Tuesday, October 20, 2015

                                ਕੋਈ ਮਰੇ ਕੋਈ ਜੀਵੇ
                     ਸਰਕਾਰ ਘੋਲ ਪਤਾਸਾ ਪੀਵੇ
                                   ਚਰਨਜੀਤ ਭੁੱਲਰ
ਬਠਿੰਡਾ : ਜਦੋਂ ਕਿ ਪੰਜਾਬ ਦੇ ਲੋਕ ਨਾਜ਼ੁਕ ਦੌਰ ਵਿਚੋਂ ਗੁਜਰ ਰਹੇ ਹਨ ਤਾਂ ਠੀਕ ਉਸ ਵਕਤ ਪੰਜਾਬ ਸਰਕਾਰ ਛੇਵੇਂ ਵਿਸ਼ਵ ਕਬੱਡੀ ਕੱਪ ਦੀ ਤਿਆਰੀ ਵਿਚ ਉਲਝੀ ਪਈ ਹੈ। ਖੇਡ ਵਿਭਾਗ ਨੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਦੇ ਪ੍ਰਬੰਧ ਵਾਸਤੇ ਅੱਜ ਟੈਂਡਰ ਖੋਲ• ਦਿੱਤੇ ਹਨ। ਭਲਕੇ 20 ਅਕਤੂਬਰ ਤੋਂ ਭਾਰਤ ਦੀ ਕਬੱਡੀ ਟੀਮ ਦੇ ਲੁਧਿਆਣਾ ਵਿਚ ਟਰਾਇਲ ਸ਼ੁਰੂ ਹੋ ਰਹੇ ਹਨ। ਭਾਰਤੀ ਕਬੱਡੀ ਟੀਮ ਦਾ ਮੈਨੇਜਰ ਅਤੇ ਹੋਰ ਸਿਆਸੀ ਆਗੂ ਕਬੱਡੀ ਕੱਪ ਦੇ ਸਿਲਸਿਲੇ ਵਿਚ ਵਿਦੇਸ਼ਾਂ ਵਿਚ ਗਏ ਹੋਏ ਹਨ। ਡਿਪਟੀ ਕਮਿਸ਼ਨਰਾਂ ਵਲੋਂ ਕਬੱਡੀ ਕੱਪ ਦੀ ਤਿਆਰੀ ਲਈ ਸਟੇਡੀਅਮਾਂ ਦੇ ਦੌਰੇ ਕੀਤੇ ਜਾ ਰਹੇ ਹਨ ਅਤੇ ਨਾਲੋਂ ਨਾਲ ਮੀਟਿੰਗਾਂ ਵੀ ਚੱਲ ਰਹੀਆਂ ਹਨ। ਖੇਡ ਵਿਭਾਗ ਇਸ ਵੱਡੇ ਕਬੱਡੀ ਮੇਲੇ ਵਾਸਤੇ ਸਪੌਸ਼ਰਸ਼ਿਪ ਲੱਭਣ ਵਿਚ ਜੁਟਿਆ ਹੋਇਆ ਹੈ। ਪੰਜਾਬ ਸਰਕਾਰ ਹੁਣ ਛੇਵੇਂ ਕਬੱਡੀ ਕੱਪ ਦੀ ਸ਼ੁਰੂਆਤ 14 ਨਵੰਬਰ ਤੋਂ ਕਰੇਗੀ ਜਦੋਂ ਕਿ ਪਹਿਲਾਂ ਉਦਘਾਟਨ 15 ਨਵੰਬਰ ਨੂੰ ਹੋਣਾ ਸੀ।
                ਖੇਡ ਵਿਭਾਗ ਵਲੋਂ 14 ਨਵੰਬਰ ਤੋਂ 28 ਨਵੰਬਰ ਤੱਕ ਵਿਸ਼ਵ ਕਬੱਡੀ ਕੱਪ ਕਰਾਇਆ ਜਾਣਾ ਹੈ। ਖੇਡ ਵਿਭਾਗ ਕੋਲ ਐਤਕੀਂ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਲਈ ਤਿੰਨ ਕੰਪਨੀਆਂ ਨੇ ਪਹੁੰਚ ਕੀਤੀ ਹੈ ਜਿਨ•ਾਂ ਵਿਚ ਫੈਰਿਸਵੀਲ ਮੁੰਬਈ,ਟੱਚਵੁੱਡ ਦਿੱਲੀ ਅਤੇ ਪਰਸੈਪਟ ਦਿੱਲੀ ਸ਼ਾਮਲ ਹਨ। ਸਰਕਾਰ ਤਰਫੋਂ ਐਤਕੀਂ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਤੇ ਚਾਰ ਕਰੋੜ ਰੁਪਏ ਖਰਚ ਕੀਤੇ ਜਾਣੇ ਹਨ ਜਿਨ•ਾਂ ਵਿਚ ਬਾਲੀਵੁਡ ਅਦਾਕਾਰਾਂ ਦੀ ਰਾਸ਼ੀ ਵੀ ਸ਼ਾਮਲ ਹੈ। ਦੋ ਚਾਰ ਦਿਨਾਂ ਵਿਚ ਕੰਪਨੀ ਦੀ ਚੋਣ ਕਰ ਲਈ ਜਾਵੇਗੀ ਅਤੇ ਅਗਲੇ ਸੋਮਵਾਰ ਟੀ.ਵੀ ਪਾਰਟਨਰ ਦੀ ਚੋਣ ਦਾ ਕੰਮ ਫਾਈਨਲ ਕੀਤਾ ਜਾਣਾ ਹੈ। ਵਿਦੇਸ਼ੀ ਟੀਮਾਂ ਨੂੰ ਸੱਦਾ ਪੱਤਰ ਦਿੱਤੇ ਜਾ ਚੁੱਕੇ ਹਨ। ਵਿਸ਼ਵ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਐਤਕੀਂ ਜਲਾਲਾਬਾਦ ਵਿਚ ਹੋਣੇ ਹਨ ਅਤੇ ਇਵੇਂ ਹੀ ਪਿੰਡ ਬਾਦਲ ਵਿਚ ਵੀ ਇੱਕ ਮੈਚ ਹੋਣਾ ਹੈ।
                    ਡਿਪਟੀ ਕਮਿਸ਼ਨਰ ਫਾਜਿਲਕਾ ਤਰਫੋਂ ਕਬੱਡੀ ਕੱਪ ਦੀ ਤਿਆਰੀ ਸਬੰਧੀ ਦੋ ਮੀਟਿੰਗਾਂ ਕੀਤੀਆਂ ਗਈਆਂ ਹਨ ਜਿਨ•ਾਂ ਵਿਚ ਸਾਰੇ ਅਫਸਰਾਂ ਨੂੰ ਸੱਦਿਆ ਗਿਆ ਸੀ। ਡੀ.ਸੀ ਵਲੋਂ ਜਲਾਲਾਬਾਦ ਦੇ ਖੇਡ ਸਟੇਡੀਅਮ ਦਾ ਦੌਰਾ ਕਰਕੇ ਜਾਇਜਾ ਵੀ ਲਿਆ ਗਿਆ ਹੈ। ਇਸੇ ਤਰ•ਾਂ ਬਠਿੰਡਾ ਜ਼ਿਲ•ੇ ਦੇ ਪਿੰਡ ਮਹਿਰਾਜ ਵਿਚ ਕਬੱਡੀ ਕੱਪ ਦਾ ਮੈਚ ਹੋਣਾ ਹੈ। ਡਿਪਟੀ ਕਮਿਸ਼ਨਰ ਨੇ ਪਿੰਡ ਮਹਿਰਾਜ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜਾ ਲਿਆ ਹੈ। ਡਿਪਟੀ ਕਮਿਸ਼ਨਰ ਡਾ.ਬਸੰਤ ਗਰਗ ਦਾ ਕਹਿਣਾ ਸੀ ਕਿ ਕਬੱਡੀ ਕੱਪ ਦੀ ਤਰੀਕ ਵਿਚ ਕਿਸੇ ਤਰ•ਾਂ ਦੇ ਬਦਲਾਓ ਦੀ ਕੋਈ ਸੂਚਨਾ ਨਹੀਂ ਆਈ ਹੈ ਜਿਸ ਕਰਕੇ ਪ੍ਰਸ਼ਾਸਨ ਨੇ ਆਪਣੀ ਤਰਫੋਂ ਤਿਆਰੀ ਕਰ ਲਈ ਹੈ। ਦੂਸਰੀ ਤਰਫ ਪੰਜਾਬ ਦੇ ਹਾਲਾਤਾਂ ਤੇ ਝਾਤ ਮਾਰੀਏ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਸ ਮਗਰੋਂ ਵਾਪਰੀਆਂ ਘਟਨਾਵਾਂ ਕਾਰਨ ਪੂਰਾ ਪੰਜਾਬ ਜਾਮ ਹੋ ਗਿਆ ਹੈ ਅਤੇ ਲੋਕ ਰੋਹ ਸਿਖਰ ਤੇ ਹੈ। ਦੋ ਨੌਜਵਾਨ ਪੁਲੀਸ ਗੋਲੀ ਨਾਲ ਸ਼ਹੀਦ ਹੋ ਚੁੱਕੇ ਹਨ। ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਰਾੜ ਦਾ ਪ੍ਰਤੀਕਰਮ ਸੀ ਕਿ ਵਿਸਵ ਕਬੱਡੀ ਕੱਪ ਦੀ ਤਿਆਰੀ ਵਿਚ ਜੁਟੀ ਸਰਕਾਰ ਸਿੱਖ ਭਾਈਚਾਰੇ ਦੇ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ।
                   ਉਨ•ਾਂ ਆਖਿਆ ਕਿ ਸਰਕਾਰ ਕਬੱਡੀ ਕੱਪ ਦੀ ਥਾਂ ਸ਼ਹੀਦ ਹੋਏ ਨੌਜਵਾਨਾਂ ਦੇ ਪ੍ਰਵਾਰਾਂ ਨੂੰ ਇੱਕ ਇੱਕ ਕਰੋੜ ਦੀ ਮਾਲੀ ਮਦਦ ਦੇਵੇ। ਪੰਜਾਬ ਦਾ ਦੂਜਾ ਵੱਡਾ ਸੰਕਟ ਕਪਾਹ ਪੱਟੀ ਹੈ ਜਿਥੋਂ ਦੇ ਕਿਸਾਨਾਂ ਦੇ ਘਰ ਚਿੱਟੇ ਮੱਛਰ ਦੇ ਹੱਲੇ ਨੇ ਖਾਲੀ ਕਰ ਦਿੱਤੇ ਹਨ। ਦਰਜਨਾਂ ਕਿਸਾਨ ਖੁਦਕੁਸ਼ੀ ਕਰ ਗਏ ਹਨ। ਕਿਸਾਨਾਂ ਨੂੰ ਗੰਭੀਰ ਸੰਕਟ ਵਿਚੋਂ ਲੰਘਣਾ ਪੈ ਰਿਹਾ ਹੈ। ਭਾਵੇਂ ਵਿਸ਼ਵ ਕਬੱਡੀ ਕੱਪ ਨੂੰ ਕਪਾਹ ਪੱਟੀ ਚੋਂ ਆਊਟ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੰਤੂ ਕਬੱਡੀ ਕੱਪ ਦੀ ਰੰਗੀਨੀ ਕਿਸਾਨਾਂ ਦੇ ਰੋਹ ਨੂੰ ਹੋਰ ਤਿੱਖਾ ਕਰੇਗੀ। ਬਠਿੰਡਾ ਤੇ ਮਾਨਸਾ ਵਿਚ ਕਬੱਡੀ ਕੱਪ ਦੇ ਮੈਚ ਕਰਾਉਣ ਦੀ ਥਾਂ ਐਤਕੀਂ ਸਿਰਫ ਪਿੰਡ ਮਹਿਰਾਜ ਵਿਚ ਮੈਚ ਰੱਖਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਪ੍ਰਤੀਕਰਮ ਸੀ ਕਿ ਕਿਸਾਨ ਘਰਾਂ ਵਿਚ ਤਾਂ ਸੱਥਰ ਵਿਛ ਗਏ ਹਨ ਤੇ ਸਰਕਾਰ ਕਬੱਡੀ ਕੱਪ ਕਰਾਉਣ ਵਿਚ ਉਲਝੀ ਹੋਈ ਹੈ। ਉਨ•ਾਂ ਆਖਿਆ ਕਿ ਕਬੱਡੀ ਕੱਪ ਵਾਲੀ ਰਾਸ਼ੀ ਸਰਕਾਰ ਐਤਕੀਂ ਕਿਸਾਨਾਂ ਦੀ ਮਦਦ ਲਈ ਜਾਰੀ ਕਰੇ।
                                       ਜ਼ੋਰ ਸ਼ੋਰ ਨਾਲ ਤਿਆਰੀ ਕਰ ਰਹੇ ਹਾਂ : ਡਾਇਰੈਕਟਰ
ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਰਾਹੁਲ ਗੁਪਤਾ ਦਾ ਕਹਿਣਾ ਸੀ ਕਿ ਉਹ ਛੇਵੇਂ ਕਬੱਡੀ ਕੱਪ ਦੀ ਤਿਆਰੀ ਦੇ ਪ੍ਰਬੰਧ ਕਰਨ ਵਿਚ ਪੂਰੀ ਤਰ•ਾਂ ਜੁਟੇ ਹੋਏ ਹਨ ਅਤੇ ਹਾਲੇ ਤੱਕ ਕਬੱਡੀ ਕੱਪ ਨੂੰ ਮੁਲਤਵੀ ਕਰਨ ਜਾਂ ਕੋਈ ਬਦਲਾਓ ਕਰਨ ਸਬੰਧੀ ਫਿਲਹਾਲ ਕੋਈ ਸਰਕਾਰੀ ਸੂਚਨਾ ਨਹੀਂ ਹੈ। ਉਨ•ਾਂ ਦੱਸਿਆ ਕਿ ਭਲਕੇ ਤੋਂ ਭਾਰਤੀ ਟੀਮ ਦੇ ਟਰਾਇਲ ਸ਼ੁਰੂ ਹੋ ਰਹੇ ਹਨ ਅਤੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਲਈ ਐਤਕੀਂ ਚਾਰ ਕਰੋੜ ਦਾ ਬਜਟ ਰੱਖਿਆ ਹੈ।
      

No comments:

Post a Comment