Sunday, October 18, 2015

                                    ਲੰਗਰ ਖਾਤਰ
            ਪੁਲੀਸ ਨੇ ਗੁਰੂ ਘਰਾਂ ਦੀ ਓਟ ਤੱਕੀ
                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਵਲੋਂ ਪੁਲੀਸ ਮੁਲਾਜ਼ਮਾਂ ਲਈ ਗੁਰੂ ਘਰਾਂ ਚੋਂ ਲੰਗਰ ਇਕੱਠਾ ਕੀਤਾ ਜਾਂਦਾ ਹੈ। ਪੁਲੀਸ ਕੋਲ ਮੁਲਾਜ਼ਮਾਂ ਦੇ ਖਾਣੇ ਲਈ ਕੋਈ ਪੈਸਾ ਨਹੀਂ ਹੈ। ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਦੀ ਡਿਊਟੀ ਲਗਾਈ ਹੈ ਕਿ ਉਹ ਗੁਰੂ ਘਰਾਂ ਚੋਂ ਲੰਗਰ ਇਕੱਠਾ ਕਰਕੇ ਮੁਲਾਜ਼ਮਾਂ ਨੂੰ ਛਕਾਉਣ। ਮਾਲਵੇ ਦੇ ਵੱਡੇ ਗੁਰੂ ਘਰਾਂ ਚੋਂ ਪੁਲੀਸ ਦੋ ਵਕਤ ਦਾ ਲੰਗਰ ਲਿਆ ਰਹੀ ਹੈ। ਹੁਣ ਦੋ ਗੁਰੂ ਘਰਾਂ ਨੇ ਪੁਲੀਸ ਨੂੰ ਲੰਗਰ ਦੇਣਾ ਬੰਦ ਕਰ ਦਿੱਤਾ ਹੈ। ਇਕੱਲੇ ਬਠਿੰਡਾ ਜ਼ਿਲ•ੇ ਵਿਚ 1100 ਦੇ ਕਰੀਬ ਪੁਲੀਸ ਮੁਲਾਜ਼ਮਾਂ ਜ਼ਿਲ•ੇ ਭਰ ਵਿਚ ਸੜਕਾਂ ਅਤੇ ਨਾਕਿਆਂ ਤੇ ਤਾਇਨਾਤ ਹਨ। ਦੁਆਬੇ ਅਤੇ ਮਾਝੇ ਚੋਂ ਵੀ ਪੁਲੀਸ ਮੁਲਾਜ਼ਮ ਇੱਥੇ ਆਏ ਹੋਏ ਹਨ। ਪਹਿਲਾਂ ਪੁਲੀਸ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਰਕੇ ਤਾਇਨਾਤ ਸੀ। ਹੁਣ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ। ਥਾਣੇਦਾਰ ਹੁਣ ਗੁਰੂ ਘਰਾਂ ਵਿਚ ਫੋਨ ਖੜਕਾ ਕੇ ਲੰਗਰ ਦਾ ਆਰਡਰ ਦੇ ਰਹੇ ਹਨ।
                   ਬਠਿੰਡਾ ਜ਼ਿਲ•ੇ ਦੇ ਗੋਨਿਆਣਾ ਬਾਈਪਾਸ,ਤਲਵੰਡੀ ਸਾਬੋ,ਰਾਮਪੁਰਾ ਫੂਲ,ਭਗਤਾ,ਮੌੜ ਆਦਿ ਵਿਖੇ ਪੰਥਕ ਧਿਰਾਂ ਵਲੋਂ ਸੜਕਾਂ ਤੇ ਜਾਮ ਲਗਾਏ ਹੋਏ ਹਨ। ਸਭਨਾਂ ਥਾਵਾਂ ਤੇ ਵੱਡੀ ਗਿਣਤੀ ਵਿਚ ਪੁਲੀਸ ਦੀ ਤਾਇਨਾਤੀ ਕੀਤੀ ਹੈ। ਪੁਲੀਸ ਲਾਈਨ ਵਿਚਲੇ ਸਰਕਾਰੀ ਲੰਗਰ ਬੰਦ ਪਏ ਹਨ ਅਤੇ ਲਾਗਰੀਆਂ ਦੀ ਵੀ ਪੁਲੀਸ ਕੋਲ ਕਮੀ ਹੈ। ਸੂਤਰ ਦੱਸਦੇ ਹਨ ਕਿ ਪੁਲੀਸ ਕੋਲ ਏਨੀ ਰਾਸ਼ੀ ਨਹੀਂ ਕਿ ਮੁਲਾਜ਼ਮਾਂ ਦੇ ਖਾਣੇ ਦਿੱਤਾ ਜਾ ਸਕੇ। ਥਾਣਾ ਨੇਹੀਆ ਵਾਲਾ ਦੀ ਪੁਲੀਸ ਵਲੋਂ ਗੁਰਦੁਆਰਾ ਲੱਖੀ ਜੰਗਲ ਚੋਂ ਲੰਗਰ ਲਿਆਂਦਾ ਜਾ ਰਿਹਾ ਹੈ। ਇਸ ਗੁਰੂ ਘਰ ਵਲੋਂ ਗੋਨਿਆਣਾ ਲਾਗੇ ਲੱਗੇ ਧਰਨੇ ਵਿਚ ਵੀ ਲੰਗਰ ਪਹੁੰਚਾਇਆ ਜਾ ਰਿਹਾ ਹੈ। ਥਾਣਾ ਨੇਹੀਆਂ ਵਾਲਾ ਦੇ ਚਾਰ ਪੁਲੀਸ ਮੁਲਾਜ਼ਮ ਇਸ ਗੁਰੂ ਘਰ ਚੋਂ ਲੰਗਰ ਲਿਆਉਂਦੇ ਹਨ। ਗੁਰੂ ਘਰ ਦੇ ਪ੍ਰਬੰਧਕ ਕਾਲਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪੁਲੀਸ ਮੁਲਾਜ਼ਮ ਤਿੰਨ ਟੋਕਰੇ ਅਤੇ ਅੱਜ ਡੇਢ ਟੋਕਰਾ ਰੋਟੀਆਂ ਦਾ ਲੈ ਕੇ ਗਏ ਹਨ ਅਤੇ 35 ਕਿਲੋ ਦੁੱਧ ਲੈ ਕੇ ਗਏ ਹਨ।
                 ਗੁਰਦੁਆਰਾ ਰੂਮੀ ਵਾਲਾ ਭੁੱਚੋ ਕਲਾਂ ਚੋਂ ਵੀ ਪੁਲੀਸ ਲੰਗਰ ਲਿਆ ਰਹੀ ਹੈ। ਪੁਲੀਸ ਚੌਂਕੀ ਭੁੱਚੋ ਦੇ ਇੰਚਾਰਜ ਨੇ ਦੱਸਿਆ ਕਿ ਇੱਥੇ ਪੰਜਾਹ ਤੋਂ ਜਿਆਦਾ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੋਈ ਹੈ ਜਿਨ•ਾਂ ਵਾਸਤੇ ਰੂਮੀ ਵਾਲਾ ਗੁਰੂ ਘਰ ਚੋਂ ਲੰਗਰ ਲਿਆਂਦਾ ਜਾਂਦਾ ਹੈ। ਇਵੇਂ ਹੀ ਪੁਲੀਸ ਨੇ ਬਠਿੰਡਾ ਦੇ ਮੁਲਤਾਨੀਆ ਰੋਡ ਸਥਿਤ ਗੁਰੂ ਘਰ ਵਿਚ ਲੰਗਰ ਦਾ ਆਰਡਰ ਦਿੱਤਾ ਸੀ। ਗੁਰੂ ਘਰ ਦੇ ਹੈਡ ਗਰੰਥੀ ਕਰਮਜੀਤ ਸਿੰਘ ਨੇ ਦੱਸਿਆ ਕਿ ਥਾਣਾ ਕੈਨਾਲ ਵਲੋਂ ਲੰਗਰ ਵਾਸਤੇ ਆਖਿਆ ਗਿਆ ਸੀ ਪ੍ਰੰਤੂ ਮਗਰੋਂ ਲੰਗਰ ਲਿਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਸੀ। ਰਾਮਪੁਰਾ ਫੂਲ ਵਿਖੇ ਬਠਿੰਡਾ ਚੰਡੀਗੜ• ਸੜਕ ਮਾਰਗ ਜਾਮ ਕੀਤਾ ਹੋਇਆ ਹੈ। ਇਥੇ ਪੁਲੀਸ ਵਲੋਂ ਸਥਾਨਿਕ ਸ਼ਹਿਰ ਦੇ ਗੁਰੂ ਘਰ ਚੋਂ ਦੋ ਦਿਨ ਤਾਂ ਲੰਗਰ ਲਿਆਂਦਾ ਗਿਆ ਪ੍ਰੰਤੂ ਹੁਣ ਪੁਲੀਸ ਨੂੰ ਗੁਰੂ ਘਰ ਦੇ ਪ੍ਰਬੰਧਕਾਂ ਨੇ ਲੰਗਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਤਰ•ਾਂ ਭਗਤਾ ਪੁਲੀਸ ਵਲੋਂ ਪਿੰਡ ਦਿਆਲਪੁਰਾ ਭਾਈਕਾ ਦੇ ਗੁਰੂ ਘਰ ਚੋਂ ਲੰਗਰ ਲਿਆਂਦਾ ਗਿਆ ਸੀ। ਹੁਣ ਇਸ ਗੁਰੂ ਘਰ ਵਲੋਂ ਵੀ ਪੁਲੀਸ ਨੂੰ ਲੰਗਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਹੁਤੇ ਪੁਲੀਸ ਮੁਲਾਜ਼ਮਾਂ ਨੂੰ ਢਾਬਿਆਂ ਤੋਂ ਵੀ ਲੰਗਰ ਖਾਣਾ ਪੈਂਦਾ ਹੈ। ਜਦੋਂ ਬਠਿੰਡਾ ਵਿਚ ਕਿਸਾਨ ਮੋਰਚਾ ਲੱਗਾ ਹੋਇਆ ਸੀ ਤਾਂ ਬਹੁਤੇ ਪੁਲੀਸ ਵਾਲੇ ਕਿਸਾਨ ਯੂਨੀਅਨ ਦੇ ਲੰਗਰ ਚੋਂ ਹੀ ਪ੍ਰਸ਼ਾਦਾ ਛੱਕਦੇ ਸਨ ।
                 ਬਠਿੰਡਾ ਮਾਨਸਾ ਸੜਕ ਤੇ ਮੌੜ ਕੈਂਚੀਆਂ ਤੇ ਵੀ ਸੜਕ ਜਾਮ ਕੀਤੀ ਜਾ ਰਹੀ ਹੈ ਅਤੇ ਇਥੇ ਵੀ ਕਾਫੀ ਗਿਣਤੀ ਵਿਚ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ। ਮੌੜ ਦੇ ਲਾਗਲੇ ਗੁਰਦੁਆਰਾ ਤਿੱਤਰਸਰ ਚੋਂ ਪੁਲੀਸ ਲੰਗਰ ਲਿਆ ਰਹੀ ਹੈ। ਗੁਰਦੁਆਰਾ ਤਿੱਤਰਸਰਾਰ ਦੇ ਬਾਬਾ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਰੋਜ਼ਾਨਾ 250 ਮੁਲਾਜ਼ਮਾਂ ਦਾ ਲੰਗਰ ਲਿਜਾਇਆ ਜਾਂਦਾ ਹੈ। ਇੱਥੋਂ ਪੁਲੀਸ ਵਾਲੇ ਕੈਂਟਰ ਤੇ ਲੰਗਰ ਲੈ ਕੇ ਜਾਂਦੇ ਹਨ। ਬਾਬਾ ਅੰਗਰੇਜ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੇ ਲੰਗਰ ਵਿਚ ਬੈਠ ਕੇ ਕੋਈ ਮੁਲਾਜ਼ਮ ਲੰਗਰ ਨਹੀਂ ਛੱਕਦਾ ਹੈ। ਪੁਲੀਸ ਨੂੰ ਤਾਂ ਟਰਾਂਸਪੋਰਟ ਦੀ ਵੀ ਕਾਫੀ ਮੁਸ਼ਕਲ ਆ ਰਹੀ ਹੈ। ਕਈ ਵਿੱਦਿਅਕ ਅਦਾਰਿਆਂ ਤੋਂ ਬੱਸਾਂ ਲਈਆਂ ਗਈਆਂ ਹਨ ਜਿਨ•ਾਂ ਵਾਸਤੇ ਤੇਲ ਦਾ ਵੀ ਸੰਕਟ ਬਣਿਆ ਹੋਇਆ ਹੈ। ਪੁਲੀਸ ਵਲੋਂ ਬਹੁਤੇ ਹੋਰ ਕੰਮ ਤਾਂ ਵਗਾਰ ਦੇ ਸਹਾਰੇ ਹੀ ਚਲਾਏ ਜਾ ਰਹੇ ਹਨ।
                                        ਸਰਕਾਰੀ ਲੰਗਰ ਚੱਲੇਗਾ : ਐਸ.ਪੀ
ਐਸ.ਪੀ ਸਥਾਨਿਕ ਡਾ.ਨਾਨਕ ਸਿੰਘ ਦਾ ਕਹਿਣਾ ਸੀ ਕਿ ਕੁਝ ਗੁਰੂ ਘਰਾਂ ਤਰਫੋਂ ਪੁਲੀਸ ਨੂੰ ਲੰਗਰ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਕਰਕੇ ਲੋੜ ਪੈਣ ਤੇ ਪੁਲੀਸ ਉਨ•ਾਂ ਗੁਰੂ ਘਰਾਂ ਤੋਂ ਲੰਗਰ ਲੈ ਰਹੀ ਸੀ। ਉਨ•ਾਂ ਦੱਸਿਆ ਕਿ ਹੁਣ ਉਹ ਪੁਲੀਸ ਲਾਈਨ ਵਿਚ ਸਰਕਾਰੀ ਮੈਸ ਚਲਾ ਰਹੇ ਹਨ ਤਾਂ ਜੋ ਮੁਲਾਜ਼ਮਾਂ ਨੂੰ ਖਾਣੇ ਦੀ ਕੋਈ ਦਿੱਕਤ ਨਾ ਆਵੇ। 

No comments:

Post a Comment