Saturday, August 2, 2014

                                       ਇੱਕ ਰੰਗ ਇਹ ਵੀ
                        ਡੇਰਾ ਮੁਖੀ ਬਣੇ ਫਿਲਮ ਸਟਾਰ              
                                         ਚਰਨਜੀਤ ਭੁੱਲਰ
ਬਠਿੰਡਾ  : ਡੇਰਾ ਸਿਰਸਾ ਦੇ ਮੁਖੀ ਹੁਣ ਫਿਲਮ ਸਟਾਰ ਬਣ ਗਏ ਹਨ ਅਤੇ ਜਲਦੀ ਹੀ ਉਹ ਇੱਕ ਨਵੀਂ ਫਿਲਮ ਵਿਚ ਹੀਰੋ ਵਜੋਂ ਦਿੱਖਣਗੇ। ਰੌਕ ਸਟਾਰ ਬਣਨ ਮਗਰੋਂ ਡੇਰਾ ਮੁਖੀ ਦਾ ਇਹ ਅਗਲਾ ਕਦਮ ਹੈ ਕਿ ਉਹ ਹੁਣ ਫਿਲਮ ਦੇ ਜਰੀਏ ਰੁਹਾਨੀਅਤ ਰੰਗ ਵਿਖੇਰਣਗੇ। ਫਿਲਮ ਦੀ ਐਪੀਸੋਡ ਦੇ ਰੂਪ ਵਿਚ ਸ਼ੂਟਿੰਗ ਚੱਲ ਰਹੀ ਹੈ। ਡੇਰਾ ਮੁਖੀ ਦੱਖਣੀ ਭਾਰਤ ਵਿਚ ਇੱਕ ਮਹੀਨਾ ਸ਼ੂਟਿੰਗ ਕਰਨ ਮਗਰੋਂ ਬੀਤੇ ਕੱਲ ਡੇਰਾ ਸਿਰਸਾ ਵਿਚ ਆਏ ਹਨ। ਡੇਰਾ ਪੈਰੋਕਾਰ ਇਸ ਮਾਮਲੇ ਵਿਚ ਡੇਰਾ ਮੁਖੀ ਨੂੰ ਫਿਲਮ ਸਟਾਰ ਦੇ ਰੂਪ ਵਿਚ ਵੇਖਣ ਲਈ ਕਾਫ਼ੀ ਉਤਾਵਲੇ ਹਨ। ਜਾਣਕਾਰੀ ਅਨੁਸਾਰ ਡੇਰਾ ਮੁਖੀ ਕਰੀਬ ਇੱਕ ਮਹੀਨੇ ਤੋਂ ਮਹਾਰਾਸ਼ਟਰ,ਕਰਨਾਟਕ ਅਤੇ ਕੇਰਲਾ ਵਿਚ ਵੱਖ ਵੱਖ ਲੁਕੇਸ਼ਨਾਂ ਤੇ ਫਿਲਮ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਸਨ। ਫਿਲਮ ਡਾਇਰੈਕਟਰ ਅਤੇ ਸਟੋਰੀ ਰਾਈਟਰ ਵੀ ਕਾਫ਼ੀ ਸਮੇਂ ਤੋਂ ਡੇਰਾ ਮੁਖੀ ਨਾਲ ਫਿਲਮ ਦੇ ਮਾਮਲੇ ਤੇ ਵਿਚਾਰ ਵਟਾਂਦਰਾ ਕਰ ਰਹੇ ਸਨ। ਫਿਲਮ ਦੀ ਸਟੋਰੀ ਲਿਖਣ ਵਾਲਿਆਂ ਨੂੰ ਡੇਰਾ ਮੁਖੀ ਵਲੋਂ ਖੁਦ ਆਈਡਿਆ ਦਿੱਤਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ 16 ਕਿਸ਼ਤਾਂ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਸਤੰਬਰ ਵਿਚ ਫਿਲਮ ਦੀ ਮੁੜ ਸ਼ੂਟਿੰਗ ਹੋਣ ਦੀ ਸੰਭਾਵਨਾ ਹੈ। ਡੇਰਾ ਸਿਰਸਾ ਵਲੋਂ ਅਗਲੇ ਵਰੇ• ਤੇ ਵਿਸ਼ਵ ਭਰ ਵਿਚ ਫਿਲਮ ਰਲੀਜ ਕਰਨ ਦੀ ਯੋਜਨਾ ਹੈ। ਫਿਲਮ ਨੂੰ ਵੱਖ ਵੱਖ ਭਾਗਾਂ ਵਿਚ ਵੰਡਿਆ ਗਿਆ ਹੈ ਅਤੇ ਇਸ ਨੂੰ ਚੈਨਲਾਂ ਤੇ ਵਿਖਾਇਆ ਜਾਣਾ ਹੈ।
                  ਨਵੀਂ ਫਿਲਮ ਦਾ ਹਾਲੇ ਨਾਮ ਨਹੀਂ ਰੱਖਿਆ ਗਿਆ ਹੈ ਅਤੇ ਇਹ ਫਿਲਮ ਸਾਰੀਆਂ ਭਾਸ਼ਾਵਾਂ ਵਿਚ ਬਣੇਗੀ। ਡੇਰਾ ਸਿਰਸਾ ਦੇ ਸਿਆਸੀ ਕਮੇਟੀ ਦੇ ਸੀਨੀਅਰ ਮੈਂਬਰ ਗੁਰਬਾਜ ਸਿੰਘ ਦਾ ਕਹਿਣਾ ਸੀ ਕਿ ਨਵੇਂ ਪੋਚ ਨੂੰ ਰੁਹਾਨੀਅਤ ਦਾ ਰਾਹ ਦਿਖਾਉਣ ਲਈ ਅਤੇ ਆਮ ਲੋਕਾਂ ਨੂੰ ਸਮਾਜ ਸੇਵਾ ਦੀ ਚੇਟਕ ਲਾਉਣ ਲਈ ਇਸ ਫਿਲਮ ਅਤੇ ਸੀਰੀਅਲ ਦਾ ਨਿਰਮਾਣ ਹੋ ਰਿਹਾ ਹੈ। ਉਨ•ਾਂ ਦੱਸਿਆ ਕਿ ਇਹ ਫਿਲਮ ਸਾਰੀਆਂ ਭਾਸ਼ਾਵਾਂ ਵਿਚ ਹੋਵੇਗੀ ਅਤੇ ਇਸ ਫਿਲਮ ਵਿਚ ਡੇਰਾ ਸਿਰਸਾ ਵਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕਾਰਜਾਂ ਨੂੰ ਦਿਖਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਗੁਰੂ ਜੀ ਨੂੰ ਇੱਕ ਪ੍ਰੇਰਨਾ ਸਰੋਤ ਵਜੋਂ ਫਿਲਮ ਵਿਚ ਮੁੱਖ ਭੂਮਿਕਾ ਵਿਚ ਦਿਖਣਗੇ। ਉਨ•ਾਂ ਦੱਸਿਆ ਕਿ ਫਿਲਮ ਦੀ ਰੌਚਿਕ ਕਹਾਣੀ ਹੋਵੇਗੀ ਅਤੇ ਇਸ ਵਿਚ ਰੁਹਾਨੀਅਤ ਦਾ ਪਾਠ ਹੋਵੇਗਾ। ਉਨ•ਾਂ ਆਖਿਆ ਕਿ ਰਾਹ ਤੋਂ ਭਟਕੇ ਲੋਕਾਂ ਨੂੰ ਅਧਿਆਤਮਵਾਦ ਦਾ ਪੱਲਾ ਫੜਾਉਣ ਲਈ ਇਹ ਫਿਲਮ ਵਾਲਾ ਨਵਾਂ ਮੀਡੀਅਮ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ ਫਿਲਮ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਰੌਕ ਸਟਾਰ ਵਜੋਂ ਆਪਣੀ ਐਲਬਮ ਜਾਰੀ ਕਰ ਚੁੱਕੇ ਹਨ। ਡੇਰਾ ਮੁਖੀ ਨੂੰ ਇਸ ਵੇਲੇ ਕਈ ਕੇਸਾਂ ਦਾ ਵੀ ਸਾਹਮਣਾ ਕਰ ਰਹੇ ਹਨ ਅਤੇ ਉਨ•ਾਂ ਖ਼ਿਲਾਫ਼ ਮਈ 2007 ਵਿਚ ਬਠਿੰਡਾ ਵਿਚ ਧਾਰਾ 295 ਏ ਦਾ ਕੇਸ ਵੀ ਦਰਜ ਹੋ ਚੁੱਕਾ ਹੈ। ਇਸੇ ਤਰ•ਾਂ ਡੇਰਾ ਮੁਖੀ ਕਈ ਸੀ.ਬੀ.ਆਈ ਕੇਸਾਂ ਵਿਚ ਵੀ ਉਲਝੇ ਹੋਏ ਹਨ। ਡੇਰਾ ਸਿਰਸਾ ਦਾ ਪਿਛਲੇ ਸਮੇਂ ਵਿਚ ਕਾਫ਼ੀ ਵਿਵਾਦ ਵੀ ਰਿਹਾ ਹੈ।
                ਜਾਣਕਾਰੀ ਅਨੁਸਾਰ ਡੇਰਾ ਮੁਖੀ ਪਿਛਲੇ ਕੁਝ ਅਰਸੇ ਤੋਂ ਨਵੀਂ ਮੀਡੀਅਮ ਨਾਲ ਰੂਹਾਨੀਅਤ ਨੂੰ ਪਰੋਸ ਰਹੇ ਹਨ ਜਿਸ ਦਾ ਇੱਕ ਰੰਗ ਇਹ ਵੀ ਹੈ ਕਿ ਉਹ ਫਿਲਮ ਨਿਰਮਾਣ ਕਰ ਰਹੇ ਹਨ। ਡੇਰਾ ਸਿਰਸਾ ਨਾਲ ਜੁੜੇ ਕਾਫ਼ੀ ਕੈਮਰਾਮੈਨ ਅਤੇ ਫਿਲਮ ਖੇਤਰ ਦੇ ਲੋਕ ਵੀ ਡੇਰਾ ਮੁਖੀ ਦੇ ਇਸ ਪ੍ਰੋਜੈਕਟ ਵਿਚ ਯੋਗਦਾਨ ਪਾ ਰਹੇ ਹਨ। ਡੇਰਾ ਮੁਖੀ ਇਸ ਤੋਂ ਪਹਿਲਾਂ ਕਈ ਭਾਸ਼ਾਵਾਂ ਵਿਚ ਐਲਬਮਾਂ ਰਲੀਜ ਕਰ ਚੁੱਕੇ ਹਨ। ਡੇਰਾ ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਡਾਇਰੈਕਟਰ ਇਸ ਗੱਲੋਂ ਕਾਫ਼ੀ ਪ੍ਰਸੰਸਾ ਵੀ ਕਰ ਰਹੇ ਹਨ ਕਿ ਡੇਰਾ ਮੁਖੀ ਬਤੌਰ ਸਟਾਰ ਕਾਫ਼ੀ ਕਾਬਲੀਅਤ ਰੱਖਦੇ ਹਨ ਅਤੇ ਰੀਟੇਕ ਲੈਣ ਦੀ ਨੌਬਤ ਨਹੀਂ ਆਈ ਹੈ। ਡੇਰਾ ਸਿਰਸਾ ਦੇ ਸੀਨੀਅਰ ਆਗੂ ਰਾਮ ਸਿੰਘ ਜੋ ਕਿ ਸਿਆਸੀ ਵਿੰਗ ਦੇ ਚੇਅਰਮੈਨ ਵੀ ਹਨ, ਨੇ ਦੱਸਿਆ ਕਿ ਗੁਰੂ ਜੀ ਦੀ ਨਵੀਂ ਫਿਲਮ ਵਿਚ ਰੂਹਾਨੀ ਭੂਮਿਕਾ ਹੀ ਦਿਖੇਗੀ ਅਤੇ ਕਾਫ਼ੀ ਸਾਧ ਸੰਗਤ ਵੀ ਫਿਲਮ ਵਿਚ ਦਿਖੇਗੀ। ਉਨ•ਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਕੇਰਲਾ ਅਤੇ ਬੰਗਲੌਰ ਵਿਚ ਵੀ ਹੋਈ ਹੈ। ਉਨ•ਾਂ ਦੱਸਿਆ ਕਿ ਫਿਲਮ ਦਾ ਨਾਮ ਹਾਲੇ ਨਹੀਂ ਰੱਖਿਆ ਗਿਆ ਹੈ। ਉਨ•ਾਂ ਦੱਸਿਆ ਕਿ ਡੇਰਾ ਸਿਰਸਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੇ ਇਹ ਫਿਲਮ ਕੇਂਦਰਿਤ ਹੋਵੇਗੀ। ਪਤਾ ਲੱਗਾ ਹੈ ਕਿ ਅਗਸਤ ਮਹੀਨੇ ਦੌਰਾਨ ਡੇਰਾ ਮੁਖੀ ਸਿਰਸਾ ਵਿਖੇ ਹੀ ਠਹਿਰਨਗੇ ਅਤੇ 3 ਅਗਸਤ ਨੂੰ ਡੇਰੇ ਵਿਚ ਸਤਸੰਗ ਹੋ ਰਹੀ ਹੈ। ਡੇਰਾ ਮੁਖੀ ਨੇ ਡੇਰੇ ਦੇ ਮੁੱਖ ਆਗੂਆਂ ਨਾਲ ਨਵੀਂ ਫਿਲਮ ਦੀ ਚਰਚਾ ਵੀ ਕੀਤੀ ਹੈ। 

No comments:

Post a Comment