Sunday, September 27, 2015

                                 ਮਜ਼ਬੂਰੀ 
       ਕਿਸਾਨਾਂ ਨੇ ਸਭ ਕੁਝ ‘ਵਿਕਾਊ’ ਕੀਤਾ
                             ਚਰਨਜੀਤ ਭੁੱਲਰ
ਬਠਿੰਡਾ : ਕੋਈ ਦੁਧਾਰੂ ਪਸ਼ੂ ਵੇਚ ਰਿਹਾ ਹੈ ਤੇ ਕੋਈ ਕਿਸਾਨ ਟਰੈਕਟਰ। ਖੇਤਾਂ ਵਿਚ ਖੜ•ੇ ਦਰੱਖਤ ਵੇਚਣਾ ਮਜ਼ਬੂਰੀ ਬਣ ਗਿਆ ਹੈ। ਜਦੋਂ ਪਾਣੀ ਸਿਰੋਂ ਲੰਘ ਜਾਵੇ ਤਾਂ ਸਭ ਕੁਝ ਦਾਅ ਤੇ ਲਾਉਣਾ ਕੋਈ ਸ਼ੌਂਕ ਨਹੀਂ ਹੁੰਦਾ। ਕਪਾਹ ਪੱਟੀ ਦੀ ਇਹ ਤਾਜਾ ਤਸਵੀਰ ਹੈ। ਇਸੇ ਸੰਕਟ ਵਿਚ ਫਸੇ ਕਿਸਾਨਾਂ ਨੇ ਸਭ ਕੁਝ ਵਿਕਰੀ ਤੇ ਲਾ ਦਿੱਤਾ ਹੈ। ਕਿਸਾਨਾਂ ਦੇ ਘਰਾਂ ਵਿਚ ਹੁਣ ਦਲਾਲ ਗੇੜੇ ਤੇ ਗੇੜਾ ਮਾਰ ਰਹੇ ਹਨ ਜਿਨ•ਾਂ ਨੂੰ ਮਿੱਟੀ ਦੇ ਭਾਅ ਪਸ਼ੂ ਤੇ ਮਸ਼ੀਨਰੀ ਵੇਚਣ ਤੋਂ ਬਿਨ•ਾਂ ਕੋਈ ਚਾਰਾ ਨਹੀਂ ਰਿਹਾ। ਸਰਕਾਰੀ ਮੁਆਵਜਾ ਜ਼ਖਮਾਂ ਤੇ ਲੂਣ ਛਿੜਕ ਰਿਹਾ ਹੈ। ਚਾਰੇ ਪਾਸਿਓ ਸਭ ਬੂਹੇ ਬੰਦ ਹੋ ਗਏ ਹਨ। ਕੋਈ ਖੜ•ਾ ਨਰਮਾ ਵਾਹ ਕੇ ਸੜਕਾਂ ਤੇ ਕੂਕ ਰਿਹਾ ਹੈ ਤੇ ਕੋਈ ਗੁਰੂ ਘਰਾਂ ਵਿਚ ਅਰਦਾਸਾਂ ਕਰ ਰਿਹਾ ਹੈ। ਚਿੱਟੇ ਮੱਛਰ ਦਾ ਕਹਿਰ ਠੀਕ ਉਨਾਂ ਹੀ ਹੈ ਜਿਨ•ਾਂ ਅਮਰੀਕਨ ਸੁੰਡੀ ਦਾ ਸੀ। ਸਮੁੱਚਾ ਅਰਥਚਾਰਾ ਇਸ ਮੱਛਰ ਨੇ ਝੰਬ ਦਿੱਤਾ ਹੈ। ਪਸ਼ੂ ਮੰਡੀਆਂ ਤੇ ਟਰੈਕਟਰ ਮੰਡੀਆਂ ਵਿਚ ਭੀੜ ਵੱਧ ਗਈ ਹੈ। ਵੇਚਣ ਵਾਲੇ ਜਿਆਦਾ ਹਨ ਤੇ ਖਰੀਦਣ ਵਾਲਾ ਕੋਈ ਨਹੀਂ।
                 ਤਲਵੰਡੀ ਸਾਬੋ ਦੇ ਪਿੰਡ ਰਾਈਆ ਦੇ ਕਿਸਾਨ ਜਗਜੀਤ ਸਿੰਘ ਨੂੰ ਜ਼ਮੀਨ ਦਾ ਠੇਕਾ ਤਾਰਨ ਲਈ ਦੋ ਦੁਧਾਰੂ ਮੱਝਾਂ ਕਰੀਬ 40 ਹਜ਼ਾਰ ਘਾਟਾ ਪਾ ਕੇ ਵੇਚਣੀਆਂ ਪਈਆਂ ਹਨ। ਕਿਸਾਨ ਦੱਸਦਾ ਹੈ ਕਿ ਮਰਦਾ ਕੀ ਨਾ ਕਰਦਾ, ਖੇਤ ਚਿੱਟੇ ਮੱਛਰ ਨੇ ਖਾਲੀ ਕਰ ਦਿੱਤੇ ਤੇ ਸਾਹੂਕਾਰ ਨੇ ਹੱਥ ਖੜ•ੇ ਦਿੱਤੇ ਹਨ। ਜਦੋਂ ਪੂਰੀ ਫਸਲ ਮਰ ਗਈ ਤਾਂ ਇੱਥੋਂ ਦੇ ਕਿਸਾਨ ਦਰਸ਼ਨ ਸਿੰਘ ਨੂੰ 10 ਦਿਨ ਪਹਿਲਾਂ ਇੱੱਕ ਲੱਖ ਵਿਚ ਹੀ ਟਰੈਕਟਰ ਵੇਚਣਾ ਪਿਆ। ਕਿਧਰੋਂ ਪੈਸੇ ਦਾ ਇੰਤਜਾਮ ਨਾ ਹੋਇਆ ਤਾਂ ਪਿੰਡ ਬਦਿਆਲਾ ਦੇ ਕਿਸਾਨ ਬਲਦੇਵ ਸਿੰਘ ਨੂੰ ਮੱਝ ਦਾ ਸੰਗਲ ਪਸ਼ੂ ਵਪਾਰੀ ਨੂੰ ਫੜਾਉਣਾ ਪਿਆ। ਸੰਗਤ ਦੇ ਪਿੰਡ ਕੁਟੀ ਦੇ ਕਿਸਾਨ ਜਸਦੀਪ ਸਿੰਘ ਦੇ ਟਾਹਲੇ ਵਾਲੇ ਖੇਤਾਂ ਨੂੰ ਤਾਂ ਨਜ਼ਰ ਹੀ ਲੱਗ ਗਈ ਹੈ। ਨਾ ਖੇਤਾਂ ਵਿਚ ਫਸਲ ਰਹੀ ਹੈ ਅਤੇ ਨਾ ਹੁਣ ਕੋਈ ਟਾਹਲੀ। ਉਸ ਨੂੰ ਮਜ਼ਬੂਰੀ ਵਿਚ ਖੇਤ ਖੜ•ੇ ਦੋ ਟਾਹਲੀ ਦੇ ਦਰੱਖਤ 17 ਹਜ਼ਾਰ ਵਿਚ ਹੀ ਵੇਚਣੇ ਪੈ ਗਏ ਹਨ। ਚਿੱਟੇ ਮੱਛਰ ਨੇ ਫਸਲ ਕੀ ਚਪਟ ਕੀਤੀ ਕਿ ਇਸ ਪਿੰਡ ਦੇ ਕਿਸਾਨ ਹਰਮੇਲ ਸਿੰਘ ਨੂੰ ਤਾਂ ਬਲੱਡ ਪ੍ਰੈਸਰ ਹੀ ਹੋ ਗਿਆ। ਉਸ ਨੂੰ ਕੁਝ ਦਿਨ ਪਹਿਲਾਂ ਟਰੈਕਟਰ ਟਰਾਲੀ ਵੇਚਣੇ ਪਏ ਹਨ।
                   ਫੂਲੇਵਾਲਾ ਦੇ ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਹੁਣ ਘਰ ਵਿਚ ਇਕੱਲੀ ਤੂੜੀ ਰਹਿ ਗਈ ਹੈ, ਦੋ ਮੱਝਾਂ ਮਜ਼ਬੂਰੀ ਵਿਚ ਵੇਚਣੀਆਂ ਪਈਆ ਹਨ। ਇੱਥੋਂ ਦੇ ਹੀ ਕਿਸਾਨ ਜਗਤਾਰ ਸਿੰਘ ਨੂੰ ਜਦੋਂ ਆੜਤੀਏ ਤੋਂ ਜੁਆਬ ਮਿਲ ਗਿਆ ਤਾਂ ਉਸ ਨੇ 45 ਹਜ਼ਾਰ ਵਿਚ ਟਰਾਲੀ ਵੇਚ ਦਿੱਤੀ। ਦੱਸਣਯੋਗ ਹੈ ਕਿ ਏਦਾ ਦੇ ਹਾਲਤ ਸਾਲ 1997 ਵੇਲੇ ਸਨ ਜਦੋਂ ਅਮਰੀਕਨ ਸੁੰਡੀ ਨੇ ਕਿਸਾਨਾਂ ਦੇ ਘਰ  ਅਤੇ ਖੇਤ ਖਾਲ•ੀ ਕਰ ਦਿੱਤੇ ਸਨ। ਕਪਾਹ ਪੱਟੀ ਦੇ ਤਲਵੰਡੀ ਸਾਬੋ,ਮੋਗਾ,ਮਲੋਟ,ਬਰਨਾਲਾ ਤੇ ਸਲਾਵਤਪੁਰਾ ਦੀ ਟਰੈਕਟਰ ਮੰਡੀ ਵਿਚ ਚਿੱਟੇ ਮੱਛਰ ਦੇ ਝੰਬੇ ਹੋਏ ਕਿਸਾਨਾਂ ਦੀ ਭੀੜ ਹੁੰਦੀ ਹੈ। ਮਲੋਟ ਮੰਡੀ ਦੀ ਟਰੈਕਟਰ ਮੰਡੀ ਦੇ ਦਲਾਲ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਟਰੈਕਟਰਾਂ ਦੇ ਉਨੇ ਗ੍ਰਾਹਕ ਨਹੀਂ,ਜਿਨੇ ਵੇਚਣ ਵਾਲੇ ਹਨ। ਮਾਨਸਾ ਦੇ ਪਿੰਡ ਸਾਹਨੇਵਾਲੀ ਦੇ ਕਿਸਾਨ ਕੁਲਵੰਤ ਸਿੰਘ ਨੂੰ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਤੇ 1.15 ਲੱਖ ਰੁਪਏ ਵਿਚ ਟਰੈਕਟਰ ਵੇਚਣਾ ਪਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਨਰਮੇ ਤੇ ਅੱਠ ਛਿੜਕਾਓ ਕੀਤੇ ਪ੍ਰੰਤੂ ਦਵਾਈ ਨੇ ਕੋਈ ਅਸਰ ਨਹੀਂ ਦਿਖਾਇਆ। ਰਾਮਪੁਰ ਮੰਡੇਰ ਦੇ ਕਿਸਾਨ ਲੱਖਾ ਸਿੰਘ ਨੂੰ ਤਿੰਨ ਕਨਾਲ ਜ਼ਮੀਨ ਹੀ ਵੇਚਣੀ ਪਈ ਹੈ।
                 ਮਾਨਸਾ ਦੇ ਪਿੰਡ ਟਾਹਲੀਆ ਦੇ ਕਿਸਾਨ ਰਾਜ ਸਿੰਘ ਨੂੰ ਸੱਤ ਏਕੜ ਠੇਕੇ ਤੇ ਲਈ ਜ਼ਮੀਨ ਨੇ ਭੁੰਜੇ ਸੁੱਟ ਦਿੱਤਾ ਹੈ। ਉਸ ਨੇ ਇੱਕ ਮੱਝ ਵੇਚੀ ਹੈ ਅਤੇ ਟਰੈਕਟਰ ਵੀ ਵੇਚ ਦਿੱਤਾ ਹੈ। ਹੁਣ ਜ਼ਮੀਨ ਵੀ ਵਿਕਾਊ ਕੀਤੀ ਹੈ। ਜਦੋਂ ਡੇਢ ਦਹਾਕਾ ਪਹਿਲਾਂ ਅਮਰੀਕਨ ਸੁੰਡੀ ਦੀ ਮਾਰ ਪਈ ਸੀ ਤਾਂ ਉਦੋਂ ਪੰਜਾਬ ਵਿਚ 1200 ਕਰੋੜ ਦੇ ਸਲਾਨਾ ਕੀਟਨਾਸਕ ਵਿਕਦੇ ਸਨ ਜਿਸ ਚੋਂ 800 ਕਰੋੜ ਦੀ ਕੀੜੇਮਾਰ ਦਵਾਈ ਇਕੱਲੀ ਕਪਾਹ ਪੱਟੀ ਵਿਚ ਵਿਕਦੀ ਸੀ। ਮੋਟੇ ਅੰਦਾਜੇ ਅਨੁਸਾਰ ਐਤਕੀਂ ਕਰੀਬ 500 ਕਰੋੜ ਰੁਪਏ ਦੇ ਕੀਟਨਾਸਕ ਵਿਕ ਗਏ ਹਨ। ਸਰਕਾਰੀ ਰਿਕਾਰਡ ਅਨੁਸਾਰ ਕਰੀਬ ਸਵਾ ਲੱਖ ਹੈਕਟੇਅਰ ਰਕਬੇ ਚੋਂ ਫਸਲ ਦਾ ਖਰਾਬਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਸਿਰਫ ਅੱਠ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜਾ ਦੇਣਾ ਹੈ ਜਦੋਂ ਕਿ ਠੇਕੇ ਵਾਲੀ ਜ਼ਮੀਨ ਦਾ ਪ੍ਰਤੀ ਏਕੜ 20 ਹਜ਼ਾਰ ਦਾ ਇਕੱਲੇ ਠੇਕੇ ਦਾ ਹੀ ਖਰਚਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਜਸਵੀਰ ਸਿੰਘ ਬੁਰਜ ਸੇਮਾ ਦਾ ਕਹਿਣਾ ਸੀ ਕਿ ਨਕਲੀ ਦਵਾਈਆਂ ਨੇ ਆਹ ਦਿਨ ਦਿਖਾ ਦਿੱਤੇ ਹਨ ਅਤੇ ਹੁਣ ਉਪਰੋਂ ਸਰਕਾਰ ਕਿਸਾਨ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਉਨ•ਾਂ ਆਖਿਆ ਕਿ ਕਿਸਾਨ ਆਪਣੇ ਹੱਕ ਲਈ ਇੱਕਜੁੱਟ ਹੋ ਕੇ ਕਿਸਾਨੀ ਸੰਘਰਸ਼ ਵਿਚ ਜੁਟਣ, ਤਾਂ ਹੀ ਕੋਈ ਹੱਲ ਨਿਕਲ ਸਕਦਾ ਹੈ। ਨਹੀਂ ਤਾਂ ਸਰਕਾਰ ਨੂੰ ਨੀਂਦ ਚੋਂ ਕੋਈ ਨਹੀਂ ਜਗਾ ਸਕਦਾ।

No comments:

Post a Comment