Wednesday, August 20, 2014

                            ਰਾਸ਼ਨ ਤੋ ਇਨਕਾਰ 
                   ਨੀਲੇ ਕਾਰਡ ਜਾਅਲੀ ਨਿਕਲੇ
                                   ਚਰਨਜੀਤ ਭੁੱਲਰ
ਬਠਿੰਡਾ :  ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਅਸੈਂਬਲੀ ਹਲਕਾ ਮੌੜ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੰਡੇ ਨਵੇਂ ਨੀਲੇ ਕਾਰਡ ਜਾਅਲੀ ਨਿਕਲੇ ਹਨ। ਕਰੀਬ ਅੱਧੀ ਦਰਜਨ ਪਿੰਡਾਂ ਦੇ ਗਰੀਬ ਲੋਕ ਮੁੱਖ ਮੰਤਰੀ ਅਤੇ ਖੁਰਾਕ ਸਪਲਾਈ ਮੰਤਰੀ ਦੀ ਤਸਵੀਰ ਵਾਲੇ ਇਹ ਨੀਲੇ ਕਾਰਡ ਹੱਥਾਂ ਵਿੱਚ ਲੈ ਕੇ ਘੁੰਮ ਰਹੇ ਹਨ। ਪਿੰਡਾਂ ਦੇ ਰਾਸ਼ਨ ਡਿਪੂ ਹੋਲਡਰਾਂ ਨੇ ਇਨ੍ਹਾਂ ਨੀਲੇ ਕਾਰਡਾਂ 'ਤੇ ਰਾਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਲਕਾ ਮੌੜ ਦੇ ਰਾਏਖਾਨਾ ਅਤੇ ਮੰਡੀ ਕਲਾਂ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਨੀਲੇ ਕਾਰਡ ਕਾਫ਼ੀ ਵੰਡੇ ਗਏ ਜਿਨ੍ਹਾਂ 'ਤੇ ਨਾ ਦਸਤਖ਼ਤ ਹਨ ਅਤੇ ਨਾ ਹੀ ਕੋਈ ਮੋਹਰ ਲੱਗੀ ਹੋਈ ਹੈ। ਵੇਰਵਿਆਂ ਅਨੁਸਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਵਿਚ ਆਟਾ ਦਾਲ ਸਕੀਮ ਦੇ 98 ਹਜ਼ਾਰ ਨਵੇਂ ਲਾਭਪਾਤਰੀ ਬਣਾਏ ਗਏ ਸਨ ਜਿਨ੍ਹਾਂ ਦਾ ਸਰਵੇ ਜਨਵਰੀ 2014 ਵਿੱਚ ਐਸ.ਡੀ.ਐਮਜ਼ ਵੱਲੋਂ ਕੀਤਾ ਗਿਆ ਸੀ। ਜ਼ਿਲ੍ਹੇ ਵਿੱਚ 1.01 ਲੱਖ ਲਾਭਪਾਤਰੀ ਪੁਰਾਣੇ ਹਨ ਜਦੋਂਕਿ ਨਵੇਂ ਲਾਭਪਾਤਰੀਆਂ ਦੀ ਗਿਣਤੀ ਵਿੱਚ ਬਠਿੰਡਾ ਜ਼ਿਲ੍ਹਾ ਪੂਰੇ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਹੈ। ਨਵੇਂ ਲਾਭਪਾਤਰੀਆਂ ਨੂੰ ਫਰਵਰੀ ਤੋਂ ਮਈ ਮਹੀਨੇ ਤੱਕ ਦਾ ਰਾਸ਼ਨ ਦਿੱਤਾ ਜਾ ਚੁੱਕਾ ਹੈ। ਚੋਣਾਂ ਤੋਂ ਪਹਿਲਾਂ ਰਾਤੋ ਰਾਤ ਨਵੇਂ ਲਾਭਪਾਤਰੀਆਂ ਨੂੰ ਨੀਲੇ ਕਾਰਡ ਵੰਡੇ ਗਏ ਸਨ ਪਰ ਕਈ ਪਿੰਡਾਂ ਦੇ ਲਾਭਪਾਤਰੀਆਂ ਨੂੰ ਵੰਡੇ ਗਏ ਨੀਲੇ ਕਾਰਡ ਜਾਅਲੀ ਨਿਕਲੇ। ਪਿੰਡ ਰਾਏਖਾਨਾ ਦੇ ਕਰੀਬ 40 ਨਵੇਂ ਲਾਭਪਾਤਰੀ ਜਦੋਂ ਰਾਸ਼ਨ ਲੈਣ ਲਈ ਡਿਪੂ ਹੋਲਡਰ ਕੋਲ ਗਏ ਤਾਂ ਉਸ ਨੇ ਇਨ੍ਹਾਂ ਕਾਰਡਾਂ ਨੂੰ ਜਾਅਲੀ ਦੱਸਿਆ।
                ਡਿਪੂ ਹੋਲਡਰ ਬਹਾਦਰ ਖਾਨ ਦਾ ਕਹਿਣਾ ਸੀ ਕਿ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਜੋ ਅਪ੍ਰਵਾਨਿਤ ਸੂਚੀ ਭੇਜੀ ਗਈ ਹੈ, ਉਨ੍ਹਾਂ ਵਿੱਚ ਪਿੰਡ ਦੇ ਇਨ੍ਹਾਂ 40 ਲਾਭਪਾਤਰੀਆਂ ਦਾ ਨਾਮ ਨਹੀਂ ਹੈ। ਨਵੇਂ ਲਾਭਪਾਤਰੀ ਸੁਖਜੀਤ ਸਿੰਘ ਅਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਨੀਲੇ ਕਾਰਡ ਤਾਂ ਦੇ ਦਿੱਤੇ ਪ੍ਰੰਤੂ ਉਨ੍ਹਾਂ ਦਾ ਨਾਮ ਸਰਕਾਰੀ ਸੂਚੀ ਵਿੱਚ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਇਨ੍ਹਾਂ ਨੀਲੇ ਕਾਰਡਾਂ 'ਤੇ ਕੋਈ ਰਾਸ਼ਨ ਨਹੀਂ ਮਿਲ ਰਿਹਾ ਹੈ। ਮੌੜ ਸਬ ਡਿਵੀਜ਼ਨ ਵਿੱਚ ਕਰੀਬ 13 ਹਜ਼ਾਰ ਨਵੇਂ ਲਾਭਪਾਤਰੀ ਆਟਾ ਦਾਲ ਸਕੀਮ ਵਿੱਚ ਸ਼ਾਮਲ ਕੀਤੇ ਗਏ ਸਨ। ਪਿੰਡ ਮੰਡੀ ਕਲਾਂ ਦੇ ਕਰੀਬ 30 ਨਵੇਂ ਲਾਭਪਾਤਰੀ ਅਜਿਹੇ ਹਨ ਜਿਨ੍ਹਾਂ ਦੇ ਨੀਲੇ ਕਾਰਡ ਜਾਅਲੀ ਨਿਕਲੇ ਹਨ। ਇਨ੍ਹਾਂ ਲਾਭਪਾਤਰੀਆਂ ਕੋਲ ਨੀਲੇ ਕਾਰਡ ਮੌਜੂਦ ਹਨ ਪਰ ਸਰਕਾਰੀ ਰਿਕਾਰਡ ਵਿੱਚ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਇਸ ਪਿੰਡ ਨਾਲ ਸਬੰਧਤ ਖੁਰਾਕ ਇੰਸਪੈਕਟਰ ਵਿਕਾਸ ਦਾ ਕਹਿਣਾ ਸੀ ਕਿ ਐਸ.ਡੀ.ਐਮ. ਦਫ਼ਤਰ ਵੱਲੋਂ ਇਹ ਨੀਲੇ ਕਾਰਡ ਗਲਤੀ ਨਾਲ ਵੰਡੇ ਗਏ ਹਨ ਜਿਸ ਕਰਕੇ ਉਨ੍ਹਾਂ ਨੇ ਮਾਮਲਾ ਅਫਸਰਾਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਇਵੇਂ ਹੀ ਪਿੰਡ ਕਮਾਲੂ ਅਤੇ ਸੰਦੋਹਾ ਦੇ ਕਰੀਬ ਡੇਢ ਦਰਜਨ ਨਵੇਂ ਲਾਭਪਾਤਰੀਆਂ ਕੋਲ ਸਿਰਫ਼ ਜਾਅਲੀ ਕਾਰਡ ਹੀ ਬਚੇ ਹਨ ਜਦੋਂ ਕਿ ਉਨ੍ਹਾਂ ਨੂੰ ਇਨ੍ਹਾਂ ਦੇ ਆਧਾਰ 'ਤੇ ਕੋਈ ਰਾਸ਼ਨ ਨਹੀਂ ਮਿਲ ਰਿਹਾ ਹੈ।
               ਪਿੰਡ ਯਾਤਰੀ ਵਿੱਚ ਕਿਸੇ ਵੀ ਨਵੇਂ ਲਾਭਪਾਤਰੀ ਨੂੰ ਅਜੇ ਕਾਰਡ ਨਹੀਂ ਮਿਲਿਆ। ਪਿੰਡ ਬੰਘੇਰ ਚੜ੍ਹਤ ਸਿੰਘ ਕਰੀਬ ਇੱਕ ਦਰਜਨ ਨਵੇਂ ਲਾਭਪਾਤਰੀਆਂ ਦੇ ਨਾਮ ਬਾਅਦ ਵਿੱਚ ਸਰਕਾਰੀ ਸੂਚੀ ਵਿੱਚ ਸ਼ਾਮਲ ਹੋਏ ਹਨ। ਪਿੰਡ ਭਾਈ ਬਖਤੌਰ ਵਿੱਚ ਵੀ ਏਦਾਂ ਹੀ ਹੋਇਆ ਹੈ ਪ੍ਰੰਤੂ ਉਥੇ ਗਲਤ ਨੀਲੇ ਕਾਰਡ ਹਾਲੇ ਵੰਡੇ ਨਹੀਂ ਗਏ ਸਨ।  ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਪ੍ਰਵੀਨ ਵਿੱਜ ਦਾ ਕਹਿਣਾ ਸੀ ਕਿ ਇਕੱਲੇ ਮੌੜ ਹਲਕੇ ਵਿੱਚ ਐਸ.ਡੀ.ਐਮ. ਦਫ਼ਤਰ ਵੱਲੋਂ ਨੀਲੇ ਕਾਰਡ ਵੰਡੇ ਗਏ ਸਨ ਜਦੋਂ ਕਿ ਬਾਕੀ ਥਾਵਾਂ 'ਤੇ ਖੁਰਾਕ ਤੇ ਸਪਲਾਈ ਵਿਭਾਗ ਨੇ ਕਾਰਡ ਵੰਡੇ ਸਨ। ਉਨ੍ਹਾਂ ਆਖਿਆ ਕਿ ਨੀਲੇ ਕਾਰਡ ਜਾਅਲੀ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਸਰਕਾਰ ਵੱਲੋਂ ਨਵੇਂ ਲਾਭਪਾਤਰੀਆਂ ਦੀ ਪ੍ਰਵਾਨਤ ਸੂਚੀ ਅਨੁਸਾਰ ਰਾਸ਼ਨ ਭੇਜ ਰਹੇ ਹਨ। ਜੋ ਸ਼ਿਕਾਇਤਾਂ ਮਿਲੀਆਂ ਹਨ, ਉਨ੍ਹਾਂ ਬਾਰੇ ਉਹ ਪੜਤਾਲ ਕਰਵਾਉਣਗੇ। ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਜੇਕਰ ਅਜਿਹੀ ਸਮੱਸਿਆ ਸਾਹਮਣੇ ਆਈ ਹੈ ਤਾਂ ਉਹ ਜ਼ਿਮਨੀ ਚੋਣਾਂ ਮਗਰੋਂ ਇਨ੍ਹਾਂ ਸਾਰੇ ਨਵੇਂ ਲਾਭਪਾਤਰੀਆਂ ਦੇ ਕਾਰਡ ਠੀਕ ਕਰਾਉਣਗੇ। ਉਨ੍ਹਾਂ ਆਖਿਆ ਕਿ    ਉਹ ਐਸ.ਡੀ.ਐਮ. ਦੀ ਇਨ੍ਹਾਂ ਕਾਰਡਾਂ ਨੂੰ ਠੀਕ ਕਰਾਉਣ ਦੀ ਡਿਊਟੀ ਲਾਉਣਗੇ ਕਿਉਂਕਿ ਇਹ ਸਭ ਯੋਗ ਲਾਭਪਾਤਰੀ ਹਨ

No comments:

Post a Comment