Wednesday, August 27, 2014

                                                                        ਪੰਜਾਬ ਵਿਚ
                                 ਹਰ ਅਠਾਰਵੇਂ ਪਰਿਵਾਰ ਕੋਲ ਲਾਇਸੈਂਸੀ ਹਥਿਆਰ
                                                                      ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿਚ ਔਸਤਨ ਹਰ ਅਠਾਰਵੇਂ ਪਰਿਵਾਰ ਕੋਲ ਲਾਇਸੈਂਸੀ ਹਥਿਆਰ ਹੈ। ਮੁਲਕ 'ਚੋਂ ਪੰਜਾਬ ਲਾਇਸੈਂਸੀ ਹਥਿਆਰਾਂ ਦੇ ਮਾਮਲੇ ਵਿਚ ਦੂਸਰੇ ਨੰਬਰ 'ਤੇ ਪੁੱਜ ਗਿਆ ਹੈ। ਪਹਿਲਾ ਨੰਬਰ ਉੱਤਰ ਪ੍ਰਦੇਸ਼ ਹੈ, ਜਿਸ ਕੋਲ 11.17 ਲੱਖ ਲਾਇਸੈਂਸੀ ਹਥਿਆਰ ਹਨ। ਪੰਜਾਬ ਵਿਚ ਲਾਇਸੈਂਸੀ ਹਥਿਆਰਾਂ ਦੀ ਗਿਣਤੀ 2.97 ਲੱਖ ਹੈ ਜਦੋਂ ਕਿ ਪੰਜਾਬ ਵਿਚ ਪਰਿਵਾਰਾਂ ਦੀ ਗਿਣਤੀ 55.13 ਲੱਖ ਹੈ। ਇਸ ਹਿਸਾਬ ਨਾਲ ਰਾਜ ਦੇ ਹਰ ਅਠਾਰਵੇਂ ਪਰਿਵਾਰ ਦੇ ਹਿੱਸੇ ਇੱਕ ਲਾਇਸੈਂਸੀ ਹਥਿਆਰ ਆਇਆ ਹੈ। ਪੰਜਾਬ ਵਿਚ ਅਸਲਾ ਲਾਇਸੈਂਸਾਂ ਦੀ ਗਿਣਤੀ ਇਸ ਤੋਂ ਘੱਟ ਹੈ ਪ੍ਰੰਤੂ ਬਹੁਤੇ ਲਾਇਸੈਂਸ ਅਜਿਹੇ ਹਨ, ਜਿਨ੍ਹਾਂ 'ਤੇ ਇੱਕ ਤੋਂ ਜਿਆਦਾ ਹਥਿਆਰ ਚੜ੍ਹੇ ਹੋਏ ਹਨ। ਗ੍ਰਹਿ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ 'ਚੋਂ ਪਹਿਲਾਂ ਨੰਬਰ ਗੁਰਦਾਸਪੁਰ ਜ਼ਿਲ੍ਹੇ ਦਾ ਹੈ, ਜਿਥੇ 35793 ਲਾਇਸੈਂਸੀ ਹਥਿਆਰ ਹਨ ਜਦੋਂ ਕਿ ਦੂਸਰੇ ਨੰਬਰ 'ਤੇ ਜ਼ਿਲ੍ਹਾ ਬਠਿੰਡਾ ਹੈ, ਜਿਥੇ 32452 ਲਾਇਸੈਂਸੀ ਹਥਿਆਰ ਹਨ। ਲੁਧਿਆਣਾ ਵਿਚ 26362, ਜਲੰਧਰ ਵਿਚ 24365 ਅਤੇ ਪਟਿਆਲਾ ਵਿਚ 24309 ਲਾਇਸੈਂਸੀ ਹਥਿਆਰ ਹਨ। ਮਾਲਵਾ ਖ਼ਿੱਤੇ ਵਿਚ ਸਿਆਸੀ ਨੇਤਾਵਾਂ ਵੱਲੋਂ ਲਾਇਸੈਂਸੀ ਹਥਿਆਰਾਂ ਨੂੰ ਕਾਫ਼ੀ ਉਤਸ਼ਾਹਿਤ ਕੀਤਾ ਗਿਆ ਹੈ। ਸਮਾਜਿਕ ਕਾਰਕੁਨ ਲੋਕ ਬੰਧੂ ਦਾ ਕਹਿਣਾ ਸੀ ਕਿ ਬਠਿੰਡਾ ਖ਼ਿੱਤੇ ਵਿਚ ਤਾਂ ਵੋਟ ਸਿਆਸਤ ਲਈ ਅਸਲਾ ਲਾਇਸੈਂਸ ਦਾ 'ਲੌਲੀਪਾਪ' ਦਿੱਤਾ ਜਾਣ ਲੱਗਾ ਹੈ। ਹਾਕਮ ਧਿਰ ਵੱਲੋਂ ਖੁਦ ਅਸਲਾ ਲਾਇਸੈਂਸ ਲੋਕਾਂ ਨੂੰ ਬਣਾ ਕੇ ਦਿੱਤੇ ਜਾ ਰਹੇ ਹਨ।
                     ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਆਬਾਦੀ 2.77 ਕਰੋੜ ਹੈ। ਲਾਇਸੈਂਸੀ ਹਥਿਆਰਾਂ ਦੀ ਗਿਣਤੀ ਦੇ ਹਿਸਾਬ ਨਾਲ ਦੇਖੀਏ ਤਾਂ ਪੰਜਾਬ ਵਿਚ 93 ਵਿਅਕਤੀਆਂ ਪਿੱਛੇ ਇੱਕ ਲਾਇਸੈਂਸੀ ਹਥਿਆਰ ਹੈ। ਨੌਜਵਾਨਾਂ ਜਾਂ ਇੱਕ ਉਪਰਲੇ ਵਰਗ ਵਿਚ 32 ਬੋਰ ਦਾ ਕਾਨਪੁਰੀ ਰਿਵਾਲਵਰ ਹਰਮਨ ਪਿਆਰਾ ਹਥਿਆਰ ਬਣ ਗਿਆ ਹੈ। ਕਾਨਪੁਰ ਦੀ ਅਸਲਾ ਫੈਕਟਰੀ ਵੱਲੋਂ ਦਿੱਤੀ ਸਰਕਾਰੀ ਸੂਚਨਾ ਮੁਤਾਬਕ ਪੰਜਾਬ ਦੇ ਲੋਕਾਂ ਨੇ ਪੰਜ ਵਰ੍ਹਿਆਂ ਵਿਚ ਕਾਨਪੁਰ ਦੀ ਅਸਲਾ ਫੈਕਟਰੀ 'ਚੋਂ 67.60 ਕਰੋੜ ਰੁਪਏ ਦੇ ਰਿਵਾਲਵਰ ਖਰੀਦੇ ਹਨ। ਕਾਨਪੁਰ ਦੇ 32 ਬੋਰ ਰਿਵਾਲਵਰ ਦੀ ਕੀਮਤ ਕਰੀਬ 85 ਹਜ਼ਾਰ ਰੁਪਏ ਹੈ।ਹਥਿਆਰਾਂ ਦੇ ਜਾਣਕਾਰ ਸੁਖਦੇਵ ਸਿੰਘ ਸੁੱਖਾ (ਤਲਵੰਡੀ ਸਾਬੋ) ਦਾ ਪ੍ਰਤੀਕਰਮ ਸੀ ਕਿ ਪੰਜਾਬ ਦੇ ਨੌਜਵਾਨ ਸ਼ੋਹਰਤ ਵਾਸਤੇ ਲਾਇਸੈਂਸੀ ਹਥਿਆਰ ਖਰੀਦ ਰਹੇ ਹਨ ਜਦੋਂ ਕਿ ਰਾਜ ਵਿਚ ਸੁਰੱਖਿਆ ਦੇ ਪੱਖ ਤੋਂ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਆਖਿਆ ਕਿ ਲੋੜ ਤਾਂ ਸਿਰਫ਼ ਵੱਡੇ ਕਾਰੋਬਾਰੀ ਲੋਕਾਂ ਅਤੇ ਢਾਣੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਹੈ ਪ੍ਰੰਤੂ ਮਾਲਵਾ ਪੱਟੀ ਵਿਚ ਹਥਿਆਰ ਹੁਣ ਸਟੇਟਸ ਸਿੰਬਲ ਬਣ ਗਿਆ ਹੈ। ਸੂਤਰ ਦੱਸਦੇ ਹਨ ਕਿ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਤਾਂ ਵੱਡੇ ਨੇਤਾਵਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਹਰ ਮਹੀਨੇ ਬਾਕਾਇਦਾ ਨਵੇਂ ਅਸਲਾ ਲਾਇਸੈਂਸਾਂ ਦੀ ਸੂਚੀ ਭੇਜੀ ਜਾਂਦੀ ਹੈ।
                                                         ਕਲਮਾਂ ਦੀ ਥਾਂ ਹਥਿਆਰ
ਪੰਜਾਬ ਵਿਚ ਸੈਂਕੜੇ ਅਧਿਆਪਕਾਂ ਕੋਲ ਵੀ ਲਾਇਸੈਂਸੀ ਹਥਿਆਰ ਹਨ। ਮੋਗਾ ਜ਼ਿਲ੍ਹੇ ਵਿਚ ਪਿਛਲੇ ਦਿਨੀਂ ਇੱਕ ਸਕੂਲ ਅਧਿਆਪਕ ਤੋਂ ਕੁਝ ਵਿਅਕਤੀ ਉਸ ਦਾ ਲਾਇਸੈਂਸੀ ਹਥਿਆਰ ਖੋਹ ਕੇ ਵੀ ਲੈ ਗਏ ਸਨ। ਬਠਿੰਡਾ ਜ਼ਿਲ੍ਹੇ ਵਿਚ ਕਰੀਬ ਡੇਢ ਦਰਜਨ ਅਧਿਆਪਕਾਂ ਕੋਲ ਲਾਇਸੈਂਸੀ ਹਥਿਆਰ ਹਨ। ਸੂਤਰਾਂ ਨੇ ਦੱਸਿਆ ਕਿ ਕਈ ਨੌਜਵਾਨ ਅਧਿਆਪਕ ਤਾਂ ਸਕੂਲਾਂ ਵਿਚ ਵੀ ਲਾਇਸੈਂਸੀ ਹਥਿਆਰ ਲੈ ਕੇ ਜਾਂਦੇ ਹਨ।

No comments:

Post a Comment