Saturday, September 5, 2015

                               ਅਧਿਆਪਕ ਦਿਵਸ
                  ਹਾਰ ਗਏ ਜ਼ਿੰਦਗੀ ਦੇ ਨਾਇਕ ...
                                  ਚਰਨਜੀਤ ਭੁੱਲਰ
ਬਠਿੰਡਾ : ਅਧਿਆਪਕ ਵਿਨੋਦ ਕੁਮਾਰ ਦੀ ਪਹਿਲਾਂ ਜ਼ਿੰਦਗੀ ਨੇ ਪ੍ਰੀਖਿਆ ਲਈ। ਫਿਰ ਪੰਜਾਬ ਸਰਕਾਰ ਨੇ ਉਸ ਨੂੰ ਪਰਖਿਆ। ਉਹ ਪਰਖਾਂ ਵਿਚ ਸਫਲ ਹੋ ਕੇ ਵੀ ਹਾਰ ਗਿਆ ਹੈ। ਉਸ ਦੀ ਤਨਖਾਹ ਲੇਬਰ ਚੌਂਕ ਦੇ ਮਜ਼ਦੂਰ ਤੋਂ ਵੀ ਘੱਟ ਹੈ। ਵਿਨੋਦ ਕੁਮਾਰ ਨੂੰ ਹਰ ਵਰੇ• ਅਧਿਆਪਕ ਦਿਵਸ ਸ਼ਰਮਸ਼ਾਰ ਕਰਦਾ ਹੈ। ਉਹ ਫਿਰੋਜਪੁਰ ਦੇ ਪਿੰਡ ਛਾਂਗਾ ਰਾਏ ਉਤਾੜ ਦੇ ਹਾਈ ਸਕੂਲ ਵਿਚ ਅਧਿਆਪਕ ਹੈ। ਪੰਚਾਇਤ ਤਰਫੋਂ ਸਕੂਲ ਵਿਚ ਰੱਖੇ ਅਧਿਆਪਕ ਨੂੰ ਸੱਤ ਹਜ਼ਾਰ ਤਨਖਾਹ ਮਿਲਦੀ ਹੈ ਜਦੋਂ ਕਿ ਸਰਕਾਰ ਵਿਨੋਦ ਕੁਮਾਰ ਨੂੰ ਛੇ ਹਜ਼ਾਰ ਰੁਪਏ ਤਨਖਾਹ ਦਿੰਦੀ ਹੈ। ਵਿਨੋਦ ਕੁਮਾਰ ਐਮ.ਐਸ.ਸੀ ਅਤੇ ਐਮ.ਫਿਲ ਹੈ। ਅਧਿਆਪਕ ਯੋਗਤਾ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਜਦੋਂ ਉਹ ਬੀ.ਏ ਕਰਦਾ ਸੀ ਤਾਂ ਉਹ ਪੜਾਈ ਲਈ ਦਿਹਾੜੀ ਕਰਦਾ ਸੀ। ਐਮ.ਐਸ. ਸੀ ਕਰਦੇ ਸਮੇਂ ਉਹ ਦਿਨ ਵਕਤ ਕਾਲਜ ਪੜਦਾ ਸੀ। ਰਾਤ ਨੂੰ ਉਹ ਗੰਗਾਨਗਰ ਵਿਖੇ ਮਜ਼ਦੂਰੀ ਕਰਦਾ ਸੀ। ਉਸ ਨੇ ਪੂਰੀ ਪੜਾਈ ਦਿਹਾੜੀ ਕਰ ਕਰ ਕੇ ਸਿਰੇ ਲਾਈ। ਵਿਨੋਦ ਕੁਮਾਰ ਆਖਦਾ ਹੈ ਕਿ ਉਹ ਤਾਂ ਸ਼ਰਮ ਦਾ ਮਾਰਾ ਕਿਸੇ ਨੂੰ ਤਨਖਾਹ ਵੀ ਨਹੀਂ ਦੱਸਦਾ। ਕਈ ਦਫਾ ਸਕੂਲ ਦੇ ਚਪੜਾਸੀ ਵੀ ਟਿੱਚਰਾਂ ਕਰਨ ਲੱਗ ਜਾਂਦੇ ਹਨ। ਉਸ ਨੇ ਆਖਿਆ ਕਿ ਅਧਿਆਪਕ ਦਿਵਸ ਉਸ ਦੇ ਪੇਟ ਦਾ ਵਸੀਲਾ ਬਣਦਾ ਤਾਂ ਉਹ ਜਰੂਰ ਇਹ ਦਿਵਸ ਮਾਣ ਨਾਲ ਮਨਾਉਂਦਾ।      
             ਕਪੂਰਥਲਾ ਜ਼ਿਲ•ੇ ਦੇ ਪਿੰਡ ਲੱਖਪੁਰ ਦੇ ਸਰਕਾਰੀ ਸਕੂਲ ਵਿਚ ਤਾਇਨਾਤ ਅਧਿਆਪਕ ਕੁਲਦੀਪ ਰਾਮ ਨੂੰ ਜ਼ਿੰਦਗੀ ਹਰ ਮੋੜ ਤੇ ਸ਼ਰੀਕਾਂ ਵਾਂਗ ਟੱਕਰੀ। ਪਹਿਲਾਂ ਅੰਗਹੀਣਤਾਂ ਨੇ ਹਰਾਉਣ ਦੀ ਵਾਹ ਲਈ ਅਤੇ ਮਗਰੋਂ ਹਾਲਾਤਾਂ ਨੇ। ਉਸ ਦਾ ਬਾਪ ਸਾਇਕਲ ਤੇ ਸ਼ਬਜੀ ਵੇਚਦਾ ਹੈ ਜਦੋਂ ਕਿ ਉਸ ਨੇ ਖੁਦ ਰਾਤ ਵਕਤ ਚੌਂਕੀਦਾਰੀ ਕਰਕੇ ਆਪਣੀ ਬੀ.ਐਡ ਦੀ ਪੜਾਈ ਪੂਰੀ ਕੀਤੀ। ਸਾਲ 2011 ਵਿਚ ਉਸ ਨੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕੀਤੀ। ਜਦੋਂ ਉਸ ਨੇ ਹੱਕ ਮੰਗਿਆ ਤਾਂ ਉਸ ਨੂੰ ਜਲੰਧਰ ਦੇ ਥਾਣੇ ਅਤੇ ਲੁਧਿਆਣਾ ਦੀ ਜੇਲ• ਦਾ ਮੂੰਹ ਵੇਖਣਾ ਪਿਆ। ਉਹ ਆਖਦਾ ਹੈ ਕਿ ਲੇਬਰ ਚੌਂਕ ਦੇ ਮਜ਼ਦੂਰ ਨੂੰ 300 ਰੁਪਏ ਦਿਹਾੜੀ ਮਿਲਦੀ ਹੈ ਜਦੋਂ ਕਿ ਉਨ•ਾਂ ਨੂੰ 200 ਰੁਪਏ ਪ੍ਰਤੀ ਦਿਨ ਦੇ ਮਿਲਦੇ ਹਨ। ਉਸ ਨੇ ਖਫਾ ਹੋ ਕੇ ਆਖਿਆ ਕਿ ਸਾਡੇ ਕਾਹਦੇ ਅਧਿਆਪਕ ਦਿਵਸ। ਨਾਲ ਹੀ ਆਖਿਆ ਕਿ ਉਨ•ਾਂ ਦਾ ਜੀਵਨ ਭਿਖਾਰੀ ਤੋਂ ਭੈੜਾ ਹੈ। ਬਰਨਾਲਾ ਜ਼ਿਲ•ੇ ਦੇ ਪਿੰਡ ਗਹਿਲਾ ਦੇ ਸਕੂਲ ਦਾ ਅਧਿਆਪਕ ਗੁਰਬਿੰਦਰ ਸਿੰਘ ਦੀ ਪੀ.ਐਚ.ਡੀ ਮੁਕੰਮਲ ਹੋਣ ਵਾਲੀ ਹੈ ਅਤੇ ਉਸ ਨੇ ਅਰਥ ਸਾਸਤਰ ਵਿਚ ਐਮ.ਫਿਲ ਕੀਤੀ ਹੋਈ ਹੈ। ਬਾਪ ਸੁਰਜੀਤ ਸਿੰਘ ਨੇ ਆਪਣੇ ਪੁੱਤ ਗੁਰਬਿੰਦਰ ਨੂੰ ਮਜ਼ਦੂਰੀ ਕਰਕੇ ਪੜਾਇਆ। ਗੁਰਬਿੰਦਰ ਸਿੰਘ ਨੂੰ ਆਪਣੀ ਪੜਾਈ ਜਾਰੀ ਰੱਖਣ ਖਾਤਰ ਖੁਦ ਵੀ ਕਿਤਾਬਾਂ ਤੇ ਜਿਲਦਾਂ ਬੰਨ ਬੰਨ ਕੇ ਫੀਸ ਜੋਗੀ ਰਾਸ਼ੀ ਜੋੜਨੀ ਪਈ ਹੈ।  
               ਉਹ ਦੱਸਦਾ ਹੈ ਕਿ ਉਹ ਨਾਭਾ ਕਾਲਜ ਵਿਚ ਜਾਣ ਲਈ ਸਾਇਕਲ ਤੇ 45 ਕਿਲੋਮੀਟਰ ਦਾ ਸਫਰ ਰੋਜ਼ਾਨਾ ਤੈਅ ਕਰਦਾ ਸੀ। ਹੁਣ ਉਸ ਕੋਲ ਬਿਮਾਰ ਪਿਤਾ ਦਾ ਇਲਾਜ ਕਰਾਉਣ ਜੋਗੇ ਵੀ ਪੈਸੇ ਨਹੀਂ ਹਨ। ਉਹ ਆਖਦਾ ਹੈ ਕਿ ਉਸ ਨਾਲ ਇਨਸਾਫ ਨਹੀਂ ਹੋਇਆ। ਛੇ ਭੈਣਾਂ ਦਾ ਇਕਲੌਤਾ ਭਰਾ ਹੁਣ ਛੇ ਹਜ਼ਾਰ ਵਾਲਾ ਅਧਿਆਪਕ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਕਰਨ ਵਾਲੇ 5178 ਅਧਿਆਪਕ ਭਰਤੀ ਕੀਤੇ ਸਨ ਜਿਨ•ਾਂ ਨੂੰ ਕਰੀਬ ਛੇ ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ।ਇਵੇਂ ਹੀ ਤਰਨਤਾਰਨ ਦੇ ਪਿੰਡ ਠਰੂ ਦਾ ਅਧਿਆਪਕ ਸਤਵੰਤ ਸਿੰਘ ਜ਼ਿੰਦਗੀ ਦਾ ਨਾਇਕ ਤਾਂ ਬਣ ਗਿਆ ਪ੍ਰੰਤੂ ਸਰਕਾਰੀ ਨਜ਼ਰ ਨੇ ਉਸ ਨਾਲ ਇਨਸਾਫ ਨਹੀਂ ਕੀਤਾ। ਛੇਵੀਂ ਕਲਾਸ ਤੋਂ ਬੀ.ਏ ਤੱਕ ਸਤਵੰਤ ਨੂੰ ਮਜ਼ਦੂਰੀ ਕਰਨੀ ਪਈ। ਉਸ ਦਾ ਬਾਪ ਬਲਦੇਵ ਸਿੰਘ ਪਿੰਡਾਂ ਵਿਚ ਸਟੋਵ ਤੇ ਸਿਲਾਈ ਮਸ਼ੀਨਾਂ ਮੁਰੰਮਤ ਕਰਨ ਦਾ ਕੰਮ ਕਰਦਾ ਸੀ। ਸਤਵੰਤ ਦੀ ਪੜਾਈ ਲਈ ਉਸ ਦੀ ਇੱਕ ਭੈਣ ਨੇ ਆਪਣੀ ਪੜਾਈ ਕੁਰਬਾਨ ਕਰ ਦਿੱਤੀ। ਉਸ ਨੇ 85 ਫੀਸਦੀ ਅੰਕਾਂ ਨਾਲ ਐਮ.ਐਸ.ਸੀ ਕੀਤੀ ਅਤੇ 75 ਫੀਸਦੀ ਅੰਕਾਂ ਨਾਲ ਬੀ.ਐਡ। ਇਕੱਲੀ ਅਧਿਆਪਕ ਯੋਗਤਾ ਪ੍ਰੀਖਿਆ ਹੀ ਪਾਸ ਨਹੀਂ ਕੀਤੀ ਬਲਕਿ ਉਸ ਨੇ ਯੂ.ਜੀ.ਸੀ ਨੈੱਟ ਪ੍ਰੀਖਿਆ ਵੀ ਪਾਸ ਕੀਤੀ। ਉਹ ਆਖਦਾ ਹੈ ਕਿ ਸਰਕਾਰ ਨੇ ਮੁੱਲ ਨਹੀਂ ਪਾਇਆ। ਉਹ ਆਖਦਾ ਹੈ ਕਿ ਛੇ ਹਜ਼ਾਰ ਨਾਲ ਗੁਜਾਰਾ ਮੁਸ਼ਕਲ ਹੈ।        
          ਦੱਸਣਯੋਗ ਹੈ ਕਿ ਪੰਜਾਬ ਦੇ ਹਜ਼ਾਰਾਂ ਅਧਿਆਪਕ ਏਦਾ ਦੀ ਜੂਨ ਹੰਢਾ ਰਹੇ ਹਨ ਜੋ ਸਰਕਾਰੀ ਬੇਇਨਸਾਫੀ ਦਾ ਸ਼ਿਕਾਰ ਹਨ। ਕੀ ਇਨ•ਾਂ ਅਧਿਆਪਕਾਂ ਦੀ ਜੂਨ ਅਧਿਆਪਕ ਦਿਵਸ ਬਦਲ ਸਕੇਗਾ,ਅਧਿਆਪਕ ਸਰਕਾਰ ਤੋਂ ਇਹ ਜੁਆਬ ਮੰਗਦੇ ਹਨ। ਅਧਿਆਪਕ ਪ੍ਰੀਖਿਆ ਯੋਗਤਾ ਪਾਸ ਇਨ•ਾਂ ਅਧਿਆਪਕਾਂ ਦੇ ਸੂਬਾ ਪ੍ਰਧਾਨ ਬਿਕਰਮ ਸਿੰਘ ਦਾ ਕਹਿਣਾ ਸੀ ਕਿ ਨਿਗੂਣੀ ਤਨਖਾਹ ਤੇ ਕੰਮ ਕਰਦੇ ਅਧਿਆਪਕਾਂ ਨੂੰ ਸਨਮਾਨਯੋਗ ਤਨਖਾਹ ਸਰਕਾਰ ਦੇਵੇ£।
                                              ਮਾਣ ਸਨਮਾਨ ਦੀ ਬਹਾਲੀ ਹੋਵੇ।
ਸਿੱਖਿਆ ਬਚਾਓ ਮੰਚ ਦੇ ਆਗੂ ਦਰਸ਼ਨ ਮੌੜ ਅਤੇ ਰਾਜੇਸ਼ ਮੌਂਗਾ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਅਧਿਆਪਕ ਦਿਵਸ ਅਧਿਆਪਕ ਦੇ ਮਾਣ ਸਨਮਾਨ ,ਰੁਤਬੇ ਤੇ ਮਹੱਤਤਾ ਦੇ ਪ੍ਰਗਟਾਅ ਦੀ ਨਿਸ਼ਾਨੀ ਹੁੰਦਾ ਹੈ ਪ੍ਰੰਤੂ ਹਕੂਮਤਾਂ ਨੇ ਇਸ ਸਭ ਕੁਝ ਨੂੰ ਮਨਫੀ ਕਰ ਦਿੱਤਾ ਹੈ। ਵਪਾਰਿਕ ਲੀਹਾਂ ਤੇ ਸਿੱਖਿਆ ਨੂੰ ਪਾ ਕੇ ਅਧਿਆਪਕਾਂ ਨੂੰ ਕਈ ਕੈਟਾਗਿਰੀਆਂ ਵਿਚ ਵੰਡ ਦਿੱਤਾ ਹੈ। ਪੰਜਾਬ ਸਰਕਾਰ ਅਧਿਆਪਕਾਂ ਨੂੰ ਬਣਦਾ ਮਿਹਨਤਾਨਾ ਦੇ ਕੇ ਮਾਣ ਸਨਮਾਨ ਦੀ ਬਹਾਲੀ ਕਰੇ। 

No comments:

Post a Comment