Monday, September 28, 2015

                                ਪੈਲੀ ਦਾ ਸੰਕਟ
               ਖੇਤਾਂ ਦੇ ਰਾਜੇ ਮੰਜਿਆਂ ਤੇ ਪਾਏ..
                                 ਚਰਨਜੀਤ ਭੁੱਲਰ
ਬਠਿੰਡਾ  :  ਕਪਾਹ ਪੱਟੀ ਦੇ ਸੰਕਟ ਨੇ ਕਿਸਾਨਾਂ ਦਾ ਦਿਨ ਰਾਤ ਦਾ ਚੈਨ ਉਡਾ ਦਿੱਤਾ ਹੈ। ਕੋਈ ਕਿਸਾਨ ਉਦਾਸੀ ਤੇ ਤਣਾਓ ਦੀ ਵਲਗਣ  ਵਿਚ ਫਸ ਗਿਆ ਹੈ ਅਤੇ ਕੋਈ ਡਿਪਰੈਸ਼ਨ ਵਿਚ ਚਲਾ ਗਿਆ ਹੈ। ਖੇਤਾਂ ਦੇ ਰਾਜੇ ਹੁਣ ਮੰਜਿਆਂ ਵਿਚ ਪੈਣ ਲਈ ਮਜ਼ਬੂਰ ਹਨ।  ਮਾਨਸਿਕ ਰੋਗਾਂ ਦੇ ਹਸਪਤਾਲਾਂ ਵਿਚ ਦੋ ਹਫਤੇ ਤੋਂ ਕਿਸਾਨਾਂ ਦੀ ਗਿਣਤੀ ਵੱਧ ਗਈ ਹੈ। ਪੇਂਡੂ ਮੈਡੀਕਲ ਸਟੋਰਾਂ ਤੋਂ ਨੀਂਦ ਦੀਆਂ  ਗੋਲੀਆਂ ਦੀ ਵਿਕਰੀ ਵਧੀ ਹੈ। ਵਰਿ•ਆਂ ਮਗਰੋਂ ਕਪਾਹ ਪੱਟੀ ਨੂੰ ਮਾੜੇ ਦਿਨ ਵੇਖਣੇ ਪਏ ਹਨ। ਹਾਲਾਤ ਇਹ ਹਨ ਕਿ ਬਹੁਤੇ  ਕਿਸਾਨਾਂ ਕੋਲ ਤਾਂ ਦਵਾਈ ਲੈਣ ਜੋਗੇ ਪੈਸੇ ਵੀ ਨਹੀਂ ਹਨ। ਅਬੋਹਰ ਦੇ ਪਿੰਡ ਕਿੱਲਿਆ ਵਾਲੀ ਦੇ ਕਿਸਾਨ ਬਲਵਿੰਦਰ ਸਿੰਘ ਦਾ ਖੇਤ  ਚਿੱਟੇ ਮੱਛਰ ਨੇ ਸਾਫ  ਕਰ ਦਿੱਤਾ ਹੈ। ਜਦੋਂ ਖੜ•ੀ ਪੈਲੀ ਤੇ ਟਰੈਕਟਰ ਚੱਲਦਾ ਵੇਖਿਆ ਤਾਂ ਇਸ ਕਿਸਾਨ ਦਾ ਸਿਰ ਚਕਰਾ  ਗਿਆ। ਫਿਰ ਬਲੱਡ ਪ੍ਰੈਸਰ ਤੇ ਉਦਾਸੀ ਨੇ ਘੇਰ ਲਿਆ। ਹੁਣ ਇਹ ਕਿਸਾਨ ਅਬੋਹਰ ਤੋਂ ਆਪਣਾ ਇਲਾਜ ਕਰਾ ਰਿਹਾ ਹੈ। ਇਵੇਂ ਹੀ ਅਬੋਹਰ ਦੇ ਪਿੰਡ ਗੋਬਿੰਦਗੜ ਦੇ ਕਿਸਾਨ ਰਵਿੰਦਰ ਸਿੰਘ ਤਣਾਓ ਦੀ ਜਕੜ ਵਿਚ ਹੈ।
               ਕਿਸਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 10 ਏਕੜ ਪੈਲੀ ਠੇਕੇ ਤੇ ਲਈ ਸੀ ਜੋ ਸਾਰੀ ਤਬਾਹ ਹੋ ਗਈ ਹੈ। ਸਾਹੂਕਾਰ ਨੇ ਹੱਥ ਪਿਛਾਂਹ ਖਿੱਚ ਲਿਆ ਹੈ। ਇਹ ਕਿਸਾਨ ਹੁਣ ਅਬੋਹਰ ਤੋਂ ਦਵਾਈ ਲੈ ਰਿਹਾ ਹੈ। ਮਾਨਸਾ ਦੇ ਪਿੰਡ ਦਿਆਲਪੁਰਾ ਦੇ ਕਿਸਾਨ ਜਗਤਾਰ ਸਿੰਘ ਦੀ ਪੌਣੇ ਚਾਰ ਏਕੜ ਚੋਂ ਸਿਰਫ ਡੇਢ ਏਕੜ ਜ਼ਮੀਨ ਬਚੀ ਹੈ, ਬਾਕੀ ਸਾਰੀ ਜ਼ਮੀਨ ਵਿਕ ਗਈ ਹੈ। ਕਿਸਾਨ ਦਾ ਪ੍ਰਤੀਕਰਮ ਸੀ ਕਿ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਅਤੇ ਦਵਾਈ ਵੀ ਬੇਅਸਰ ਹੋ ਗਈ ਹੈ। ਜਾਣਕਾਰੀ ਅਨੁਸਾਰ ਕਪਾਹ ਪੱਟੀ ਦੇ ਹਰ ਪਿੰਡ ਵਿਚ ਔਸਤਨ 40 ਤੋਂ 50 ਘਰਾਂ ਦੇ ਕਿਸਾਨ ਦਵਾਈਆਂ ਖਾਣ ਲੱਗ ਪਏ ਹਨ। ਸੰਗਤ ਦੇ ਪਿੰਡ ਬਾਘਾ ਦੇ ਪੰਚਾਇਤ ਮੈਂਬਰ ਸੋਹਨ ਸਿੰਘ ਦਾ ਕਹਿਣਾ ਸੀ ਕਿ ਪੂਰਾ ਪਿੰਡ ਖਰਾਬੇ ਦੀ ਮਾਰ ਹੇਠ ਹੈ ਅਤੇ ਬਹੁਤੇ ਕਿਸਾਨ ਤਾਂ ਗੁੰਮ ਸੁੰਮ ਹੀ ਰਹਿਣ ਲੱਗੇ ਹਨ। ਉਨ•ਾਂ ਆਖਿਆ ਕਿ ਹੁਣ ਨਾ ਮਰਿਆ ਚ ਹਾਂ ਤੇ ਨਾ ਜਿਉਂਦਿਆਂ ਵਿਚ। ਦੱਸਣਯੋਗ ਹੈ ਕਿ ਕਪਾਹ ਪੱਟੀ ਦੇ ਪਿੰਡਾਂ ਚੋਂ ਤਾਂ ਹਾਸੇ ਹੀ ਉਡ ਗਏ ਹਨ।
               ਮਾਨਸਿਕ ਰੋਗਾਂ ਦੇ ਮਾਹਿਰ ਡਾ.ਸੁਨੀਲ ਗੁਪਤਾ ਦਾ ਪ੍ਰਤੀਕਰਮ ਸੀ ਕਿ ਓ.ਪੀ.ਡੀ ਵਿਚ ਕਿਸਾਨਾਂ ਦੀ ਗਿਣਤੀ 15 ਫੀਸਦੀ ਵਧ ਗਈ ਹੈ ਜੋ ਕਿ ਨਰਮੇ ਦੀ ਖਰਾਬੇ ਤੇ ਕਰਜ਼ੇ ਦੀ ਗੱਲ ਕਰਦੇ ਹਨ। ਬਹੁਤੇ ਕਿਸਾਨ ਤਾਂ ਪਿੰਡਾਂ ਵਿਚ ਆਰ.ਐਮ.ਪੀ ਡਾਕਟਰਾਂ ਤੋਂ ਹੀ ਦਵਾਈ ਲੈ ਰਹੇ ਹਨ। ਉਨ•ਾਂ ਕੋਲ ਆਉਣ ਵਾਲੇ ਕਈ ਕਿਸਾਨਾਂ ਕੋਲ ਤਾਂ ਦਵਾਈ ਲੈਣ ਦੀ ਵੀ ਪਹੁੰਚ ਨਹੀਂ ਹੁੰਦੀ ਹੈ। ਜਾਣਕਾਰੀ ਅਨੁਸਾਰ ਮੁਕਤਸਰ ਦੇ ਆਦੇਸ਼ ਹਸਪਤਾਲ ਦੇ ਮਨੋਰੋਗ ਵਾਰਡ ਵਿਚ ਕਿਸਾਨ ਆਉਣ ਲੱਗੇ ਹਨ। ਡਾ.ਆਰ.ਕੇ.ਬਾਂਸਲ ਦਾ ਕਹਿਣਾ ਹੈ ਕਿ ਖੇਤਾਂ ਦੀ ਫਸਲ ਖਤਮ ਹੋਣ ਕਰਕੇ ਕਰੀਬ ਚਾਰ ਕਿਸਾਨਾਂ ਨੇ ਡਿਪਰੈਸ਼ਨ ਦੀ ਸ਼ਿਕਾਇਤ ਰੱਖੀ ਹੈ ਜਿਨ•ਾਂ ਦਾ  ਇਲਾਜ ਸ਼ੁਰੂ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਮੁਕਤਸਰ ਦੇ ਪਿੰਡਾਂ ਚੋਂ ਉਦਾਸੀ ਅਤੇ ਘਬਰਾਹਟ ਵਾਲੇ ਕਿਸਾਨਾਂ ਦੇ ਕੇਸਾਂ  ਵਿਚ ਕਾਫੀ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਤੇ ਵੀ ਇਸ ਸੰਕਟ ਦਾ ਪਰਛਾਵਾਂ  ਸਿੱਧਾ ਦਿੱਖ ਰਿਹਾ ਹੈ।
               ਬਠਿੰਡਾ ਦੇ ਭਾਰਤ ਹਸਪਤਾਲ ਦੇ ਮਨੋਰੋਗਾਂ ਦੀ ਮਾਹਿਰ ਡਾ.ਨਿਧੀ ਗੁਪਤਾ ਨੇ ਦੱਸਿਆ ਕਿ ਹੁਣ ਉਨ•ਾਂ ਕੋਲ ਓ.ਪੀ.ਡੀ ਵਿਚ 70 ਫੀਸਦੀ ਕਿਸਾਨ ਆ ਰਹੇ ਹਨ ਜਿਨ•ਾਂ ਚੋਂ ਜਿਆਦਾ ਛੋਟੀ ਕਿਸਾਨੀ ਨਾਲ ਸਬੰਧਿਤ ਹਨ। ਉਨ•ਾਂ ਦੱਸਿਆ ਕਿ ਨਰਮਾ ਵਾਹੁਣ ਅਤੇ ਕਰਜ਼ਾ ਚੜ•ਨ ਕਰਕੇ ਰਾਤ ਨੂੰ ਨੀਂਦ ਨਾ ਆਉਣ ਅਤੇ ਚਿੰਤਾ ਦੀ ਗੱਲ ਕਰਦੇ ਹਨ। ਉਨ•ਾਂ ਦੱਸਿਆ ਕਿ ਕਿਸਾਨ ਪਰਿਵਾਰਾਂ ਵਿਚ ਡਿਪਰੈਸ਼ਨ ਵਧੀ ਹੋਈ ਹੈ। ਪਿੰਡ ਫੱਲੜ ਦੇ ਮੈਡੀਕਲ ਪ੍ਰੈਕਟੀਸ਼ਨਰ ਨਿਰਮਲ ਸਿੰਘ ਨੇ ਦੱਸਿਆ ਕਿ ਬਹੁਤੇ ਕਿਸਾਨਾਂ ਨੂੰ ਬਲੱਡ ਪ੍ਰੈਸਰ ਦੀ ਵੀ ਸ਼ਿਕਾਇਤ ਹੈ। ਇਸੇ ਦੌਰਾਨ ਪਿੰਡ ਜੱਜਲ ਦੇ ਕਿਸਾਨ ਜੋਗਿੰਦਰ ਸਿੰਘ ਤੇ ਜਗਤਾਰ ਸਿੰਘ ਨੇ ਦੱਸਿਆ ਕਿ ਉਨ•ਾਂ ਸਾਰੀ ਸਾਰੀ ਰਾਤ ਤੁਰੇ ਫਿਰਦੇ ਰਹਿੰਦੇ ਹਨ ਅਤੇ ਨੀਂਦ ਨਹੀਂ ਆਉਂਦੀ। ਇਨ•ਾਂ ਕਿਸਾਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕੀਤੀ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਨੀਂਦ ਦੀਆਂ ਗੋਲੀਆਂ ਦਾ ਵੀ ਕੋਈ ਅਸਰ ਨਹੀਂ ਹੁੰਦਾ ਹੈ।
               ਕਪਾਹ ਪੱਟੀ ਦੇ ਕਈ ਪਿੰਡਾਂ ਵਿਚ ਏਦੇ ਦੇ ਹਾਲਾਤ ਬਣਨ ਲੱਗੇ ਹਨ। ਬਹੁਤੇ ਕਿਸਾਨਾਂ ਨੂੰੰ ਉਮੀਦ  ਹੈ ਕਿ ਸਰਕਾਰ ਉਨ•ਾਂ ਲਈ ਕੁਝ ਨਾ ਕੁਝ ਕਰੇਗੀ। ਅੱਠ ਕਿਸਾਨ ਧਿਰਾਂ ਦੇ ਬਠਿੰਡਾ ਵਿਚ ਚੱਲ ਰਹੇ ਧਰਨੇ ਵਿਚ ਬਹੁਤੇ ਆਮ ਕਿਸਾਨ ਆਉਣ ਲੱਗੇ ਹਨ। ਕਾਫੀ ਵਰਿ•ਆਂ ਮਗਰੋਂ ਆਮ ਕਿਸਾਨ ਦੀ ਸਮੂਲੀਅਤ ਧਰਨੇ ਮੁਜ਼ਾਹਰੇ ਵਿਚ ਵੇਖਣ ਨੂੰ ਮਿਲ ਰਹੀ ਹੈ। ਪਿੰਡਾਂ ਦੇ ਗੁਰੂ ਘਰਾਂ ਵਿਚ ਵੀ ਹੁਣ ਸਵੇਰ ਵਕਤ ਕਿਸਾਨ ਪਰਿਵਾਰਾਂ ਦੀ ਗਿਣਤੀ ਕਾਫੀ ਜਿਆਦਾ ਵੇਖਣ ਨੂੰ ਮਿਲਦੀ ਹੈ। ਪਿੰਡ ਘੁੱਦਾ ਦੇ ਕਿਸਾਨ ਦੇਵੀ ਦਿਆਲ ਨੇ ਦੱਸਿਆ ਕਿ ਉਸ ਨੇ ਖੇਤ ਜਾਣਾ ਹੀ ਛੱਡ ਦਿੱਤਾ ਕਿਉਂਕਿ ਨੀਂਦ ਤਾਂ ਪਹਿਲਾਂ ਹੀ ਨਹੀਂ ਆਉਂਦੀ ਹੈ। ਸਭਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਬਾਂਹ ਨਾ ਫੜੀ ਤਾਂ ਘਰ ਘਰ ਕਿਸਾਨ ਮੰਜ਼ੇ ਤੇ ਦਿਖਣਗੇ। 

No comments:

Post a Comment