Saturday, October 10, 2015

                              ਪੰਥਕ ਡਰ
         ਜਥੇਦਾਰ ਨਾਲ ਗੰਨਮੈਨਾਂ ਦੀ ਫੌਜ
                            ਚਰਨਜੀਤ ਭੁੱਲਰ
ਬਠਿੰਡਾ  : ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦਾ ਧੁੜਕੂ ਦੂਰ ਕਰਨ ਵਾਸਤੇ ਗੰਨਮੈਨਾਂ ਦੀ ਫੌਜ ਤਾਇਨਾਤ ਕਰ ਦਿੱਤੀ ਹੈ। ਸ੍ਰੋਮਣੀ ਕਮੇਟੀ ਨੇ ਨਵੇਂ ਜਥੇਦਾਰ ਨੂੰ ਖੁਸ਼ ਕਰਨ ਖਾਤਰ ਦੋ ਨਵੀਆਂ ਗੱਡੀਆਂ ਖਰੀਦ ਕੇ ਦਿੱਤੀਆਂ  ਹਨ ਜਦੋਂ ਕਿ ਹੁਣ ਪੰਜਾਬ ਸਰਕਾਰ ਨੇ ਸੁਰੱਖਿਆ ਲਈ 23 ਗੰਨਮੈਨ ਦੇ ਦਿੱਤੇ ਹਨ। ਚਰਚੇ ਹਨ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਦੇ ਮਾਮਲੇ ਵਿਚ ਦਮਦਮਾ ਸਾਹਿਬ ਦੇ ਜਥੇਦਾਰ ਦੀ ਖਾਸ ਭੂਮਿਕਾ ਰਹੀ ਹੈ। ਹੁਣ ਦੋ ਦਿਨ ਪਹਿਲਾਂ ਹੀ ਜਥੇਦਾਰ ਗੁਰਮੁੱਖ ਸਿੰਘ ਤਲਵੰਡੀ ਸਾਬੋ ਵਿਖੇ ਆਏ ਹਨ। ਪੰਜਾਬ ਸਰਕਾਰ ਨੇ ਹੁਣ ਉਨ•ਾਂ ਦੀ ਸੁਰੱਖਿਆ ਦੀ ਤਾਜਾ ਸਥਿਤੀ ਵਾਰੇ ਰਿਪੋਰਟ ਮੰਗੀ ਹੈ। ਪੰਜਾਬ ਸਰਕਾਰ ਅਤੇ ਸ੍ਰੋਮਣੀ ਕਮੇਟੀ ਨੂੰ ਜਥੇਦਾਰ ਦੀ ਸੁਰੱਖਿਆ ਹੀ ਪ੍ਰਤੀ ਮਹੀਨਾ ਲੱਖਾਂ ਰੁਪਏ ਵਿਚ ਪਵੇਗੀ। ਤਖਤ ਸ੍ਰੀ ਕੇਸ਼ਗੜ ਦੇ ਜਥੇਦਾਰ ਤੇ ਹਮਲਾ ਹੋਣ ਮਗਰੋਂ ਸਰਕਾਰ ਹੋਰ ਚੌਂਕਸ ਹੋ ਗਈ ਹੈ।
                ਵੇਰਵਿਆਂ ਅਨੁਸਾਰ ਸ੍ਰੋਮਣੀ ਕਮੇਟੀ ਨੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਕਰੀਬ 14.50 ਲੱਖ ਦੀ ਨਵੀਂ ਇਨੋਵਾ ਗੱਡੀ (ਪੀ.ਬੀ 03 ਏ ਐਲ 5113) ਖਰੀਦ ਕੇ ਦਿੱਤੀ ਹੈ ਜਦੋਂ ਕਿ ਪੁਰਾਣੇ ਜਥੇਦਾਰ ਨੰਦਗੜ• ਵਾਲੀ ਇਨੋਵਾ ਗੱਡੀ ਹੁਣ ਦਫਤਰੀ ਕੰਮਾਂ ਵਾਸਤੇ ਸਟਾਫ ਨੂੰ ਦੇ ਦਿੱਤੀ ਗਈ ਹੈ। ਕਰੀਬ ਡੇਢ ਮਹੀਨਾ ਪਹਿਲਾਂ ਸ੍ਰੋਮਣੀ ਕਮੇਟੀ ਨੇ ਜਥੇਦਾਰ ਲਈ ਕਰੀਬ 13 ਲੱਖ ਰੁਪਏ ਦੀ ਨਵੀਂ ਸਕਾਰਪਿਓ ਗੱਡੀ ਖਰੀਦ ਕਰਕੇ ਦਿੱਤੀ ਹੈ ਜੋ ਕਿ ਪਾਇਲਟ ਵਜੋਂ ਚੱਲਦੀ ਹੈ। ਹੁਣ ਪੰਜਾਬ ਪੁਲੀਸ ਨੇ ਇੱਕ ਪਾਇਲਟ ਗੱਡੀ ਦਿੱਤੀ ਹੈ। ਜਥੇਦਾਰ ਦੀ ਰਿਹਾਇਸ਼ ਨੂੰ ਵੀ ਨਵਾਂ ਰੰਗ ਰੋਗਨ ਕਰਾ ਕੇ ਦਿੱਤਾ ਗਿਆ ਹੈ।
              ਸੂਤਰ ਦੱਸਦੇ ਹਨ ਕਿ ਰਿਹਾਇਸ਼ ਵਿਚ ਨਵੇਂ ਏ.ਸੀ ਵੀ ਲਗਾਏ ਗਏ ਹਨ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੇ ਜਾਣ ਮਗਰੋਂ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਹੁਣ ਗੰਨਮੈਨਾਂ ਦੀ ਫੌਜ ਨਾਲ ਚੱਲਦੇ ਹਨ। ਵੇਰਵਿਆਂ ਅਨੁਸਾਰ ਆਈ.ਆਰ.ਬੀ ਤਰਫੋਂ 10 ਪੁਲੀਸ ਮੁਲਾਜ਼ਮ ਦਿੱਤੇ ਗਏ ਹਨ ਜੋ ਕਿ ਜਥੇਦਾਰ ਦੀ ਐਸਕੋਰਟ ਗੱਡੀ ਨਾਲ ਚੱਲਦੇ ਹਨ ਜਦੋਂ ਕਿ ਇੱਕ ਹੌਲਦਾਰ ਸਮੇਤ ਚਾਰ ਮੁਲਾਜ਼ਮ ਪਾਇਲਟ ਗੱਡੀ ਨਾਲ ਚੱਲਦੇ ਹਨ। ਚਾਰ ਪੁਲੀਸ ਮੁਲਾਜ਼ਮਾਂ ਦੀ ਰਿਹਾਇਸ਼ ਤੇ ਗਾਰਦ ਡਿਊਟੀ ਲਗਾਈ ਗਈ ਹੈ ਜਦੋਂ ਪੰਜ ਗੰਨਮੈਨ ਪਹਿਲਾਂ ਹੀ ਪੱਕੇ ਤੌਰ ਤੇ ਨਾਲ ਤਾਇਨਾਤ ਕੀਤੇ ਹੋਏ ਹਨ ਜਿਨ•ਾਂ ਵਿਚ ਦੋ ਪੁਲੀਸ ਮੁਲਾਜ਼ਮ ਬਠਿੰਡਾ ਪੁਲੀਸ ਦੇ ਹਨ।
             ਸੂਤਰਾਂ ਅਨੁਸਾਰ ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਕਰੀਬ 10 ਮੁਲਾਜ਼ਮ ਵੀ ਜਥੇਦਾਰ ਦੀ ਸੁਰੱਖਿਆ ਵਾਸਤੇ ਤਾਇਨਾਤ ਹਨ। ਜਥੇਦਾਰ ਦੀ ਰਿਹਾਇਸ਼ ਦੇ ਪਿਛਵਾੜੇ ਵਿਚ ਸੁੰਨੀ ਜਗ•ਾ ਹੈ ਜਿਸ ਕਰਕੇ ਪੁਲੀਸ ਦੀ ਗਸ਼ਤ ਲਗਾ ਦਿੱਤੀ ਗਈ ਹੈ। ਥਾਣਾ ਤਲਵੰਡੀ ਸਾਬੋ ਦੇ ਮੁੱਖ ਥਾਣਾ ਅਫਸਰ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੀ ਸੁਰੱਖਿਆ ਤੇ ਕੁੱਲ 23 ਮੁਲਾਜ਼ਮਾਂ ਦੀ ਤਾਇਨਾਤੀ ਹੈ ਅਤੇ ਰਿਹਾਇਸ਼ ਦੇ ਆਸ ਪਾਸ ਪੁਲੀਸ ਦੀ ਗਸ਼ਤ ਲਗਾਈ ਗਈ ਹੈ। ਉਨ•ਾਂ ਦੱਸਿਆ ਕਿ ਇਕ ਪਾਇਲਟ ਗੱਡੀ ਵੀ ਪੁਲੀਸ ਤਰਫੋਂ ਦਿੱਤੀ ਗਈ ਹੈ।
                ਮੋਟੇ ਅੰਦਾਜ਼ੇ ਅਨੁਸਾਰ ਟਾਸਕ ਫੋਰਸ ਦੇ ਮੁਲਾਜ਼ਮਾਂ ਸਮੇਤ ਕਰੀਬ 33 ਮੁਲਾਜ਼ਮਾਂ ਦੀ ਜਥੇਦਾਰ ਦੀ ਸੁਰੱਖਿਆ ਲਈ ਤਾਇਨਾਤੀ ਕੀਤੀ ਗਈ ਹੈ। ਤਖਤ ਦਮਦਮਾ ਸਾਹਿਬ ਦੇ ਮੈਨੇਜਰ ਸ੍ਰੀ ਜਗਪਾਲ ਸਿੰਘ ਦਾ ਕਹਿਣਾ ਸੀ ਕਿ ਜਥੇਦਾਰ ਲਈ ਦੋ ਨਵੀਂਆਂ ਗੱਡੀਆਂ ਦੀ ਖਰੀਦ ਕੀਤੀ ਗਈ ਸੀ ਜਦੋਂ ਕਿ ਪੁਰਾਣੀ ਇਨੋਵਾ ਗੱਡੀ ਦਫਤਰੀ ਵਰਤੋਂ ਲਈ ਰੱਖੀ ਗਈ ਹੈ। ਉਨ•ਾਂ ਆਖਿਆ ਕਿ ਤਲਵੰਡੀ ਸਾਬੋ ਤੋਂ ਟਾਸਕ ਫੋਰਸ ਸਮੇਤ ਚਾਰ ਮੁਲਾਜ਼ਮਾਂ ਦੀ ਤਾਇਨਾਤੀ ਗਈ ਹੈ। ਪਤਾ ਲੱਗਾ ਹੈ ਕਿ ਸ੍ਰੋਮਣੀ ਕਮੇਟੀ ਵਲੋਂ ਰਿਹਾਇਸ਼ ਅੰਦਰ ਚਾਹ ਪਾਣੀ ਵਾਸਤੇ ਵੀ ਸੇਵਾਦਾਰ ਤਾਇਨਾਤ ਕੀਤੇ ਗਏ ਹਨ। ਕੁਝ ਟਾਸਕ ਫੋਰਸ ਦੇ ਮੁਲਾਜ਼ਮ ਅੰਮ੍ਰਿਤਸਰ ਤੋਂ ਆਏ ਹੋਏ ਹਨ।
                ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ•ਾਂ ਦਾ ਫੋਨ ਬੰਦ ਆ ਰਿਹਾ ਸੀ। ਉਨ•ਾਂ ਨੂੰ ਨਿੱਜੀ ਰੂਪ ਵਿਚ ਵੀ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਜਥੇਦਾਰ ਜੀ ਦੇ ਅਰਾਮ ਕਰਨ ਦੀ ਸੂਚਨਾ ਮਿਲੀ। ਸ੍ਰੋਮਣੀ ਕਮੇਟੀ ਦੀ ਕਾਰਜਕਰਨੀ ਦੇ ਮੈਂਬਰ ਮੋਹਨ ਸਿੰਘ ਬੰਗੀ ਦਾ ਕਹਿਣਾ ਸੀ ਕਿ ਜਥੇਦਾਰ ਦੀ ਰਿਹਾਇਸ਼ ਨੂੰ ਰੰਗ ਰੋਗਨ ਤਾਂ ਕਰਾਇਆ ਗਿਆ ਹੈ ਪ੍ਰੰਤੂ ਕੋਈ ਏ.ਸੀ ਵਗੈਰਾ ਨਹੀਂ ਲਗਾਏ ਗਏ ਹਨ। ਉਨ•ਾਂ ਆਖਿਆ ਕਿ ਜਥੇਦਾਰ ਜੀ ਤਲਵੰਡੀ ਸਾਬੋ ਆ ਗਏ ਹਨ ਪ੍ਰੰਤੂ ਉਨ•ਾਂ ਨੇ ਹਾਲੇ ਕੋਈ ਪ੍ਰੋਗਰਾਮ ਨਹੀਂ ਰੱਖੇ ਹਨ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲੀਸ ਦਾ ਸੁਰੱਖਿਆ ਵਿੰਗ ਰੋਜ਼ਾਨਾ ਜਥੇਦਾਰ ਗੁਰਮੁੱਖ ਸਿੰਘ ਦੀ ਸੁਰੱਖਿਆ ਦਾ ਜਾਇਜਾ ਲੈ ਰਿਹਾ ਹੈ ਅਤੇ ਸਥਾਨਿਕ ਥਾਣੇਦਾਰ ਵੀ ਰੋਜ਼ਾਨਾ ਰਿਹਾਇਸ਼ ਤੇ ਸੁਰੱਖਿਆ ਦਾ ਮੁਲਾਂਕਣ ਕਰ ਰਹੇ ਹਨ।
               ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਮਗਰੋਂ ਜਥੇਦਾਰ ਗੁਰਮੁੱਖ ਸਿੰਘ ਦੋ ਦਿਨ ਪਹਿਲਾਂ ਹੀ ਤਲਵੰਡੀ ਸਾਬੋ ਪੁੱਜੇ ਹਨ। ਅੱਜ ਉਹ ਸਵੇਰ ਵਕਤ ਸਿਵਲ ਕੱਪੜਿਆਂ ਵਾਲੀ ਪੁਲੀਸ ਸਮੇਤ ਤਖਤ ਸਾਹਿਬ ਤੇ ਮੱਥਾ ਟੇਕਣ ਵੀ ਗਏ। 

No comments:

Post a Comment