Wednesday, September 16, 2015

                                ਸਿਆਸੀ ਕਬੱਡੀ
    ਪੰਜ ਕਰੋੜ ਵਿਚ ਪੈਣਗੇ ਬਾਲੀਵੁੱਡ ਠੁਮਕੇ
                                  ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਐਤਕੀਂ ਛੇਵੇਂ ਵਿਸ਼ਵ ਕਬੱਡੀ ਕੱਪ ਦੇ ਰੰਗੀਨ ਪ੍ਰੋਗਰਾਮਾਂ ਤੇ ਪੰਜ ਕਰੋੜ ਖਰਚੇਗੀ ਜਦੋਂ ਕਿ ਕਪਾਹ ਪੱਟੀ ਦੇ ਕਿਸਾਨਾਂ ਲਈ ਚਿੱਟਾ ਮੱਛਰ ਗਲੇ ਦੀ ਫਾਹੀ ਬਣਿਆ ਪਿਆ ਹੈ। ਐਤਕੀਂ ਤਾਂ ਸਰਕਾਰ ਕਪਾਹ ਪੱਟੀ ਦੇ ਕਿਸਾਨਾਂ ਨੂੰ ਇਸ ਕੱਪ ਦੇ ਸਮਾਪਤੀ ਸਮਾਰੋਹਾਂ ਦੇ ਜਲਵੇ ਵੀ ਜਲਾਲਾਬਾਦ ਵਿਚ ਹੀ  ਦਿਖਾ ਰਹੀ ਹੈ। ਪੰਜਾਬ ਸਰਕਾਰ ਨੇ 15 ਨਵੰਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕਬੱਡੀ ਕੱਪ ਲਈ 20.20 ਕਰੋੜ ਰੁਪਏ ਦੀ  ਪ੍ਰਵਾਨਗੀ ਦੇ ਦਿੱਤੀ ਹੈ ਜਿਸ ਚੋਂ ਪੰਜ ਕਰੋੜ ਦਾ ਖਰਚਾ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਹੋਵੇਗਾ। ਪੰਜਵੇਂ ਵਿਸ਼ਵ  ਕਬੱਡੀ  ਕੱਪ ਤੇ 17.35 ਕਰੋੜ ਰੁਪਏ ਖਰਚ ਆਏ ਸਨ ਜਦੋਂ ਕਿ ਛੇਵੇਂ ਕੱਪ ਦਾ ਬਜਟ ਵਧਾ ਦਿੱਤਾ ਗਿਆ ਹੈ। ਭਾਵੇਂ ਛੇਵੇਂ ਕਬੱਡੀ ਕੱਪ ਲਈ ਤਿਆਰੀ ਵਿੱਢ ਦਿੱਤੀ ਗਈ ਹੈ ਪ੍ਰੰਤੂ ਪੰਜਵੇਂ ਵਿਸ਼ਵ ਕਬੱਡੀ ਕੱਪ ਦੀ ਪ੍ਰਾਹੁਣਚਾਰੀ ਦੇ 1.68 ਕਰੋੜ ਰੁਪਏ ਹਾਲੇ ਵੀ ਖਜ਼ਾਨੇ ਵਿਚ ਫਸੇ ਹੋਏ ਹਨ। ਕਾਰੋਬਾਰੀ ਲੋਕਾਂ ਨੂੰ 10 ਮਹੀਨੇ ਮਗਰੋਂ ਵੀ ਅਦਾਇਗੀ ਨਹੀਂ ਮਿਲੀ ਹੈ। ਛੇਵੇਂ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਐਤਕੀਂ ਸਪੋਰਟਸ ਸਟੇਡੀਅਮ ਜਲਾਲਾਬਾਦ ਵਿਚ ਹੋਣਗੇ ਜੋ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹਲਕਾ ਹੈ।
                  ਖੇਡ ਵਿਭਾਗ ਪੰਜਾਬ ਤੋਂ ਲਏ ਆਰ.ਟੀ.ਆਈ ਵੇਰਵਿਆਂ ਅਨੁਸਾਰ ਵਿੱਤ ਵਿਭਾਗ ਪੰਜਾਬ ਵਲੋਂ ਪਲਾਨ ਬਜਟ ਵਿਚ 7 ਕਰੋੜ ਰੁਪਏ ਦਾ ਉਪਬੰਧ ਛੇਵੇਂ ਕਬੱਡੀ ਕੱਪ ਲਈ ਪਹਿਲਾਂ ਹੀ ਕੀਤਾ ਹੋਇਆ ਹੈ ਜਦੋਂ ਕਿ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ 6 ਕਰੋੜ ਦੇ ਅਡੀਸਨਲ ਫੰਡ ਦੇਣੇ ਹਨ। ਮਤਲਬ ਕਿ ਵਿੱਤ ਪੰਜਾਬ ਵਲੋਂ 13 ਕਰੋੜ ਅਗਲੇ ਕਬੱਡੀ ਕੱਪ ਤੇ ਖਰਚ ਕੀਤੇ ਜਾਣਗੇ। ਬਾਕੀ ਦੇ ਫੰਡ ਸਪਾਂਸਰਸ਼ਿਪ ਅਤੇ ਦਾਨ ਦੀ ਰਾਸ਼ੀ ਨਾਲ ਇਕੱਠੇ ਕੀਤੇ ਜਾਣੇ ਹਨ। ਛੇਵੇਂ ਕਬੱਡੀ ਕੱਪ ਦਾ ਜੋ ਅਸਟੀਮੇਟ ਤਿਆਰ ਕੀਤਾ ਗਿਆ ਹੈ, ਉਸ ਅਨੁਸਾਰ ਰੰਗਾ ਰੰਗ ਪ੍ਰੋਗਰਾਮਾਂ ਤੇ ਪੰਜ ਕਰੋੜ ਖਰਚ ਕੀਤੇ ਜਾਣੇ ਹਨ ਅਤੇ ਇਸ ਤੋਂ ਬਿਨ•ਾਂ ਲੋਕ ਗਾਇਕਾਂ ਲਈ 12 ਲੱਖ ਦਾ ਵੱਖਰਾ ਬਜਟ ਰੱਖਿਆ ਗਿਆ ਹੈ। ਕਬੱਡੀ ਕੱਪ ਦੇ ਇੰਤਜਾਮਾਂ ਲਈ 4.92 ਕਰੋੜ ਰੁਪਏ ਵੱਖ ਵੱਖ ਜਿਲਿ•ਆਂ ਨੂੰ ਦਿੱਤੇ ਜਾਣੇ ਹਨ। ਟਰਾਂਸਪੋਰਟ ਦਾ 95 ਲੱਖ ਦਾ ਖਰਚਾ ਰੱਖਿਆ ਗਿਆ ਹੈ। ਸੂਤਰ ਆਖਦੇ ਹਨ ਕਿ ਕੀ ਛੇਵਾਂ ਕਬੱਡੀ ਕੱਪ ਕਪਾਹ ਪੱਟੀ ਦੇ ਕਿਸਾਨਾਂ ਦੇ  ਦੁੱਖਾਂ ਦੀ ਦਾਰੂ ਬਣ ਸਕੇਗਾ।
                 ਮੁੱਖ ਮੰਤਰੀ ਪੰਜਾਬ ਨੇ ਬੀਤੇ ਕੱਲ ਹੀ ਕਪਾਹ ਪੱਟੀ ਦੇ ਖਰਾਬੇ ਦੀ ਕਰੀਬ 10 ਕਰੋੜ ਦੀ ਮੁਆਵਜਾ ਰਾਸ਼ੀ ਜਾਰੀ ਕੀਤੀ ਹੈ। ਕਪਾਹ ਪੱਟੀ ਨੂੰ ਚਿੱਟੇ ਮੱਛਰ ਦੇ ਹਮਲੇ ਨੇ ਕਿਸਾਨੀ ਨੂੰ ਮੁੜ ਖੁਦਕੁਸ਼ੀ ਦੇ ਰਾਹ ਪਾ ਦਿੱਤਾ ਹੈ। ਦਰਜਨਾਂ ਕਿਸਾਨਾਂ ਦੇ ਘਰਾਂ ਵਿਚ ਇਸ ਹੱਲੇ ਨੇ ਸੱਥਰ ਵਿਛਾ ਵੀ ਦਿੱਤੇ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ•ਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਕਪਾਹ ਪੱਟੀ ਦੇ ਕਿਸਾਨਾਂ ਲਈ 10 ਕਰੋੜ  ਅਤੇ ਕਬੱਡੀ ਕੱਪ ਲਈ 20 ਕਰੋੜ,ਇਹ ਕਿਥੋਂ ਦਾ ਇਨਸਾਫ ਹੈ। ਉਨ•ਾਂ ਆਖਿਆ ਕਿ ਸਰਕਾਰੀ  ਤਰਜੀਹ ਤੇ ਕਿਸਾਨੀ ਨਹੀਂ,ਕਬੱਡੀ ਕੱਪ ਦੇ ਰੰਗੀਨ ਸਮਾਰੋਹ ਹਨ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ  ਕਿਸਾਨ ਤਾਂ ਸਰਕਾਰ ਤੋਂ ਮੁਆਵਜਾ ਮੰਗ ਰਹੇ ਹਨ ਪ੍ਰੰਤੂ ਸਰਕਾਰ ਕਬੱਡੀ ਕੱਪ ਦੇ ਜਲਵੇ ਦਿਖਾਉਣ ਦੀ ਗੱਲ ਕਰ ਰਹੀ ਹੈ।  ਦੂਸਰੀ ਤਰਫ ਪੰਜਾਬ ਦੇ ਕਾਰੋਬਾਰੀ ਲੋਕ ਆਖ ਰਹੇ ਹਨ ਕਿ ਸਰਕਾਰ ਛੇਵਾਂ ਕਬੱਡੀ ਕੱਪ ਕਰਾਉਣ ਤੋਂ ਪਹਿਲਾਂ  ਉਨ•ਾਂ ਦੇ ਪੁਰਾਣੇ ਬਕਾਏ ਤਾਂ ਜਾਰੀ ਕਰੇ। ਵੇਰਵਿਆਂ ਅਨੁਸਾਰ ਪੰਜਵੇਂ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਪਿੰਡ ਬਾਦਲ  ਵਿਚ ਹੋਏ ਸਨ ਜਿਸ ਕਰਕੇ ਜ਼ਿਲ•ਾ ਮੁਕਤਸਰ ਦੇ ਕਾਰੋਬਾਰੀ ਲੋਕਾਂ ਦੇ 32.50 ਲੱਖ ਦੇ ਬਕਾਏ ਸਰਕਾਰ ਨੇ ਹਾਲੇ ਤੱਕ  ਕਲੀਅਰ ਨਹੀਂ ਕੀਤੇ ਹਨ ਜਦੋਂ ਕਿ ਅੰਮ੍ਰਿਤਸਰ ਦੀਆਂ ਫਰਮਾਂ ਦੇ 21.88 ਲੱਖ ਰੁਪਏ ਖਜ਼ਾਨੇ  ਵਿਚ ਫਸੇ ਹੋਏ ਹਨ।
                   ਬਠਿੰਡਾ ਜਿਲ•ੇ ਦੇ ਹੋਟਲ ਮਾਲਕਾਂ ਦੇ 16.20 ਲੱਖ ਅਤੇ ਗੁਰਦਾਸਪੁਰ ਦੇ 18.38 ਲੱਖ ਦੇ ਬਕਾਏ ਫਸੇ ਹੋਏ ਹਨ। ਇਵੇਂ ਹੀ ਲੁਧਿਆਣਾ ਦੇ 16.56 ਲੱਖ,ਸੰਗਰੂਰ ਦੇ 12.39 ਲੱਖ,ਤਰਨਤਾਰਨ ਦੇ 11.90 ਲੱਖ,ਹੁਸ਼ਿਆਰਪੁਰ ਦੇ 8.18 ਲੱਖ ਰੁਪਏ,ਜਲੰਧਰ ਦੇ 16.56 ਲੱਖ ,ਫਾਜਿਲਕਾ ਦੇ 4.82 ਲੱਖ,ਮੋਗਾ ਦੇ 6.37 ਅਤੇ ਕਪੂਰਥਲਾ ਦੇ 3.80 ਲੱਖ ਦੇ ਬਕਾਏ ਸਰਕਾਰ ਨੇ ਕਲੀਅਰ ਨਹੀਂ ਕੀਤੇ ਹਨ। ਇਸ ਤੋਂ ਬਿਨ•ਾਂ ਕਰੀਬ 7 ਲੱਖ ਰੁਪਏ ਟਰਾਂਸਪੋਰਟ ਵਗੈਰਾ ਦੇ ਖਰਚਿਆਂ ਦੀ ਵੀ ਅਦਾਇਗੀ ਹਾਲੇ ਤੱਕ ਨਹੀਂ ਕੀਤੀ ਹੈ। ਪੰਜਾਬ ਹੋਟਲਜ਼,ਰੈਸਟੋਰੈਂਟ ਐਂਡ ਰਿਜਾਰਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਤੀਸ਼ ਅਰੋੜਾ ਦਾ ਕਹਿਣਾ ਸੀ ਕਿ ਹਰ ਵਰੇ• ਸਰਕਾਰ ਅਦਾਇਗੀ ਵਿਚ ਬੇਲੋੜੀ ਦੇਰੀ ਕਰਕੇ ਹੋਟਲ ਮਾਲਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਉਨ•ਾਂ ਆਖਿਆ ਕਿ ਹਫਤੇ ਵਿਚ ਸਰਕਾਰ ਨੇ ਅਦਾਇਗੀ ਨਾ ਕੀਤੀ ਤਾਂ ਉਹ ਅਗਲਾ ਫੈਸਲਾ ਲੈਣਗੇ। ਉਨ•ਾਂ ਆਖਿਆ ਕਿ ਸਰਕਾਰ ਖੁਦ ਵੀ ਵਿਆਜ ਸਮੇਤ ਪੁਰਾਣੇ ਬਕਾਏ ਕਲੀਅਰ ਕਰੇ। ਜਾਣਕਾਰੀ ਅਨੁਸਾਰ ਸਰਕਾਰ ਨੇ ਤਾਂ ਪੰਜਵੇਂ ਕਬੱਡੀ ਕੱਪ ਦੇ ਕੋਚਾਂ ਅਤੇ ਰੈਫਰੀਆਂ ਵਾਸਤੇ ਜੋ ਸਪੋਰਟਸ ਕਿੱਟ ਲਈ ਸੀ,ਉਸ ਦੀ ਵੀ 2.03 ਲੱਖ ਰੁਪਏ ਦੀ ਅਦਾਇਗੀ ਹਾਲੇ ਤੱਕ ਨਹੀਂ ਕੀਤੀ ਹੈ।
                                  ਹਫਤੇ ਵਿਚ ਪੁਰਾਣੇ ਬਕਾਏ ਕਲੀਅਰ ਹੋਣਗੇ : ਡਾਇਰੈਕਟਰ  
ਖੇਡ ਵਿਭਾਗ   ਪੰਜਾਬ ਦੇ ਡਾਇਰੈਕਟਰ ਰਾਹੁਲ ਗੁਪਤਾ ਦਾ ਕਹਿਣਾ ਸੀ ਕਿ ਪੰਜਵੇਂ ਕਬੱਡੀ ਕੱਪ ਦੇ ਬਕਾਏ ਕਲੀਅਰ ਕਰਨ ਲਈ ਫੰਡਾਂ ਦੀ ਪ੍ਰਵਾਨਗੀ ਮਿਲ ਜਾਣੀ ਹੈ ਅਤੇ ਹਫਤੇ ਵਿਚ ਬਕਾਏ ਕਲੀਅਰ ਕਰ ਦਿੱਤੇ ਜਾਣਗੇ। ਉਨ•ਾਂ ਦੱਸਿਆ ਕਿ ਅਗਾਮੀ ਕਬੱਡੀ  ਕੱਪ ਲਈ ਬਜਟ ਦੀ ਪ੍ਰਵਾਨਗੀ ਮਿਲ ਗਈ ਹੈ ਅਤੇ ਜਲਦੀ ਹੀ ਫੰਡ ਮਿਲ ਜਾਣਗੇ। ਈਵੇਂਟ ਮੈਨੇਜਮੈਂਟ ਕੰਪਨੀ ਲਈ ਉਹ ਦੋ  ਚਾਰ ਦਿਨਾਂ ਵਿਚ ਇਸ਼ਤਿਹਾਰ ਜਾਰੀ ਕਰ ਰਹੇ ਹਨ।

No comments:

Post a Comment