਰੇ ਰਿਸ਼ਤੇ ਨਾਤੇ ਪਿੱਛੇ ਹਟ ਗਏ ਸਨ। ਉਸ ਦਾ ਸੁਹਾਗ ਵੀ ਲੰਮਾ ਸਮਾਂ ਜੀਅ ਨਾ ਸਕਿਆ। ਕਰਵਾ ਚੌਥ ਨੇ ਅੱਜ ਫਿਰ ਇਨ੍ਹਾਂ ਔਰਤਾਂ ਦੇ ਜ਼ਖ਼ਮ ਅੱਲੇ ਕਰ ਦਿੱਤੇ ਹਨ।

No comments:

Post a Comment