Sunday, September 6, 2015

                             ਹਕੂਮਤੀ ਮਾਰ
              ਵਿਆਹ ਤੋਂ ਵੀ ਖੁੰਝ ਗਏ...
                            ਚਰਨਜੀਤ ਭੁੱਲਰ
ਬਠਿੰਡਾ : ਕੁਲਵਿੰਦਰ ਸਿੰਘ ਦੀ ਯੋਗਤਾ ਤੇ ਸੱਧਰ ਤਾਂ ਅਧਿਆਪਕ ਬਣਨ ਦੀ ਸੀ ਪ੍ਰੰਤੂ ਉਸ ਨੂੰ ਸਰਕਾਰੀ ਮਾਰ ਨੇ ਪਲੰਬਰ ਬਣਾ ਦਿੱਤਾ। ਉਸ ਨੇ ਚਾਰ ਵਰੇ• ਪਹਿਲਾਂ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਪਾਸ ਕਰ ਲਈ ਸੀ। ਹੁਣ ਉਹ ਓਵਰਏਜ ਹੋਣ ਦੇ ਨੇੜੇ ਹੈ ਜਿਸ ਕਰਕੇ ਉਹ ਪਲੰਬਰ ਬਣ ਗਿਆ।  ਫਤਹਿਗੜ ਸਾਹਿਬ ਦਾ ਇਹ ਬੇਰੁਜ਼ਗਾਰ ਅਧਿਆਪਕ ਚਾਰ ਵਰਿ•ਆਂ ਤੋਂ ਨੌਕਰੀ ਦੀ ਉਮੀਦ ਲਾਈ ਬੈਠਾ ਸੀ। ਉਹ ਆਖਦਾ ਹੈ  ਕਿ ਉਸ ਦੀ ਬੌਧਿਕ ਯੋਗਤਾ ਦਾ ਸਰਕਾਰ ਨੇ ਮੁੱਲ ਨਹੀਂ ਪਾਇਆ। ਪੰਜਾਬ ਵਿਚ ਕਰੀਬ 16322 ਟੈਟ ਪਾਸ (ਬੀ.ਐਡ) ਬੇਰੁਜਗਾਰ ਅਧਿਆਪਕ ਹਨ ਜਿਨ•ਾਂ ਚੋਂ ਬਹੁਤੇ ਐਮ.ਫਿਲ,ਪੀ.ਐਚ.ਡੀ ਅਤੇ ਉਚ ਯੋਗਤਾ ਪਾਸ ਹਨ। ਹਜ਼ਾਰਾਂ ਟੈਟ ਪਾਸ ਅਧਿਆਪਕ ਤਾਂ ਓਵਰ ਰੇਜ ਵੀ ਹੋ ਚੁੱਕੇ ਹਨ।  ਬੇਕਾਰੀ ਦੇ ਭੰਨੇ ਇਹ ਅਧਿਆਪਕ ਸਮਾਜਿਕ ਸੰਤਾਪ ਵੀ ਝੱਲ ਰਹੇ ਹਨ। ਕਾਫੀ ਬੇਰੁਜ਼ਗਾਰ ਅਧਿਆਪਕ ਅਜਿਹੇ ਹਨ  ਜੋ ਨੌਕਰੀ ਤੋਂ ਓਵਰਏਜ ਹੋ ਗਏ ਹਨ ਅਤੇ ਨਾਲ ਹੀ ਉਹ ਵਿਆਹ ਕਰਾਉਣੋਂ ਵੀ ਖੁੰਂਝ ਗਏ ਹਨ। ਪੰਜਾਬ ਵਿਚ ਬੇਰੁਜ਼ਗਾਰੀ ਦੀ  ਮੂੰਹ ਬੋਲਦੀ ਇਹ ਤਸਵੀਰ ਹੈ ਕਿ ਪੀ.ਐਚ.ਡੀ ਨੌਜਵਾਨਾਂ ਨੂੰ ਨੌਕਰੀ ਖਾਤਰ ਜੇਲ•ਾਂ ਤੇ ਥਾਣਿਆਂ ਦੀ ਹਵਾ ਖਾਣੀ ਪਈ ਹੈ।
               ਪੰਜਾਬ ਸਰਕਾਰ ਨੇ ਜੁਲਾਈ 2011 ਵਿਚ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਲੈਣੀ ਸ਼ੁਰੂ ਕੀਤੀ ਸੀ। ਹੁਣ ਤੱਕ ਇਨ•ਾਂ ਚੋਂ ਸਿਰਫ 3672 ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦਿੱਤੀ ਹੈ। ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਹਰ ਵਰੇ• 12 ਹਜ਼ਾਰ ਟੈਟ ਪਾਸ ਅਧਿਆਪਕਾਂ ਨੂੰ ਨੌਕਰੀ ਦਿੱਤੀ ਜਾਵੇਗੀ ਪ੍ਰੰਤੂ ਇਹ ਵਾਅਦਾ ਹਕੀਕੀ ਰੂਪ ਨਹੀਂ ਲੈ ਸਕਿਆ ਹੈ। ਬਠਿੰਡਾ ਦੇ ਪਿੰਡ ਜੀਦਾ ਦਾ ਦਿਲਬਰ ਸਿੰਘ ਟੈਟ ਪਾਸ ਹੈ। ਨੌਕਰੀ ਦੀ ਝਾਕ ਵਿਚ ਉਹ ਓਵਰਏਜ ਹੋ ਚੁੱਕਾ ਹੈ। ਹੁਣ ਉਹ ਖੇਤੀ ਕਰਨ ਲੱਗ ਗਿਆ ਹੈ। ਲੁਧਿਆਣਾ ਦੀ ਇੱਕ ਬੇਰੁਜ਼ਗਾਰ ਅਧਿਆਪਕਾ ਨੂੰ ਦੋਹਰਾ ਸੇਕ ਝੱਲਣਾ ਪਿਆ ਹੈ। ਡਬਲ ਐਮ.ਏ,ਬੀ.ਐਡ ਇਸ ਲੜਕੀ ਨੇ ਜਦੋਂ ਟੈਟ ਪਾਸ ਕੀਤਾ ਤਾਂ ਉਸ ਦੀ ਮੰਗਣੀ ਹੋ ਗਈ। ਜਦੋਂ ਸਰਕਾਰ ਨੇ ਨੌਕਰੀ ਨਾ ਦਿੱਤੀ ਤਾਂ ਉਸ ਦਾ ਰਿਸ਼ਤਾ ਵੀ ਟੁੱਟ ਗਿਆ। ਹੁਣ ਇਹ ਅਧਿਆਪਕਾ ਓਵਰਏਜ ਹੋ ਚੁੱਕੀ ਹੈ। ਉਹ ਹੁਣ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੀ ਹੈ।
             ਇਵੇਂ ਹੀ ਸੰਗਰੂਰ ਜ਼ਿਲ•ੇ ਦੀ ਇੱਕ ਬੇਰੁਜ਼ਗਾਰ ਅਧਿਆਪਕਾ ਮਾਨਸਿਕ ਪੀੜਾਂ ਵਿਚੋਂ ਦੀ ਗੁਜਰ ਰਹੀ ਹੈ। ਉਸ ਨੇ ਸਾਲ 2011 ਵਿਚ ਟੈਟ ਪਾਸ ਕਰ ਲਿਆ ਸੀ। ਉਦੋਂ ਹੀ ਉਸ ਦਾ ਰਿਸ਼ਤਾ ਹੋ ਗਿਆ ਸੀ। ਜਦੋਂ ਨੌਕਰੀ ਨਾ ਮਿਲੀ ਤਾਂ ਉਸ ਦਾ ਰਿਸ਼ਤਾ ਟੁੱਟ ਗਿਆ।  ਦੱਸਣਯੋਗ ਹੈ ਕਿ ਅਧਿਆਪਕ ਵਾਸਤੇ ਉਮਰ ਹੱਦ 37 ਸਾਲ ਤੱਕ ਦੀ ਮਿਥੀ ਗਈ ਹੈ। ਪਾਤੜਾਂ ਦਾ ਗੁਰਦਿਆਲ ਸਿੰਘ ਐਮ.ਏ, ਐਮ.ਫਿਲ ਤੇ ਬੀ.ਐਡ ਹੈ। ਟੈਟ ਪਾਸ ਕਰਨ ਮਗਰੋਂ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਹੁਣ ਉਹ ਓਵਰਏਜ ਹੋ ਗਿਆ ਹੈ।  ਹੁਸ਼ਿਆਰਪੁਰ ਦਾ ਹਰਜਾਪ ਸਿੰਘ ਤਿੰਨ ਦਫਾ ਤਾਂ ਯੂ.ਜੀ.ਸੀ ਨੈਟ ਪਾਸ ਕਰ ਚੁੱਕਾ ਹੈ ਅਤੇ ਟੈਟ ਪਾਸ ਵੀ ਹੈ। ਹੁਣ ਉਹ ਓਵਰਏਜ ਹੋਣ ਦੇ ਨੇੜੇ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਟੈਟ ਪ੍ਰੀਖਿਆ ਦੀ ਫੀਸ ਦੇ ਰੂਪ ਵਿਚ ਬੇਰੁਜ਼ਗਾਰਾਂ ਤੋਂ ਕਰੀਬ 28 ਕਰੋੜ ਰੁਪਏ ਦੀ ਕਮਾਈ ਵੀ ਕਰ ਚੁੱਕੀ ਹੈ। ਟੈਟ ਪ੍ਰੀਖਿਆ ਦੀ ਮਿਆਦ ਵੀ 2017 ਤੱਕ ਹੈ ਅਤੇ ਉਸ ਮਗਰੋਂ ਮੁੜ ਇਨ•ਾਂ ਬੇਰੁਜ਼ਗਾਰਾਂ ਨੂੰ ਟੈਟ ਪਾਸ ਕਰਨਾ ਪਵੇਗਾ। ਫਗਵਾੜਾ ਦੀ ਇੱਕ ਅਧਿਆਪਕਾ ਨੇ ਤਾਂ ਦੋ ਦਫਾ ਟੈਟ ਪਾਸ ਕਰ ਲਿਆ ਹੈ ਅਤੇ ਹੁਣ ਓਵਰਏਜ ਹੋਣ ਦੇ ਨੇੜੇ ਹੈ। ਨੌਕਰੀ ਦੀ ਝਾਕ ਵਿਚ ਉਹ ਰਿਸ਼ਤੇ ਤੋਂ ਵੀ ਲੇਟ ਹੋ ਗਈ ਹੈ।
             ਬਠਿੰਡਾ ਦੇ ਕਸਬਾ ਫੂਲ ਦਾ ਗਣੇਸ਼ ਬੇਕਾਰੀ ਵਿਚ ਹੀ ਲਿਤਾੜਿਆ ਗਿਆ। ਉਸ ਨੇ ਟੈਟ ਪਾਸ ਕੀਤਾ ਪਰ ਸਰਕਾਰ ਨੇ ਮੁੱਲ ਨਾ ਪਾਇਆ। ਉਸ ਨੇ ਲਾਈਨਮੈਨੀ ਵੀ ਕੀਤੀ ਹੋਈ ਹੈ ਅਤੇ ਉਧਰ ਪਾਵਰਕੌਮ ਨੇ ਵੀ ਉਸ ਦੀ ਬਾਂਹ ਨਹੀਂ ਫੜੀ। ਹੁਣ ਉਹ ਪ੍ਰਚੂਨ ਦੀ ਦੁਕਾਨ ਕਰਨ ਲੱਗਾ ਹੈ। ਕੌਟੜਾ ਕੌੜਿਆ ਵਾਲਾ ਦਾ ਤੇਜਾ ਸਿੰਘ ਵੀ ਹੁਣ ਖੇਤੀ ਕਰਨ ਲੱਗਾ ਹੈ। ਏਦਾ ਦੀ ਕਹਾਣੀ ਸਭ ਟੈਟ ਪਾਸ ਅਧਿਆਪਕਾਂ ਦੀ ਹੈ। ਅੱਜ ਅਧਿਆਪਕ ਦਿਵਸ ਦੇ ਸਰਕਾਰੀ ਜਸ਼ਨ ਇਨ•ਾਂ ਬੇਰੁਜ਼ਗਾਰ ਅਧਿਆਪਕਾਂ ਦਾ ਮੂੰਹ ਚਿੜਾ ਰਹੇ ਸਨ। ਟੈਟ ਪਾਸ (ਬੀ.ਐਡ)ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਰਘਬੀਰ ਸਿੰਘ ਭਵਾਨੀਗੜ• ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਜਲੀਲ ਕਰ ਰਹੀ ਹੈ। ਪਹਿਲਾਂ ਸਰਕਾਰ ਨੇ ਟਾਵਿਆਂ ਨੂੰ ਨੌਕਰੀ ਦਿੱਤੀ ਹੈ ਅਤੇ ਉਹ ਵੀ ਸਿਰਫ ਛੇ ਹਜ਼ਾਰ ਰੁਪਏ  ਤਨਖਾਹ ਤੇ। ਬਾਕੀ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਖਾਤਰ ਟੈਂਕੀਆਂ ਤੇ ਵੀ ਚੜਨਾ ਪਿਆ ਹੈ ਪ੍ਰੰਤੂ ਫਿਰ ਉਹ ਸਰਕਾਰ  ਦੇ ਨਜ਼ਰ ਨਹੀਂ ਪਏ।
   

No comments:

Post a Comment