Saturday, October 12, 2013

                                   ਤੰਗੀ ਤੁਰਸ਼ੀ
             ਕਰਜ਼ੇ ਲਈ ਬੱਸ ਅੱਡੇ ਕੀਤੇ ਗਹਿਣੇ
                                  ਚਰਨਜੀਤ ਭੁੱਲਰ
ਬਠਿੰਡਾ : ਪੀ.ਆਰ.ਟੀ.ਸੀ. ਨੂੰ ਕਰਜ਼ੇ ਖਾਤਰ ਹੁਣ ਬੱਸ ਅੱਡੇ ਗਿਰਵੀ ਰੱਖਣੇ ਪੈ ਗਏ ਹਨ। ਪੀ.ਆਰ.ਟੀ.ਸੀ. ਮਾਲੀ ਤੰਗੀ ਦੇ ਹੱਲ ਲਈ ਹੁਣ ਤੱਕ ਤਿੰਨ ਬੱਸ ਅੱਡੇ ਬੈਂਕਾਂ ਕੋਲ ਗਹਿਣੇ ਰੱਖ ਚੁੱਕੀ ਹੈ। ਮੌਜੂਦਾ ਹਾਲਤ ਇਹ ਹੈ ਕਿ ਪੀ.ਆਰ.ਟੀ.ਸੀ. ਸਿਰ ਇੱਕ ਅਰਬ ਰੁਪਏ ਦਾ ਕਰਜ਼ਾ ਹੈ। ਪੀ.ਆਰ.ਟੀ.ਸੀ. ਨੂੰ ਪੰਜਾਬ ਸਰਕਾਰ ਵੱਡਾ ਰਗੜਾ ਲਗਾ ਰਹੀ ਹੈ। ਪੀ.ਆਰ.ਟੀ.ਸੀ. ਨੂੰ  ਸਰਕਾਰ ਕਰਜ਼ਾ ਤਾਂ ਦੇ ਰਹੀ ਹੈ ਪਰ ਸਬਸਿਡੀ ਦੀ ਰਾਸ਼ੀ ਦੇਣ ਤੋਂ ਪੱਲਾ ਝਾੜ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕਈ ਵਰਗਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਅਤੇ ਰਿਆਇਤੀ ਦਰ 'ਤੇ ਸਫ਼ਰ ਕਰਨ ਦੀ ਸਹੂਲਤ ਦਿੱਤੀ ਹੋਈ ਹੈ। ਕਾਰਪੋਰੇਸ਼ਨ ਵੱਲੋਂ ਇਹ ਸਹੂਲਤ ਦਿੱਤੀ ਜਾ ਰਹੀ ਹੈ ਪਰ ਬਦਲੇ ਵਿੱਚ ਪੰਜਾਬ ਸਰਕਾਰ ਸਬਸਿਡੀ ਦੀ ਰਾਸ਼ੀ ਨਹੀਂ ਦੇ ਰਹੀ ਹੈ। ਪੰਜਾਬ ਸਰਕਾਰ ਵੱਲ ਇਨ੍ਹਾਂ ਸਬਸਿਡੀਆਂ ਦੇ ਤਕਰੀਬਨ 80 ਕਰੋੜ ਰੁਪਏ ਖੜ੍ਹੇ ਹਨ।  ਪੀ.ਆਰ.ਟੀ.ਸੀ. ਹੁਣ ਆਪਣੇ ਰੋਜ਼ ਮਰ੍ਹਾ ਦੇ ਕੰਮਾਂ ਖਾਤਰ ਵੀ ਕਰਜ਼ਾ ਚੁੱਕ ਰਹੀ ਹੈ। ਪੀ.ਆਰ.ਟੀ.ਸੀ. ਨੇ ਹਾਲ ਹੀ ਵਿੱਚ ਬਠਿੰਡਾ ਦਾ ਬੱਸ ਅੱਡਾ ਤੇ ਵਰਕਸ਼ਾਪ ਗਿਰਵੀ ਕਰ ਦਿੱਤੀ ਹੈ। ਪੀ.ਆਰ.ਟੀ.ਸੀ. ਨੇ ਕੁਝ ਅਰਸਾ ਪਹਿਲਾਂ ਸਟੇਟ ਬੈਂਕ ਆਫ ਪਟਿਆਲਾ ਕੋਲ ਬਠਿੰਡਾ ਦਾ ਬੱਸ ਅੱਡਾ ਗਿਰਵੀ ਕਰਕੇ ਤਕਰੀਬਨ 49 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ। ਉਸ ਮਗਰੋਂ ਇਸ ਬੈਂਕ ਤੋਂ 10 ਕਰੋੜ ਰੁਪਏ ਦੀ ਲਿਮਟ ਵੀ ਬਣਵਾਈ ਸੀ। ਹੁਣ ਪੀ.ਆਰ.ਟੀ.ਸੀ. ਨੇ 15 ਕਰੋੜ ਰੁਪਏ  ਦੀ ਲਿਮਟ ਇਸ ਬੱਸ ਅੱਡੇ ਦੀ ਬਾਕੀ ਜ਼ਮੀਨ ਨੂੰ ਗਿਰਵੀ ਰੱਖ ਕੇ ਬਣਵਾਈ ਹੈ।    
                    ਪੀ.ਆਰ.ਟੀ.ਸੀ. ਵੱਲੋਂ ਆਰ.ਟੀ.ਆਈ. ਤਹਿਤ ਦਿੱਤੀ ਗਈ ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਨੇ ਸਟੇਟ ਬੈਂਕ ਆਫ ਪਟਿਆਲਾ ਤੋਂ 65.50 ਕਰੋੜ ਰੁਪਏ ਦੇ ਲੋਨ ਲੈਣ ਲਈ ਬਠਿੰਡਾ ਦੇ ਬੱਸ ਅੱਡੇ ਦੀ ਜ਼ਮੀਨ ਸਮੂਹਿਕ ਸਕਿਊਰਿਟੀ ਵਜੋਂ ਗਿਰਵੀ ਕੀਤੀ ਹੈ। ਇਸ ਜ਼ਮੀਨ ਦੀ ਬਾਜ਼ਾਰੂ ਕੀਮਤ 68 ਕਰੋੜ ਰੁਪਏ ਪਾਈ ਗਈ ਹੈ। ਬਠਿੰਡਾ ਦਾ ਬੱਸ ਅੱਡਾ ਅਤੇ ਵਰਕਸ਼ਾਪ ਤਕਰੀਬਨ 12 ਏਕੜ ਵਿੱਚ  ਹਨ। ਜਦੋਂ ਅਕਾਲੀ-ਭਾਜਪਾ ਗੱਠਜੋੜ ਸੱਤਾ ਵਿੱਚ ਆਇਆ ਸੀ ਤਾਂ ਸਭ ਤੋਂ ਪਹਿਲਾਂ ਪੀ.ਆਰ.ਟੀ.ਸੀ. ਨੇ ਫਗਵਾੜਾ ਬੱਸ ਅੱਡੇ ਨੂੰ ਕਰਜ਼ੇ ਖਾਤਰ ਗਿਰਵੀ ਰੱਖਿਆ ਸੀ। ਇਸ ਬੱਸ ਅੱਡੇ ਦੀ ਜਗ੍ਹਾ ਗਿਰਵੀ ਕਰਕੇ ਸਾਲ 2007-08 ਵਿੱਚ 1.22 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਇਸੇ ਤਰ੍ਹਾਂ ਦੋ ਕਰੋੜ ਰੁਪਏ ਦਾ ਹੋਰ ਕਰਜ਼ਾ ਇਸੇ ਬੱਸ ਅੱਡੇ ਦੀ ਜ਼ਮੀਨ ਗਿਰਵੀ ਕਰਕੇ ਲਿਆ ਗਿਆ ਸੀ। ਇਸ ਕਰਜ਼ੇ ਵਿੱਚੋਂ ਕਾਫੀ ਲੋਨ ਉਤਾਰ ਵੀ ਦਿੱਤਾ ਗਿਆ ਹੈ। ਮੂਨਕ ਬੱਸ ਅੱਡਾ ਵੀ ਬੈਂਕ ਕੋਲ ਗਿਰਵੀ ਪਿਆ ਹੈ। ਇਸ ਬੱਸ ਅੱਡੇ 'ਤੇ ਲਏ ਕਰਜ਼ੇ 'ਚੋਂ 31 ਮਾਰਚ, 2012 ਤੱਕ 45.41 ਲੱਖ ਰੁਪਏ ਬਕਾਇਆ ਖੜ੍ਹੇ ਸਨ। ਮੌਜੂਦਾ ਸਥਿਤੀ ਦੇਖੀਏ ਤਾਂ 31 ਮਾਰਚ, 2012 ਤੱਕ ਪੀ.ਆਰ.ਟੀ.ਸੀ. ਸਿਰ ਵਪਾਰਕ ਬੈਂਕਾਂ ਦਾ 46.90 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ। ਪੰਜਾਬ ਸਰਕਾਰ ਵੱਲੋਂ 6 ਵਾਰ ਪੀ.ਆਰ.ਟੀ.ਸੀ. ਨੂੰ ਕਰਜ਼ਾ ਦਿੱਤਾ ਗਿਆ ਹੈ।
                 ਤਕਰੀਬਨ 100 ਕਰੋੜ ਰੁਪਏ ਦਾ ਕਰਜ਼ਾ ਪੀ.ਆਰ.ਟੀ.ਸੀ. ਸਿਰ ਹੈ। ਸਾਲ 2007-08 ਵਿੱਚ ਪੀ.ਆਰ.ਟੀ.ਸੀ. ਸਿਰ 67.60 ਕਰੋੜ ਰੁਪਏ ਦਾ ਕਰਜ਼ਾ ਸੀ। ਵਪਾਰਕ ਬੈਂਕਾਂ ਦਾ ਕਰਜ਼ਾ ਹੁਣ ਦੁੱਗਣਾ ਹੋ ਗਿਆ ਹੈ। ਪੀ.ਆਰ.ਟੀ.ਸੀ. ਨੇ ਦੱਸਿਆ ਹੈ ਕਿ ਨਵੇਂ ਬੱਸ ਅੱਡਿਆਂ ਦੀ ਉਸਾਰੀ ਅਤੇ ਨਵੀਆਂ ਬੱਸਾਂ ਖਰੀਦਣ ਵਾਸਤੇ ਕਰਜ਼ਾ ਚੁੱਕਿਆ ਗਿਆ ਹੈ। ਪੰਜਾਬ ਸਰਕਾਰ ਪੀ.ਆਰ.ਟੀ.ਸੀ. ਨੂੰ ਸਬਸਿਡੀ ਦੇ ਬਕਾਏ ਨਹੀਂ ਦੇ ਰਹੀ ਹੈ ਅਤੇ ਉਲਟਾ ਸਰਕਾਰ ਪੀ.ਆਰ.ਟੀ.ਸੀ. ਨੂੰ 8 ਫੀਸਦੀ ਵਿਆਜ ਦਰ 'ਤੇ ਲੋਨ ਦੇ ਰਹੀ ਹੈ। ਸਰਕਾਰੀ ਲੋਨ ਦਾ ਮੂਲ ਅਤੇ ਵਿਆਜ ਤਾਰਿਆ ਜਾ ਰਿਹਾ ਹੈ ਪਰ ਸਬਸਿਡੀਆਂ ਦੀ ਬਕਾਇਆ ਰਾਸ਼ੀ ਵੱਧ ਰਹੀ ਹੈ। ਸਾਲ 2007-08 ਵਿੱਚ ਪੀ.ਆਰ.ਟੀ.ਸੀ. ਨੇ ਪੰਜਾਬ ਸਰਕਾਰ ਤੋਂ ਮੁਫ਼ਤ ਸਹੂਲਤਾਂ ਬਦਲੇ 10.56 ਕਰੋੜ ਰੁਪਏ ਲੈਣੇ ਸਨ। 31 ਮਾਰਚ, 2012 ਤੱਕ ਇਹ ਰਾਸ਼ੀ ਵੱਧ ਕੇ 80 ਕਰੋੜ ਰੁਪਏ ਹੋ ਗਈ ਸੀ। ਸਾਲ 2008-09 ਸਬਸਿਡੀਆਂ ਦੀ ਰਾਸ਼ੀ ਤਕਰੀਬਨ 22 ਕਰੋੜ ਰੁਪਏ 'ਤੇ ਪੁੱਜ ਗਈ ਸੀ ਜੋ ਕਿ ਸਾਲ 2010-11 ਵਿੱਚ ਵੱਧ ਕੇ 48.71 ਕਰੋੜ ਰੁਪਏ ਹੋ ਗਈ ਸੀ।
                                              ਆਮ ਕੰਮ-ਕਾਰ ਵਾਸਤੇ ਕਰਜ਼ਾ ਲਿਆ: ਐਮ.ਡੀ
ਪੀ.ਆਰ.ਟੀ.ਸੀ. ਦੇ ਐਮ.ਡੀ. ਭੁਪਿੰਦਰ ਸਿੰਘ ਰਾਏ ਨੇ ਕਿਹਾ ਕਿ ਬਠਿੰਡਾ ਦੇ ਬੱਸ ਅੱਡੇ ਦੀ ਜ਼ਮੀਨ 'ਤੇ ਹੁਣ 25 ਕਰੋੜ ਰੁਪਏ ਦੀ ਲਿਮਟ ਬਣਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੇ ਕੰਮ-ਕਾਰ ਵਾਸਤੇ ਇਹ ਕਰਜ਼ਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਬੱਸਾਂ ਖਰੀਦਣ ਵਾਸਤੇ ਪਹਿਲਾਂ ਕਰਜ਼ਾ ਚੁੱਕਿਆ ਗਿਆ ਸੀ, ਜਿਸ 'ਚੋਂ ਕਾਫੀ ਰਾਸ਼ੀ ਵਾਪਸ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਬਸਿਡੀ ਦੀ ਰਾਸ਼ੀ ਲੈਣ ਲਈ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ।

No comments:

Post a Comment