Monday, August 18, 2014

                                             ਜ਼ਿਮਨੀ ਚੋਣ
                   ਤਿਹਾਈ ਕਿਸਾਨੀ  ਨੂੰ ਲੱਗੀਆਂ ਮੌਜਾਂ
                                           ਚਰਨਜੀਤ ਭੁੱਲਰ
ਬਠਿੰਡਾ : ਸਿੰਜਾਈ ਮਹਿਕਮੇ ਨੇ ਹਲਕਾ ਤਲਵੰਡੀ ਸਾਬੋ ਦੇ ਇਸ ਪਿੰਡ ਦੇ ਕਿਸਾਨੀ ਵੋਟ ਬੈਂਕ ਨੂੰ ਖੁਸ਼ ਕਰਨ ਖਾਤਰ ਕੋਟਲਾ ਬਰਾਂਚ ਨਹਿਰ 'ਚੋਂ ਸਿੱਧੀ ਪਾਈਪ  ਪਵਾ ਦਿੱਤੀ ਹੈ। ਜਦੋਂ ਸਰਕਾਰ ਤੋਂ ਹਰੀ ਝੰਡੀ ਮਿਲ ਗਈ ਤਾਂ ਕਿਸਾਨਾਂ ਨੇ ਹੱਥੋ ਹੱਥ ਕੋਟਲਾ ਬਰਾਂਚ ਵਿੱਚ ਮੋਟੀ ਪਾਈਪ ਲਗਾ ਲਈ ਅਤੇ ਇਸ ਨਹਿਰ ਦਾ ਪਾਣੀ ਨਾਲ ਲੱਗਦੇ ਜੋਧਪੁਰ ਰਜਬਾਹੇ ਵਿੱਚ ਪਾ ਲਿਆ ਜਿਥੋਂ ਉਨ੍ਹਾਂ ਦੇ ਖੇਤਾਂ ਨੂੰ ਪਾਣੀ ਜਾਂਦਾ ਹੈ। ਇਕੱਲਾ ਇਹੋ ਨਹੀਂ , ਨਾਲ ਲੱਗਦੇ ਪਿੰਡ ਮਾਹੀਨੰਗਲ ਦੇ ਕਿਸਾਨਾਂ ਲਈ ਇਸੇ ਕੋਟਲਾ ਬਰਾਂਚ 'ਚੋਂ  ਕਥਿਤ ਤੌਰ 'ਤੇ ਗ਼ੈਰ-ਕਾਨੂੰਨੀ ਪਾਈਪ ਲਗਾ ਦਿੱਤੀ ਹੈ। ਕੋਟਲਾ ਬਰਾਂਚ 'ਚੋਂ ਰਾਤ  ਵੇਲੇ ਕਿਸਾਨ ਸਿੱਧੀਆਂ ਪਾਈਪਾਂ ਲਾਉਣ ਲੱਗੇ ਹਨ ਤਾਂ ਜੋ ਜ਼ਿਮਨੀ ਚੋਣ ਦਾ ਲਾਹਾ ਲਿਆ ਜਾ ਸਕੇ। ਇਸ ਪੱਤਰਕਾਰ ਨੇ ਮੌਕੇ 'ਤੇ ਵੇਖਿਆ ਕਿ ਕਿਸਾਨ ਕੋਟਲਾ ਬਰਾਂਚ 'ਚੋਂ ਪਾਈਪ ਲਗਾਉਣ ਮਗਰੋਂ ਜੋਧਪੁਰ ਰਜਵਾਹਾ ਵਿੱਚ ਪਾਣੀ ਪਾਉਣ ਖਾਤਰ ਰਜਵਾਹੇ ਦੀ ਭੰਨ-ਤੋੜ ਕੀਤੀ ਜਾ ਰਹੀ ਸੀ। ਕੱਲ੍ਹ ਕਿਸਾਨਾਂ ਨੇ ਜੇ.ਸੀ.ਬੀ ਮਸ਼ੀਨਾਂ ਲਿਆ ਕੇ ਨਹਿਰ ਤੋਂ ਰਜਵਾਹੇ ਤੱਕ ਕੱਚਾ ਚੌੜਾ ਖਾਲਾ ਪੁੱਟਿਆ ਸੀ। ਮੌਕੇ 'ਤੇ ਅੱਜ ਹਾਜ਼ਰ ਕਿਸਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿੰਡ ਦੋ ਦਿਨ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਆਏ ਸਨ ਜਿਨ੍ਹਾਂ ਕੋਲ ਇੱਕੋ ਮੰਗ ਹੀ ਨਹਿਰੀ ਪਾਣੀ ਵਿੱਚ ਵਾਧੇ ਦੀ ਰੱਖੀ ਗਈ ਸੀ।  ਉਨ੍ਹਾਂ ਨੇ ਮੌਕੇ 'ਤੇ ਹਾਮੀ ਭਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਿੰਡ ਜੋਧਪੁਰ ਰਜਵਾਹੇ ਦੀ ਟੇਲ 'ਤੇ ਪੈਂਦਾ ਹੈ। ਕਰੀਬ 20 ਵਰ੍ਹਿਆਂ ਤੋਂ ਪਾਣੀ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ ਪ੍ਰੰਤੂ ਕਿਸੇ ਨੇ ਨਹੀਂ ਸੁਣੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਵੋਟਾਂ ਹੋਣ ਕਰਕੇ ਫੌਰੀ ਸੁਣਵਾਈ ਹੋ ਗਈ ਹੈ।
                   ਸਿੰਜਾਈ  ਵਿਭਾਗ ਦੇ ਨਿਯਮਾਂ ਅਨੁਸਾਰ ਕੋਟਲਾ ਬਰਾਂਚ 'ਚੋਂ ਮੋਘਾ ਲਗਾ ਕੇ ਪਾਣੀ ਦੇਣ ਦੀ ਪ੍ਰਵਾਨਗੀ ਦੀ ਤਾਕਤ ਤਾਂ ਮੁੱਖ ਇੰਜੀਨੀਅਰ ਕੋਲ ਵੀ ਨਹੀਂ ਹੈ। ਕਰੀਬ ਛੇ ਮਹੀਨੇ ਦੀ ਪ੍ਰਕਿਰਿਆ ਮਗਰੋਂ ਨਵੇਂ ਮੋਘੇ ਆਦਿ ਦੀ ਪ੍ਰਵਾਨਗੀ ਸਿੰਜਾਈ ਵਿਭਾਗ ਦੇ ਸਕੱਤਰ ਵੱਲੋਂ ਸਿੰਜਾਈ ਮੈਨੂਅਲ ਆਰਡਰ ਦੀ ਧਾਰਾ 4.2 ਤਹਿਤ ਦਿੱਤੀ ਜਾਂਦੀ ਹੈ। ਇਵੇਂ ਹੀ ਕੋਟਲਾ ਬਰਾਂਚ 'ਤੇ ਇੱਕ ਪੁਰਾਣਾ ਮੋਘਾ ਨੰਬਰ 406060 ਲੱਗਾ ਹੋਇਆ ਹੈ। ਦੋ ਹਫਤੇ ਪਹਿਲਾਂ ਗ਼ੈਰ-ਕਨੂੰਨੀ ਤੌਰ 'ਤੇ ਇਸ ਪੁਰਾਣੇ ਮੋਘੇ ਨਾਲ ਇੱਕ ਪਾਈਪ ਪਾ ਦਿੱਤੀ ਗਈ ਸੀ। ਅੱਜ ਦੇਖਿਆ ਗਿਆ ਕਿ ਪੁਰਾਣੇ ਮੋਘੇ ਦੇ ਨਾਲ ਇੱਕ ਨਵਾਂ ਮੋਘਾ ਚੱਲ ਰਿਹਾ ਸੀ ਅਤੇ ਮੋਘੇ ਦਾ ਪਾਣੀ ਵਧਾਉਣ ਲਈ ਕੋਟਲਾ ਬਰਾਂਚ ਵਿੱਚ ਬੋਰੀਆਂ ਨਾਲ ਬੰਨ੍ਹ ਮਾਰਿਆ ਹੋਇਆ ਸੀ। ਉਥੇ ਮੌਜੂਦ ਕਿਸਾਨ ਨੇ ਦੱਸਿਆ ਕਿ ਦੋ ਹਫਤੇ ਪਹਿਲਾਂ ਹੀ ਇਹ ਮੋਘਾ ਲਾਇਆ ਹੈ। ਅਹਿਮ ਸੂਤਰਾਂ ਨੇ ਦੱਸਿਆ ਕਿ ਇਹ ਮੋਘਾ ਗ਼ੈਰ-ਕਾਨੂੰਨੀ ਹੈ ਜਿਸ ਦੀ ਵਿਭਾਗ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ। ਇਹ ਮੋਘਾ ਪਿੰਡ ਮਾਹੀਨੰਗਲ ਦੇ ਕਿਸਾਨਾਂ ਵਾਸਤੇ ਲਗਾਇਆ ਗਿਆ ਹੈ। ਵੇਰਵਿਆਂ ਅਨੁਸਾਰ ਕੋਟਲਾ ਬਰਾਂਚ ਵਿੱਚ ਹਰੀਗੜ੍ਹ ਕੋਲ ਕਰੀਬ 1700 ਕਿਊਸਿਕ ਪਾਣੀ ਹੁੰਦਾ ਹੈ ਅਤੇ ਜੀਵਨ ਸਿੰਘ ਵਾਲਾ ਪਿੰਡ ਦੇ ਕੋਲ ਆ ਕੇ ਇਸ ਪਿੰਡ ਵਿੱਚ 400 ਕਿਊਸਿਕ ਦੇ ਕਰੀਬ ਪਾਣੀ ਚੱਲਦਾ ਹੈ। ਇਸ ਕੋਟਲਾ ਬਰਾਂਚ ਚੋਂ ਹੀ ਪਿੰਡ ਜੋਧਪੁਰ ਲਾਗਿਓਂ ਇੱਕ ਜੋਧਪੁਰ ਰਜਬਾਹਾ ਨਿਕਲਦਾ ਹੈ ਜੋ ਕਿ ਨਹਿਰ ਦੇ ਬਰਾਬਰ ਹੀ ਆਉਂਦਾ ਹੈ। ਅੱਜ ਨਹਿਰ 'ਚੋਂ ਪਾਣੀ ਸਿੱਧਾ ਰਜਵਾਹੇ ਵਿੱਚ ਪਾਇਆ ਗਿਆ ਹੈ। ਕੁਝ ਅਰਸਾ ਪਹਿਲਾਂ ਸਿੰਜਾਈ ਵਿਭਾਗ ਨੇ ਬਾਕਾਇਦਾ ਪ੍ਰਵਾਨਗੀ ਦੇ ਕੇ ਪਿੰਡ ਭਾਗੀਵਾਂਦਰ ਦੇ ਖੇਤਾਂ ਵਾਸਤੇ ਕੋਟਲਾ ਬਰਾਂਚ 'ਚੋਂ ਮੋਘਾ ਲਗਾਇਆ ਸੀ।
                  ਪੁਰਾਣੇ ਮੋਘੇ ਦੀ ਪ੍ਰਵਾਨਗੀ ਦੇ ਖ਼ਿਲਾਫ਼ ਪਿੰਡ ਦੇ ਕਿਸਾਨ ਲਾਭ ਸਿੰਘ ਨੇ ਅਦਾਲਤ ਵਿੱਚ ਕੇਸ ਵੀ ਕੀਤਾ ਹੋਇਆ ਹੈ। ਜੀਵਨ ਸਿੰਘ ਵਾਲਾ ਦੇ ਕਿਸਾਨ ਵੀ ਇਸ ਤਰ੍ਹਾਂ ਦਾ ਪ੍ਰਬੰਧ ਮੰਗਦੇ ਸਨ ਪ੍ਰੰਤੂ ਸਰਕਾਰ ਨੇ ਸੁਣੀ ਨਹੀਂ। ਹੁਣ ਜਦੋਂ ਜ਼ਿਮਨੀ ਚੋਣ ਆ ਗਈ ਤਾਂ ਕਿਸਾਨਾਂ ਨੂੰ  ਸਥਿਤੀ ਦਾ ਲਾਭ ਲੈਣ ਦਾ ਮੌਕਾ ਮਿਲ ਗਿਆ। ਮਾਨਸਾ ਮੰਡਲ ਦੇ ਕਾਰਜਕਾਰੀ ਇੰਜਨੀਅਰ ਬਲਵੀਰ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਪਿੰਡ ਜੀਵਨ ਸਿੰਘ ਵਾਲਾ ਅਤੇ ਨਸੀਬਪੁਰਾ ਦੇ ਸ਼ਰਾਰਤੀ ਅਨਸਰਾਂ ਨੇ ਕੋਟਲਾ ਬਰਾਂਚ ਤੋੜ ਕੇ ਸਿੱਧੀ ਪਾਈਪ ਪਾ ਲਈ ਹੈ। ਅੱਜ ਉਨ੍ਹਾਂ ਨੇ ਖੁਦ ਵੀ ਦੁਪਹਿਰ ਮਗਰੋਂ ਮੌਕਾ ਦੇਖਿਆ। ਉਨ੍ਹਾਂ ਦੱਸਿਆ ਕਿ ਉਹ ਅਜਿਹੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨ ਵਾਸਤੇ ਪੁਲੀਸ ਨੂੰ ਲਿਖ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਸਿੰਜਾਈ ਵਿਭਾਗ ਨੇ ਕਿਸੇ ਨੂੰ ਲਿਖਤੀ ਜਾਂ ਜ਼ੁਬਾਨੀ ਪਾਈਪ ਲਾਉਣ ਦੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ ਜੋ ਪੁਰਾਣੇ ਮੋਘੇ ਕੋਲ ਪਾਈਪ ਪਾਈ ਗਈ ਹੈ, ਉਸ ਬਾਰੇ ਪਤਾ ਨਹੀਂ। ਉਹ ਇਹ ਵੀ ਚੈੱਕ ਕਰਨਗੇ। ਸਿੰਚਾਈ ਮਹਿਕਮੇ ਦੇ ਸਬੰਧਤ ਐਸ.ਡੀ.ਓ. ਗੁਰਸਾਰਗ ਸਿੰਘ ਚਹਿਲ ਦਾ ਕਹਿਣਾ ਸੀ ਕਿ ਹੇਠਲੇ ਸਟਾਫ ਦੀ ਰਿਪੋਰਟ ਮਿਲਣ ਮਗਰੋਂ ਉਨ੍ਹਾਂ ਨੇ ਪੁਲੀਸ ਨੂੰ ਕੇਸ ਦਰਜ ਕਰਨ ਵਾਸਤੇ ਲਿਖ ਦਿੱਤਾ ਹੈ। ਦੂਜੇ ਪਾਸੇ ਥਾਣਾ ਤਲਵੰਡੀ ਸਾਬੋ ਦੇ ਮੁੱਖ ਥਾਣਾ ਅਫਸਰ ਮਨਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਹਿਰ ਮਹਿਕਮੇ ਤਰਫ਼ੋਂ ਅਜਿਹੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ

No comments:

Post a Comment