Saturday, September 26, 2015

                          ਕੇਹੀ ਰੁੱਤ ਆਈ 
 ਉਡ ਗਈਆਂ ਖੁਸ਼ੀਆਂ ਤੇ ਬੰਦ ਹੋ ਗਏ ਬੂਹੇ
                           ਚਰਨਜੀਤ ਭੁੱਲਰ
ਬਠਿੰਡਾ :  ਕਪਾਹ ਪੱਟੀ ਦੇ ਕਿਸਾਨਾਂ ਲਈ ਸਾਹੂਕਾਰਾਂ ਨੇ ਦਰਵਾਜੇ ਬੰਦ ਕਰ ਲਏ ਹਨ। ਫਸਲਾਂ ਦੇ ਖਰਾਬੇ ਕਾਰਨ ਹੁਣ ਕਿਧਰੋਂ ਵੀ ਕਿਸਾਨ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਹੈ। ਪ੍ਰਾਈਵੇਟ ਬੈਂਕਾਂ ਤੋਂ ਕਿਸਾਨ ਨਵੀਆਂ ਖੇਤੀ ਲਿਮਟਾਂ ਬਣਾਉਣ ਲੱਗੇ ਹਨ। ਇੱਥੋਂ ਤੱਕ ਕਿ ਹੁਣ ਕਿਸਾਨਾਂ ਨੂੰ ਵਿਆਹ ਸਾਹੇ ਵੀ ਮੁਲਤਵੀ ਕਰਨੇ ਪੈ ਰਹੇ ਹਨ। ਕਰੀਬ ਡੇਢ ਦਹਾਕਾ ਪੁਰਾਣੇ ਦਿਨ ਮੁੜ ਕਪਾਹ ਪੱਟੀ ਵਿਚ ਪਰਤੇ ਹਨ। ਪਿੰਡ ਕੋਟਸ਼ਮੀਰ ਦੇ ਕਿਸਾਨ ਹਰਜਿੰਦਰ ਸਿੰਘ ਨੂੰ ਆਪਣੀ ਲੜਕੀ ਦਾ ਵਿਆਹ ਇੱਕ ਮਹੀਨਾ ਪਿਛੇ ਪਾਉਣਾ ਪਿਆ ਹੈ। ਇਸ ਕਿਸਾਨ ਦਾ ਚੰਗੀ ਖੇਤੀ ਵਿਚ ਰਿਕਾਰਡ ਸੀ ਅਤੇ ਕਦੇ ਵੀ ਡਿਫਾਲਟਰ ਨਹੀਂ ਹੋਇਆ ਸੀ। ਹੁਣ ਖਰਾਬੇ ਨੇ ਉਸ ਨੂੰ ਭੁੰਜੇ ਸੁੱਟ ਦਿੱਤਾ ਹੈ। ਲੜਕੀ ਦੇ ਵਿਆਹ ਖਾਤਰ ਬੈਂਕ ਤੋਂ ਕਰਜ਼ ਦਾ ਪ੍ਰਬੰਧ ਕਰ ਰਿਹਾ ਹਾਂ। ਮਾਨਸਾ ਦੇ ਪਿੰਡ ਮਲਕੋ ਦੇ ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਡੀਜਲ ਲਈ ਪੈਸੇ ਨਾ ਮਿਲੇ ਤਾਂ ਇਥੋਂ ਦੇ ਦੋ ਕਿਸਾਨਾਂ ਦੇ ਝੋਨੇ ਦੇ ਖੇਤ ਹੀ ਸੁੱਕ ਗਏ। ਐਤਕੀਂ ਕਪਾਹ ਪੱਟੀ ਵਿਚ ਹਾਲਤ ਵਿਗੜ ਗਏ ਹਨ।
                ਕੋਟਸ਼ਮੀਰ ਦੇ ਕਿਸਾਨ ਜਸਵੰਤ ਸਿੰਘ ਤੇ ਠੇਕੇ ਦੀ ਜ਼ਮੀਨ ਨੇ ਕਰਜਾ ਚਾੜ ਦਿੱਤਾ। ਖਰਾਬ ਟਰੈਕਟਰ ਨੂੰ ਕਿਸਾਨ ਠੀਕ ਨਾ ਕਰਾ ਸਕਿਆ। ਕਿਸਾਨ ਨੂੰ ਪੰਜ ਕਨਾਲ ਜ਼ਮੀਨ ਵੇਚਣੀ ਪਈ। ਕਿਸਾਨ ਦੱਸਦੇ ਹਨ ਕਿ ਹੁਣ ਕੋਈ ਸਾਹੂਕਾਰ ਪੈਸਾ ਨਹੀਂ ਦਿੰਦਾ ਹੈ। ਮੁਕਤਸਰ ਦੇ ਪਿੰਡ ਭਾਗਸਰ ਦੇ ਕਿਸਾਨ ਹਰਨੇਕ ਸਿੰਘ ਦਾ ਪ੍ਰਤੀਕਰਮ ਸੀ ਕਿ ਹੁਣ ਉਸ ਦਾ ਆੜਤੀਆਂ ਤਾਂ ਦੁਕਾਨ ਤੇ ਬੈਠਣੋਂ ਹੀ ਹਟ ਗਿਆ ਹੈ। ਬਠਿੰਡਾ ਦੇ ਪਿੰਡ ਰਾਮਨਗਰ ਦੇ ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਦੋਂ ਕਿਸਾਨ ਪੈਸੇ ਮੰਗਦੇ ਹਨ ਤਾਂ ਅੱਗਿਓ ਆੜਤੀਆਂ ਇਹੋ ਪੁੱਛਦਾ ਹੈ, ਜੀਰੀ ਹੈ ? ਨਰਮੇ ਵਾਲੇ ਕਿਸਾਨ ਨੂੰ ਕੋਈ ਪੈਸਾ ਦੇਣ ਦੀ ਹਾਮੀ ਨਹੀਂ ਭਰਦਾ ਹੈ। ਦੇਖਿਆ ਗਿਆ ਕਿ ਛੋਟੀ ਕਿਸਾਨ ਪੈਸੇ ਲਈ ਹੱਥ ਪੈਰ ਮਾਰ ਰਹੀ ਹੈ। ਇੰਂਝ ਲੱਗਦਾ ਕਿ ਕਿਧਰੋਂ ਪੈਸਾ ਨਾ ਮਿਲਿਆ ਤਾਂ ਕਣਕ ਦੀ ਬਿਜਾਈ ਵੀ ਔਖੀ ਹੋ ਜਾਣੀ ਹੈ। ਕਪਾਹ ਪੱਟੀ ਦੇ ਕਰੀਬ 23 ਹਜ਼ਾਰ ਕਿਸਾਨ ਤਾਂ ਖੇਤੀ ਵਿਕਾਸ ਬੈਂਕਾਂ ਦੇ ਡਿਫਾਲਟਰ ਹਨ ਜਿਨ•ਾਂ ਸਿਰ ਕਰੀਬ 180 ਕਰੋੜ ਦਾ ਕਰਜ਼ਾ ਪਹਿਲਾਂ ਹੀ ਖੜ•ਾ ਹੈ।
             ਮੁਆਵਜੇ ਦੇ ਚੈੱਕ ਵੀ ਕਿਸਾਨਾਂ ਦਾ ਧਰਵਾਸ ਬੰਨ ਨਹੀਂ ਰਹੇ ਹਨ। ਸੰਗਤ ਮੰਡੀ ਦੇ ਇੱਕ ਸਾਹੂਕਾਰ ਪਵਨ ਕੁਮਾਰ ਦਾ ਕਹਿਣਾ ਸੀ ਕਿ ਆੜਤੀਏ ਖੁਦ ਕਸੂਤੇ ਫਸ ਗਏ ਹਨ। ਉਨ•ਾਂ ਦੇ ਖੁਦ ਦੇ ਪੱਲੇ ਕੁਝ ਨਹੀਂ ਰਿਹਾ ਤੇ ਉਹ ਕਿਸਾਨਾਂ ਨੂੰ ਕਿਥੋਂ ਦੇ ਦੇਣ। ਉਨ•ਾਂ ਆਖਿਆ ਕਿ ਕਿਸਾਨਾਂ ਨੂੰ ਪੈਸੇ ਤੋਂ ਜੁਆਬ ਦੇਣਾ ਹੁਣ ਮਜ਼ਬੂਰੀ ਬਣ ਗਿਆ ਹੈ। ਇਵੇਂ ਬਠਿੰਡਾ ਦੇ ਆੜਤੀਏ ਰਜਿੰਦਰ ਕੁਮਾਰ ਨੀਟਾ ਦਾ ਕਹਿਣਾ ਸੀ ਕਿ ਪੈਸੇ ਦੇਣ ਤੋਂ ਹੱਥ ਘੁੱਟਣਾ ਮਜ਼ਬੂਰੀ ਬਣ ਗਿਆ ਹੈ ਕਿਉਂਕਿ ਉਨ•ਾਂ ਕੋਲ ਖੁਦ ਪੈਸੇ ਦਾ ਪ੍ਰਬੰਧ ਬਾਕੀ ਨਹੀਂ ਰਿਹਾ। ਉਨ•ਾਂ ਦੱਸਿਆ ਕਿ ਕਿਸਾਨਾਂ ਨੇ ਆਪਣੇ ਸਮਾਜਿਕ ਕੰਮ ਕਾਰ ਵੀ ਮੁਲਤਵੀ ਕੀਤੇ ਹਨ। ਦੱਸਣਯੋਗ ਹੈ ਕਿ ਐਤਕੀਂ 4.40 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਕਪਾਹ ਦੀ ਬਿਜਾਈ ਹੋਈ ਸੀ ਜਿਸ ਚੋਂ ਡੇਢ ਲੱਖ ਹੈਕਟੇਅਰ ਰਕਬਾ ਰਾਖ ਹੋ ਗਿਆ ਹੈ ਜੋ ਕਿ ਸਮੁੱਚੀ ਆਰਥਿਕਤਾ ਲਈ ਵੱਡਾ ਝਟਕਾ ਹੈ। ਸਰਕਾਰੀ ਖਜ਼ਾਨੇ ਨੂੰ ਵੀ ਜਿਣਸਾਂ ਤੋਂ ਹੋਣ ਵਾਲੀ ਆਮਦਨ ਨੂੰ ਸੱਟ ਵੱਜਣੀ ਹੈ।
                 ਪੇਂਡੂ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਫਿਰੋਜਪੁਰ ਡਵੀਜ਼ਨ ਦੇ ਪ੍ਰਧਾਨ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਕਿਸਾਨ ਪਿਛਲੇ 15 ਦਿਨਾਂ ਤੋਂ ਧੜਾਧੜ ਪ੍ਰਾਈਵੇਟ ਬੈਂਕਾਂ ਤੋਂ ਨਵੀਆਂ ਖੇਤੀ ਲਿਮਟਾਂ ਬਣਾ ਰਹੇ ਹਨ। ਸਹਿਕਾਰੀ ਸਭਾਵਾਂ ਤੋਂ ਕਿਸਾਨ ਐਨ.ਓ.ਸੀ ਲੈਣ ਵਾਸਤੇ ਆ ਰਹੇ ਹਨ ਜੋ ਕਿ ਨਵੀਆਂ ਲਿਮਟਾਂ ਲਈ ਲਾਜਮੀ ਹੁੰਦਾ ਹੈ। ਸਟੇਟ ਬੈਂਕ ਆਫ ਪਟਿਆਲਾ ਦੇ ਮਾਲਵਾ ਜ਼ੋਨ ਦੇ ਡਿਪਟੀ ਜਨਰਲ ਮੈਨੇਜਰ ਸ੍ਰੀ ਐਨ.ਕੇ.ਪਾਲੀਵਾਲ ਦਾ ਕਹਿਣਾ ਸੀ ਕਿ ਨਵੀਆਂ ਲਿਮਟਾਂ ਦੇ ਕੇਸਾਂ ਦੀ ਰਫਤਾਰ ਵਿਚ ਥੋੜਾ ਵਾਧਾ ਹੋਣ ਲੱਗਾ ਹੈ ਅਤੇ ਲਿਮਟਾਂ ਦੀ ਰਾਸ਼ੀ ਕਿਸਾਨ ਹੁਣ ਚੁੱਕਣ ਲੱਗੇ ਹਨ। ਕਿਸਾਨ ਕੇਵਲ ਸਿੰਘ ਨੂੰ ਠੇਕੇ ਤੇ ਲਈ ਸੱਤ ਏਕੜ ਜ਼ਮੀਨ ਕਰਕੇ ਹੁਣ ਐਚ.ਡੀ.ਐਫ.ਸੀ ਤੋਂ ਕਰਜ਼ਾ ਚੁੱਕਣਾ ਪੈ ਰਿਹਾ ਹੈ। ਪੰਜਾਬ ਹਰਿਆਣਾ ਸੀਮਾ ਤੇ ਪੈਂਦੇ ਪਿੰਡ ਬਹਾਦਰਪੁਰ ਦੇ ਸਾਬਕਾ ਸਰਪੰਚ ਰਾਮ ਸਿੰਘ ਨੇ ਨਵੇਂ ਤੱਥ ਦੱਸੇ ਕਿ ਉਨ•ਾਂ ਦੇ ਪਿੰਡ ਦੇ ਕਰੀਬ ਪੰਜਾਹ ਕਿਸਾਨਾਂ ਨੇ ਤਾਂ ਖਰਾਬੇ ਮਗਰੋਂ ਔਰਤਾਂ ਦੇ ਕੰਨਾਂ ਦਾ ਸੋਨਾ ਵੀ ਵੇਚ ਦਿੱਤਾ ਹੈ।
                ਬੁਢਲਾਡਾ ਦੇ ਪਿੰਡ ਰਾਮਪੁਰ ਮੰਡੇਰ ਦੇ ਕਿਸਾਨ ਹਰਮੇਸ ਸਿੰਘ ਨੇ ਦੱਸਿਆ ਕਿ ਉਸ ਨੂੰ ਆੜਤੀਏ ਤੋਂ ਜੁਆਬ ਮਿਲਣ ਕਰਕੇ ਉਹ 10 ਏਕੜ ਠੇਕੇ ਤੇ ਲਈ ਜ਼ਮੀਨ ਦਾ ਪੈਸਾ ਮੋੜ ਨਹੀਂ ਸਕਿਆ ਹੈ। ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਨੌਜਵਾਨ ਕਿਸਾਨ ਸਿਮਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਇੱਕ ਰਿਸ਼ਤੇਦਾਰ ਨੂੰ ਖਰਾਬੇ ਕਰਕੇ ਆਪਣੇ ਲੜਕੇ ਦਾ ਵਿਆਹ ਪਿਛੇ ਪਾਉਣਾ ਪਿਆ ਹੈ ਜਦੋਂ ਕਿ ਮਾਨਸਾ ਦੇ ਪਿੰਡ ਟਾਹਲੀਆ ਦੇ ਬਜ਼ੁਰਗ ਕਿਸਾਨ ਨੂੰ ਆਪਣੇ ਪੋਤੇ ਦੇ ਵਿਆਹ ਲਈ ਜ਼ਮੀਨ ਗਹਿਣੇ ਕਰਨੀ ਪਈ ਹੈ। ਕੋਠਾ ਗੁਰੂ ਦੇ ਕਿਸਾਨ ਜਸਪਾਲ ਸਿੰਘ ਅਤੇ ਹਰਪਾਲ ਸਿੰਘ ਨੇ ਖਰਾਬੇ ਮਗਰੋਂ ਹੁਣ ਆਪਣੀ ਖੇਤੀ ਲਿਮਟ ਦੀ ਰਾਸ਼ੀ ਵਿਚ ਵਾਧਾ ਕਰਾਇਆ ਹੈ। ਏਦਾ ਦੀ ਕਹਾਣੀ ਹੁਣ ਹਰ ਕਿਸਾਨ ਦੀ ਬਣ ਗਈ ਹੈ ਜਿਸ ਨੂੰ ਸਰਕਾਰ ਨੇ ਨਾ ਸਮਝਿਆ ਤਾਂ ਕਿਸਾਨਾਂ ਦਾ ਇਹੋ ਗੁੱਸਾ ਪੰਜਾਬ ਨੂੰ ਨਵਾਂ ਮੋੜਾ ਦੇ ਸਕਦਾ ਹੈ। 

No comments:

Post a Comment