Friday, August 15, 2014

                               ਸਿਟੀ ਆਫ਼ ਲੇਕਸ
           ਵਾਇਆ ਬਠਿੰਡਾ ਹੁਣ ਮਿਹਣਾ ਨਹੀਂ
                                 ਚਰਨਜੀਤ ਭੁੱਲਰ
ਬਠਿੰਡਾ :  ਕੋਈ ਵੇਲਾ ਸੀ ਜਦੋਂ 'ਵਾਇਆ ਬਠਿੰਡਾ' ਮਿਹਣਾ ਦਿੱਤਾ ਜਾਂਦਾ ਸੀ ਪਰ ਹੁਣ ਉਹ ਸਮਾਂ ਨਹੀਂ ਰਿਹਾ ਤੇ ਨਾ ਹੀ ਉਸ ਵਕਤ ਵਿੱਚ ਬੱਝੇ ਲੋਕ ਰਹੇ ਹਨ। ਬਦਲੇ ਹੋਏ ਰੰਗ-ਢੰਗ ਨੇ ਵਾਇਆ ਬਠਿੰਡਾ ਦਾ ਮਿਹਣਾ ਦੇਣ ਵਾਲਿਆਂ ਦੀ ਮੜਕ ਭੰਨ ਦਿੱਤੀ ਹੈ। 'ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਡਾ' ਆਖ ਕੇ ਛੇੜਨ ਵਾਲੇ ਹੁਣ ਜਦੋਂ ਬਠਿੰਡਾ ਦੀ ਜੂਹ ਵਿੱਚ ਵੜਦੇ ਹਨ ਤਾਂ ਉਨ੍ਹਾਂ ਨੂੰ ਮੂੰਹ ਲਕੋਣ ਲਈ ਥਾਂ ਨਹੀਂ ਲੱਭਦੀ। ਮਿਹਣਾ ਦੇਣ ਵਾਲੇ ਕੀ ਜਾਣਨ ਕਿ ਕਸੂਰ ਬਠਿੰਡਾ ਦਾ ਨਹੀਂ, ਉਨ੍ਹਾਂ ਦਾ ਹੈ ਜਿਨ੍ਹਾਂ ਨੇ ਇਸ ਧਰਤੀ ਦੇ ਜਾਇਆਂ ਨੂੰ ਕਿਸੇ ਨਾ ਕਿਸੇ ਜ਼ੰਜੀਰ ਵਿੱਚ ਜਕੜੀ ਰੱਖਿਆ। ਜੁਝਾਰੂ ਹੋਣ ਦਾ ਮੁੱਲ ਇਸ ਖਿੱਤੇ ਨੂੰ ਤਾਰਨਾ ਪਿਆ। ਆਜ਼ਾਦੀ ਤੋਂ ਪਹਿਲਾਂ ਤੇ ਹੁਣ ਤੱਕ ਜੋ ਵੀ ਲੋਕ ਲਹਿਰ ਉੱਠੀ, ਉਸ ਲਹਿਰ ਨੂੰ ਬਠਿੰਡਾ ਜ਼ਿਲ੍ਹੇ ਦੀ ਧਰਤੀ ਨੇ ਸਿੰਜਿਆ। ਪੁਰਾਣਾ ਬਠਿੰਡਾ ਜ਼ਿਲ੍ਹਾ ਤਾਂ ਹਰ ਲਹਿਰ ਦਾ ਗਵਾਹ ਹੈ। ਹਾਕਮਾਂ ਨੇ ਐਸੀ ਸਜ਼ਾ ਦਿੱਤੀ ਕਿ ਬਠਿੰਡਾ ਖਿੱਤੇ ਨੂੰ ਵਿੱਦਿਅਕ ਬਣਵਾਸ ਕੱਟਣਾ ਪਿਆ। ਖ਼ਿੱਤੇ ਦੇ ਲੋਕ ਬੌਧਿਕ ਤੌਰ 'ਤੇ ਜ਼ਰਖ਼ੇਜ਼ ਸਨ ਪ੍ਰੰਤੂ ਹਕੂਮਤ ਨੇ ਮਾਹੌਲ ਨੂੰ ਬੰਜਰ ਬਣਾਈ ਰੱਖਿਆ। ਕਦੇ ਰਿਆਸਤੀ ਗੁਲਾਮੀ ਝੱਲੀ ਤੇ ਕਦੇ ਗੋਰਿਆਂ ਦੇ ਨਖ਼ਰੇ। ਵਡੇਰਿਆਂ ਦੀ ਗੁੜ੍ਹਤੀ ਦਾ ਪ੍ਰਤਾਪ ਹੈ ਕਿ ਪੰਜਾਬ ਭਰ 'ਚੋਂ ਸਭ ਤੋਂ ਜ਼ਿਆਦਾ ਨਾਅਰੇ ਹੁਣ ਵੀ ਬਠਿੰਡਾ ਮਾਨਸਾ ਵਿੱਚ ਹੀ ਗੂੰਜਦੇ ਹਨ। ਪੈਪਸੂ ਮੁਜ਼ਾਰਾ ਲਹਿਰ ਚੱਲੀ ਤਾਂ ਲਾਲ ਪਾਰਟੀ ਦੀ ਅਗਵਾਈ ਵਿੱਚ ਜੰਗੀਰ ਸਿੰਘ ਜੋਗਾ ਤੇ ਧਰਮ ਸਿੰਘ ਫੱਕਰ ਵਰਗੇ ਯੋਧਿਆਂ ਨੇ ਜ਼ਮੀਨੀ ਮਾਲਕੀ ਦੇ ਹੱਕ ਦਿਵਾ ਕੇ ਸਾਹ ਲਿਆ। ਕੂਕਿਆਂ ਤੇ ਗਦਰੀਆਂ ਦੀ ਲਹਿਰ ਦੇ ਪ੍ਰਭਾਵ ਵਾਲਾ ਇਹ ਖਿੱਤਾ ਪਰਜਾ ਮੰਡਲ ਲਹਿਰ ਵਿੱਚ ਵੀ ਬਣਦਾ ਯੋਗਦਾਨ ਪਾਉਂਦਾ ਰਿਹਾ। ਨਕਸਲੀ ਲਹਿਰ ਦੀ ਗਵਾਹ ਵੀ ਇਹ ਧਰਤੀ ਬਣੀ। ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦਾ ਵੀ ਇਹ ਖਿੱਤਾ ਕਿਸੇ ਜ਼ਮਾਨੇ ਵਿੱਚ ਗੜ੍ਹ ਹੁੰਦਾ ਸੀ।ਕਿਸਾਨ ਤੇ ਮਜ਼ਦੂਰ ਲਹਿਰਾਂ ਦਾ ਮੁੱਢ ਬੰਨ੍ਹਣ ਦਾ ਪ੍ਰਤਾਪ ਵੀ ਇਸੇ ਧਰਤੀ ਦਾ ਹੈ।
                    ਲੋਕ ਰਾਜ ਢਾਂਚੇ ਵਿੱਚ ਜਦੋਂ ਵਿੱਦਿਅਕ ਤਰੱਕੀ ਦੇ ਮੌਕੇ ਮਿਲੇ ਤਾਂ ਬਠਿੰਡਾ ਦੇ ਮੱਥੇ 'ਤੇ ਲੱਗਾ ਪਛੜੇ ਹੋਣ ਦਾ ਦਾਗ਼ ਮਿਟਣਾ ਸ਼ੁਰੂ ਹੋ ਗਿਆ। ਵਕਤ ਤਾਂ ਉਹ ਵੀ ਨਹੀਂ ਰਿਹਾ ਜਦੋਂ ਸਰਕਾਰ ਮਾਝੇ-ਦੁਆਬੇ ਦੇ ਮੁਲਾਜ਼ਮਾਂ ਤੇ ਅਫਸਰਾਂ ਨੂੰ ਸਜ਼ਾ ਦੇਣ ਲਈ ਬਦਲੀ ਬਠਿੰਡਾ ਦੀ ਕਰ ਦਿੰਦੀ ਸੀ। ਉਹ ਮੁਲਾਜ਼ਮ ਬਠਿੰਡਾ ਨੂੰ ਕਾਲੇ ਪਾਣੀ ਵਜੋਂ ਦੇਖਦੇ ਸਨ। ਹੁਣ ਬਠਿੰਡਾ ਭਾਗਾਂ ਵਾਲਾ ਬਣ ਗਿਆ ਹੈ। ਮਤਲਬ ਇਹ ਨਹੀਂ ਕਿ ਲੋਕਾਂ ਦੇ ਸੰਕਟ ਕੱਟੇ ਗਏ। ਨਾ ਹੀ ਇਹ ਸਮਝਣਾ ਕਿ ਦੁੱਖ ਤਕਲੀਫ਼ਾਂ ਛੂ ਮੰਤਰ ਹੋ ਗਈਆਂ। ਬਸ ਦਿਨ ਹੀ ਬਦਲੇ ਹਨ। ਆਓ ਦੇਖੀਏ, ਪੁਰਾਣੇ ਤੇ ਨਵੇਂ ਬਠਿੰਡੇ ਦੇ ਰੰਗ। 90 ਵਰ੍ਹਿਆਂ ਦੇ ਬਾਬੇ ਦੀ ਨਜ਼ਰ ਹੁਣ ਕਮਜ਼ੋਰ ਹੋ ਗਈ ਹੈ। ਯਾਦਦਾਸ਼ਤ ਵਰੋਲਿਆਂ ਵਿੱਚ ਘੁੰਮ ਗਈ ਹੈ। ਫਿਰ ਵੀ ਉਸ ਬਾਬੇ ਦੇ ਦਿਲ ਦਿਮਾਗ ਤੋਂ ਪੁਰਾਣੇ ਬਠਿੰਡਾ ਦੇ ਨੈਣ ਨਕਸ਼ ਗੁਆਚੇ ਨਹੀਂ ਹਨ। ਵਲ਼ਦਾਰ ਰੇਤਲਾ ਇਲਾਕਾ ਤੇ ਟਿੱਬਿਆਂ ਦੀ ਧੂੜ, ਅੰਗਰੇਜ਼ਾਂ ਦੀ ਬਖਸ਼ਿਸ਼ ਸੱਤ ਲਾਈਨਾਂ ਵਾਲਾ ਰੇਲਵੇ ਜੰਕਸ਼ਨ, ਛੋਟੇ-ਛੋਟੇ ਬਾਜ਼ਾਰਾਂ 'ਚ ਖੜ੍ਹੀਆਂ ਬਲਦ ਗੱਡੀਆਂ ਤੇ ਬੋਤਿਆਂ ਦੀਆਂ ਲਾਰਾਂ, ਕਈ ਏਕੜਾਂ 'ਚ ਫੈਲਿਆ ਕਿਲ੍ਹਾ ਤੇ ਇਸ ਦੀ ਬੁੱਕਲ 'ਚ ਬਣੇ ਘਰ, ਇਨ੍ਹਾਂ ਘਰਾਂ ਦੀਆਂ ਤੌੜੇ ਤੇ ਟੋਕਣੀਆਂ ਨਾਲ ਪਾਣੀ ਭਰਦੀਆਂ ਸੁਆਣੀਆਂ, ਸ਼ਾਮ ਢਲਦੇ ਤੇ ਸਵੇਰ ਪੈਂਦੇ ਚੱਲਣ ਵਾਲੀਆਂ ਹਨੇਰੀਆਂ, ਲੇਹਾ, ਕਰੀਰ ਤੇ ਮਲ੍ਹੇ-ਝਾੜੀਆਂ, ਕਮਲ, ਜਗਜੀਤ ਤੇ ਰਾਜੇਸ਼ ਵਰਗੀਆਂ ਛੋਟੀਆਂ ਜਿਹੀਆਂ ਟਾਕੀਆਂ, ਪਿਆਰ-ਮੁਹੱਬਤ ਵੰਡਦੇ ਸਿੱਧ ਪੱਧਰੇ ਲੋਕ, ਲੰਡਾ ਸਕੂਲ ਤੇ ਸੱਟਾ ਬਾਜ਼ਾਰ। ਬਾਬੇ ਦੇ ਮਨ ਵਿੱਚ ਅੱਜ ਵੀ ਪੁਰਾਣਾ ਬਠਿੰਡਾ ਤਰੋ-ਤਾਜ਼ਾ ਹੈ। ਜਦੋਂ ਅੱਖਾਂ ਖੋਲ੍ਹਦਾ ਹੈ ਤਾਂ ਸਭ ਕੁਝ ਗੁਆਚਿਆ ਲੱਗਦਾ ਹੈ।
                  ਨੌਜਵਾਨ ਮੁੰਡੇ-ਕੁੜੀਆਂ ਦੀ ਟੋਲੀ ਜਦੋਂ ਇਸ ਬਾਬੇ ਦੇ ਬਠਿੰਡਾ ਨੂੰ ਵਰਤਮਾਨ 'ਚੋਂ ਲੱਭਦੀ ਹੈ ਤਾਂ ਉਨ੍ਹਾਂ ਨੂੰ ਕਿਧਰੇ ਲੰਡਾ ਸਕੂਲ ਨਹੀਂ ਦਿਖਦਾ। ਉਨ੍ਹਾਂ ਨੂੰ ਟਿੱਬੇ ਵੀ ਕਿਧਰੇ ਨਹੀਂ ਦਿਖਦੇ। ਥਰਮਲ ਦੀਆਂ ਚਿਮਨੀਆਂ, ਹਰਿਆਵਲ 'ਚ ਵਸੀ ਛਾਉਣੀ, ਖਾਦਾਂ ਦਾ ਕਾਰਖਾਨਾ ਤੇ ਚਾਰ-ਚੁਫੇਰੇ ਝੀਲਾਂ ਹੀ ਝੀਲਾਂ ਅਤੇ ਇਨ੍ਹਾਂ ਝੀਲਾਂ ਵਿੱਚ ਚੱਲਦੇ ਸ਼ਿਕਾਰੇ ਨਜ਼ਰ ਪੈਂਦੇ ਹਨ। ਜਿਹੜੇ ਕਣਕਵਾਲ ਦੇ ਟਿੱਬੇ ਸੱਪਾਂ ਦੀ ਛਾਉਣੀ ਹੁੰਦੇ ਸਨ, ਉਨ੍ਹਾਂ 'ਤੇ ਬਠਿੰਡਾ ਰਿਫਾਈਨਰੀ ਪੈਲਾਂ ਪਾ ਰਹੀ ਹੈ। ਮਹਾਂਨਗਰਾਂ ਦੀ ਤਰਜ਼ 'ਤੇ ਉਸਰ ਰਹੀਆਂ ਕਲੋਨੀਆਂ ਤੇ ਸ਼ਾਪਿੰਗ ਮਾਲਾਂ ਦੀ ਉਸਾਰੀ। ਚਾਰ-ਚੁਫੇਰੇ ਉਸਰੇ ਓਵਰ ਬਰਿੱਜ। ਬਾਜ਼ਾਰਾਂ ਵਿੱਚ ਲਿਸ਼ਕਦੇ ਪੁਸ਼ਕਦੇ ਬਹੁਕੌਮੀ ਕੰਪਨੀਆਂ ਦੇ ਸ਼ੋਅ ਰੂਮ। ਸ਼ਹਿਰੋ-ਸ਼ਹਿਰ ਹੁੰਦੇ ਹੋਏ ਬਠਿੰਡਾ ਨੇ ਹਾਲੇ ਥਕਾਨ ਮਹਿਸੂਸ ਨਹੀਂ ਕੀਤੀ। ਦਿਨੋ-ਦਿਨ ਕੱਦ ਕਰ ਰਿਹਾ ਬਠਿੰਡਾ ਸਚਮੁੱਚ ਸਿਟੀ ਆਫ਼ ਲੇਕਸ ਜਾਂ ਫਿਰ ਸ਼ਾਰਜਾਹ ਆਫ਼ ਪੰਜਾਬ ਬਣ ਚੱਲਿਆ ਹੈ। ਪੈਨਿਨਸੁਲਾ ਸ਼ਾਪਿੰਗ ਮਾਲ ਨੇ ਇਨ੍ਹਾਂ ਝੀਲਾਂ ਵਿੱਚ ਨਵੀਂ ਤਰੰਗ ਛੇੜੀ ਹੈ। ਕਿਧਰੇ ਦਾਦੀ ਪੋਤੀ ਪਾਰਕ ਤੇ ਕਿਧਰੇ ਜੌਗਿੰਗ ਪਾਰਕ। ਹਵਾਈ ਅੱਡਾ ਤਾਂ ਬਣ ਗਿਆ ਹੈ, ਸਿਰਫ਼ ਜਹਾਜ਼ ਉਡਣੇ ਬਾਕੀ ਹਨ। ਕੇਂਦਰ ਸਰਕਾਰ ਨੇ ਹੁਣ ਸ਼ਤਾਬਦੀ ਟਰੇਨ ਚਲਾਉਣ ਦਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਸਿਆਸੀ ਮੁਫ਼ਾਦ ਨੇ ਬਠਿੰਡਾ ਖਿੱਤੇ ਵਿੱਚ ਤਰੱਕੀ ਦਾ ਜਾਦੂ ਚਲਾਇਆ ਹੈ। ਤਾਹੀਓਂ ਬਠਿੰਡਾ ਦੀ ਧਰਤੀ ਵਿੱਦਿਅਕ ਤੌਰ 'ਤੇ ਜ਼ਰਖੇਜ਼ ਹੋ ਗਈ ਹੈ। ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਅਤੇ ਹੁਣ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਤੋਂ ਇਲਾਵਾ ਆਦੇਸ਼ ਮੈਡੀਕਲ ਯੂਨੀਵਰਸਿਟੀ ਤੇ ਗੁਰੂ ਕਾਂਸ਼ੀ ਯੂਨੀਵਰਸਿਟੀ ਵੀ ਬਠਿੰਡਾ ਦੇ ਨਕਸ਼ੇ 'ਤੇ ਹੈ। ਪਿੰਡ ਘੁੱਦਾ ਦੇ ਟਿੱਬਿਆਂ 'ਤੇ ਯੂਨੀਵਰਸਿਟੀ ਕਾਲਜ ਅਤੇ ਸਪੋਰਟਸ ਕਾਲਜ ਵਰਗੇ ਅਦਾਰੇ ਉਗ ਆਏ ਹਨ। ਕਈ ਆਖ ਦਿੰਦੇ ਹਨ ਕਿ ਹੁਣ ਤਾਂ ਵਿੱਦਿਅਕ ਛਲਾਂਗ ਵੀ ਵਾਇਆ ਬਠਿੰਡਾ ਹੀ ਵੱਜ ਸਕਦੀ ਹੈ।
                   ਮੈਡੀਕਲ ਅਤੇ ਟੈਕਨੀਕਲ ਕੋਚਿੰਗ ਦਾ ਤਾਂ ਬਠਿੰਡਾ ਮੱਕਾ ਬਣ ਗਿਆ ਹੈ। ਨਾਮੀ-ਗਾਮੀ ਕੋਚਿੰਗ ਸੈਂਟਰ ਦਾ ਹੜ੍ਹ ਆਇਆ ਹੋਇਆ ਹੈ। ਲਾਲਟੈਨ ਤੋਂ ਉਦੋਂ ਖਹਿੜਾ ਛੁੱਟਿਆ ਜਦੋਂ ਸਾਲ 1969 'ਚ ਗੁਰੂ ਨਾਨਕ ਥਰਮਲ ਪਲਾਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਨਾਲ ਹੀ ਖਾਦ ਕਾਰਖਾਨਾ ਆ ਗਿਆ। ਛਾਉਣੀ ਆ ਗਈ ਜੋ ਏਸ਼ੀਆ 'ਚੋਂ ਸਭ ਤੋਂ ਵੱਡੀ ਹੈ। ਅੰਗਰੇਜ਼ਾਂ ਨੇ ਨਹਿਰ ਕੱਢ ਕੇ ਖੇਤਾਂ ਦੀ ਪਿਆਸ ਬੁਝਾ ਦਿੱਤੀ। ਏਅਰ ਫੋਰਸ ਦਾ ਹਵਾਈ ਅੱਡਾ, ਤੇਲ ਡਿਪੂ, ਕਾਂਡਲਾ-ਬਠਿੰਡਾ ਤੇਲ ਪਾਈਪ ਲਾਈਨ, ਸੀਮਿੰਟ ਕਾਰਖ਼ਾਨੇ ਆਦਿ ਨੇ ਵਿਕਾਸ ਨੂੰ ਤੇਜ਼ੀ ਨਾਲ ਅੱਗੇ ਤੋਰਿਆ ਹੈ। ਚਿੱਟੀਆਂ ਕਪਾਹ ਦੀਆਂ ਫੁੱਟੀਆਂ 'ਚੋਂ ਕਪਾਹ ਸਨਅਤਾਂ ਫੁੱਟ ਪਈਆਂ ਅਤੇ ਇਨ੍ਹਾਂ ਸਨਅਤਾਂ 'ਚੋਂ ਪੰਜਾਬ ਦੀ ਦੂਸਰੀ ਵੱਡੀ ਬਠਿੰਡਾ ਦੀ ਕੱਪੜਾ ਮਾਰਕੀਟ ਦਾ ਜਨਮ ਹੋਇਆ।ਕ ਪੱਖ ਇਹ ਵੀ ਰਿਹਾ ਕਿ ਤਰੱਕੀ ਦੀ ਲਹਿਰ-ਬਹਿਰ ਨੇ ਬਠਿੰਡਾ ਦੇ ਮੌਲਿਕ ਕਲਚਰ ਦਾ ਲੱਕ ਤੋੜ ਦਿੱਤਾ ਹੈ। ਪੱਛਮੀ ਕਲਚਰ ਨੇ ਬਠਿੰਡਾ ਨੂੰ ਵੀ ਮਹਾਂਨਗਰਾਂ ਦਾ ਪਿਛਲੱਗ ਬਣਾ ਦਿੱਤਾ ਹੈ। ਜੈਂਕੀ ਮੁੰਡੇ ਤੇ ਕੁੜੀਆਂ ਅਤੇ ਵਲ ਵਲਾਵੇਂ ਖਾਂਦੀ ਕਈ ਭਾਂਤਾਂ ਦੀ ਬੋਲੀ। ਕਾਫ਼ੀ ਸੂਬਿਆਂ ਤੋਂ ਇੱਥੇ ਰੁਜ਼ਗਾਰ ਲਈ ਵਸੇ ਲੋਕਾਂ ਦੇ ਕਲਚਰ ਨੇ ਵੀ ਆਪਣੀ ਹੋਂਦ ਦਿਖਾਈ ਹੈ। ਇਸ ਦੇ ਬਾਵਜੂਦ ਬਠਿੰਡਾ ਆਪਣੇ ਮੂਲ ਲਈ ਲੜਾਈ ਲੜ ਰਿਹਾ ਹੈ।
                  ਕਿਸੇ ਵਕਤ ਇਸ ਸ਼ਹਿਰ ਨੇ ਹੀ ਨਾਟਕਕਾਰ ਸਵਰਗੀ ਬਲਵੰਤ ਗਾਰਗੀ, ਹੁਕਮ ਚੰਦ ਖਲੀਲੀ, ਮਹਿੰਦਰ ਸਿੰਘ ਬਾਵਰਾ, ਜਗਦੀਸ਼ ਫਰਿਆਦੀ ਜੇਹੇ ਲੋਕਾਂ ਨੂੰ ਅੱਗੇ ਤੋਰਿਆ ਤੇ ਹੁਣ ਵੀ ਇਸ ਕਾਫਲੇ 'ਚ ਇੱਥੋਂ ਦੀਆਂ ਨਾਟਕ ਮੰਡਲੀਆਂ, ਪੰਜਾਬੀ ਸਾਹਿਤ ਸਭਾ, ਟੋਨੀ ਬਾਤਿਸ ਦੇ ਨੁੱਕੜ ਨਾਟਕ, ਢਾਡੀ ਜਥੇ, ਮਾਲਵਾ ਇਤਿਹਾਸ ਖੋਜ ਕੇਂਦਰ, ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਐਸੋਸੀਏਸ਼ਨ, ਅਤਰੋ-ਚਤਰੋ ਦੀ ਜੋੜੀ ਆਦਿ ਚੱਲ ਰਹੀ ਹੈ। ਰੇਡੀਓ ਸਟੇਸ਼ਨ ਤੇ ਇੱਥੋਂ ਦਾ ਦੂਰਦਰਸ਼ਨ ਕੇਂਦਰ ਵੀ ਇਸ ਕਾਫਲੇ ਦੇ ਅੰਗ-ਸੰਗ ਹੈ। ਸਵਰਗੀ ਪ੍ਰੋ. ਕਰਮ ਸਿੰਘ ਬਠਿੰਡਾ ਵੀ ਮੁਹਾਰ ਫੜ ਕੇ ਚੱਲਣ ਵਾਲਿਆਂ 'ਚੋਂ ਸਨ। ਨਵਾਂ ਸਭਿਆਚਾਰ ਧਾਰਮਿਕ ਇਕਸੁਰਤਾ ਤੇ ਤਿਉਹਾਰਾਂ ਨੂੰ ਸਾਂਝੇ ਤੌਰ 'ਤੇ ਮਨਾਉਣ ਦੀ ਰੀਤ ਨਾਲ ਛੇੜ-ਛਾੜ ਕਰਨ ਵਿੱਚ ਫੇਲ੍ਹ ਰਿਹਾ ਹੈ, ਜਿਸ ਕਰਕੇ ਉਵੇਂ ਹੀ ਲੋਕੀਂ ਅੱਜ ਗੁਰਦੁਆਰਾ ਕਿਲਾ ਮੁਬਾਰਕ, ਹਾਜੀ ਰਤਨ ਗੁਰਦੁਆਰਾ ਆਦਿ ਤੋਂ ਬਿਨਾਂ ਪੁਰਾਣੇ ਸ਼ਿਵ ਮੰਦਰ ਤੋਂ ਕਿੱਕਰ ਬਾਜ਼ਾਰ 'ਚ ਬਣੀ ਮਸਜਿਦ ਵਿੱਚ ਧਾਰਮਿਕ ਭਾਵਨਾਵਾਂ ਸਾਂਝੀਆਂ ਕਰਦੇ ਹਨ।
                                                              ਬਠਿੰਡਾ ਜ਼ਿਲ੍ਹਾ: ਇੱਕ ਝਾਤ
ਬਠਿੰਡਾ ਦੀ ਜ਼ਿਲ੍ਹੇ ਦੇ ਤੌਰ 'ਤੇ ਉਮਰ ਬਹੁਤੀ ਲੰਮੇਰੀ ਨਹੀਂ ਹੈ। 20 ਅਗਸਤ 1948 ਤੋਂ ਪਹਿਲਾਂ ਇਹ ਤਹਿਸੀਲ ਸੀ। ਪੈਪਸੂ ਮਿਹਰਬਾਨ ਹੋਈ,1948 'ਚ ਜ਼ਿਲ੍ਹੇ ਦਾ ਦਰਜਾ ਦੇ ਦਿੱਤਾ। ਜਿਨ੍ਹਾਂ ਕਚਹਿਰੀਆਂ 'ਚ ਬਾਰਸ਼ ਪੈਣ 'ਤੇ ਗੋਡੇ-ਗੋਡੇ ਪਾਣੀ ਖੜ੍ਹ ਜਾਂਦਾ ਹੈ, ਉਹ ਪੈਪਸੂ ਦੇ ਪ੍ਰਬੰਧਕੀ ਸਲਾਹਕਾਰ ਪੀ.ਸੀ. ਰਾਓ ਦੀ ਦੇਣ ਹੈ, ਪਰ ਪਾਣੀ ਨਹੀਂ। ਬਠਿੰਡਾ ਅਤੇ ਮਾਨਸਾ ਪਹਿਲਾਂ ਇੱਕੋ ਜ਼ਿਲ੍ਹਾ ਸੀ, ਬੇਅੰਤ ਸਰਕਾਰ ਨੇ ਬਠਿੰਡਾ 'ਚੋਂ ਮਾਨਸਾ ਨੂੰ ਨਵਾਂ ਜ਼ਿਲ੍ਹਾ ਬਣਾ ਦਿੱਤਾ।ਭੱਟੀ ਰਾਓ ਰਾਜਪੂਤ, ਜੋ 279 ਈਸਵੀ ਵਿੱਚ ਪੰਜਾਬ ਦਾ ਰਾਜਾ ਬਣਿਆ ਤੇ ਉਸ ਨੇ ਮਾਲਵੇ ਦੀ ਰਾਜਧਾਨੀ ਵਜੋਂ ਬਠਿੰਡਾ ਬਣਾਇਆ। ਤਾਹੀਓਂ ਤਾਂ ਕਹਿੰਦੇ ਹਨ ਕਿ ਭੱਟੀਆਂ ਤੋਂ ਭਟਿੰਡਾ ਤੇ ਫਿਰ ਬਣਿਆ ਬਠਿੰਡਾ। 15 ਏਕੜ 'ਚ ਬਣਿਆ ਇਹ ਕਿਲਾ ਕਰੀਬ 1800 ਸਾਲ ਪੁਰਾਣਾ ਹੈ। ਇਸੇ ਕਿਲੇ 'ਚ ਭਾਰਤ ਦੇ ਤਖ਼ਤ 'ਤੇ ਬੈਠਣ ਵਾਲੀ ਪਹਿਲੀ ਇਸਤਰੀ ਰਜ਼ੀਆ ਬੇਗਮ ਕੈਦ ਰਹੀ। ਸੰਮਨ ਬੁਰਜ 'ਚ, ਜਿੱਥੇ ਰਜ਼ੀਆ ਕੈਦ ਰਹੀ, ਉਸ ਦੇ ਚੜ੍ਹਦੇ ਪਾਸੇ ਮੀਨਾ ਬਾਜ਼ਾਰ ਸੀ, ਜੋ ਹੁਣ ਰਿਹਾਇਸ਼ੀ ਖੇਤਰ 'ਚ ਤਬਦੀਲ ਹੋ ਗਿਆ ਹੈ। ਮਿਥ ਸੀ ਕਿ ਬਠਿੰਡਾ ਵਾਲਾ ਦਿਓ ਇੱਥੇ ਕਿਲੇ 'ਚ ਰਹਿੰਦਾ ਸੀ। ਇਹੀ ਕਿਲਾ ਅੱਜ ਭਾਵੇਂ ਟੁੱਟ-ਭੱਜ ਰਿਹਾ ਹੈ ਪਰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਕਿਲੇ ਵਿੱਚ ਫੇਰਾ ਪਾਇਆ ਸੀ।

No comments:

Post a Comment