Thursday, August 21, 2014

                                           ਹਮ ਬਨੇ, ਤੁਮ ਬਨੇ
                               ਬਸ ਗ੍ਰੀਨ ਕਾਰਡ ਕੇ ਲੀਏ…
                                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਨੌਜਵਾਨ ਹੁਣ ਵਿਦੇਸ਼ ਜਾਣ ਲਈ ਵਿਦੇਸ਼ੀ ਔਰਤਾਂ ਨਾਲ ਵਿਆਹ ਰਚਾ ਰਹੇ ਹਨ। ਬਹੁਤੇ ਨੌਜਵਾਨਾਂ ਨੇ ਤਾਂ ਉਮਰਾਂ ਦਾ ਤਕਾਜ਼ਾ ਵੀ ਨਹੀਂ ਰੱਖਿਆ। ਵੱਡੀ ਉਮਰ ਦੀਆਂ ਗੋਰੀਆਂ ਨਾਲ ਵਿਆਹ ਕਰਾਉਣ ਨੂੰ ਇਹ ਨੌਜਵਾਨ ਆਪਣਾ ਭਾਗ ਸਮਝ ਰਹੇ ਹਨ। ਇਵੇਂ ਹੀ ਕਈ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਵੱਡੀ ਉਮਰ ਦੇ ਗੋਰਿਆਂ ਦੇ ਲੜ ਲਾ ਦਿੱਤਾ ਹੈ। ਮਜਬੂਰੀ ਹੋਵੇ ਜਾਂ ਲਾਲਸਾ, ਇਸ ਤਰ੍ਹਾਂ ਦਾ ਰੁਝਾਨ ਹੁਣ ਜ਼ੋਰ ਫੜ ਗਿਆ ਹੈ। ਡਿਪਟੀ ਕਮਿਸ਼ਨਰਾਂ ਕੋਲ ਸਪੈਸ਼ਲ ਮੈਰਿਜ ਐਕਟ 1954 ਤਹਿਤ, ਜੋ ਵਿਆਹ ਰਜਿਸਟਰਡ ਹੋਏ ਹਨ, ਉਨ੍ਹਾਂ ਵਿਚ ਇਹ ਸੱਚ ਸਾਹਮਣੇ ਆਇਆ ਹੈ। ਸੂਚਨਾ ਅਧਿਕਾਰ ਕਾਨੂੰਨ (ਆਰਟੀਆਈ) ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿੱਚ ਜਨਵਰੀ 2007 ਤੋਂ ਹੁਣ ਤੱਕ ਸੱਤ ਵਿਆਹ ਉਹ ਰਜਿਸਟਰਡ ਹੋਏ ਹਨ, ਜਿਨ੍ਹਾਂ ਵਿੱਚ ਲਾੜੀ ਜਾਂ ਲਾੜਾ ਵਿਦੇਸ਼ੀ ਹੈ। ਬਠਿੰਡਾ ਦੇ ਪਿੰਡ ਬਾਲਿਆਂਵਾਲੀ ਦੇ ਇੱਕ ਨੌਜਵਾਨ ਨੇ ਆਕਲੈਂਡ ਦੀ ਵਸਨੀਕ ਨਾਲ ਲਾਂਵਾਂ ਲੈ ਲਈਆਂ। ਇਸੇ ਤਰ੍ਹਾਂ ਪਿੰਡ ਕੋਠਾ ਗੁਰੂ ਦੇ 24 ਵਰ੍ਹਿਆਂ ਦੇ ਨੌਜਵਾਨ ਨੇ ਸਪੇਨ ਦੀ 28 ਸਾਲਾ ਔਰਤ ਨਾਲ ਵਿਆਹ ਕਰਾ ਲਿਆ ਹੈ। ਇਹ ਸਪੇਨਣ ਤਿੰਨ ਦਫ਼ਾ ਪਿੰਡ ਕੋਠਾ ਗੁਰੂ ਵੀ ਆ ਚੁੱਕੀ ਹੈ। ਬਠਿੰਡਾ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਨਗਰ ਦੇ ਇੱਕ ਨੌਜਵਾਨ ਨੇ ਜਪਾਨ ਦੀ ਲੜਕੀ ਨਾਲ ਅਤੇ ਬੀਬੀ ਵਾਲਾ ਚੌਂਕ ਦੇ ਇੱਕ ਹੋਰ ਨੌਜਵਾਨ ਨੇ ਅਮਰੀਕੀ ਮੇਮ ਨਾਲ ਵਿਆਹ ਰਚਾਇਆ ਹੈ।
                   ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ ਸਾਢੇ ਛੇ ਵਰ੍ਹਿਆਂ ਦੌਰਾਨ 36 ਵਿਆਹ ਰਜਿਸਟਰਡ ਹੋਏ ਹਨ, ਜਿਨ੍ਹਾਂ 'ਚੋਂ ਛੇ ਵਿਆਹਾਂ ਵਿੱਚ ਲਾੜੀ ਜਾਂ ਲਾੜਾ ਵਿਦੇਸ਼ੀ ਮੂਲ ਦੇ ਹਨ। ਮਲੋਟ ਤਹਿਸੀਲ ਦੇ ਇੱਕ ਪਿੰਡ ਦੇ ਮਾਪਿਆਂ ਨੇ ਆਪਣੀ 20 ਵਰ੍ਹਿਆਂ ਦੀ ਧੀ ਦਾ ਵਿਆਹ ਆਸਟਰੀਆ ਦੇ 45 ਸਾਲਾ ਨਾਗਰਿਕ ਨਾਲ ਕੀਤਾ ਹੈ। ਇਹ ਵਿਅਕਤੀ ਪਹਿਲਾਂ ਤਲਾਕਸ਼ੁਦਾ ਹੈ। ਇਵੇਂ ਹੀ ਹਲਕਾ ਲੰਬੀ ਦੇ ਇੱਕ ਪਿੰਡ ਦੇ 30 ਵਰ੍ਹਿਆਂ ਦੇ ਨੌਜਵਾਨ ਨੇ ਕਜ਼ਾਖਸਤਾਨ ਦੀ 46 ਵਰ੍ਹਿਆਂ ਦੀ ਔਰਤ ਨਾਲ ਵਿਆਹ ਕਰਾਇਆ। ਮੁਕਤਸਰ ਸ਼ਹਿਰ ਦੇ 28 ਵਰ੍ਹਿਆਂ ਦੇ ਨੌਜਵਾਨ ਨੇ ਇੰਗਲੈਂਡ ਦੀ ਤਲਾਕਸ਼ੁਦਾ 37 ਵਰ੍ਹਿਆਂ ਦੀ ਗੋਰੀ ਨਾਲ ਵਿਆਹ ਰਜਿਸਟਰ ਕਰਵਾਇਆ। ਉਂਜ, ਕਈ ਅਜਿਹੇ ਅਭਾਗੇ ਵੀ ਹਨ ਜੋ ਵਿਆਹ ਮਗਰੋਂ ਵਿਦੇਸ਼ੀ ਧਰਤੀ 'ਤੇ ਹਾਲੇ ਤੱਕ ਪੈਰ ਵੀ ਨਹੀਂ ਪਾ ਸਕੇ ਹਨ।ਮਾਨਸਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਦੇ ਇੱਕ ਪੇਂਡੂ ਨੌਜਵਾਨ ਨੇ ਰੂਸ ਦੀ ਲੜਕੀ ਨਾਲ ਸ਼ਾਦੀ ਕੀਤੀ ਹੈ ਜਦੋਂਕਿ ਇਸੇ ਜ਼ਿਲ੍ਹੇ ਦੇ ਬੋਹਾ ਕਸਬੇ ਦੇ ਨੌਜਵਾਨ ਨੇ ਵੀ ਵਿਦੇਸ਼ਣ ਨਾਲ ਵਿਆਹ ਕੀਤਾ ਹੈ। ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਕਸਬੇ ਦੇ ਦੋ ਨੌਜਵਾਨਾਂ ਨੇ ਆਸਟਰੀਆ ਅਤੇ ਰੋਮਾਨੀਆ ਦੀਆਂ ਔਰਤਾਂ ਨਾਲ ਵਿਆਹ ਕੀਤੇ ਹਨ। ਬੈਲਜੀਅਮ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਅਜੈਬ ਸਿੰਘ ਅਲੀਸ਼ੇਰ ਦੀ ਟਿੱਪਣੀ ਹੈ ਕਿ ਕਈ ਮੁਲਕਾਂ ਵਿੱਚ ਤਾਂ ਔਰਤਾਂ ਨੇ ਕਿੱਤੇ ਦੇ ਤੌਰ 'ਤੇ ਵਿਆਹ ਕਰਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਉਹ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਉਨ੍ਹਾਂ ਆਖਿਆ ਕਿ ਬਹੁਤੇ ਨੌਜਵਾਨ ਇਨ੍ਹਾਂ ਮੇਮਾਂ ਨਾਲ ਭਾੜੇ ਦੇ ਵਿਆਹਾਂ ਵਿੱਚ ਠੱਗੇ ਵੀ ਜਾਂਦੇ ਹਨ।
                      ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਲੰਘੇ ਸਾਢੇ ਛੇ ਵਰ੍ਹਿਆਂ ਦੌਰਾਨ 91 ਵਿਆਹ ਰਜਿਸਟਰਡ ਹੋਏ। ਰਜਿਸਟਰੇਸ਼ਨ ਰਿਕਾਰਡਾਂ ਅਨੁਸਾਰ 30 ਵਰ੍ਹਿਆਂ ਦੇ ਨੌਜਵਾਨ ਨੇ ਇਟਲੀ ਦੀ 43 ਵਰ੍ਹਿਆਂ ਦੀ ਨਾਗਰਿਕ ਨਾਲ ਵਿਆਹ ਰਚਾਇਆ। ਇਵੇਂ ਹੀ 26 ਸਾਲ ਦੇ ਨੌਜਵਾਨ ਨੇ ਫਿਲਪੀਨਜ਼ ਦੀ 41 ਵਰ੍ਹਿਆਂ ਦੀ ਔਰਤ ਨਾਲ ਸ਼ਾਦੀ ਕੀਤੀ ਹੈ। ਜ਼ਿਲ੍ਹਾ ਭਗਤ ਸਿੰਘ ਨਗਰ ਵਿੱਚ ਇਸ ਤਰ੍ਹਾਂ ਦੇ 15 ਵਿਆਹ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਇੱਕ ਦਰਜਨ ਇਸ ਕਿਸਮ ਦੇ ਵਿਆਹ ਰਜਿਸਟਰਡ ਹੋਏ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਪੈਸ਼ਲ ਮੈਰਿਜ ਐਕਟ ਤਹਿਤ 99 ਵਿਆਹ ਰਜਿਸਟਰਡ ਹੋਏ ਹਨ। ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਦੋ ਵਿਆਹ ਰਜਿਸਟਰਡ ਹੋਏ ਹਨ। ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅਮਰੀਕਾ ਦਾ ਗਰੀਨ ਕਾਰਡ ਹਾਸਲ ਕਰਨ ਦੇ ਲੋਭ-ਵਸ ਇੱਕ ਲੜਕੀ ਨੇ ਆਪਣੇ ਤੋਂ 22 ਸਾਲ ਵੱਡੇ ਵਿਅਕਤੀ ਨਾਲ ਵਿਆਹ ਕਰਾ ਲਿਆ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਖਮਾਣੋਂ ਤਹਿਸੀਲ ਵਿੱਚ ਇੱਕ ਵਿਆਹ ਰਜਿਸਟਰਡ ਹੋਇਆ ਹੈ, ਜਿਸ ਅਨੁਸਾਰ ਮਾਪਿਆਂ ਨੇ ਆਪਣੀ 20 ਸਾਲ ਦੀ ਧੀ ਨੂੰ ਜਰਮਨੀ ਦੇ 51 ਸਾਲਾ ਨਾਗਰਿਕ ਨਾਲ ਤੋਰ ਦਿੱਤਾ। ਇਵੇਂ ਹੀ ਅਮਲੋਹ ਤਹਿਸੀਲ ਦੇ 29 ਵਰ੍ਹਿਆਂ ਦੇ ਇੱਕ ਨੌਜਵਾਨ ਨੂੰ ਲਿਬਨਾਨ ਦੀ 53 ਵਰ੍ਹਿਆਂ ਦੀ ਔਰਤ ਆਪਣੇ ਹਾਣ ਦੀ ਲੱਗੀ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਬਸੀ ਪਠਾਣਾਂ ਵਿੱਚ 24 ਸਾਲ ਦੇ ਨੌਜਵਾਨ ਨੇ ਜਰਮਨ ਦੀ 45 ਸਾਲਾ ਔਰਤ ਨਾਲ ਵਿਆਹ ਦੀ ਰਜਿਸਟ੍ਰੇਸ਼ਨ ਕਰਾਈ ਹੈ। ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਨੇ ਵੀ ਇਸੇ ਤਰ੍ਹਾਂ ਦਾ ਇੱਕ ਵਿਆਹ ਰਜਿਸਟਰਡ ਕੀਤਾ ਹੈ, ਜਿਸ 'ਚ ਲਾੜੀ ਦੀ ਉਮਰ 34 ਸਾਲ ਅਤੇ ਲਾੜੇ ਦੀ ਉਮਰ 62 ਹੈ।
                    ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪੰਜਾਬੀ ਕਲਚਰ ਦੇ ਮਾਹਿਰ ਡਾ. ਰਵੀ ਰਵਿੰਦਰ ਆਖਦੇ ਹਨ ਕਿ ਭਾਵੇਂ ਇਹ ਰੁਝਾਨ ਮਜਬੂਰੀ 'ਚੋਂ ਉਪਜਿਆ ਹੈ ਪ੍ਰੰਤੂ ਨੈਤਿਕ ਤੌਰ 'ਤੇ ਮਾਪਿਆਂ ਨੂੰ ਅਜਿਹੇ ਕਦਮ ਸ਼ੋਭਦੇ ਨਹੀਂ ਹਨ। ਉਨ੍ਹਾਂ ਆਖਿਆ ਕਿ ਰੁਜ਼ਗਾਰ ਖਾਤਰ ਨੌਜਵਾਨ ਕਈ ਤਰ੍ਹਾਂ ਦੇ ਪਾਪੜ ਵੇਲ ਰਹੇ ਹਨ। ਕਈ ਕਾਮਯਾਬ ਵੀ ਹੋ ਜਾਂਦੇ ਹਨ, ਪਰ ਜੋ ਰੁਝਾਨ ਚੱਲ ਰਿਹਾ ਹੈ, ਇਸ ਨਾਲ ਵਿਆਹ ਵਰਗੀ ਪਵਿੱਤਰ ਸੰਸਥਾ ਨੂੰ ਸੱਟ ਵੱਜੀ ਹੈ।

No comments:

Post a Comment