Sunday, August 17, 2014

                              ਵੇਖਿਆ ਤੇਰਾ ਬਠਿੰਡਾ
                     ਆਹ ਦਿਨ ਵੀ ਵੇਖਣੇ ਸੀ..
                                 ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਵਿੱਚ ਕਿਲੇ ਵਾਲਾ ਦਿਓ ਹੁਣ ਨਹੀਂ ਰਿਹਾ, ਦਿਓ ਕੱਦ ਮੁਸ਼ਕਲਾਂ ਵਰ੍ਹਿਆਂ ਮਗਰੋਂ ਵੀ ਮੌਜੂਦ ਹਨ। ਹਕੂਮਤ ਵਾਲੇ ਦੱਸਦੇ ਹਨ ਕਿ ਬਠਿੰਡਾ ਮਾਨਸਾ ਦੇ ਵਿਕਾਸ 'ਤੇ ਪੰਜ ਵਰ੍ਹਿਆਂ ਵਿੱਚ 3500 ਕਰੋੜ ਰੁਪਏ ਖ਼ਰਚ ਕੀਤੇ ਹਨ। ਏਨੀ ਤਰੱਕੀ ਤੇ ਏਨਾ ਵਿਕਾਸ ਹੈ! ਫਿਰ ਖੇਤਾਂ ਵਿਚਲੇ ਰੁੱਖ ਮੌਤਾਂ ਕਿਉਂ ਵੰਡ ਰਹੇ ਹਨ। ਰੇਲ ਮਾਰਗਾਂ ਤੇ ਖੇਤਾਂ ਦਾ ਰਾਖਾ ਢੇਰੀ ਕਿਉਂ ਹੋ ਰਿਹਾ ਹੈ। ਦੁੱਧ ਮੱਖਣ ਖਾਣ ਵਾਲੇ ਖੇਤਾਂ ਦੇ ਪੁੱਤਾਂ ਨੂੰ ਹੁਣ ਸਲਫਾਸ ਕਿਉਂ ਚੰਗੀ ਲੱਗਣ ਲੱਗੀ ਹੈ। ਪੁੱਤ-ਪੋਤੇ ਹੁਣ ਕਲਾਸ ਰੂਮ ਵਿੱਚ ਬੈਠਣ ਦੀ ਥਾਂ ਸੜਕਾਂ 'ਤੇ ਕਿਉਂ ਬੈਠਦੇ ਹਨ। ਹਰ ਖੇਤੀ ਸ਼ਹੀਦ ਦੀ ਵਿਧਵਾ ਦਾ ਇਹ ਸੁਆਲ ਹੈ। ਕਣਕ-ਝੋਨੇ ਦੇ ਗੇੜ ਵਿੱਚ ਪਈ ਕਿਸਾਨੀ ਨੂੰ ਚੁਰਾਸੀ ਦੇ ਗੇੜ 'ਚੋਂ ਕੱਢਣ ਲਈ ਕੋਈ ਨਹੀਂ ਬਹੁੜਿਆ। ਖੇਤੀ ਦੀ ਮੰਦਹਾਲੀ ਨੇ ਮਜ਼ਦੂਰਾਂ ਨੂੰ ਵੀ ਝੰਬ ਦਿੱਤਾ। ਜ਼ਿੰਦਗੀ ਦੇ ਆਖਰੀ ਮੋੜ 'ਤੇ ਖੜ੍ਹੇ ਬਜ਼ੁਰਗਾਂ ਨੂੰ ਵੀ ਜ਼ਿੰਦਗੀ ਦਾ ਤੋਰਾ ਤੋਰਨ ਲਈ ਮਨਰੇਗਾ ਸਕੀਮ ਦੇ ਬੱਠਲ ਚੁੱਕਣੇ ਪੈ ਰਹੇ ਹਨ। ਕਿੰਨਾ ਸਮਾਂ ਇੱਥੋਂ ਦੇ ਲੋਕ ਬੁਢਾਪਾ ਪੈਨਸ਼ਨਾਂ ਤੇ ਸ਼ਗਨ ਸਕੀਮਾਂ ਦੀ ਉਡੀਕ ਕਰਦੇ ਰਹਿਣਗੇ। ਲੋਕ ਆਖਦੇ ਹਨ ਕਿ ਦੁੱਖਾਂ ਦੀ ਜੜ੍ਹ ਕੱਟ ਦਿਓ। ਨੇਤਾ ਆਖਦੇ ਹਨ ਕਿ ਜੜ੍ਹ ਕੱਟੀ ਤਾਂ ਉਨ੍ਹਾਂ ਦੀ ਖੁਦ ਦੀ ਜੜ੍ਹ ਉਖੜ ਜਾਏਗੀ। ਪੰਜਾਬ ਸਰਕਾਰ ਨੇ ਬਠਿੰਡਾ ਵਿੱਚ ਅਕਾਲੀ ਦਲ ਅਤੇ ਭਾਜਪਾ ਨੂੰ ਰਾਤੋ-ਰਾਤ ਦਫ਼ਤਰ ਬਣਾਉਣ ਵਾਸਤੇ ਸਸਤੇ ਭਾਅ ਵਿੱਚ ਜਗ੍ਹਾ ਦੇ ਦਿੱਤੀ, ਨਾਲ ਦੀ ਨਾਲ ਕਬਜ਼ਾ ਵੀ ਦੇ ਦਿੱਤਾ। ਮਜ਼ਦੂਰਾਂ ਨੂੰ ਅਲਾਟ ਕੀਤੇ ਪੰਜ-ਪੰਜ ਮਰਲੇ ਦੇ ਪਲਾਟ ਡੇਢ ਦਹਾਕੇ ਮਗਰੋਂ ਵੀ ਨਹੀਂ ਮਿਲੇ ਹਨ।
                   ਜਗਮਗ ਕਰਦੇ ਬਠਿੰਡਾ ਦੇ ਪਿੱਛੇ ਕਈ ਹੋਰ ਚਿਹਰੇ ਹਨ, ਜਿਨ੍ਹਾਂ ਦੀ ਜ਼ਿੰਦਗੀ ਦੇ ਚਰਾਗ ਬੁਝ ਗਏ ਹਨ। ਜਵਾਨੀ ਨੂੰ ਬਰਕਤਾਂ ਵੰਡਣ ਦੀ ਥਾਂ ਬਹ-ੁਕੌਮੀ ਕੰਪਨੀਆਂ ਨੇ ਮੋਬਾਈਲ ਵੰਡ ਦਿੱਤੇ ਹਨ। ਤਾਹੀਓਂ ਪਿੰਡਾਂ 'ਚੋਂ ਹੁਣ ਦਵਾ ਮਿਲਣੀ ਔਖੀ ਹੈ, ਮੋਬਾਈਲ ਸਿਮ ਅਤੇ ਰੀਚਾਰਜ ਕੂਪਨ ਘਰ ਗਲੀ 'ਚੋਂ ਮਿਲ ਜਾਂਦਾ ਹੈ। ਵੋਟਾਂ ਵਾਲੇ ਇਸ ਤਾਣੇ-ਬਾਣੇ ਤੋ ਖੁਸ਼ ਹਨ। ਕੋਈ ਭੁੱਲਿਆ ਨਹੀਂ, ਵੋਟਾਂ ਦੇ ਦਿਨਾਂ ਵਿੱਚ ਵਿਹੜਿਆਂ ਵਿੱਚ ਹੂਟਰ ਵੱਜਦੇ ਹਨ। ਮੁੜ ਪੰਜ ਸਾਲ ਤਾਂ ਨੇਤਾ ਤਾਂ ਦੂਰ ਦੀ ਗੱਲ, ਟੂਟੀਆਂ ਵਿੱਚ ਪਾਣੀ ਵੀ ਨਹੀਂ ਆਉਂਦਾ। ਪੇਂਡੂ ਬਠਿੰਡਾ ਤਾਂ ਅਲਾਮਤਾਂ ਦੇ ਢੇਰ 'ਤੇ ਬੈਠਾ ਹੈ। ਨੌਜਵਾਨ ਰੁਜ਼ਗਾਰ ਮੰਗਦੇ ਹਨ ਤੇ ਨੇਤਾ ਉਨ੍ਹਾਂ ਨੂੰ ਆਖਦੇ ਹਨ, ਨੌਕਰੀ ਤਾਂ ਹੈ ਨਹੀਂ, ਅਸਲਾ ਲਾਇਸੈਂਸ ਲੈ ਲਓ। ਟੈਂਕੀਆਂ 'ਤੇ ਚੜ੍ਹਨਾ ਸ਼ੌਕ ਨਹੀਂ ਹੁੰਦਾ। ਬਠਿੰਡਾ ਦੇ ਰੁਜ਼ਗਾਰ ਦਫ਼ਤਰ ਦੇ ਵੀ ਹੁਣ ਦਿਨ ਪੁੱਗ ਗਏ ਹਨ। ਇਸ ਰੁਜ਼ਗਾਰ ਦਫ਼ਤਰ ਨੂੰ ਹੁਣ ਤਾਲਾ ਲੱਗਣਾ ਹੀ ਬਾਕੀ ਹੈ। ਬਠਿੰਡਾ ਦੇ ਕਿਸੇ ਪਿੰਡ ਚਲੇ ਜਾਓ, ਪਾਣੀ ਮਿਲੇ ਜਾ ਨਾ ਮਿਲੇ, ਪਰ ਠੰਢੀ ਬੀਅਰ ਜ਼ਰੂਰ ਮਿਲਣ ਲੱਗੀ ਹੈ। ਇਸ ਨੂੰ ਤਰੱਕੀ ਆਖਿਆ ਜਾ ਰਿਹਾ ਹੈ। ਮੁੱਖ ਸੜਕਾਂ 'ਤੇ ਪੈਂਦੇ ਠੇਕਿਆਂ 'ਤੇ ਦੀਪਮਾਲਾ ਦੂਰੋਂ ਦਿਖਦੀ ਹੈ। ਹਨੇਰਿਆਂ ਵਿੱਚ ਡੁੱਬੇ ਸਕੂਲ ਰਾਤ ਨੂੰ ਚੋਰਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਪੁਲੀਸ ਨੂੰ ਮਹਿਲਾਵਾਂ ਦਾ ਫ਼ਿਕਰ ਨਹੀਂ, ਜਿਨ੍ਹਾਂ ਦੀ ਨਿੱਤ ਸਨੈਚਿੰਗ ਹੋ ਰਹੀ ਹੈ। ਉਸ ਵੱਡੇ ਘਰਾਣੇ ਦੀ ਪ੍ਰਾਈਵੇਟ ਵਰਕਸ਼ਾਪ ਦਾ ਝੋਰਾ ਹੈ, ਜਿਸ ਦੀ ਰਾਖੀ ਲਈ ਦਰਜਨਾਂ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ।
                ਤਨਖਾਹ ਤਾਂ ਸਰਕਾਰੀ ਖ਼ਜ਼ਾਨੇ 'ਚੋਂ ਲੈਂਦੇ ਹਨ ਪ੍ਰੰਤੂ ਬਹੁਤੇ ਪੁਲੀਸ ਮੁਲਾਜ਼ਮ ਚਾਕਰੀ ਅਫਸਰਾਂ ਤੇ ਲੀਡਰਾਂ ਦੀ ਕਰਦੇ ਹਨ। ਆਮ ਲੋਕਾਂ ਦੇ ਬੱਚਿਆਂ ਦੀ ਜ਼ਿੰਦ ਮਹਿਫ਼ੂਜ਼ ਨਹੀਂ ਪ੍ਰੰਤੂ ਪੁਲੀਸ ਨੂੰ ਫ਼ਿਕਰ ਕੇਵਲ ਵੱਡਿਆਂ ਦੇ ਬੱਚਿਆਂ ਦਾ ਹੈ। ਜ਼ਿਲ੍ਹਾ ਪੁਲੀਸ ਲਾਈਨ ਬਠਿੰਡਾ ਦਾ ਰਿਕਾਰਡ ਗਵਾਹ ਹੈ ਕਿ ਕਰੀਬ ਇੱਕ ਸੌ ਮੁਲਾਜ਼ਮ ਦੋ ਨੰਬਰ ਵਿੱਚ ਹੀ ਅਫਸਰਾਂ ਤੇ ਲੀਡਰਾਂ ਨਾਲ ਤਾਇਨਾਤ ਹਨ। ਬਠਿੰਡਾ ਪੱਟੀ 'ਚ ਤਾਂ ਹੁਣ ਪਸ਼ੂਆਂ ਨੂੰ ਵੀ ਕੈਂਸਰ ਦੀ ਬਿਮਾਰੀ ਨੇ ਲਪੇਟ ਵਿੱਚ ਲੈ ਲਿਆ ਹੈ। ਟੇਢੀ ਨਜ਼ਰ ਵਾਲਿਆਂ ਨੂੰ ਤਾਂ ਹੁਣ ਕੈਂਸਰ ਮਰੀਜ਼ਾਂ 'ਚੋਂ ਵੀ ਵੋਟ ਹੀ ਦਿਖਦੀ ਹੈ। ਅਹਿਸਾਸ ਹੁੰਦਾ ਤਾਂ ਉਹ ਕੈਂਸਰ ਨੂੰ ਪੈਦਾ ਹੋਣ ਤੋਂ ਹੀ ਰੋਕਣ ਦੇ ਯਤਨ ਕਰਦੇ। ਕੈਂਸਰ ਦੀ ਮਾਰ ਝੱਲਣ ਵਾਲੇ ਬਹੁਤੇ ਪਰਿਵਾਰਾਂ ਕੋਲ ਤਾਂ ਸਿਵਾਏ ਅਰਦਾਸ ਤੋਂ ਕੋਈ ਚਾਰਾ ਨਹੀਂ ਹੁੰਦਾ ਹੈ। ਜੋ ਕੈਂਸਰ ਦੀ ਮਾਰ ਬਚ ਗਏ, ਉਨ੍ਹਾਂ ਘਰਾਂ 'ਤੇ ਨਸ਼ਿਆਂ ਨੇ ਹੱਲਾ ਬੋਲ ਦਿੱਤਾ ਹੈ। ਹੱਲੇ-ਗੁੱਲਿਆਂ ਵੇਲੇ ਸੁਰਤ ਸੰਭਾਲਣ ਵਾਲੇ ਹੁਣ ਜ਼ਿੰਦਗੀ ਦੇ ਆਖਰੀ ਮੀਲ ਪੱਥਰ ਤੱਕ ਪੁੱਜ ਗਏ ਹਨ ਜੋ ਆਖ ਰਹੇ ਹਨ, ਆਹ ਦਿਨ ਵੀ ਵੇਖਣੇ ਸੀ। ਲੋਕ-ਪੱਖੀ ਤਰੱਕੀ ਹੁੰਦੀ ਤਾਂ ਬਠਿੰਡਾ ਦੇ ਨੌਜਵਾਨਾਂ ਨੂੰ ਇਰਾਕ-ਇਰਾਨ ਦੇ ਰਾਹ ਵੱਲ ਨਾ ਤੱਕਣਾ ਪੈਂਦਾ। ਸੱਚਮੁੱਚ ਇਹ ਵਿਕਾਸ ਹੁੰਦਾ ਤਾਂ ਮੁਲਾਜ਼ਮਾਂ ਨੂੰ ਤਨਖਾਹ ਲੈਣ ਖ਼ਾਤਰ ਵੀ ਜੇਲ੍ਹੀਂ ਨਾ ਜਾਣਾ ਪੈਂਦਾ। ਖ਼ਜ਼ਾਨੇ ਭਰਪੂਰ ਹੁੰਦੇ ਤਾਂ ਬਠਿੰਡਾ ਦੇ ਪੁਰਾਣੇ ਹਸਪਤਾਲ ਵਾਲੀ ਸਰਕਾਰੀ ਜ਼ਮੀਨ ਵੇਚਣੀ ਨਾ ਪੈਂਦੀ। ਕਿਸਾਨਾਂ ਦੀ ਕਰਜ਼ ਵਿੱਚ ਪੂਰੀ ਦੀ ਪੂਰੀ ਜ਼ਮੀਨ ਨਾ ਵਿਕਦੀ ਤਾਂ ਅੱਜ ਉਨ੍ਹਾਂ ਨੂੰ ਬਠਿੰਡਾ ਦੇ ਲੇਬਰ ਚੌਂਕ ਵਿੱਚ ਨਾ ਖੜ੍ਹਨਾ ਪੈਂਦਾ।
                 ਲੇਬਰ ਚੌਂਕ ਦੇ ਮਜ਼ਦੂਰਾਂ ਨੂੰ ਅੱਜ ਵੀ ਬਿਨਾਂ ਛੱਤ ਤੋਂ ਖੜ੍ਹਨਾ ਪੈ ਰਿਹਾ ਹੈ। ਪਾਵਰਕੌਮ ਬਠਿੰਡਾ ਵਿੱਚ ਵੀ.ਆਈ.ਪੀ. ਲੋਕਾਂ ਖ਼ਾਤਰ ਛੇ ਕਰੋੜ ਰੁਪਏ ਲਾ ਕੇ ਗੈਸਟ ਹਾਊਸ ਨੂੰ ਰੈਨੋਵੇਟ ਕਰ ਰਿਹਾ ਹੈ। ਬਠਿੰਡਾ ਵਾਲੇ ਉਦੋਂ ਤਰੱਕੀ 'ਤੇ ਯਕੀਨ ਕਰਨਗੇ ਜਦੋਂ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਖ਼ਾਤਰ ਰਾਤਾਂ ਨੂੰ ਜਾਗਣਾ ਨਾ ਪਿਆ। ਭਰੋਸਾ ਉਦੋਂ ਬੱਝੇਗਾ ਜਦੋਂ ਮੀਂਹ ਪੈਣ ਮਗਰੋਂ ਬਠਿੰਡੇ ਵਿੱਚ ਕਿਸ਼ਤੀਆਂ ਚੱਲਣੋਂ ਬੰਦ ਹੋ ਗਈਆਂ। ਵਿਸ਼ਵਾਸ ਉਦੋਂ ਜਾਗੇਗਾ ਜਦੋਂ ਪੇਂਡੂ ਸਿਹਤ ਕੇਂਦਰਾਂ ਵਿੱਚ ਡਾਕਟਰ ਤੇ ਦਵਾਈ ਦੋਵੇਂ ਹੋਣਗੇ। ਜਦੋਂ ਲੋਕ ਇਲਾਜ ਖੁਣੋਂ ਮਰਨੋਂ ਬਚ ਗਏ, ਉਦੋਂ ਅਹਿਸਾਸ ਹੋਵੇਗਾ ਕਿ ਲੋਕ ਰਾਜ ਵਿੱਚ ਅਸਲ ਰਾਜੇ ਉਹ ਹਨ ਤੇ ਰਾਜ ਕਰਨ ਵਾਲੇ ਸੇਵਕ।ਪੰਜਾਬ-ਹਰਿਆਣਾ ਦੀ ਸੀਮਾ 'ਤੇ ਪੈਂਦੇ ਬਹੁਤੇ ਪੰਜਾਬ ਦੇ ਪਿੰਡਾਂ ਦੇ ਲੋਕ ਇਲਾਜ ਖ਼ਾਤਰ ਹਰਿਆਣਾ ਵਿੱਚ ਜਾਂਦੇ ਹਨ। ਬਠਿੰਡਾ ਖ਼ਿੱਤੇ ਦੇ ਲੋਕ ਮੁਫ਼ਤ ਦਾ ਆਟਾ-ਦਾਲ ਨਹੀਂ ਮੰਗਦੇ, ਉਹ ਤਾਂ ਅਜਿਹੇ ਹਾਲਾਤ ਮੰਗਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਆਟਾ-ਦਾਲ ਦੀ ਕੋਈ ਝਾਕ ਹੀ ਨਾ ਰਹੇ। ਵੋਟਾਂ ਦੀ ਝਾਕ ਕਰਨ ਵਾਲੇ ਏਨੀ ਛੇਤੀ ਮੰਨਣ ਵਾਲੇ ਨਹੀਂ। ਮੰਨਣ ਵਾਲੇ ਹੁੰਦੇ ਤਾਂ ਵਜ਼ੀਰਾਂ ਦੇ ਅਖ਼ਤਿਆਰੀ ਫੰਡਾਂ ਦਾ ਮੂੰਹ ਤਰਕਸ਼ੀਲਾਂ, ਸਾਹਿਤਕਾਰਾਂ, ਵਿਦਵਾਨਾਂ ਤੇ ਸਰਕਾਰੀ ਸਕੂਲਾਂ, ਕਾਲਜਾਂ ਵੱਲ ਖੁੱਲ੍ਹਦਾ। ਨੇਤਾ ਲੋਕ ਜਾਣਦੇ ਹਨ ਕਿ ਇਨ੍ਹਾਂ ਧਿਰਾਂ ਨੂੰ ਮਜ਼ਬੂਤ ਕਰ ਦਿੱਤਾ ਤਾਂ ਲੋਕਾਂ ਵਿੱਚ ਸਮਾਜਿਕ ਤੇ ਸਿਆਸੀ ਚੇਤਨਾ ਆ ਜਾਵੇਗੀ। ਬਠਿੰਡਾ ਮਾਨਸਾ ਵਿੱਚ ਪੰਜਾਬ ਸਰਕਾਰ ਨੇ ਜ਼ਿਆਦਾ ਫੰਡ ਸ਼ਮਸ਼ਾਨਘਾਟਾਂ ਵਾਸਤੇ ਵੰਡੇ ਹਨ ਜਦੋਂਕਿ ਸਿਹਤ ਕੇਂਦਰਾਂ ਨੂੰ ਬਹੁਤੇ ਫੰਡ ਨਹੀਂ ਮਿਲੇ ਹਨ। ਇੰਝ ਲੱਗਦਾ ਕਿ ਸਰਕਾਰ ਨੂੰ ਇਲਾਜ ਨਾਲੋਂ ਸਿਵਿਆਂ ਦਾ ਫ਼ਿਕਰ ਜ਼ਿਆਦਾ ਹੈ।
                   ਬਠਿੰਡਾ ਤੇ ਮਾਨਸਾ ਸ਼ਹਿਰ ਵਿੱਚ ਟਰੈਫ਼ਿਕ ਦੀ ਵੱਡੀ ਸਮੱਸਿਆ ਹੈ। ਸੜਕ ਹਾਦਸਿਆਂ ਵਿੱਚ ਨਿੱਤ ਲੋਕ ਜਾਨਾਂ ਗੁਆ ਬੈਠਦੇ ਹਨ। ਬਠਿੰਡਾ ਦੀ ਰਿੰਗ ਰੋਡ ਵਰ੍ਹਿਆਂ ਤੋਂ ਅਧੂਰੀ ਪਈ ਹੈ, ਜਿਸ ਕਰਕੇ ਭਾਰੀ ਵਾਹਨ ਸ਼ਹਿਰ ਅੰਦਰੋਂ ਗੁਜ਼ਰਦੇ ਹਨ।  ਏਦਾਂ ਦੇ ਮਾਹੌਲ ਵਿੱਚ ਬਠਿੰਡਾ ਪਿਛਲੇ ਕੁਝ ਅਰਸੇ ਤੋਂ ਸੰਘਰਸ਼ਾਂ ਦੀ ਰਾਜਧਾਨੀ ਵੀ ਬਣ ਗਿਆ ਹੈ। ਉਨ੍ਹਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ। ਕਾਂਗਰਸ ਦੇ ਵਿਧਾਇਕਾਂ ਕੋਲ ਤਾਂ ਇਨ੍ਹਾਂ ਹੱਕ ਮੰਗਣ ਵਾਲੇ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਜੋਗਾ ਵੀ ਸਮਾਂ ਨਹੀਂ ਹੈ। ਸਭ ਇੱਕੋ ਥਾਲ਼ੀ ਦੇ ਚੱਟੇ ਵੱਟੇ ਹਨ।
                                                               ਵਾਅਦੇ ਬਨਾਮ ਵਿਕਾਸ
ਜਦੋਂ ਨਰਿੰਦਰ ਮੋਦੀ (ਪ੍ਰਧਾਨ ਮੰਤਰੀ) ਲੋਕ ਸਭਾ ਚੋਣਾਂ ਮੌਕੇ ਪ੍ਰਚਾਰ ਲਈ ਬਠਿੰਡਾ ਆਏ ਤਾਂ ਉਨ੍ਹਾਂ ਕਪਾਹ ਪੱਟੀ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਉਹ ਚਿੱਟੇ ਸੋਨੇ ਦੀ ਕਦਰ ਪਾ ਦੇਣਗੇ। ਕਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਵੀ ਬਠਿੰਡਾ ਨੂੰ ਟੈਕਸਟਾਈਲ ਸਿਟੀ ਬਣਾਉਣ ਦਾ ਵਾਅਦਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਤੋਂ ਮਗਰੋਂ ਮੌਜੂਦਾ ਸਰਕਾਰ ਨੇ ਇਹੋ ਵਾਅਦਾ ਦੁਹਰਾਇਆ ਹੈ ਪਰ ਫਿਲਹਾਲ ਵਾਅਦਾ ਅਮਲ ਵਿੱਚ ਨਹੀਂ ਆ ਸਕਿਆ। ਸਨਅਤੀ ਗਰੋਥ ਸੈਂਟਰ ਅੱਜ ਵੀ 'ਰੋਹੀ ਬੀਆਬਾਨ' ਲੱਗਦਾ ਹੈ।  ਖੇਤੀ ਆਧਾਰਤ ਸਨਅਤਾਂ ਵੀ ਦਮ ਨਹੀਂ ਭਰ ਸਕੀਆਂ। ਹੁਣ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਤੋਂ ਉਮੀਦ ਜਾਗੀ ਹੈ ਕਿ ਉਹ ਸਨਅਤਕਾਰਾਂ ਦੀ ਬਾਂਹ ਫੜੇਗੀ। ਬਠਿੰਡਾ ਰਿਫਾਈਨਰੀ ਨੇ ਇਸ ਖ਼ਿੱਤੇ ਵਿੱਚ ਸਨਅਤੀਕਰਨ ਦਾ ਜਾਗ ਲਾਇਆ ਹੈ। ਕਪਾਹ ਮਿੱਲਾਂ ਤੋਂ ਇਲਾਵਾ ਚੌਲ ਮਿੱਲਾਂ ਦੀ ਕੋਈ ਕਮੀ ਨਹੀਂ ਹੈ। ਸੀਮਿੰਟ ਫੈਕਟਰੀਆਂ ਨੇ ਵੀ ਹੁਲਾਰਾ ਦਿੱਤਾ ਹੈ। ਕੋਈ ਵੇਲਾ ਸੀ ਜਦੋਂ ਬਠਿੰਡਾ ਖ਼ਿੱਤੇ ਵਿੱਚ ਪ੍ਰਾਪਰਟੀ ਦੇ ਭਾਅ ਅਸਮਾਨੀਂ ਜਾ ਚੜ੍ਹੇ ਸਨ। ਹੁਣ ਪ੍ਰਾਪਰਟੀ ਦੇ ਮੰਦੇ ਨੇ ਸੈਂਕੜੇ ਲੋਕਾਂ ਦੇ ਕਾਰੋਬਾਰਾਂ ਨੂੰ ਢਾਹ ਲਾ ਦਿੱਤੀ ਹੈ। ਕਈ ਪ੍ਰਾਈਵੇਟ ਕਲੋਨੀਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ। ਬਾਵਜੂਦ ਇਸ ਦੇ, ਆਮ ਲੋਕਾਂ ਲਈ ਘਰ ਬਣਾਉਣਾ ਹਾਲੇ ਵੀ ਖਾਲਾ ਜੀ ਦਾ ਵਾੜਾ ਨਹੀਂ। ਬਠਿੰਡਾ ਪ੍ਰਸ਼ਾਸਨ ਨੇ ਪਿੱਛੇ ਜਿਹੇ ਸ਼ਹਿਰ ਵਿੱਚ ਝੁੱਗੀ-ਝੌਂਪੜੀ ਵਾਲੇ ਤਾਂ ਹਟਾ ਦਿੱਤੇ ਪ੍ਰੰਤੂ ਉਨ੍ਹਾਂ ਲਈ ਹੋਰ ਕਿਧਰੇ ਕੋਈ ਪ੍ਰਬੰਧ ਨਹੀਂ ਕੀਤਾ ਹੈ।
                  ਸੈਰਸਪਾਟਾ ਸਨਅਤ ਵੀ ਚਮਕੀ ਹੈ। ਹਾਲੇ ਵੀ ਕੋਸ਼ਿਸ਼ਾਂ ਦੀ ਥੋੜ੍ਹੀ ਕਮੀ ਹੈ, ਨਹੀਂ ਤਾਂ ਬਠਿੰਡਾ ਵਰਗਾ ਅਮੀਰ ਵਿਰਸਾ ਕਿਸ ਕੋਲ ਹੈ। ਹੋਟਲ ਅਤੇ ਸ਼ਾਪਿੰਗ ਮਾਲਜ਼ ਦੀ ਚਮਕ ਵੀ ਵਧੀ ਹੈ। ਐਚ.ਬੀ.ਐਨ. ਗਰੁੱਪ ਵੱਲੋਂ ਝੀਲਾਂ ਤੇ ਪੈਨਿਨਸੁਲਾ ਮਾਲ ਅਤੇ ਮਾਨਸਾ ਰੋਡ 'ਤੇ ਕੰਟਨੀ ਇੰਨ ਹੋਟਲ ਸ਼ੁਰੂ ਕਰ ਦਿੱਤਾ ਗਿਆ ਹੈ। ਬੈਸਟ ਵੈਸਟਨ ਗਰੁੱਪ ਵੱਲੋਂ ਸਟੈਲਾ ਹੋਟਲ ਬਠਿੰਡਾ ਵਿੱਚ ਖੋਲ੍ਹਿਆ ਗਿਆ ਹੈ। ਇਸੇ ਤਰ੍ਹਾਂ ਹੋਰ ਬਹੁਕੌਮੀ ਕੰਪਨੀਆਂ ਨੇ ਆਪਣੇ ਈਟਿੰਗ ਪੁਆਇੰਟ ਖੋਲ੍ਹ ਲਏ ਹਨ। ਪੰਜਾਬ ਸਰਕਾਰ ਵੱਲੋਂ ਡੀਅਰ ਪਾਰਕ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਝੀਲਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਵਿਕਾਸ ਦੀ ਗਤੀ ਪਹਿਲਾਂ ਨਾਲੋਂ ਤੇਜ਼ ਹੈ।

No comments:

Post a Comment