Saturday, September 30, 2023

                                                      ਕੈਂਸਰ ਇਲਾਜ ਲਈ 
                                ਵਿਦੇਸ਼ ਜਾਣਾ ਚਾਹੁੰਦੇ ਸਨ ਖਹਿਰਾ
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਪੁਲੀਸ ਵੱਲੋਂ ਨਸ਼ਿਆਂ ਦੇ ਪੁਰਾਣੇ ਕੇਸ ਵਿਚ ਵੀਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਕੈਂਸਰ ਦੇ ਇਲਾਜ ਲਈ ਅਗਲੇ ਮਹੀਨੇ ਵਿਦੇਸ਼ ਜਾਣਾ ਚਾਹੁੰਦੇ ਸਨ। ਖਹਿਰਾ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਤੋਂ ਕੈਂਸਰ ਦੇ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਖਹਿਰਾ ਦੇ ਦੇਸ਼ ਛੱਡਣ ਅਤੇ ਵਾਪਸ ਨਾ ਆਉਣ ਦਾ ਡਰ ਸੀ ਜਿਸ ਕਰਕੇ ਉਨ੍ਹਾਂ ਬਿਨਾ ਦੇਰੀ ਕੀਤੇ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ। ਚੇਤੇ ਰਹੇ ਕਿ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਪੰਜਾਬ ਦੀ ਸਿਆਸਤ ਭਖੀ ਹੋਈ ਹੈ ਅਤੇ ਵਿਰੋਧੀ ਧਿਰਾਂ ਨੇ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ ਜਦੋਂ ਕਿ ਸੂਬਾ ਸਰਕਾਰ ਦੇ ਉੱਚ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਸਿਆਸੀ ਬਦਲਾਖੋਰੀ ਤੋਂ ਇਨਕਾਰ ਕਰ ਰਹੇ ਹਨ।

        ਅਧਿਕਾਰੀਆਂ ਨੇ ਕਿਹਾ ਕਿ ਜਦੋਂ ਖਹਿਰਾ ਨੇ ਆਪਣੇ ’ਤੇ ਦਰਜ ਮਨੀ ਲਾਂਡਰਿੰਗ ਕੇਸ ਤੋਂ ਛੁਟਕਾਰਾ ਪਾਉਣ ਲਈ ਪੈਰਵੀ ਸ਼ੁਰੂ ਕੀਤੀ ਤਾਂ ਇਸ ਦਾ ਵਿਸ਼ੇਸ਼ ਜਾਂਚ ਟੀਮ ਨੇ ਨੋਟਿਸ ਲਿਆ। ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਦਸਤਾਵੇਜ਼ਾਂ ਤੋਂ ਤੱਥ ਉੱਭਰੇ ਹਨ ਕਿ ਅਗਸਤ ਵਿਚ ਵਧੀਕ ਸੈਸ਼ਨ ਜੱਜ ਅਵਤਾਰ ਸਿੰਘ ਦੀ ਵਿਸ਼ੇਸ਼ ਅਦਾਲਤ ’ਚ ਖਹਿਰਾ ਨੇ ਕੈਂਸਰ ਦਾ ਇਲਾਜ ਕਰਵਾਉਣ ਲਈ ਤਿੰਨ ਮਹੀਨਿਆਂ ਵਾਸਤੇ ਅਮਰੀਕਾ ਅਤੇ ਕੈਨੇਡਾ ਜਾਣ ਦੀ ਇਜਾਜ਼ਤ ਮੰਗੀ ਸੀ। ਖਹਿਰਾ ਦੇ ਲੜਕੇ ਮਹਿਤਾਬ ਸਿੰਘ ਖਹਿਰਾ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਪਿਤਾ ਨੂੰ ਪ੍ਰੋਸਟੈਟ ਕੈਂਸਰ ਹੈ ਜਿਸ ਦੇ ਇਲਾਜ ਲਈ ਉਹ ਵਿਦੇਸ਼ ਜਾਣਾ ਚਾਹੁੰਦੇ ਸਨ। ਵਿਸ਼ੇਸ਼ ਅਦਾਲਤ ਨੇ ਖਹਿਰਾ ਨੂੰ ਆਪਣੇ ਵਕੀਲ ਰਾਹੀਂ ਵਿਦੇਸ਼ ਯਾਤਰਾ ਅਤੇ ਡਾਕਟਰ ਤੋਂ ਲਈ ਨਿਯੁਕਤੀ ਦੇ ਤੱਥ ਪੇਸ਼ ਕਰਨ ਲਈ ਕਿਹਾ ਸੀ ਜਿੱਥੇ ਉਹ ਆਪਣਾ ਇਲਾਜ ਕਰਾਉਣਾ ਚਾਹੁੰਦੇ ਹਨ। 

       ਅਦਾਲਤ ਨੇ 19 ਅਤੇ 20 ਸਤੰਬਰ ਤੋਂ ਇਲਾਵਾ 25 ਸਤੰਬਰ ਦੀਆਂ ਪੇਸ਼ੀਆਂ ਮੌਕੇ ਵੀ ਖਹਿਰਾ ਨੂੰ ਡਾਕਟਰ ਦੀ ਨਿਯੁਕਤੀ ਆਦਿ ਦਾ ਰਿਕਾਰਡ ਪੇਸ਼ ਕਰਨ ਲਈ ਕਿਹਾ ਸੀ ਅਤੇ ਪਾਸਪੋਰਟ ਤੇ ਵੀਜ਼ਾ ਅਦਾਲਤ ਵਿਚ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਸੀ। ਹੁਣ ਸੁਣਵਾਈ ਦੀ ਅਗਲੀ ਤਰੀਕ 30 ਸਤੰਬਰ ਰੱਖੀ ਗਈ ਹੈ। ਹਾਲਾਂਕਿ ਵਿਸ਼ੇਸ਼ ਅਦਾਲਤ ਨੇ ਖਹਿਰਾ ਦੀ ਡਿਸਚਾਰਜ ਦੀ ਅਰਜ਼ੀ 20 ਸਤੰਬਰ ਨੂੰ ਹੀ ਖ਼ਾਰਜ ਕਰ ਦਿੱਤੀ ਸੀ। ਮਹਿਤਾਬ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਤਿੰਨ ਮਹੀਨਿਆਂ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ ਪ੍ਰੰਤੂ ਉਨ੍ਹਾਂ ਨੂੰ 18 ਤੋਂ 30 ਅਕਤੂਬਰ ਤੱਕ ਦੀ ਹੀ ਇਜਾਜ਼ਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਅਗਸਤ ਵਿਚ ਡਾਕਟਰ ਤੋਂ ਸਮਾਂ ਲਿਆ ਸੀ ਪ੍ਰੰਤੂ ਉਹ ਇਸ ਤੋਂ ਖੁੰਝ ਗਏ ਸਨ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਮੰਗੇ ਗਏ ਦਸਤਾਵੇਜ਼ 30 ਸਤੰਬਰ ਨੂੰ ਪੇਸ਼ ਕਰਨ ਤੋਂ ਪਹਿਲਾਂ ਹੀ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

         ਚੇਤੇ ਰਹੇ ਕਿ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਖਪਾਲ ਖਹਿਰਾ ਵਿਰੁੱਧ 2021 ਵਿਚ ਮਨੀ ਲਾਂਡਰਿੰਗ ਕੇਸ ਦਰਜ ਕੀਤਾ ਸੀ ਅਤੇ ਨਵੰਬਰ 2021 ਵਿਚ ਖਹਿਰਾ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਸੀ। ਸੁਖਪਾਲ ਖਹਿਰਾ ਨੇ ਇਸੇ ਸਾਲ ਅਪਰੈਲ ਵਿਚ ਅਦਾਲਤ ਦਾ ਰੁਖ਼ ਕੀਤਾ ਸੀ ਅਤੇ ਮਨੀ ਲਾਂਡਰਿੰਗ ਕੇਸ ’ਚ ਡਿਸਚਾਰਜ ਕੀਤੇ ਜਾਣ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਵਿਧਾਨ ਸਭਾ ਦੇ ਪਿਛਲੇ ਕਾਰਜਕਾਲ ਵਿਚ ਖਹਿਰਾ ‘ਆਪ’ ਦੇ ਵਿਧਾਇਕ ਸਨ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਰਹਿ ਚੁੱਕੇ ਹਨ। ਖਹਿਰਾ ਨੇ 2018 ਵਿਚ ‘ਆਪ’ ਵਿਰੁੱਧ ਬਗ਼ਾਵਤ ਕਰ ਦਿੱਤੀ ਸੀ।

No comments:

Post a Comment