Tuesday, October 6, 2015

                                        ਪੁੱਠਾ ਗੇੜ
                 ਮੰਗਲ ਦੀ ‘ਮਾਇਆ’ ਪੰਦਰਾਂ ਕਰੋੜ
                                    ਚਰਨਜੀਤ ਭੁੱਲਰ
ਬਠਿੰਡਾ : ਖੇਤੀਬਾੜੀ ਮਹਿਕਮੇ ਦਾ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਕਰੀਬ 15 ਕਰੋੜ ਦੀ ਜਾਇਦਾਦ ਦਾ ਮਾਲਕ ਹੈ ਜਿਸ ਨੂੰ ਬਠਿੰਡਾ ਪੁਲੀਸ ਨੇ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ। ਪੰਦਰਾਂ ਕਰੋੜ ਦੀ ਸੰਪਤੀ ਦਾ ਖੁਲਾਸਾ ਖੁਦ ਡਾ.ਮੰਗਲ ਸੰਧੂ ਨੇ ਪੰਜਾਬ ਸਰਕਾਰ ਕੋਲ ਜਨਤਿਕ ਕੀਤੇ ਪ੍ਰਾਪਰਟੀ ਦੇ ਵਿਵਰਨ ਵਿਚ ਕੀਤਾ ਹੈ। ਉਸ ਨੇ ਇਸ ਜਾਇਦਾਦ ਨੂੰ ਜੱਦੀ ਪੁਸ਼ਤੀ ਦੱਸਿਆ ਹੈ। ਹੁਣ ਜ਼ਿਲ•ਾ ਪੁਲੀਸ ਉਸ ਦੀ ਪ੍ਰਾਪਰਟੀ ਦੀ ਛਾਣਬੀਣ ਕਰੇਗੀ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਜੱਦੀ ਹਲਕੇ ਲੰਬੀ ਦੇ ਪਿੰਡ ਪੱਕੀ ਟਿੱਬੀ ਦਾ ਇਹ ਡਾਇਰੈਕਟਰ ਵਸਨੀਕ ਹੈ ਜਿਸ ਦੇ ਪਰਿਵਾਰ ਨੂੰ ਸਾਲ 1947 ਵਿਚ ਪਾਕਿਸਤਾਨ ਤੋਂ ਆਉਣ ਮਗਰੋਂ ਪਿੰਡ ਪੱਕੀ ਟਿੱਬੀ ਵਿਚ ਜ਼ਮੀਨ ਦੀ ਅਲਾਟਮੈਂਟ ਹੋਈ ਸੀ। ਡਾ. ਮੰਗਲ ਸੰਧੂ ਨੇ ਢਾਈ ਦਹਾਕਿਆਂ ਵਿਚ ਆਪਣੀ ਸੰਪਤੀ ਵਿਚ ਸਿਰਫ ਪੰਜ ਏਕੜ ਜ਼ਮੀਨ ਦਾ ਵਾਧਾ ਦੱਸਿਆ ਹੈ। ਪੰਜਾਬ ਸਰਕਾਰ ਨੂੰ ਸੰਪਤੀ ਦੇ ਦਿਤੇ ਵਿਵਰਨ ਅਨੁਸਾਰ ਡਾ.ਸੰਧੂ ਕੋਲ ਪਿੰਡ ਪੱਕੀ ਟਿੱਬੀ ਅਤੇ ਈਨਾ ਖੇੜਾ ਵਿਚ 50 ਏਕੜ ਜ਼ਮੀਨ ਹੈ ਅਤੇ ਖਰੜ ਵਿਚ 300 ਵਰਗ ਗਜ ਦਾ ਪਲਾਟ ਹੈ। ਉਸ ਕੋਲ ਦੋ ਕਨਾਲ ਦਾ ਇੱਕ ਹੋਰ ਰਿਹਾਇਸ਼ੀ ਪਲਾਟ ਹੈ। ਖੇਤੀ ਵਾਲੀ ਜ਼ਮੀਨ ਉਪਜਾਊ ਤੇ ਨਹਿਰੀ ਹੈ ਜਿਸ ਦਾ ਮੁਸਤਰਕਾ ਖਾਤਾ ਹੋਣ ਕਰਕੇ ਸਭਨਾਂ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਹੈ। ਡਾ.ਮੰਗਲ ਸੰਧੂ ਨੇ ਖੁਦ ਇਸ ਸੰਪਤੀ ਦੀ ਮਾਰਕੀਟ ਕੀਮਤ 15 ਕਰੋੜ ਤੋਂ ਜਿਆਦਾ ਦੱਸੀ ਹੈ। ਕਰੀਬ 25 ਵਰੇ• ਪਹਿਲਾਂ ਡਾ.ਮੰਗਲ ਸੰਧੂ ਨੇ ਜੋ ਸਾਲ 1988 89 ਵਿਚ ਆਪਣੇ ਸੰਪਤੀ ਦੇ ਵੇਰਵੇ ਸਰਕਾਰ ਨੂੰ ਦਿੱਤੇ ਸਨ,ਉਨ•ਾਂ ਅਨੁਸਾਰ ਡਾ.ਸੰਧੂ ਕੋਲ ਉਸ ਵਕਤ 45 ਏਕੜ ਨਹਿਰੀ ਜ਼ਮੀਨ ਸੀ ਜੋ ਉਸ ਦੇ ਦੋ ਭਰਾਵਾਂ ਅਤੇ ਮਾਪਿਆਂ ਦੇ ਨਾਮ ਵੀ ਸੀ।
                 ਡਾ.ਸੰਧੂ ਕੋਲ ਜ਼ਿਲ•ਾ ਫਿਰੋਜਪੁਰ ਵਿਚ 500 ਵਰਗ ਗਜ ਦਾ ਮਕਾਨ ਵੀ ਸੀ ਜਿਸ ਦੀ ਡਿਗਰੀ ਸਾਲ1984 ਵਿਚ ਉਨ•ਾਂ ਦੇ ਦਾਦਾ ਜੀ ਵਲੋਂ ਡਾ.ਸੰਧੂ ਦੇ ਨਾਮ ਕਰਾਈ ਗਈ ਸੀ। ਡਾ.ਸੰਧੂ ਅਨੁਸਾਰ ਇਸ ਮਕਾਨ ਵਿਚ ਉਸ ਦਾ ਇੱਕ ਤਿਹਾਈ ਹਿੱਸਾ ਸੀ। ਪੰਜਾਬੀ ਟ੍ਰਿਬਿਊਨ ਕੋਲ ਸੰਪਤੀ ਦੇ ਵਿਵਰਨ ਦੀਆਂ ਸਰਕਾਰੀ ਕਾਪੀਆਂ ਮੌਜੂਦ ਹਨ। ਐਸ.ਐਸ.ਪੀ ਬਠਿੰਡਾ ਸ੍ਰੀ ਇੰਦਰਮੋਹਨ ਸਿੰਘ ਭੱਟੀ ਦਾ ਕਹਿਣਾ ਸੀ ਕਿ ਜ਼ਿਲ•ਾ ਪੁਲੀਸ ਡਾ.ਸੰਧੂ ਦੀ ਸਾਰੀ ਸੰਪਤੀ ਦੀ ਪੜਤਾਲ ਕਰੇਗੀ ਅਤੇ ਉਸ ਦੇ ਸਰੋਤਾਂ ਦਾ ਪਤਾ ਲਗਾਇਆ   ਜਾਵੇਗਾ। ਪੁਲੀਸ ਨੇ ਅੱਜ ਖੇਤੀ ਮਹਿਕਮੇ ਦੇ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਦੀ ਕਰੀਬ ਛੇ ਘੰਟੇ ਲੰਮੀ ਪੁੱਛ ਕੀਤੀ ਜਿਸ  ਵਿਚ ਕੀਟਨਾਸਕ ਸਕੈਂਡਲ ਦੇ ਅਹਿਮ ਤੰਦ ਉਧੜੇ ਹਨ। ਖੇਤੀ ਮਹਿਕਮੇ ਦੇ ਇਸ ਡਾਇਰੈਕਟਰ ਦੀ ਮਿਹਰ ਨਾਲ ਕਪਾਹ ਪੱਟੀ  ਵਿਚ ਜਾਅਲੀ ਕੀਟਨਾਸ਼ਕਾਂ ਅਤੇ ਖਾਦਾਂ ਦਾ ਦੋ ਨੰਬਰ ਦਾ ਕਾਰੋਬਾਰ ਵੱਡੀ ਪੱਧਰ ਤੇ ਚੱਲਣ ਦਾ ਅਹਿਮ ਖੁਲਾਸਾ ਵੀ ਹੋਇਆ ਹੈ। ਫੜੇ ਡਾਇਰੈਕਟਰ ਖਿਲਾਫ ਅੱਜ ਦਰਜਨਾਂ ਲੋਕਾਂ ਨੇ ਪੁਲੀਸ ਕੋਲ ਸ਼ਿਕਾਇਤਾਂ ਕੀਤੀਆਂ ਹਨ ਜੋ ਜਾਅਲੀ ਕੀਟਨਾਸ਼ਕਾਂ ਨਾਲ  ਸਬੰਧਿਤ ਹਨ। ਇਸੇ ਦੌਰਾਨ ਅੱਜ ਜ਼ਿਲ•ਾ ਪੁਲੀਸ ਨੇ ਡਾਇਰੈਕਟਰ ਡਾ.ਮੰਗਲ ਸਿੰੰਘ ਸੰਧੂ ਨੂੰ ਤਲਵੰਡੀ ਸਾਬੋ ਦੇ ਸਿਵਲ  ਜੱਜ (ਜੂਨੀਅਰ ਡਵੀਜ਼ਨ) ਗੁਰਦਰਸ਼ਨ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਜਿਨ•ਾਂ ਨੇ ਤਿੰਨ ਦਿਨਾਂ ਪੁਲੀਸ  ਰਿਮਾਂਡ ਦੇ ਦਿੱਤਾ।
                 ਸੂਤਰਾਂ ਅਨੁਸਾਰ ਜ਼ਿਲ•ਾ ਪੁਲੀਸ ਨੇ ਅੱਜ ਭਵਾਨੀਗੜ ਦੇ ਨੇੜਲੀ ਗਣੇਸ਼ ਫਰਟੀਲਾਈਜ਼ਰ ਦੇ ਮਾਲਕ ਅੰਕੁਸ਼ ਨੂੰ ਹਿਰਾਸਤ ਵਿਚ ਲੈ ਲਿਆ ਹੈ  ਜਿਸ ਨੇ ਡਾਇਰਕੈਟਰ ਡਾ.ਸੰਧੂ ਨਾਲ ਮਿਲੀਭੁਗਤ ਹੋਣ ਦੀ ਗੱਲ ਕਬੂਲੀ ਹੈ। ਇਸ ਖਾਦ ਫੈਕਟਰੀ ਦੇ ਮਾਲਕਾਂ ਵਲੋਂ ਰਾਮਾਂ ਮੰਡੀ ਦੇ  ਡੀਲਰਾਂ ਨਾਲ ਮਿਲ ਕੇ ਮਾਲਵਾ ਖਿੱਤੇ ਵਿਚ ਦੋ ਨੰਬਰ ਦੀ ਖਾਦ ਸਪਲਾਈ ਕੀਤੀ ਜਾਂਦੀ ਸੀ। ਅੱਜ ਜ਼ਿਲ•ਾ ਪੁਲੀਸ ਨੇ ਦਰਜਨਾਂ ਹੋਰਨਾਂ ਥਾਵਾਂ ਤੇ ਵੀ ਛਾਪੇਮਾਰੀ ਕੀਤੀ ਹੈ ਜਿਨ•ਾਂ ਦਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਬੰਧ ਨਕਲੀ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਬਠਿੰਡਾ ਜ਼ੋਨ ਦੇ ਆਈ.ਜੀ ਬਲਵੀਰ ਕੁਮਾਰ ਬਾਵਾ,ਬਠਿੰਡਾ ਰੇਂਜ ਦੇ ਡੀ.ਆਈ.ਜੀ ਮੋਹਨੀਸ਼ ਚਾਵਲਾ ਅਤੇ ਐਸ.ਐਸ.ਪੀ ਇੰਦਰਮੋਹਨ ਸਿੰਘ ਭੱਟੀ ਨੇ ਅੱਜ ਸਵੇਰ 10 ਵਜੇ ਗ੍ਰਿਫਤਾਰ ਕੀਤੇ ਡਾਇਰੈਕਟਰ ਸੰਧੂ ਦੀ ਪੁੱਛ ਗਿਛ ਸ਼ੁਰੂ ਕੀਤੀ ਜੋ  ਕਿ ਕਰੀਬ ਚਾਰ ਵਜੇ ਤੱਕ ਚੱਲਦੀ ਰਹੀ।
                ਅਹਿਮ ਸੂਤਰਾਂ ਅਨੁਸਾਰ ਪੁਲੀਸ ਅਫਸਰਾਂ ਨੇ ਡਾ.ਸੰਧੂ ਤੋਂ ਖਾਦ ਸਨਅਤਾਂ ਅਤੇ ਕੀਟਨਾਸਕ ਕੰਪਨੀਆਂ ਨਾਲ ਬੁਣੇ ਤਾਣੇ ਬਾਣੇ ਸਬੰਧੀ ਸੈਂਕੜੇ ਸੁਆਲ ਕੀਤੇ ਪ੍ਰੰਤੂ ਡਾ.ਸੰਧੂ ਨੇ ਬਹੁਤੇ ਮਾਮਲਿਆਂ ਤੇ ਆਪਣੇ ਆਪ ਨੂੰ ਅਣਜਾਣ ਦੱਸਿਆ। ਦੱਸਣਯੋਗ ਹੈ ਕਿ ਬਠਿੰਡਾ ਪੁਲੀਸ ਨੇ ਕੀਟਨਾਸ਼ਕ ਸਕੈਂਡਲ ਦੇ ਸਬੰਧ ਵਿਚ ਬੀਤੀ ਰਾਤ ਚੰਡੀਗੜ• ਤੋਂ ਖੇਤੀ ਮਹਿਕਮੇ ਦੇ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਨੂੰ ਰਾਤ ਵਕਤ ਹੀ ਬਠਿੰਡਾ ਲਿਆਂਦਾ ਗਿਆ ਸੀ। ਬਠਿੰਡਾ ਪੁਲੀਸ ਵਲੋਂ 2 ਸਤੰਬਰ ਨੂੰ ਰਾਮਾਂ ਥਾਣੇ ਵਿਚ ਦੋ ਡੀਲਰਾਂ ਵਿਜੇ ਕੁਮਾਰ ਅਤੇ ਸ਼ੁਭਮ ਕੁਮਾਰ ਖਿਲਾਫ ਕੇਸ ਦਰਜ ਕੀਤਾ ਸੀ ਅਤੇ ਇਸ ਕੇਸ ਵਿਚ ਹੀ ਹੁਣ ਖੇਤੀ ਡਾਇਰੈਕਟਰ ਡਾ.ਸੰਧੂ ਨੂੰ ਸ਼ਾਮਲ ਕਰ ਲਿਆ ਗਿਆ ਹੈ।
               ਅਹਿਮ ਸੂਤਰਾਂ ਅਨੁਸਾਰ ਪੁਲੀਸ ਵਲੋਂ ਕਾਫੀ ਦਿਨ ਪਹਿਲਾਂ ਫੜੇ ਡੀਲਰ ਵਿਜੇ ਕੁਮਾਰ ਨੇ ਪੁਲੀਸ ਪੁੱਛਗਿੱਛ ਵਿਚ ਖੁਲਾਸਾ ਕੀਤਾ ਸੀ ਕਿ ਉਸ ਨੇ ਅੱਠ ਲੱਖ ਰੁਪਏ ਇਸ ਦੋ ਨੰਬਰ ਦੇ ਕਾਰੋਬਾਰ ਖਾਤਰ ਖੇਤੀ ਮਹਿਕਮੇ ਦੇ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਨੂੰ ਦਿੱਤੇ ਸਨ। ਪੁਲੀਸ ਨੇ ਕਰੁਪਸ਼ਨ ਵਿਰੋਧੀ ਐਕਟ ਦੀ ਧਾਰਾ ਤਹਿਤ ਵੀ ਸੰਧੂ ਤੇ ਕੇਸ ਦਰਜ ਕਰ ਲਿਆ ਹੈ। ਇਸ ਕੇਸ ਵਿਚ ਲੋੜੀਦੇ ਦੂਸਰੇ ਡੀਲਰ ਸ਼ੁਭਮ ਕੁਮਾਰ ਦੀ ਹਾਈਕੋਰਟ ਚੋਂ ਅਗਾਊ ਜ਼ਮਾਨਤ ਹੋ ਚੁੱਕੀ ਹੈ। ਬਠਿੰਡਾ ਪੁਲੀਸ ਨੇ ਫੜੇ ਡਾਇਰੈਕਟਰ ਤੋਂ 11654 ਅਮਰੀਕੀ ਡਾਲਰ,3090 ਕੈਨੇਡੀਅਨ ਡਾਲਰ,ਸਵਾ ਚਾਰ ਲੱਖ ਦੀ ਭਾਰਤੀ ਕਰੰਸੀ ਅਤੇ 53 ਬੋਤਲਾਂ ਸਕਾਚ ਵੀ ਬਰਾਮਦ ਕੀਤੀ ਹੈ।
                             ਡਾਇਰੈਕਟਰ ਖਿਲਾਫ ਫੇਮਾ ਤਹਿਤ ਕਾਰਵਾਈ ਹੋਵੇਗੀ : ਐਸ.ਐਸ.ਪੀ
 ਐਸ.ਐਸ.ਪੀ ਡਾ.ਇੰਦਰਮੋਹਨ ਸਿੰਘ ਭੱਟੀ ਦਾ ਕਹਿਣਾ ਸੀ ਕਿ ਰਾਮਾਂ ਮੰਡੀ ਦੇ ਫੜੇ ਡੀਲਰ ਵਿਜੇ ਕੁਮਾਰ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਖੇਤੀ ਡਾਇਰੈਕਟਰ ਨੂੰ  ਜਾਅਲੀ ਦਵਾਈਆਂ ਦੇ ਕਾਰੋਬਾਰ ਲਈ ਅੱਠ ਲੱਖ ਰੁਪਏ ਦਿੱਤੇ ਹਨ ਜਿਸ ਦੇ ਅਧਾਰ ਤੇ 2 ਸਤੰਬਰ ਨੂੰ ਦਰਜ ਕੀਤੇ ਕੇਸ ਵਿਚ  ਡਾਇਰੈਕਟਰ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਸ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਉਨ•ਾਂ ਆਖਿਆ  ਕਿ ਉਹ ਹੋਰਨਾਂ ਕਈ ਥਾਵਾਂ ਤੇ ਛਾਪੇ ਵੀ ਮਾਰ ਰਹੇ ਹਨ। ਉਨ•ਾਂ ਦੱਸਿਆ ਕਿ ਜੋ ਵਿਦੇਸ਼ੀ ਕਰੰਸੀ ਮਿਲੀ ਹੈ, ਉਸ ਸਬੰਧ ਵਿਚ ਫੇਮਾ ਤਹਿਤ ਕਾਰਵਾਈ ਕੀਤੀ ਜਾਵੇਗੀ।

No comments:

Post a Comment