Wednesday, October 28, 2015

                            ਅੰਦਰਲਾ ਡਰ
            ਪਿੰਡ ਬਾਦਲ ਹੋ ਗਿਆ ਦੂਰ ...
                           ਚਰਨਜੀਤ ਭੁੱਲਰ
ਬਠਿੰਡਾ : ਹੁਣ ਬਾਦਲ ਪਰਿਵਾਰ ਨੂੰ ਬਠਿੰਡਾ ਖਿੱਤੇ ਤੋਂ ਭੈਅ ਆਉਣ ਲੱਗਾ ਹੈ। ਕਰੀਬ ਪੌਣੇ ਮਹੀਨੇ ਤੋਂ ਬਾਦਲ ਪਰਿਵਾਰ ਆਪਣੇ ਹਲਕੇ ਤੋਂ ਗਾਇਬ ਹੈ। ਉਹ ਵੀ ਦਿਨ ਸਨ ਜਦੋਂ ਬਾਦਲ ਪਰਿਵਾਰ ਔਸਤਨ ਹਰ ਪੰਜਵੇਂ ਦਿਨ ਬਠਿੰਡਾ ਖਿੱਤੇ ਵਿਚ ਗੇੜਾ ਲਾਉਂਦਾ ਸੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਚੰਡੀਗੜ• ਪੁੱਜ ਗਏ ਹਨ ਜੋ ਕਿ ਦੋ ਦਿਨ ਚੰਡੀਗੜ• ਹੀ ਰਹਿਣਗੇ। ਉਹ ਵੀ ਐਤਕੀਂ ਆਪਣੇ ਹਲਕੇ ਵਿਚ ਨਹੀਂ ਆ ਰਹੇ ਹਨ। ਉਹ ਆਖਰੀ ਦਫਾ 8 ਅਕਤੂਬਰ ਨੂੰ ਪਿੰਡ ਜਗਾ ਰਾਮ ਤੀਰਥ ਆਏ ਸਨ। ਉਸ ਮਗਰੋਂ ਉਨ•ਾਂ ਨੇ ਆਪਣੇ ਹਲਕੇ ਵਿਚ ਪੈਰ ਨਹੀਂ ਪਾਇਆ। ਪਹਿਲਾਂ ਕਿਸਾਨ ਅੰਦੋਲਨ ਅਤੇ ਹੁਣ ਪੰਥਕ ਧਿਰਾਂ ਦੇ ਸੰਘਰਸ਼ ਕਾਰਨ ਬਾਦਲ ਪਰਿਵਾਰ ਨੇ ਰਾਜਧਾਨੀ ਵਿਚ ਹੀ ਡੇਰੇ ਲਾਏ ਹੋਏ ਹਨ। ਮੁੱਖ ਮੰਤਰੀ ਪੰਜਾਬ ਨੇ ਸੰਤ ਫਤਹਿ ਸਿੰਘ ਦੇ 30 ਅਕਤੂਬਰ ਦੇ ਰਾਜ ਪੱਧਰੀ ਸਮਾਗਮਾਂ ਤੇ ਪਿੰਡ ਬਦਿਆਲਾ ਪੁੱਜਣਾ ਸੀ ਪ੍ਰੰਤੂ ਅੱਜ ਪਤਾ ਲੱਗਾ ਹੈ ਕਿ ਉਨ•ਾਂ ਦੀ ਥਾਂ ਹੁਣ ਚਾਰ ਕੈਬਨਿਟ ਵਜ਼ੀਰ ਸਮਾਗਮਾਂ ਵਿਚ ਪੁੱਜ ਰਹੇ ਹਨ।
                    ਡਿਪਟੀ ਕਮਿਸ਼ਨਰ ਡਾ.ਬਸੰਤ ਗਰਗ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਪੰਜਾਬ ਦਾ ਬਦਿਆਲਾ ਆਉਣ ਦਾ ਫਿਲਹਾਲ ਕੋਈ ਪ੍ਰੋਗਰਾਮ ਨਹੀਂ ਹੈ ਅਤੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ,ਸ਼ਰਨਜੀਤ ਸਿੰਘ ਢਿਲੋਂ ਅਤੇ ਸ਼ਰਨਜੀਤ ਸਿੰਘ ਢਿਲੋਂ ਸਮੇਤ ਚਾਰ ਵਜ਼ੀਰ ਇਨ•ਾਂ ਸਮਾਗਮਾਂ ਤੇ ਪੁੱਜ ਰਹੇ ਹਨ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਦੀ ਬਦਿਆਲਾ ਆਮਦ ਫਿਲਹਾਲ ਭੇਤ ਹੀ ਬਣੀ ਹੋਈ ਹੈ। ਕਿਸਾਨ ਧਿਰਾਂ ਵਲੋਂ ਵਿਰੋਧ ਦਾ ਸੱਦਾ ਦਿੱਤਾ ਹੋਇਆ ਹੈ। ਤਾਹੀਂਓ ਫਿਲਹਾਲ ਬਾਦਲ ਪਰਿਵਾਰ ਟਾਲਾ ਵੱਟ ਰਿਹਾ ਹੈ। ਸਰਕਾਰੀ ਤੱਥ ਗਵਾਹੀ ਭਰਦੇ ਹਨ ਕਿ ਪਹਿਲਾਂ ਬਾਦਲ ਪਰਿਵਾਰ ਦਾ ਹਮੇਸ਼ਾ ਬਠਿੰਡਾ ਖਿੱਤੇ ਵਿਚ ਗੇੜੇ ਤੇ ਗੇੜਾ ਰਿਹਾ ਹੈ। ਹੁਣ ਉਨ•ਾਂ ਦੀ ਗੈਰਹਾਜਰੀ ਕਈ ਸੁਨੇਹੇ ਦੇ ਰਹੀ ਹੈ। ਪਿਛਲੇ ਵਰਿ•ਆਂ ਤੇ ਝਾਤ ਮਾਰੀਏ ਤਾਂ 1 ਜਨਵਰੀ 2012 ਤੋਂ ਦਸੰਬਰ 2013 ਤੱਕ ਬਾਦਲ ਪਰਿਵਾਰ ਨੇ 154 ਦਿਨ ਆਪਣੇ ਬਠਿੰਡਾ ਹਲਕੇ ਵਿਚ ਗੁਜਾਰੇ ਹਨ।
                  ਮੁੱਖ ਮੰਤਰੀ ਨੇ ਇਨ•ਾਂ ਦੋ ਵਰਿ•ਆਂ ਵਿਚ 164 ਦੌਰੇ ਕੀਤੇ ਹਨ ਜਦੋਂ ਕਿ ਉਪ ਮੁੱਖ ਮੰਤਰੀ ਨੇ 137 ਦੌਰੇ ਕੀਤੇ ਸਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 81 ਦੌਰੇ ਕੀਤੇ ਸਨ। ਹੁਣ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਮਗਰੋਂ ਵਾਪਰੀਆਂ ਘਟਨਾਵਾਂ ਤੋਂ ਉਪਜੇ ਵਿਵਾਦ ਕਾਰਨ ਬਾਦਲ ਪਰਿਵਾਰ ਆਪਣੇ ਹਲਕੇ ਤੋਂ ਦੂਰ ਰਹਿ ਰਿਹਾ ਹੈ। ਮੁੱਖ ਮੰਤਰੀ ਪੰਜਾਬ ਤਾਂ ਕਾਫੀ ਸਮੇਂ ਤੋਂ ਆਪਣੇ ਜੱਦੀ ਪਿੰਡ ਬਾਦਲ ਵੀ ਨਹੀਂ ਆਏ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਿਰਫ ਇੱਕ ਦਿਨ ਵਾਸਤੇ ਪਿੰਡ ਬਾਦਲ ਆਏ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਆਪੋ ਆਪਣੇ ਹਲਕੇ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਜਾਂਦੇ ਰਹੇ ਹਨ ਪ੍ਰੰਤੂ ਹੁਣ ਸੰਗਤ ਦਰਸ਼ਨ ਪ੍ਰੋਗਰਾਮ ਵੀ ਰੱਦ ਕੀਤੇ ਹੋਏ ਹਨ। ਕੋਈ ਮਹੀਨਾ ਅਜਿਹਾ ਨਹੀਂ ਜਦੋਂ ਮੁੱਖ ਮੰਤਰੀ ਪੰਜਾਬ ਨੇ ਆਪਣੇ ਜੱਦੀ ਹਲਕੇ ਲੰਬੀ ਵਿਚ ਸੰਗਤ ਦਰਸਨ ਪ੍ਰੋਗਰਾਮ ਨਾ ਕੀਤੇ ਹੋਣ। ਹੁਣ ਕਾਫੀ ਸਮੇਂ ਤੋਂ ਲੰਬੀ ਵਿਚ ਇਹ ਪ੍ਰੋਗਰਾਮ ਵੀ ਬੰਦ ਹੀ ਹਨ।
                   ਉਪ ਮੁੱਖ ਮੰਤਰੀ ਪਿਛਲੇ ਦਿਨਾਂ ਦੌਰਾਨ ਸਿਰਫ ਇੱਕ ਦਿਨ ਮਾਨਸਾ ਦੇ ਪਿੰਡ ਕੋਟਧਰਮੂ ਗਏ ਸਨ ਜਿਥੇ ਅਕਾਲੀ ਦਲ ਮਾਨਸਾ ਤਰਫੋਂ ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ। ਬਾਦਲ ਪਰਿਵਾਰ ਦੀ ਗੈਰਹਾਜ਼ਰੀ ਕਰਕੇ ਬਠਿੰਡਾ ਤੇ ਮਾਨਸਾ ਖਿੱਤੇ ਵਿਚ ਸਾਰੀ ਸਿਆਸੀ ਗਤੀਵਿਧੀ ਵੀ ਠੱਪ ਹੋ ਗਈ ਹੈ। ਦੱਸਣਯੋਗ ਹੈ ਕਿ ਬਠਿੰਡਾ ਤੇ ਮਾਨਸਾ ਜ਼ਿਲ•ੇ ਵਿਚੋਂ ਹੁਣ ਲੰਮੇ ਵੀ.ਆਈ. ਪੀ ਕਾਫਲੇ ਗਾਇਬ ਹੋ ਗਏ ਹਨ ਅਤੇ ਹੂਟਰਾਂ ਦੀ ਅਵਾਜ਼ ਵੀ ਕਿਧਰੇ ਸੁਣਾਈ ਨਹੀਂ ਦਿੰਦੀ ਹੈ। ਪੀਪਲਜ਼ ਪਾਰਟੀ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਤੇ ਉਸ ਦੇ ਪਰਿਵਾਰ ਨੇ ਪੰਜਾਬ ਅਤੇ ਕੌਮ ਦੀ ਸੱਚਮੁੱਚ ਸੇਵਾ ਕੀਤੀ ਹੁੰਦੀ ਤਾਂ ਅੱਜ ਉਨ•ਾਂ ਨੂੰ ਆਪਣੇ ਹਲਕੇ ਦੇ ਲੋਕਾਂ ਤੋਂ ਵੀ ਭੈਅ ਨਹੀਂ ਆਉਣਾ ਸੀ। ਉਨ•ਾਂ ਆਖਿਆ ਕਿ ਇਹ ਪਰਿਵਾਰ ਸਿਆਸਤ ਵਾਂਗ ਹੀ ਜਦੋਂ ਧਰਮ ਨਾਲ ਖੇਡਣ ਲੱਗਾ ਜਿਸ ਕਰਕੇ ਪੰਜਾਬ ਦੇ ਅੱਜ ਇਹ ਹਾਲਾਤ ਬਣੇ ਹਨ। ਉਨ•ਾਂ ਆਖਿਆ ਕਿ ਬਾਦਲ ਪਰਿਵਾਰ ਨੇ ਤਾਂ ਬਾਦਲ ਖਾਨਦਾਨ ਨੂੰ ਹੀ ਮਿੱਟੀ ਵਿਚ ਮਿਲਾ ਦਿੱਤਾ ਹੈ।
      

No comments:

Post a Comment