Saturday, October 3, 2015

                                    ਦੁੱਲਾ ਜੱਟ
                      ਦਿੱਲੀ ਨੇ ਦਮੋਂ ਕੱਢਿਆ
                                 ਚਰਨਜੀਤ ਭੁੱਲਰ
ਬਠਿੰਡਾ :  ਕੋਈ ਵੇਲਾ ਸੀ ਜਦੋਂ ਕਪਾਹ ਪੱਟੀ ਦਾ ਦੁੱਲਾ ਜੱਟ ਦਮਗਜੇ ਮਾਰਦਾ ਸੀ। ਹੁਣ ਇਹ ਦੁੱਲਾ ਜੱਟ ਖੁਦ  ਦਮੋਂ ਕੱਢ ਦਿੱਤਾ ਹੈ। ਪਹਿਲਾਂ ਅਮਰੀਕਨ ਸੁੰਡੀ  ਨੇ ਤੇ ਹੁਣ ਚਿੱਟੇ ਮੱਛਰ ਨੇ। ਘਰਾਂ ਦੀਆਂ ਸਬਾਤਾਂ ਨੂੰ ਚਿੱਟੀਆਂ ਫੁੱਟੀਆਂ ਦਾ ਤਰਸੇਵਾਂ ਬਣ ਗਿਆ ਹੈ। ਜਿਉਂ ਹੀ ਫਸਲਾਂ ਵਿਛਿਆ,  ਕਿਸਾਨਾਂ ਦੇ ਘਰਾਂ ਵਿਚ ਸੱਥਰ ਵਿਛਣ ਲੱਗ ਪਏ। ਕਮਾਊ ਜੀਅ ਤਾਂ ਮੁੱਕ ਗਏ ਪ੍ਰੰਤੂ ਫਿਰ ਵੀ ਕਿਸਾਨ ਪਰਿਵਾਰਾਂ ਦੇ ਕਰਜ਼ੇ  ਨਾ ਮੁੱਕੇ। ਠੀਕ ਉਹੋ ਦਿਨ ਮੁੜ ਕਿਸਾਨ ਵੇਖਣ ਲੱਗਾ ਹੈ ਜੋ ਡੇਢ ਦਹਾਕਾ ਪਹਿਲਾਂ ਵੇਖੇ ਸਨ। ਕਪਾਹ ਪੱਟੀ ਵਿਚ ਕਾਲਾ ਦੌਰ  1992 93 ਤੋਂ ਸ਼ੁਰੂ ਹੋਇਆ ਸੀ ਤੇ ਸਾਲ 1998 99 ਵਿਚ ਨਰਮੇ ਦੀ ਪੈਦਾਵਾਰ ਸਿਰਫ 5.20 ਲੱਖ ਗੱਠਾਂ ਦੀ ਰਹਿ ਗਈ ਸੀ।  ਇਕੱਲੀ ਕਪਾਹ ਪੱਟੀ ਵਿਚ ਹਰ ਵਰੇ• 800 ਕਰੋੜ ਦੇ ਕੀਟਨਾਸ਼ਕ ਵਿਕਦੇ ਸਨ। ਟਾਹਲੀ ਵਾਲੇ ਖੇਤ ਨਰਮੇ ਤੋਂ ਵੱਧ ਖੁਦਕੁਸ਼ੀ  ਦਾ ਝਾੜ ਦੇਣ ਲੱਗੇ ਸਨ। ਸਮੁੱਚੇ ਅਰਥਚਾਰੇ ਦੇ ਹਾਲਤ ਕਿਸਾਨ ਦੀ ਸਬਾਤ ਵਰਗੀ ਹੋ ਗਈ ਸੀ। ਸਾਹੂਕਾਰ ਦੀ ਵਹੀ ਦੇ  ਵਰਕੇ ਵੀ ਮੁੱਕ ਗਏ ਸਨ। ਪੂਰੇ 10 ਵਰੇ• ਕਿਸਾਨ ਮਰਦਾ ਰਿਹਾ,ਸਰਕਾਰ ਵੇਖਦੀ ਰਹੀ।
               ਨਰਮੇ ਦੇ ਭਰੇ ਬਾਜ਼ਾਰ ਕਿਸਾਨੀ ਦਾ ਧਰਵਾਸ ਹੁੰਦੇ ਸਨ। ਕਿਸਾਨਾਂ ਦੇ ਘਰਾਂ ਵਾਂਗ ਬਾਜ਼ਾਰ ਵੀ ਖਾਲ•ੀ ਹੁੰਦੇ ਗਏ। ਖੇਤਾਂ ਦੇ ਸ਼ਹੀਦ  ਸਰਕਾਰ ਦੀ ਗਿਣਤੀ ਮਿਣਤੀ ਵਿਚ ਨਹੀਂ ਰਹੇ ਹਨ। ਵਿਧਵਾਵਾਂ ਦੀ ਕੂਕ ਕਦੇ ਸਰਕਾਰ ਨੇ ਸੁਣੀ ਨਹੀਂ ਤੇ ਉਨ•ਾਂ ਦੇ ਬੱਚੇ  ਅਨਾਥਾਂ ਤੋਂ ਘੱਟ ਨਹੀਂ। ਕਪਾਹ ਪੱਟੀ ਦੇ ਸਾਹੂਕਾਰ ਵੀ ਹੁਣ ਜ਼ਮੀਨਾਂ ਵਾਲੇ ਬਣ ਗਏ ਹਨ। ਖੇਤੀ ਪ੍ਰਧਾਨ ਸੂਬੇ ਦੇ ਸਿਆਸੀ ਵਾਰਸ਼  ਕਪਾਹ ਪੱਟੀ ਨੂੰ ਕੋਈ ਬਦਲ ਨਾ ਦਿਖਾ ਸਕੇ। ਰੇਤਲੀਆਂ ਜ਼ਮੀਨਾਂ ਵਾਲੇ ਕਿਸਾਨਾਂ ਦੇ ਹੱਥੋਂ ਜ਼ਿੰਦਗੀ ਰੇਤ ਵਾਂਗ ਕਿਰਦੀ ਰਹੀ  ਤੇ ਹਰ ਸਰਕਾਰ ਇਸ ਰੇਤ ਚੋਂ ਵੋਟਾਂ ਭਾਲਦੀ ਰਹੀ। ਸਾਲ 1996 97 ਵਿਚ ਨਰਮੇ ਕਪਾਹ ਹੇਠ 7.42 ਲੱਖ ਹੈਕਟੇਅਰ ਰਕਬਾ  ਸੀ। ਬੀਟੀ ਨਰਮੇ ਦੇ ਠੁੰਮਣਾ ਦਿੱਤਾ ਤੇ ਸਾਲ 2004 05 ਵਿਚ 4.09 ਲੱਖ ਹੈਕਟੇਅਰ ਰਕਬੇ ਚੋਂ 16.50 ਲੱਖ ਗੱਠਾਂ ਦੀ ਪੈਦਾਵਾਰ  ਹੋਈ ਸੀ। ਚੰਗੇ ਦਿਨ ਆਏ ਤਾਂ ਸਾਲ 2006 07 ਵਿਚ ਇਹੋ ਪੈਦਾਵਾਰ 24 ਲੱਖ ਗੱਠਾਂ ਹੋ ਗਈ ਸੀ।
             ਕਪਾਹ ਪੱਟੀ ਨੂੰ ਚਿੱਟੇ ਮੱਛਰ ਨੇ ਮੁੜ ਪੁਰਾਣੇ ਦਿਨ ਵਿਖਾ ਦਿੱਤੇ ਹਨ। ਸਰਕਾਰੀ ਤੱਥਾਂ ਅਨੁਸਾਰ ਐਤਕੀਂ 10.6 ਲੱਖ ਏਕੜ ਰਕਬੇ ਵਿਚ ਨਰਮੇ ਕਪਾਹ ਦੀ ਬਿਜਾਂਦ ਸੀ। ਚਿੱਟੇ ਮੱਛਰ ਦਾ ਹਮਲਾ ਨਾ ਹੁੰਦਾ ਤਾਂ ਐਤਕੀਂ ਕਿਸਾਨਾਂ ਨੇ 2900 ਕਰੋੜ ਦੀ ਫਸਲ ਵੇਚਣੀ ਸੀ। ਇਸ ਚੋਂ ਹੁਣ 2270 ਕਰੋੜ ਦੀ ਫਸਲ ਤਾਂ ਚਿੱਟੇ ਮੱਛਰ ਕਾਰਨ ਤਬਾਹ ਹੀ ਹੋ ਗਈ ਹੈ ਜਿਸ ਦੇ ਬਦਲੇ ਵਿਚ ਸਰਕਾਰ ਨੇ 643 ਕਰੋੜ ਦੇ ਮੁਆਵਜਾ  ਦਿੱਤਾ ਹੈ। ਇਸ ਵਿਚ ਕੋਈ ਲਾਗਤ ਖਰਚਾ ਸ਼ਾਮਲ ਨਹੀਂ ਹੈ। ਪਿਛਲੇ ਵਰੇ• ਕਪਾਹ ਪੱਟੀ ਵਿਚ 3100 ਕਰੋੜ ਦਾ ਨਰਮੇ ਕਪਾਹ  ਦਾ ਕਾਰੋਬਾਰ ਹੋਇਆ ਸੀ। 11.25 ਲੱਖ ਏਕੜ ਰਕਬੇ ਚੋਂ 14 ਲੱਖ ਗੱਠਾਂ ਦੀ ਪੈਦਾਵਾਰ ਹੋਈ ਸੀ। ਐਤਕੀਂ ਇਹ ਪੈਦਾਵਾਰ 5 ਲੱਖ ਗੱਠਾਂ ਤੇ ਪੁੱਜਦੀ ਜਾਪਦੀ ਨਹੀਂ। ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਦੇ ਚੁੱਲ•ੇ ਠੰਢੇ ਹੋ ਗਏ ਹਨ। ਪੰਜਾਹ ਫੀਸਦੀ ਕਪਾਹ  ਮਿੱਲਾਂ ਨੂੰ ਤਾਲੇ ਵੱਜ ਗਏ ਹਨ। ਮੁੜ ਗੁਰੂ ਘਰਾਂ ਦੇ ਸਪੀਕਰਾਂ ਚੋਂ ਪਿਆਰਾ ਸਿਓ ਦੇ ਸਸਕਾਰ ਦਾ ਹੋਕਾ ਵੱਜਣ ਲੱਗਾ ਹੈ। ਉਨ•ਾਂ ਬੱਖਿਆਂ ਦਾ ਕੀ ਕਸੂਰ ਜਿਨ•ਾਂ ਦੇ ਵਾਰਸ਼ ਮੁਲ਼ਕ ਨੂੰ ਰਜਾਉਂਦੇ ਖੁਦ ਨਿਆਣਿਆ ਨੂੰ ਆਪਣੀ ਹੋਣੀ ਤੇ ਛੱਡ ਗਏ ਹਨ।
              ਪੰਜਾਬ ਸਰਕਾਰ ਦੀ ਨੀਅਤ ਵਿਚ ਖੋਟ ਹੈ। ਤਾਹੀਂਓ ਸਰਕਾਰ ਉਦੋਂ ਜਾਗੀ ਜਦੋਂ ਕਪਾਹ ਪੱਟੀ ਦੇ ਖੇਤ ਖਾਲੀ ਹੋ ਗਏ ਹਨ। ਪੰਜਾਬ ਸਰਕਾਰ ਨੇ ਕੁਦਰਤੀ ਆਫਤ ਆਖ ਕੇ ਪੱਲਾ ਝਾੜ ਲਿਆ ਹੈ। ਚਿੱਟੇ ਮੱਛਰ ਦੇ ਹੱਲੇ ਨੂੰ ਰੋਕਣਾ ਤਾਂ ਕੀਟਨਾਸਕਾਂ ਨੇ ਸੀ। ਗੈਰਮਿਆਰੀ ਕੀਟਨਾਸਕ ਵਿਕਦੇ ਗਏ ਤੇ ਖੇਤੀ ਮਹਿਕਮਾ ਆਪਣਾ ਹਿਸਾਬ ਕਿਤਾਬ ਕਰਦਾ ਗਿਆ। ਬਾਜਾਖਾਨਾ ਲਾਗਿਓ ਫੜੇ 60 ਲੱਖ ਦਾ ਕੀ ਬਣਿਆ, ਗੋਨਿਆਣਾ ਪੁਲੀਸ ਵਲੋਂ ਫੜੇ 12 ਲੱਖ ਦਾ ਕੀ ਬਣਿਆ, ਬਠਿੰਡਾ ਵਿਚ ਜਾਅਲੀ ਕੀਟਨਾਸਕਾਂ ਦੇ ਭਰੇ ਟਰੱਕ ਨੂੰ ਖੇਤੀ ਅਫਸਰਾਂ ਨੇ ਛੱਡ ਦਿੱਤਾ, ਕੀ ਬਣਿਆ। ਹੋਰ ਤਾਂ ਹੋਰ ਇੱਕ ਜ਼ਿਲ•ਾ ਖੇਤੀ ਅਫਸਰ ਖੁਦ ਨਾਰਦਰਨ ਕਰੌਪ ਸਾਇੰਸ ਦਾ ਦੋ ਨੰਬਰ ਦਾ ਮਾਲ ਕਪਾਹ ਪੱਟੀ ਵਿਚ ਡੀਲਰਾਂ ਤੱਕ ਪਹੁੰਚਾਉਂਦਾ ਰਿਹਾ ,ਕੀ ਬਣਿਆ। ਪੰਜਾਬ ਵਿਚ ਕਦੇ ਕੁਝ ਨਹੀਂ ਬਣਿਆ। ਖੇਤੀ ਮਹਿਕਮਾ ਸਿਰਫ ਦਵਾਈਆਂ ਤੇ ਖਾਦਾਂ ਦੇ ਨਮੂਨੇ ਭਰਨ ਵਾਲਾ ਮਹਿਕਮਾ ਬਣ ਗਿਆ ਹੈ। ਕਿਸਾਨ ਤਾਂ ਹੁਣ ਇਸ ਨੂੰ ਜੇਬਾਂ ਭਰਨ ਵਾਲਾ ਮਹਿਕਮਾ ਆਖਦੇ ਹਨ।
            ਪੰਜਾਬ ਵਿਚ ਕਦੇ ਗੈਰਮਿਆਰੀ ਦਵਾਈ ਵੇਚਣ ਵਾਲੇ ਡੀਲਰ ਨੂੰ ਕਦੇ ਅਦਾਲਤਾਂ ਚੋਂ ਮਿਸਾਲੀ ਸਜ਼ਾ ਨਹੀਂ ਹੋਈ ਹੈ ਜਿਨ•ਾਂ ਨੇ ਕਿਸਾਨਾਂ ਦੀ ਜੇਬ ਖਾਲੀ ਕੀਤੀ ਹੈ। ਅੱਜ ਪੰਜਾਬ ਦੇ ਹਰ ਕਿਸਾਨ ਸਿਰ ਔਸਤਨ 1.10 ਲੱਖ ਰੁਪਏ ਦਾ ਬੈਂਕ ਕਰਜ਼ਾ ਹੈ। ਦੇਸ਼ ਭਰ ਚੋਂ ਪੰਜਾਬ ਦੇ ਕਿਸਾਨ ਦਾ ਕਰਜ਼ਾਈ ਹੋਣ ਵਿਚ ਪਹਿਲਾ ਨੰਬਰ ਹੈ। ਪੰਜਾਬ ਦੇ 27.76 ਲੱਖ ਕਿਸਾਨਾਂ ਸਿਰ ਇਕੱਲੀਆਂ ਬੈਂਕਾਂ ਦਾ 69,449 ਕਰੋੜ ਦਾ ਕਰਜ਼ਾ ਹੈ। ਇਕੱਲੀ ਕਪਾਹ ਪੱਟੀ ਦੇ ਕਿਸਾਨਾਂ ਸਿਰ ਐਤਕੀਂ ਤਿੰਨ ਹਜ਼ਾਰ ਕਰੋੜ ਦਾ ਹੋਰ ਕਰਜ਼ ਚੜਨ ਦਾ ਅਨੁਮਾਨ ਹੈ। ਉਪਰੋਂ ਕਿਸਾਨੀ ਦੇ ਜਖ਼ਮਾਂ ਤੇ ਕੋਈ ਮੱਲਮ ਲਾਉਣ ਨੂੰ ਤਿਆਰ ਨਹੀਂ ਹੈ। ਪੰਜਾਬ ਦੀ ਹਾਕਮ ਧਿਰ ਦਾ ਕੋਈ ਵੀ ਨੇਤਾ ਕਦੇ ਉਸ ਕਿਸਾਨ ਦੇ ਸੱਥਰ ਤੇ ਬੈਠਿਆ ਨਹੀਂ ਦੇਖਾ ਜੋ ਖੇਤੀ ਸੰਕਟ ਕਾਰਨ ਖੁਦਕੁਸ਼ੀ ਕਰ ਗਿਆ ਹੋਵੇ। ਹਰ ਸਿਆਸੀ ਪਾਰਟੀ ਦਾ ਕੋਈ ਵਰਕਰ ਵੀ ਚਲਾ ਜਾਵੇ ਤਾਂ ਉਸ ਦੇ ਘਰ ਨੇਤਾ ਗੇੜਾ ਬੰਨ ਦਿੰਦੇ ਹਨ।
             ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਕਪਾਹ ਪੱਟੀ ਦੇ ਕਿਸੇ ਵੀ ਖੇਤ ਵਿਚ ਨੁਕਸਾਨੀ ਫਸਲ ਦਾ ਜਾਇਜ਼ਾ ਲੈਂਦੇ ਹਾਲੇ ਤੱਕ ਵੇਖਿਆ ਨਹੀਂ ਗਿਆ ਹੈ। ਖੈਰ ਹੁਣ ਹਾਲਾਤ ਜਾਇਜੇ ਵਾਲੇ ਰਹੇ ਵੀ ਨਹੀਂ ਹਨ। ਹੁਣ ਤਾਂ ਹਾਕਮ ਧਿਰ ਸੜਕਾਂ ਤੇ ਬੈਠੇ ਕਿਸਾਨਾਂ ਦੀ ਗਿਣਤੀ ਕਰ ਰਹੀ ਹੈ। ਅੱਠ ਕਿਸਾਨ ਧਿਰਾਂ ਨੇ ਬਠਿੰਡਾ ਵਿਚ 17 ਸਤੰਬਰ ਤੋਂ ਕਿਸਾਨ ਮੋਰਚਾ ਲਾਇਆ ਹੋਇਆ ਹੈ ਜੋ ਹੁਣ ਕਪਾਹ ਪੱਟੀ ਦੇ ਹਰ ਜਿਲ•ੇ ਵਿਚ ਫੈਲ ਗਿਆ ਹੈ। ਆਮ ਸਧਾਰਨ ਕਿਸਾਨ ਵੀ ਹੁਣ ਬਠਿੰਡਾ ਮੋਰਚਾ ਵਿਚ ਬੈਠਾ ਹੈ। ਖੇਤ ਤਾਂ ਵਾਹ ਦਿੱਤੇ,ਹੁਣ ਘਰ ਬੈਠ ਕੇ ਕੀ ਕਰਨਾ, ਬਠਿੰਡਾ ਦੇ ਪਿੰਡ ਕੁਟੀ ਦੇ ਕਿਸਾਨ ਹਰਮੇਲ ਸਿੰਘ ਦਾ ਇਹ ਪ੍ਰਤੀਕਰਮ ਸੀ। ਮੁਕਤਸਰ ਦੇ ਪਿੰਡ ਭਾਗਸਰ ਦੇ ਹਰਨੇਕ ਸਿੰਘ ਨੇ ਰੋਹ ਵਿਚ ਆਖਿਆ, ਸਾਨੂੰ ਸੜਕਾਂ ਤੇ ਬਿਠਾ ਕੇ ਹੁਣ ਖੁਦ ਗੱਦੀ ਤੇ ਨਹੀਂ ਬੈਠ ਸਕਣਗੇ। ਖੈਰ, ਇਸ ਕਿਸਾਨ ਮੋਰਚੇ ਵਿਚ ਬਿਰਧ ਔਰਤਾਂ ਤੇ ਛੋਟੇ ਬੱਚੇ ਵੀ ਭਾਗੀਦਾਰ ਬਣੇ ਹਨ। ਕਿਸਾਨੀ ਤੇ ਚਿੱਟੇ ਮੱਛਰ ਦਾ ਹੱਲਾ ਅੱਤਵਾਦ ਵਰਗੀ ਸੱਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਤੋਂ ਬਠਿੰਡਾ ਰੈਲੀ ਵਿਚ ਕਪਾਹ ਪੱਟੀ ਦੇ ਕਿਸਾਨਾਂ ਦੀ ਤਕਦੀਰ ਬਦਲਣ ਦਾ ਵਾਅਦਾ ਕੀਤਾ ਸੀ। ਮੋਹਾਲੀ ਵਿਚ ਮੁੱਖ ਮੰਤਰੀ ਨੇ ਚੇਤਾ ਵੀ ਕਰਾਇਆ ਪ੍ਰੰਤੂ ਉਨ•ਾਂ ਕੋਈ ਹੁੰਗਾਰਾ ਨਾ ਭਰਿਆ।
             ਕਪਾਹ ਪੱਟੀ ਵਿਚ ਕਿਸਾਨਾਂ ਦਾ ਰੋਹ ਹੁਣ ਉਬਾਲੇ ਖਾ ਰਿਹਾ ਹੈ। ਬਠਿੰਡਾ ਦੇ ਖੇਤੀ ਮੇਲੇ ਵਿਚ ਐਮ.ਪੀ ਬਲਵਿੰਦਰ ਸਿੰਘ ਭੂੰਦੜ ਤਾਂ ਇਸ ਰੋਹ ਦਾ ਅੰਦਾਜਾ ਲਗਾ ਚੁੱਕੇ ਹਨ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਵਾ ਦਾ ਰੁਖ ਵੇਖ ਚੁੱਕੀ ਹੈ। ਕਪਾਹ ਪੱਟੀ ਦੇ ਖੇਤਾਂ ਦੀ ਇਹੋ ਫਿਜਾ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅੱਕੇ ਹੋਏ ਕਿਸਾਨ ਸਭਨਾਂ ਧਿਰਾਂ ਦੇ ਲੀਡਰਾਂ ਨੂੰ ਘਰਾਂ ਦੀ ਹਵਾ ਤੱਕ ਸੀਮਿਤ ਕਰ ਦੇਣਗੇ। ਹੁਣ ਕਿਸਾਨ ਸ਼ਮਸ਼ਾਨ ਘਾਟਾਂ ਜਾਂ ਖੜਵੰਜਿਆਂ ਵਾਸਤੇ ਗਰਾਂਟਾਂ ਨਹੀਂ ਮੰਗ ਰਹੇ ਹਨ,ਉਨ•ਾਂ ਦੀ ਤਰਜ਼ੀਹ ਪਹਿਲਾਂ ਢਿੱਡ ਦੀ ਅੱਗ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਅਤੇ ਕੇਂਦਰੀ ਦੀ ਭਾਈਵਾਲ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੇ ਦੁੱਖ ਵਿਚ ਕਿੰਨਾ ਕੁ ਸਰੀਕ ਹੁੰਦੀ ਹੈ। ਲੋੜ ਕਿਸਾਨਾਂ ਦੀ ਫੌਰੀ ਬਾਂਹ ਫੜਨ ਦੀ ਹੈ। ਕਿੰਨੇ ਕੁ ਸਮਾਂ ਲੀਡਰ ਇੱਕ ਦੂਸਰੇ ਤੇ ਗੱਲ ਸੁੱਟ ਕੇ ਪੱਲਾ ਝਾੜਦੇ ਰਹਿਣਗੇ। 

No comments:

Post a Comment