Tuesday, September 19, 2023

                                        ਬਾਦਸ਼ਾਹ-ਏ-ਗਾਰੰਟੀ..
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ‘ਆਪ’ ਵਾਲਿਆਂ ਨੇ ਪੰਜਾਬ ਨੂੰ ਗੋਡਿਆਂ ਥੱਲੇ ਲਿਐ। ਕੋਈ ਹੁੱਝਾਂ ਮਾਰ ਰਿਹਾ ਹੈ ਅਤੇ ਕੋਈ ਪੰਜਾਬ ਦੇ ਕੰਨ ਰਗੜ ਰਿਹੈ। ਅਖੇ ,ਤੈਨੂੰ ਰੰਗਲਾ ਬਣਾਉਣਾ ਹੀ ਬਣਾਉਣੈ। ‘ਹੁਕਮ ਬਿਨਾਂ ਨਾ ਝੂਲੇ ਪੱਤਾ’। ਅਗਲੇ ਬੱਨਵੇਂ ਨੇ, ਪੰਜਾਬ ’ਕੱਲਾ ਹੈ, ਭਾਣਾ ਮੰਨਣਾ ਹੀ ਪੈਣਾ। ਮੰਨੋ ਚਾਹੇ ਨਾ ਮੰਨੋ, ‘ਚੀਨ ਨੂੰ ਉਦਯੋਗਾਂ ’ਚ ਪੰਜਾਬ ਪਛਾੜ ਦੇਵੇਗਾ’ ਕੇਜਰੀਵਾਲ ਨੇ ਇਹ ਐਸੀ ਭਵਿੱਖਬਾਣੀ ਕੀਤੀ ਹੈ ਕਿ ਹੁਣ ਸ਼ੰਭੂ ਬਾਰਡਰ ’ਤੇ ਜਾਮ ਲੱਗਿਆ ਪਿਐ। ਸਭ ਕਤਾਰਾਂ ਬੰਨ੍ਹੀ ਖੜ੍ਹੇ ਨੇ, ਟਾਟੇ-ਬਿਰਲੇ, ਅੰਬਾਨੀ-ਅਡਾਨੀ। ਪੈਰਾਂ ਤੋਂ ਨੰਗੇ, ਗਲ਼ਾਂ ’ਚ ਪਰਨੇ, ਮਿੰਨਤਾਂ ਪਏ ਕਰਦੇ ਨੇ, ‘ਸਾਨੂੰ ਮੌਕਾ ਦਿਓ ਪੈਸੇ ਲਾਉਣ ਦਾ’।

        ‘ਏਸ਼ੀਅਨ ਪੇਂਟ’ ਵਾਲੇ ਪੰਡ ਨਾਲੋਂ ਵੀ ਕਾਹਲੇ ਜਾਪਦੇ ਨੇ, ‘ਜੇ ਪੰਜਾਬ ਰੰਗਲਾ ਹੀ ਬਣਾਉਣੈ ਤਾਂ ਸਾਨੂੰ ਦਸਵੰਧ ਕੱਢਣ ਦਿਓ।’ ਏਨਾ ਤਾਂ ਹੜ੍ਹਾਂ ਦਾ ਪਾਣੀ ਨੀ ਆਇਆ, ਜਿੰਨੇ ਉਦਯੋਗਪਤੀ ਚੀਨ ਦੀ ਕੰਧ ਟੱਪ ਕੇ ਪੰਜਾਬ ਆਣ ਵੜੇ ਨੇ। ਪੰਜਾਬੀਓ! ਚੌਂਕ ਗਏ, ਏਹ ਕੇਜਰੀਵਾਲ ਦੀ ਗਾਰੰਟੀ ਐ। ਟਰੱਕਾਂ ਦੇ ਟਰੱਕ ਭਰੇ ਆ ਰਹੇ ਨੇ ਨਿਵੇਸ਼ ਦੇ, ਡਾਲੇ ’ਤੇ ਇਨਕਲਾਬ ਬੈਠਾ, ਕਿਤੇ ਕੋਈ ਬੋਰੀ ਡਿੱਗ ਹੀ ਨਾ ਪਵੇ। ਅਮਰੀਕਾ ਵਾਲਾ ਜੋਅ ਬਾਇਡਨ ਮੋਗੈਂਬੋ ਤੋਂ ਵੱਧ ਖ਼ੁਸ਼ ਹੈ, ਚੀਨ ਨੂੰ ਪੰਜਾਬ ਟੱਕਰ ਜੋ ਦੇਣ ਲੱਗਾ ਹੈ।

       ਚੀਨ ਵਾਲਾ ਜਿੰਨਪਿੰਗ ਥਰ ਥਰ ਕੰਬਦਾ ਪਿਐ, ਨਾਲੇ ਗਿੱਦੜ ਧਮਕੀ ਦੇ ਰਿਹਾ ਹੈ। ਭਰਮਦਾਸੋ ! ਦਿੱਲੀ ਵਾਲੇ ਦਬਦੇ ਕਿਥੇ ਨੇ।  ਕੋਈ ਜ਼ਮਾਨਾ ਸੀ ਜਦ ਨਵਵਿਆਹੀ ਮੁਟਿਆਰ ਫ਼ੌਜੀ ਪਤੀ ਨੂੰ ਰੋਕਣ ਲਈ ਮਿਹਣਾ ਮਾਰਦੀ ਹੁੰਦੀ ਸੀ, ‘ਤੇਰੀ ਚੀਨ ਦੀ ਖੱਟੀ ਦਾ ਮੂੰਹ ਭੰਨ ਦੇੳਂੂ, ਜੰਮ ਕੇ ਸੱਤ ਕੁੜੀਆਂ। ਅੱਜ ਨਵਾਂ ਦੌਰ ਹੈ। ਰੰਗਲਾ ਪੰਜਾਬ ਚੀਨ ਦਾ ਮੂੰਹ ਭੰਨੇਗਾ। ਦਿੱਲੀ ਵਾਲਾ ਮੁੱਖ ਮੰਤਰੀ ਸੱਚਮੁਚ ਲੋਕ ਦਿਲਾਂ ਦਾ ਸ਼ਹਿਨਸ਼ਾਹ ਜਾਪਦਾ ਹੈ। ਹਰ ਕਿਸੇ ਨੂੰ ਸਰਦੀ ਵਿਚ ਗਰਮੀ ਦਾ ਅਹਿਸਾਸ ਕਰਾ ਰਿਹਾ ਹੈ। ਇਹ ਫ਼ੱਕਰ ਦੇਸ਼ ਦੇ ਭਲੇ ਲਈ ਖਾਂਸੀ ਤੱਕ ਦੀ ਵੀ ਪ੍ਰਵਾਹ ਨਹੀਂ ਕਰ ਰਿਹਾ। ਨਾਲੋ ਨਾਲ ਗਾਣਾ ਵੀ ਗੁਣਗਣਾ ਰਿਹਾ ਹੈ, ‘ ਅੰਧੇਰੀ ਰਾਤੋਂ ਮੇ, ਸੁੰਨਸਾਨ ਰਾਹੋਂ ਪਰ, ਏਕ ਮਸੀਹਾ ਨਿਕਲਤਾ ਹੈ।’

        ਜਦ ਡੋਨਲਡ ਟਰੰਪ ਝੂਠ ਬੋਲਣੋਂ ਨਾ ਹਟਿਆ ਤਾਂ ‘ਵਾਸ਼ਿੰਗਟਨ ਪੋਸਟ’ ਵਾਲਿਆਂ ਨੇ ਟਰੰਪ ਨੂੰ ‘ਗਪੌੜ ਸੰਖ’ ਨਾਲ ਨਿਵਾਜ ਦਿੱਤਾ। ‘ਵਾਸ਼ਿੰਗਟਨ ਪੋਸਟ’ ਆਪਣੇ ਆਪ ਨੂੰ ਅਖ਼ਬਾਰੀ ਜਗਤ ਦਾ ਬੱਬਰ ਸ਼ੇਰ ਸਮਝਦੈ। ਇਨ੍ਹਾਂ ਦਾ ਵਾਹ ਹੀ ਟਰੰਪ ਵਰਗੇ ਕੱਚੇ ਖਿਡਾਰੀ ਨਾਲ ਪਿਐ। ਅਮਰੀਕੀ ਅਖ਼ਬਾਰ ਸਾਡੇ ਸ਼ਹਿਨਸ਼ਾਹ ਖ਼ਿਲਾਫ਼ ਕਲਮ ਝਰੀਟ ਕੇ ਦਿਖਾਵੇ, ਨਾ ਭਿੱਜੀ ਬਿੱਲੀ ਬਣਾ ਕੇ ਵਾਪਸ ਤੋਰੀਏ। ਉਹ ਵੀ ਦਿਨ ਸਨ ਜਦੋਂ ਬੰਬਾਂ ਵਾਲੀਆਂ ਸੜਕਾਂ ਬਣਾਈਆਂ ਸਨ।

        ਵੱਡੇ ਤੜਕੇ ਅਸਾਂ ਨੂੰ ਸੁਫ਼ਨਾ ਆਇਆ ਕਿ 25 ਸਾਲ ਰਾਜ ਕਰਨ ਦੇ ਸੁਫ਼ਨੇ ਦੇਖਣ ਵਾਲਾ ਜਥੇਦਾਰ ਗਲ ’ਚ ਪਰਨਾ ਪਾਈ ਕੇਜਰੀਵਾਲ ਦੇ ਚਰਨਾਂ ਵਿਚ ਬੈਠੇ, ਅਖੇ! ਥੋਨੂੰ ਗੁਰੂ ਧਾਰਨੈ। ਮੌਕਾ ਮੇਲ ਸਮਝੋ ਕਿ ਕੋਲ ਪਏ ਟੀਵੀ ’ਤੇ ਮਹਾਭਾਰਤ ’ਚ ਉਪਦੇਸ਼ ਗੂੰਜ ਰਿਹਾ ਸੀ, ‘ਕਿਸੇ ਦੇ ਭਲੇ ਲਈ ਬੋਲਿਆ ਝੂਠ ਸੌ ਸੱਚਾਂ ਦੇ ਬਰਾਬਰ ਹੁੰਦੈ।’ ‘ਆਪ’ ਦੀ ਝੋਲੀ ’ਚ ਤਾਂ ਹੈ ਹੀ ਸੱਚ, ਤਾਹੀਓਂ ਪੰਜਾਬ ਕੋਠੇ ’ਤੇ ਚੜ੍ਹ ਕੇ ਨੱਚ ਰਿਹੈ। ‘ਆਪ’ ਦੇ ਭਮੱਕੜ ਦੇਖੋ ਕਿਵੇਂ ਖ਼ੁਸ਼ੀ ’ਚ ਖੀਵੇ ਨੇ, ‘ਸੋਨੇ ਦੀ ਲੰਕਾ ਬਣਾ ਦਿਆਂਗੇ, ਨੰਗਿਆਂ ਦੀ ਬਸਤੀ ’ਚ ਧੋਬੀ ਦਾ ਘਰ ਪਾ ਦਿਆਂਗੇ।’

       ਆਹ ਸੁਰਿੰਦਰ ਕੌਰ ਦਾ ਗੀਤ ਕੀਹਨੇ ਚਲਾ’ਤਾ, ‘ਤੂੰ ਕਾਹਦਾ ਲੰਬੜਦਾਰ! ਵੇ ਦਰਵਾਜ਼ਾ ਹੈਨੀ..’। ਗਾਣੇ ਨੂੰ ਛੱਡੋ, ਕੇਜਰੀਵਾਲ ’ਤੇ ਫੋਕਸ ਕਰੋ। ਬਾਬੂ ਜੀ, ਪੰਜਾਬ ਨੂੰ ਇਸ਼ਕ ਕਰਦੇ ਨੇ। ‘ਦੇਵਦਾਸ’ ਵਾਲਾ ਨਹੀਂ ਜਿਹੜਾ ਪਾਰੋ ਨਾਲ ਕੌਲ-ਕਰਾਰ ਹੀ ਨਹੀਂ ਪੁਗਾ ਸਕਿਆ ਸੀ। ਦਿੱਲੀ ਵਾਲੇ ਜੋ ਕਹਿੰਦੇ ਨੇ, ਓਹ ਕਰਦੇ ਵੀ ਨੇ। ਜ਼ਰਾ ਕਲਪਨਾ ’ਚ ਉਡਾਰੀ ਮਾਰੋ, ਕਿੰਨਾ ਸੋਹਣਾ ਪੰਜਾਬ ਸਜੇਗਾ, ਜਦੋਂ ਹਵਾ ਵਾਂਗ ਸਨਅਤ ਅਸਾਂ ਦੇ ਵਿਹੜੇ ਪੁੱਜੇਗੀ। ਖ਼ੁਸ਼ੀ ਦੇ ਮੌਕੇ ਗਾਣਾ ਤਾਂ ਵੱਜੇਗਾ ਹੀ, ‘ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਆਵਾਂਗੀ ਹਵਾ ਬਣਕੇ ।’

         ‘ਦਿਸਦਾ ਰਹਿ ਮਿੱਤਰਾ, ਰੱਬ ਵਰਗਾ ਆਸਰਾ ਤੇਰਾ।’ ਵਿਰੋਧੀ ਲੱਖ ਪਏ ਆਖਣ, ਕਿ ‘ਆਪ’ ਵਾਲੇ ਹੁਣ ‘ਰੱਬ ਨੂੰ ਟੱਬ’ ਦੱਸਣ ਲੱਗ ਪਏ ਨੇ। ਤੁਸੀਂ ਪ੍ਰਵਾਹ ਨਹੀਂਓ ਕਰਨੀ, ਆਪਾਂ ’ਕੱਲੇ ’ਕੱਲੇ ਜ਼ਿਲ੍ਹੇ ’ਚ ਰੰਗ ਭਰਨੈ। ਜਿਵੇਂ ਕਿਸੇ ਜ਼ਮਾਨੇ ’ਚ ਲੋਕਾਂ ਨੇ ਪਹਿਲੀ ਵਾਰ ‘ਟੈਕਸਲਾ’ ਦਾ ਰੰਗੀਨ ਟੀਵੀ ਦੇਖ ਅੱਖਾਂ ਟੱਡੀਆਂ ਸਨ, ਉਵੇਂ ਜਦ ‘ਰੰਗਲਾ ਪੰਜਾਬ’ ਦੇਖਣਗੇ, ਚਾਅ ਨਹੀਂ ਚੁੱਕਿਆ ਜਾਣਾ। ਕੈਨੇਡਾ ਤੋਂ ਸਟੱਡੀ ਵੀਜ਼ੇ ਤੇ ਗਏ ਮੁੰਡਿਆਂ ਨੂੰ ਵੀ ਮਿੱਟੀ ਵਾਜਾਂ ਮਾਰਨ ਲੱਗੀ ਹੈ। ਜਦੋਂ ਪੰਜਾਬ ’ਚ ਰੰਗ ਭਾਗ ਲੱਗੇ ਨੇ, ਉਹ ਟਰੂਡੋ ਦੇ ਤਲਵੇਂ ਕਿਉਂ ਚੱਟਣ।

          ਤਵੇ ਲਾਉਣ ਵਾਲੇ ਕਦੇ ਚੌਪਰ ’ਚ ਚੜ੍ਹ ਉਪਰੋਂ ਪੰਜਾਬ ਨੂੰ ਜ਼ਰੂਰ ਦੇਖਣ। ਅਸਾਂ ਦੀ ਗਾਰੰਟੀ ਏ, ਪੂਰਾ ਪੰਜਾਬ ਰੰਗਲਾ ਦਿਖੇਗਾ। ਕਿਤੇ ਲਾਲ ਪੱਗਾਂ ਵਾਲਿਆਂ ਦਾ ਧਰਨਾ, ਕਿਤੇ ਹਰੀਆਂ ਪੱਗਾਂ ਵਾਲੇ, ਨਾਲੇ ਕੇਸਰੀ ਪੱਗਾਂ ਵਾਲੇ ਵੀ ਦਿੱਖ ਜਾਣਗੇ। ਹੋਰ ਰੰਗਲੇ ਨੂੰ ਕੀ ਸਿੰਗ ਲੱਗੇ ਹੁੰਦੇ ਨੇ। ਸਿਆਣੇ ਆਖਦੇ ਨੇ,  ‘ਭਰੋਸਾ ਕਰਨ ਵਾਲੇ ਦੀ ਗਾਂ ਚੋਰੀ ਹੁੰਦੀ ਹੈ।’ ਪੰਜਾਬ ਤਾਂ ਪੂਰਾ ਵੱਗ ਹੀ ਗੁਆ ਬੈਠੈ। ਸਿਆਸੀ ਸਿਰਾਂ ’ਤੇ ਭੂਤ ਸਵਾਰ ਹੈ। ਝਕਾਨੀ ਦੇ ਗਿਆ, ਕਿਤੋਂ ਤਾਂ ਲੱਭੋ, ਸਾਡਾ ‘ਵਿਕਾਸ’ ਫ਼ਰਾਰ ਹੈ। ਸਿਰ ’ਤੇ ਕਿੰਨਾ ਕੁ ਇਨਾਮ ਰੱਖੀਏ। ਜਿੰਨਾ ਮਰਜ਼ੀ ਰੱਖੋ, ਖ਼ਜ਼ਾਨਾ ਤਾਂ ਭਰਿਆ ਹੋਇਐ।

          ਪਤਾ ਨਹੀਂ ਕਿਸ ਚੰਦਰੇ ਨੇ ਦੁਰਅਸੀਸ ਦਿੱਤੀ ਹੈ, ਕਰਜ਼ੇ ਦੀ ਵੇਲ ਵਧੀ ਤੁਰੀ ਜਾਂਦੀ ਹੈ।  ‘ਆਪ’ ਵਾਲੇ ਸਹੁੰ ਨਾ ਚੁੱਕਦੇ ਤਾਂ ਪੰਜਾਬ ’ਚ ਏਨਾ ਵਿਕਾਸ ਕਿਥੇ ਹੋਣਾ ਸੀ। ਜਿੱਧਰ ਦੇਖੋ, ਲਹਿਰਾਂ ਬਹਿਰਾਂ ਨੇ। ਪੰਜਾਬ ਦੇ ਵਾਲ ਐਵੇਂ ਚਿੱਟੇ ਨਹੀਂ ਹੋਏ। ਰੋਗ ਅਵੱਲੇ ਨੇ, ਨਾਅਰੇ ਝੱਲੇ ਨੇ। ‘ਚਾਹੁੰਦਾ ਹੈ ਪੰਜਾਬ..’। ਬੱਸ ਭਾਈ ਬੱਸ, ਅੱਗੇ ਨਾ ਬੋਲੀ ਹੁਣ। ਐਸ.ਤਰਸੇਮ ਤਾਂ ਇੰਝ ਬੋਲ ਰਿਹਾ ਹੈ,‘ ਨਾ ਰੋਸ਼ਨਦਾਨ, ਨਾ ਬੂਹਾ, ਨਾ ਖਿੜਕੀ ਬਣਾਉਂਦਾ ਹੈ, ਮੇਰੇ ਹੁਣ ਸ਼ਹਿਰ ਦਾ ਹਰ ਮਿਸਤਰੀ ਕੁਰਸੀ ਬਣਾਉਂਦਾ ਹੈ।’  

          ਪੰਜਾਬ ’ਚ ਦੁੱਖਾਂ ਦੀ ‘ਵਿਕਾਸ ਦਰ’ ਵਧੀ ਹੈ।  ਭਲੇ ਵੇਲੇ ਹੁਣ ਕਿਥੇ ਰਹੇ ਨੇ। ਫਰਵਰੀ 1962 ਵਿਚ ਪੰਜ ਲੱਖ ਸਕੂਲੀ ਬੱਚਿਆਂ ਨੂੰ, ਸਰਕਾਰ ਰੋਜ਼ਾਨਾ ਦੁੱਧ ਪਿਆਉਂਦੀ ਸੀ। ਪਿੰਡੋਂ ਪਿੰਡ ਹੁਣ ਠੰਢੀ ਬੀਅਰ ਮਿਲਦੀ ਐ, ਪੀਣ ਵਾਲਾ ਪਾਣੀ ਨਹੀਂ। ਜਦ ਦਾ ਪੰਜਾਬ ’ਚ ਇਨਕਲਾਬ ਆਇਆ, ਉਦੋਂ ਦਾ ਸਵਰਗਪੁਰੀ ’ਚ ਬੈਠਾ ਦੀਪਕ ਜੈਤੋਈ ਅਰਜ਼ ਕਰ ਰਿਹੈ, ‘ਤੂਫ਼ਾਨਾਂ ਨੂੰ ਕਹਿ ਦਿਓ, ਵਧ ਵਧ ਕੇ ਆਓ, ਮੈਂ ਕਿਸ਼ਤੀ ਕਿਨਾਰੇ, ਲਗਾ ਕੇ ਹਟਾਂਗਾ।’ ਹੁਣ ਤੁਸੀਂ ਨੰਨਾ ਨਾ ਪਾਇਓ, ਪਾਸੇ ਬੈਠ ਦੇਖਣਾ, ਕਿਵੇਂ ਪੰਜਾਬ ਰੰਗਲਾ ਬਣਦੈ।

          ਸਾਥੋਂ ਵੀ ਇੱਕ ਚੁਟਕਲਾ ਸੁਣ ਛੱਡੋ। ਜੱਟਾਂ ਦੇ ਮੁੰਡੇ ਨੇ ਕੇਰਾਂ ਤਰਖਾਣੀ ਕੰਮ ਸ਼ੁਰੂ ਕੀਤਾ। ਚਾਚੇ ਨੇ ਅੱਗੇ ਲੋਹਾ ਰੱਖਤਾ। ਭਤੀਜ, ਬਣਾ ਦੇ ਕਹੀ। ਭਤੀਜ ਨੇ ਆਹਰਨ ਤਪਾਈ, ਲੋਹੇ ’ਤੇ ਸੱਟ ਲਾਈ। ਗਲ ਨਾ ਬਣੀ। ਆਖਣ ਲੱਗਾ, ਚਾਚਾ, ਕਸੀਆ ਬਣਾ ਦਿਆਂ। ਅੱਗ ਤਪਾਈ, ਹਥੌੜੇ ਦੀ ਫੇਰ ਸੱਟ ਲਾਈ, ਗੱਲ ਗੇੜ ’ਚ ਨਾ ਆਈ। ਮੁੜ ਪੁੱਛਣ ਲੱਗਿਆ, ਚਾਚਾ, ਕਸੌਲੀ ਬਣਾ ਦਿਆਂ। ਗੱਲ ਸੂਤ ਨਾ ਆਵੇ, ‘ਚਾਚਾ, ਖੁਰਪਾ ਨਾ ਬਣਾ ਦਿਆਂ।’ ਫਸਿਆ ਚਾਚਾ ਸਿਰ ਹਿਲਾ ਛੱਡੇ। ਤਰਖਾਣੀ ਤੋਂ ਕੋਰਾ ਭਤੀਜ ਆਖ਼ਰ ਆਖਣ ਲੱਗਾ, ‘ਚਾਚਾ, ਖੁਰਚਣੀ ਬਣਾ ਦਿਆਂ।’ ਕਹੀ ਬਣਾਉਣ ਆਇਆ ਚਾਚਾ ਕਦੇ ਖੁਰਚਣੀ ਵੱਲ ਵੇਖੇ ਤੇ ਕਦੇ ਭਤੀਜ ਵੱਲ। ਕੋਲ ਬੈਠੇ ਕਿਸੇ ਬਜ਼ੁਰਗ ਤੋਂ ਰਿਹਾ ਨਾ ਗਿਆ, ‘ਲਾਣੇਦਾਰਾ! ਛੇਤੀ ਚੁੱਕ ਲੈ, ਕਿਤੇ ਖੁਰਚਣੀ ਤੋਂ ਵੀ ਨਾ ਜਾਈਂ।

          ਸੱਚ ਜਾਣਿਓ! ਕੋਈ ਕਹਿੰਦੇ ਪੰਜਾਬ ਨੂੰ ਪੈਰਿਸ ਬਣਾ ਦਿਆਂਗੇ, ਕੋਈ ਆਖਦਾ, ‘ਸੋਹਣਾ ਪੰਜਾਬ’ ਬਣਾਵਾਂਗੇ। ਛੱਡੋ ਜੀ, ਪੰਜਾਬ ਨੂੰ ਬੱਸ ਪੰਜਾਬ ਹੀ ਰਹਿਣ ਦਿਓ। ਅਖੀਰ ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ ‘ਜਵਾਨ’ ਦੇ ਡਾਇਲਾਗ ਨਾਲ, ‘ ਮੈ ਹੂੰ ਭਾਰਤ ਕਾ ਨਾਗਰਿਕ,ਬਾਰ ਬਾਰ ਨਏ ਲੋਗੋਂ ਕੋ ਵੋਟ ਦੇਤਾ ਹੂੰ ਲੇਕਿਨ ਕੁਛ ਨਹੀਂ ਬਦਲਤਾ ਹੈ।’

                                                                                                (17 ਸਤੰਬਰ 2023)

No comments:

Post a Comment