Monday, September 11, 2023

                                                     ਪੁਲੀਸ ਦੀ ਕਮਜ਼ੋਰੀ
                         ‘ਭੂਤ’ ਹਸਪਤਾਲ ਚੋਂ, ‘ਧਰਮਰਾਜ’ ਜੇਲ੍ਹ ਚੋਂ ਫ਼ਰਾਰ..!  
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਕਪੂਰਥਲਾ ਜੇਲ੍ਹ ਚੋਂ ਜਗਤਾਰ ਸਿੰਘ ਉਰਫ਼ ਭੂਤ ਇਲਾਜ ਵਾਸਤੇ ਹਸਪਤਾਲ ਗਿਆ, ਉੱਥੋਂ ਹੀ ਗ਼ਾਇਬ ਹੋ ਗਿਆ ਸੀ। ਪੁਲੀਸ ਨੂੰ ਹੁਣ ਭੂਤ ਦੀ ਤਲਾਸ਼ ਹੈ। ਗੁਰਦਾਸਪੁਰ ਜੇਲ੍ਹ ਚੋਂ ਦਲੇਰ ਨਾਥ ਪੇਸ਼ੀ ਭੁਗਤਣ ਗਿਆ। ਦਲੇਰ ਨਾਥ ਪੁਲੀਸ ਹਿਰਾਸਤ ਚੋਂ ਹੀ ਫ਼ਰਾਰ ਹੋ ਗਿਆ। 43 ਸਾਲ ਦਾ ਦਲੇਰ ਪੁਲੀਸ ਦੀ ਕਮਜ਼ੋਰੀ ਦਾ ਫ਼ਾਇਦਾ ਉਠਾ ਗਿਆ। ਇਵੇਂ ਸੰਗਰੂਰ ਜੇਲ੍ਹ ਚੋ ‘ਧਰਮਰਾਜ’ ਫ਼ਰਾਰ ਹੋ ਗਿਆ ਸੀ। ਧਰਮਰਾਜ ਮਥੁਰਾ ਜ਼ਿਲ੍ਹੇ ਦਾ ਬਾਸ਼ਿੰਦਾ ਹੈ। ਬਠਿੰਡਾ ਜੇਲ੍ਹ ਦਾ ਬੰਦੀ ਹਰਪ੍ਰੀਤ ਗਾਂਧੀ ਵੀ ਚਕਮਾ ਦੇ ਗਿਆ ਸੀ। ਕੌਮੀ ਜੇਲ੍ਹ ਸੂਚਨਾ ਪੋਰਟਲ ਦੀ ਰਿਪੋਰਟ ਨੇ ਉਪਰੋਕਤ ਭਗੌੜਿਆਂ ਦੇ ਤੱਥ ਉਭਾਰੇ ਹਨ। ਪੰਜਾਬ ਭਰ ਚੋਂ 180 ਜਣੇ ਭਗੌੜੇ ਹਨ ਜੋ ਨਿਆਇਕ ਹਿਰਾਸਤ ਵਿਚ ਸਨ। ਕੋਈ ਪੇਸ਼ੀ ਦੌਰਾਨ ਪੁਲੀਸ ਹਿਰਾਸਤ ਚੋਂ ਫ਼ਰਾਰ ਹੋ ਗਿਆ ਅਤੇ ਕੋਈ ਹਸਪਤਾਲ ਚੋਂ। ਕਪੂਰਥਲਾ ਜੇਲ੍ਹ ਚੋਂ ਜਸਵੀਰ ਹਸਪਤਾਲ ਦਵਾਈ ਲੈਣ ਗਿਆ ਸੀ, ਉੱਥੋਂ ਹੀ ਫ਼ਰਾਰ ਹੋ ਗਿਆ। ਇਸ ਜੇਲ੍ਹ ਦਾ ਜਾਨੂ ਵੀ ਹਾਲੇ ਫ਼ਰਾਰ ਹੈ। 

        ਫ਼ਰੀਦਕੋਟ ਜੇਲ੍ਹ ਚੋਂ ਬਲਵੀਰ ਸਿੰਘ ਹਸਪਤਾਲ ਇਲਾਜ ਵਾਸਤੇ ਗਿਆ ਪ੍ਰੰਤੂ ਮੁੜ ਨਹੀਂ ਪਰਤਿਆ। ਇਸੇ ਤਰ੍ਹਾਂ ਪੰਜਾਬ ਦੀਆਂ ਜੇਲ੍ਹਾਂ ਚੋਂ 221 ਕੈਦੀ ਘਰ ਛੁੱਟੀ ਕੱਟ ਕੇ ਵਾਪਸ ਨਹੀਂ ਪਰਤੇ ਹਨ। ਨਿਯਮਾਂ ਅਨੁਸਾਰ ਕੈਦੀਆਂ ਨੂੰ ਸਾਲ ਭਰ ਵਿਚ ਵੱਧ ਤੋਂ ਵੱਧ 112 ਦਿਨਾਂ ਦੀ ਪੈਰੋਲ ਦਿੱਤੀ ਜਾ ਸਕਦੀ ਹੈ ਜੋ ਕੈਦੀ ਦੋ ਵਾਰ ’ਚ ਜਾਂ ਫਿਰ ਚਾਰ ਵਾਰ ਵਿਚ ਵੀ ਲੈ ਸਕਦਾ ਹੈ। ਕਈ ਦਫ਼ਾ ਅਦਾਲਤਾਂ ਪੈਰੋਲ ਵਿਚ ਵਾਧਾ ਘਾਟਾ ਵੀ ਕਰ ਦਿੰਦੀਆਂ ਹਨ। ਅਗਰ ਕਿਸੇ ਕੈਦੀ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਵਿਸ਼ੇਸ਼ ਹਾਲਾਤਾਂ ਵਿਚ ਛੁੱਟੀ ਦੇ ਦਿੱਤੀ ਜਾਂਦੀ ਹੈ। ਸਬ ਜੇਲ੍ਹ ਮਲੇਰਕੋਟਲਾ ਚੋਂ 94 ਸਾਲ ਦਾ ਸੁਰਜਣ ਸਿੰਘ ਪੈਰੋਲ ’ਤੇ ਗਿਆ ਸੀ ਪ੍ਰੰਤੂ ਵਾਪਸ ਜੇਲ੍ਹ ਨਾ ਮੁੜਿਆ। ਹੁਸ਼ਿਆਰਪੁਰ ਜੇਲ੍ਹ ਚੋਂ 70 ਸਾਲ ਦਾ ਹਰਬਿਲਾਸ ਸਿੰਘ ਵੀ ਜੇਲ੍ਹ ਚੋਂ ਛੁੱਟੀ ਕੱਟਣ ਗਿਆ ਮੁੜ ਨਾ ਪਰਤਿਆ। ਦੇਸ਼ ਚੋਂ ਗੁਜਰਾਤ ਸੂਬਾ ਇਸ ਮਾਮਲੇ ਵਿਚ ਮੋਹਰੀ ਹੈ ਜਿੱਥੇ ਦੀਆਂ ਜੇਲ੍ਹਾਂ ਚੋਂ ਪੈਰੋਲ ’ਤੇ ਗਏ 1347 ਕੈਦੀ ਮੁੜ ਜੇਲ੍ਹ ਨਹੀਂ ਪਰਤੇ ਹਨ। 

         ਇਸੇ ਤਰ੍ਹਾਂ ਰਾਜਸਥਾਨ ਦੇ 41, ਦਿੱਲੀ ਦੇ 17 ਅਤੇ ਆਂਧਰਾ ਪ੍ਰਦੇਸ਼ ਦੀਆਂ ਜੇਲ੍ਹਾਂ ਚੋਂ 11 ਕੈਦੀ ਪੈਰੋਲ ਤੋਂ ਹੀ ਫ਼ਰਾਰ ਹੋ ਗਏ। ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਵੇਲੇ 32157 ਬੰਦੀ ਬੰਦ ਹਨ । ਪੰਜਾਬ ਸਮੁੱਚੇ ਮੁਲਕ ਚੋਂ ਪੰਜਵੇਂ ਨੰਬਰ ’ਤੇ ਹੈ ਜਿੱਥੇ ਬੰਦੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਪਹਿਲੇ ਨੰਬਰ ’ਤੇ ਉੱਤਰ ਪ੍ਰਦੇਸ਼ ਦੀਆਂ ਜੇਲ੍ਹਾਂ ਵਿਚ 1.06 ਲੱਖ ਬੰਦੀ ਹਨ। ਬਿਹਾਰ ਦੀਆਂ ਜੇਲ੍ਹਾਂ ਵਿਚ 55,916 ਅਤੇ ਮੱਧ ਪ੍ਰਦੇਸ਼ ਦੀਆਂ ਜੇਲ੍ਹਾਂ ਵਿਚ 47813 ਬੰਦੀ ਹਨ। ਮਹਾਰਾਸ਼ਟਰ ਦੀਆਂ ਜੇਲ੍ਹਾਂ ਵਿਚ 42604 ਬੰਦੀ ਹਨ। ਉਸ ਪਿੱਛੋਂ ਪੰਜਾਬ ਦਾ ਨੰਬਰ ਆਉਂਦਾ ਹੈ। ਹਰਿਆਣਾ ਇਸ ਮਾਮਲੇ ’ਚ ਪੰਜਾਬ ਤੋਂ ਪਿੱਛੇ ਹੈ ਜਿੱਥੇ ਦੀਆਂ ਜੇਲ੍ਹਾਂ ਵਿਚ 28910 ਬੰਦੀ ਬੰਦ ਹਨ।

                                   ਅੱਠ ਮਹੀਨੇ ’ਚ 1.92 ਲੱਖ ਮੁਲਾਕਾਤਾਂ ..

ਪੰਜਾਬ ’ਚ ਚਾਲੂ ਵਰ੍ਹੇ ਦੀ ਪਹਿਲੀ ਜਨਵਰੀ ਤੋਂ 10 ਸਤੰਬਰ ਤੱਕ ਜੇਲ੍ਹਾਂ ਵਿਚ 1.92 ਲੱਖ ਮੁਲਾਕਾਤਾਂ ਹੋਈਆਂ ਹਨ ਜਦੋਂ ਕਿ ਬਿਹਾਰ ਦੀਆਂ ਜੇਲ੍ਹਾਂ ਵਿਚ 3.73 ਲੱਖ ਮੁਲਾਕਾਤਾਂ ਹੋਈਆਂ ਹਨ। ਮੁਲਾਕਾਤਾਂ ਲਈ ਹੁਣ ਆਨ ਲਾਈਨ ਅਪਲਾਈ ਕਰਨਾ ਪੈਂਦਾ ਹੈ। ਦਿੱਲੀ ਦੀਆਂ ਜੇਲ੍ਹਾਂ ਵਿਚ 3.03 ਲੱਖ ਮੁਲਾਕਾਤਾਂ ਅਤੇ ਗੁਜਰਾਤ ਦੀਆਂ ਜੇਲ੍ਹਾਂ ਵਿਚ 1.33 ਲੱਖ ਮੁਲਾਕਾਤਾਂ ਉਕਤ ਸਮੇਂ ਦੌਰਾਨ ਹੋਈਆਂ ਹਨ।

No comments:

Post a Comment