Monday, September 4, 2023

                                                       ਵਿਜੀਲੈਂਸ ਬਿਊਰੋ 
                            ਮਨਪ੍ਰੀਤ ਖ਼ਿਲਾਫ਼ ਜਾਂਚ ਨੂੰ ਅੰਤਿਮ ਛੋਹਾਂ
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਵਿਜੀਲੈਂਸ ਬਿਊਰੋ ਨੇ ਭਾਜਪਾ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਜਾਂਚ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ ਅਤੇ ਹੁਣ ਕਿਸੇ ਵਕਤ ਵੀ ਸਾਬਕਾ ਮੰਤਰੀ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ। ਪਤਾ ਲੱਗਾ ਹੈ ਕਿ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦਾ ਨੇੜਲਾ ਰਿਸ਼ਤੇਦਾਰ ਇਸ ਵੇਲੇ ਪੰਜਾਬ ਤੋਂ ਬਾਹਰ ਹਨ। ਸੂਤਰਾਂ ਅਨੁਸਾਰ ਮਨਪ੍ਰੀਤ ਵਿਦੇਸ਼ ਗਏ ਹੋਏ ਹਨ। ਵਿਜੀਲੈਂਸ ਹੱਥ ਕੁੱਝ ਤਕਨੀਕੀ ਨੁਕਤੇ ਲੱਗੇ ਹਨ, ਜਿਨ੍ਹਾਂ ਨੇ ਜਾਂਚ ਨੂੰ ਕਾਨੂੰਨੀ ਤੌਰ ’ਤੇ ਬਲ ਦਿੱਤਾ ਹੈ। ਵਿਜੀਲੈਂਸ ਜਾਂਚ ’ਚ ਬਠਿੰਡਾ ਵਿਕਾਸ ਅਥਾਰਿਟੀ ਦੇ ਸੀਨੀਅਰ ਅਧਿਕਾਰੀ ਵੀ ਨਿਸ਼ਾਨੇ ’ਤੇ ਆ ਗਏ ਹਨ ਜਿਨ੍ਹਾਂ ਨੇ ਸਾਬਕਾ ਮੰਤਰੀ ਨੂੰ ਅਸਿੱਧੇ ਤਰੀਕੇ ਨਾਲ 1560 ਵਰਗ ਗਜ਼ ਦੇ ਦੋ ਪਲਾਂਟ ਦੇਣ ਵਿਚ ਭੂਮਿਕਾ ਨਿਭਾਈ ਹੈ। ਵੇਰਵਿਆਂ ਅਨੁਸਾਰ ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਦੌਰਾਨ ਬਠਿੰਡਾ ਦੇ ਅਰਬਨ ਅਸਟੇਟ ਵਿਚ ਦੋ ਰਿਹਾਇਸ਼ੀ ਪਲਾਟ ਰਾਜੀਵ ਕੁਮਾਰ ਅਤੇ ਵਿਕਾਸ ਕੁਮਾਰ ਤੋਂ ਖ਼ਰੀਦੇ ਸਨ।ਬਠਿੰਡਾ ਵਿਕਾਸ ਅਥਾਰਿਟੀ ਤੋਂ ਪਲਾਟ ਖ਼ਰੀਦਣ ਲਈ ਵਿਕਾਸ ਤੇ ਰਾਜੀਵ ਨੇ 27 ਸਤੰਬਰ 2021 ਨੂੰ ਆਨਲਾਈਨ ਬੋਲੀ ਦਿੱਤੀ ਸੀ।

        ਬੋਲੀ ਵਿਚ ਅਮਨਦੀਪ ਨਾਂ ਦੇ ਤੀਜੇ ਵਿਅਕਤੀ ਨੇ ਵੀ ਸ਼ਮੂਲੀਅਤ ਕੀਤੀ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੋਲੀਕਾਰਾਂ ਨੇ ਇੱਕੋ ਕੰਪਿਊਟਰ ਤੋਂ ਬੋਲੀ ਦਿੱਤੀ। ਰਾਜੀਵ ਤੇ ਵਿਕਾਸ ਦੇ ਬੋਲੀ ਵਿਚ ਸ਼ਮੂਲੀਅਤ ਲਈ ਐਡਵਾਂਸ ਰਾਸ਼ੀ ਦੇ ਚਲਾਨ ਵੀ ਇੱਕੋ ਸੀਰੀਅਲ ਨੰਬਰ ਵਾਲੇ ਸਨ। ਦੋਵਾਂ ਦੇ ਅਸ਼ਟਾਮ ਇੱਕੋ ਸੀਰੀਅਲ ਨੰਬਰ ਵਾਲੇ ਤੇ ਦੋਵਾਂ ਦੇ ਗਵਾਹ ਵੀ ਇਕੋ ਹੀ ਸਨ। ਜਾਂਚ ਅਨੁਸਾਰ ਬੋਲੀ ਫਾਈਨਲ ਹੋਣ ਤੋਂ ਬਾਅਦ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ 30 ਸਤੰਬਰ 2021 ਨੂੰ ਰਾਜੀਵ ਤੇ ਵਿਕਾਸ ਨਾਲ ਦੋਵੇਂ ਪਲਾਟ ਖ਼ਰੀਦਣ ਦਾ ਐਗਰੀਮੈਂਟ ਕਰ ਲਿਆ ਅਤੇ 4 ਅਕਤੂਬਰ ਨੂੰ ਦੋਵਾਂ ਦੇ ਖਾਤਿਆਂ ਵਿਚ ਕਰੀਬ ਇੱਕ ਕਰੋੜ ਦੀ ਰਾਸ਼ੀ ਵੀ ਟਰਾਂਸਫ਼ਰ ਕਰ ਦਿੱਤੀ। ਖਾਤਿਆਂ ਵਿਚ ਇਹ ਰਾਸ਼ੀ ਆਉਣ ਮਗਰੋਂ 5 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੇ ਬਠਿੰਡਾ ਵਿਕਾਸ ਅਥਾਰਿਟੀ ਕੋਲ ਪਹਿਲੀ ਕਿਸ਼ਤ ਦੀ 25 ਫ਼ੀਸਦੀ ਰਾਸ਼ੀ ਜਮ੍ਹਾਂ ਕਰਾ ਦਿੱਤੀ। ਵਿਜੀਲੈਂਸ ਅਧਿਕਾਰੀ ਦਾ ਕਹਿਣਾ ਹੈ ਕਿ ਮਨਪ੍ਰੀਤ ਵੱਲੋਂ ਟਰਾਂਸਫ਼ਰ ਕੀਤੀ ਰਾਸ਼ੀ ਹੀ ਅੱਗੇ ਵਿਕਾਸ ਤੇ ਰਾਜੀਵ ਨੇ ਬਠਿੰਡਾ ਵਿਕਾਸ ਅਥਾਰਿਟੀ ਕੋਲ ਜਮ੍ਹਾਂ ਕਰਾਈ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਭ ਕੁਝ ਮਿਲ ਮਿਲਾ ਕੇ ਹੀ ਚੱਲ ਰਿਹਾ ਸੀ। 

        ਰਾਜੀਵ ਤੇ ਵਿਕਾਸ ਤੇ ਖਾਤਿਆਂ ਵਿਚ ਅੱਗੇ ਪਿੱਛੇ ਕੋਈ ਪੈਸਾ ਨਹੀਂ ਆਇਆ ਸੀ। ਬਠਿੰਡਾ ਵਿਕਾਸ ਅਥਾਰਿਟੀ (ਬੀਡੀਏ) ਨੇ 8 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੂੰ ਦੋਵਾਂ ਪਲਾਟਾਂ ਦਾ ਅਥਾਰਟੀ ਲੈਟਰ ਜਾਰੀ ਕੀਤਾ ਸੀ, ਪ੍ਰੰਤੂ ਮਨਪ੍ਰੀਤ ਬਾਦਲ ਨੇ ਰਾਜੀਵ ਤੇ ਵਿਕਾਸ ਨਾਲ ਉਨ੍ਹਾਂ ਦੇ ਇਨ੍ਹਾਂ ਪਲਾਟਾਂ ਦਾ ਮਾਲਕ ਬਣਨ ਤੋਂ ਪਹਿਲਾਂ ਹੀ ਐਗਰੀਮੈਂਟ ਵੀ ਕਰ ਲਿਆ ਸੀ। ਐਗਰੀਮੈਂਟ 30 ਸਤੰਬਰ ਨੂੰ ਕੀਤਾ ਗਿਆ ਜਦੋਂ ਕਿ ਇਹ ਦੋਵੇਂ ਜਣੇ 8 ਅਕਤੂਬਰ ਨੂੰ ਪਲਾਟਾਂ ਦੇ ਮਾਲਕ ਬਣੇ ਸਨ। ਇਸੇ ਤਰ੍ਹਾਂ ਆਨਲਾਈਨ ਬੋਲੀ ਵਿਚ ਬੀਡੀਏ ਦੀ ਮਹਿਲਾ ਅਧਿਕਾਰੀ ਦੇ ਡਿਜੀਟਲ ਦਸਤਖ਼ਤ 26 ਸਤੰਬਰ ਨੂੰ ਐਕਸਪਾਇਰ ਹੋ ਜਾਂਦੇ ਹਨ ਕਿਉਂਕਿ ਇਸ ਅਧਿਕਾਰੀ ਦੀ ਬਦਲੀ ਹੋ ਚੁੱਕੀ ਸੀ।27 ਸਤੰਬਰ ਨੂੰ ਬੋਲੀ ਫਾਈਨਲ ਹੁੰਦੀ ਹੈ ਜਦੋਂ ਕਿ ਨਵੇਂ ਅਧਿਕਾਰੀ ਨੂੰ ਡਿਜੀਟਲ ਦਸਤਖ਼ਤਾਂ ਦਾ ਅਧਿਕਾਰ 28 ਸਤੰਬਰ ਨੂੰ ਮਿਲਦਾ ਹੈ। 27 ਸਤੰਬਰ ਦੀ ਬੋਲੀ ਕਿਸ ਦੇ ਡਿਜੀਟਲ ਦਸਤਖਤਾਂ ਹੇਠ ਹੋਈ, ਇਸ ਦਾ ਭੇਤ ਬਣਿਆ ਹੋਇਆ ਹੈ। 

        ਬੋਲੀ ਦੌਰਾਨ ਜਿਹੜਾ ਆਨਲਾਈਨ ਨਕਸ਼ਾ ਅਪਲੋਡ ਕੀਤਾ ਗਿਆ, ਉਸ ’ਤੇ ਪਲਾਟਾਂ ਦੇ ਨੰਬਰ ਹੀ ਨਹੀਂ ਸਨ। ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਅਤੇ ਕਾਨੂੰਨੀ ਪੱਖਾਂ ਦੀ ਘੋਖ ਵੀ ਕਰ ਲਈ ਗਈ ਹੈ। ਦਿਲਚਸਪ ਤੱਥ ਹਨ ਕਿ ਬੀਡੀਏ ਤੋਂ ਆਨ ਲਾਈਨ ਬੋਲੀ ਜ਼ਰੀਏ ਪਲਾਟ ਲੈਣ ਵਾਲੇ ਰਾਜੀਵ ਤੇ ਵਿਕਾਸ 8 ਅਕਤੂਬਰ ਨੂੰ ਖ਼ੁਦ ਮਾਲਕ ਬਣਦੇ ਹਨ ਅਤੇ ਹਫ਼ਤੇ ਮਗਰੋਂ ਹੀ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ 15 ਅਕਤੂਬਰ 2021 ਨੂੰ ਬਠਿੰਡਾ ਵਿਖੇ ਮਨਪ੍ਰੀਤ ਬਾਦਲ ਦੀ ਨਵੀਂ ਰਿਹਾਇਸ਼ (ਵਿਵਾਦਿਤ ਪਲਾਟ) ਦੀ ਨੀਂਹ ਵਿਚ ਇੱਟ ਰੱਖ ਕੇ ਮਹੂਰਤ ਵੀ ਕਰ ਦਿੰਦੇ ਹਨ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦਰਮਿਆਨ ਸ਼ਬਦੀ ਜੰਗ ਵੀ ਚੱਲੀ ਹੈ ਅਤੇ ਮਨਪ੍ਰੀਤ ਬਾਦਲ ਆਖ ਚੁੱਕੇ ਹਨ ਕਿ ਪੰਜਾਬ ਸਰਕਾਰ ਸਿਆਸੀ ਬਦਲਾਖੋਰੀ ਤਹਿਤ ਜਾਂਚ ਕਰ ਰਹੀ ਹੈ, ਜਿਸ ਵਿਚ ਕੋਈ ਸੱਚਾਈ ਨਹੀਂ ਹੈ

No comments:

Post a Comment