Tuesday, March 11, 2025

                                                          ਸੰਜਮੀ ਪੈਂਤੜਾ
                       ਵੀਆਈਪੀ ਗੱਡੀਆਂ ਨੂੰ ਲੰਮੀ ਉਮਰ ‘ਬਖ਼ਸ਼ੀ’..! 
                                                         ਚਰਨਜੀਤ ਭੁੱਲਰ 

ਚੰਡੀਗੜ੍ਹ  :ਪੰਜਾਬ ਸਰਕਾਰ ਨੇ ਸਰਕਾਰੀ ਖ਼ਜ਼ਾਨੇ ਦੀ ਕਿਫ਼ਾਇਤ ਲਈ ਅਹਿਮ ਫ਼ੈਸਲਾ ਲੈਂਦਿਆਂ ਵੀਆਈਪੀ ਗੱਡੀਆਂ ਨੂੰ ਲੰਮੇਰੀ ਉਮਰ ‘ਬਖ਼ਸ਼’ ਦਿੱਤੀ ਹੈ ਜਿਸ ਮਗਰੋਂ ਹੁਣ ਵਿਧਾਇਕ/ਵਜ਼ੀਰ ਅਤੇ ਸੰਸਦ ਮੈਂਬਰ ਸਰਕਾਰੀ ਗੱਡੀ ਨੂੰ ਲੰਮੀ ਮਿਆਦ ਤੱਕ ਚਲਾ ਸਕਣਗੇ। ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਮੋਟਰ ਵਹੀਕਲ ਬੋਰਡ ਦੀ 6 ਮਾਰਚ ਨੂੰ ਹੋਈ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ। ਮੌਜੂਦਾ ਸਮੇਂ ਵਿਧਾਇਕਾਂ/ਵਜ਼ੀਰਾਂ ਤੇ ਸੰਸਦ ਮੈਂਬਰਾਂ ਨੂੰ ਜੋ ਸਰਕਾਰੀ ਗੱਡੀ ਅਲਾਟ ਹੁੰਦੀ ਹੈ, ਉਸ ਦੀ ਮਿਆਦ ਤਿੰਨ ਲੱਖ ਕਿੱਲੋਮੀਟਰ ਜਾਂ ਪੰਜ ਸਾਲ ਦੀ ਹੁੰਦੀ ਹੈ। 

      ਬਹੁਤੇ ਵਿਧਾਇਕਾਂ/ਵਜ਼ੀਰਾਂ ਕੋਲ ਅਜਿਹੇ ਵਾਹਨ ਵੀ ਹਨ, ਜੋ ਤਿੰਨ ਲੱਖ ਕਿੱਲੋਮੀਟਰ ਤੋਂ ਵੱਧ ਚੱਲ  ਚੁੱਕੇ ਹਨ। ਮੋਟਰ ਵਹੀਕਲ ਬੋਰਡ ਨੇ ਹੁਣ ਵਿਧਾਇਕਾਂ /ਵਜ਼ੀਰਾਂ ਤੇ ਸੰਸਦ ਮੈਂਬਰਾਂ ਦੀਆਂ ਗੱਡੀਆਂ ਦੀ ਮਿਆਦ ਤਿੰਨ ਲੱਖ ਕਿੱਲੋਮੀਟਰ ਤੋਂ ਵਧਾ ਕੇ ਚਾਰ ਲੱਖ ਕਿੱਲੋਮੀਟਰ ਜਾਂ ਪੰਜ ਸਾਲ ਕਰ ਦਿੱਤੀ ਗਈ ਹੈ। ਜਿਸ ਦਾ ਭਾਵ ਹੈ ਕਿ ਵਿਧਾਇਕ/ਵਜ਼ੀਰਾਂ ਤੇ ਸੰਸਦ ਮੈਂਬਰਾਂ ਨੂੰ ਮਿਲੇ ਵਾਹਨ ਚਾਰ ਲੱਖ ਕਿੱਲੋਮੀਟਰ ਤੱਕ ਚੱਲਣ ’ਤੇ ਵੀ ਖਟਾਰਾ ਜਾਂ ਮਿਆਦ ਪੁਗਾ ਚੁੱਕੇ ਨਹੀਂ ਮੰਨੇ ਜਾਣਗੇ। ਇਸ ਦਾ ਅਧਾਰ ਕੀ ਹੈ, ਇਹ ਤਾਂ ਪਤਾ ਨਹੀਂ ਲੱਗਿਆ ਪ੍ਰੰਤੂ ਪੰਜਾਬ ਸਰਕਾਰ ਨੇ ਆਪਣੇ ਖ਼ਜ਼ਾਨੇ ਦਾ ਸਰਫ਼ਾ ਕਰਨ ਲਈ ਇਹ ਕਦਮ ਚੁੱਕਿਆ ਹੈ। 

      ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਵਿਧਾਇਕਾਂ ਅਤੇ ਵਜ਼ੀਰਾਂ ਵਾਸਤੇ ਨਵੇਂ ਵਾਹਨ ਖ਼ਰੀਦਣ ਦੇ ਰੌਂਅ ਵਿੱਚ ਨਹੀਂ ਹੈ ਜਿਸ ਕਰਕੇ ਮੌਜੂਦਾ ਵਾਹਨਾਂ ਦੀ ਹੀ ਉਮਰ ਲੰਮੇਰੀ ਕਰ ਦਿੱਤੀ ਗਈ ਹੈ। ਵਿਧਾਇਕ ਜਾਂ ਵਜ਼ੀਰ ਹੁਣ ਆਪਣੀ ਗੱਡੀ ਪੁਰਾਣੀ ਹੋਣ ਦਾ ਰੋਣਾ ਨਹੀਂ ਰੋ ਸਕਣਗੇ। ਟਰਾਂਸਪੋਰਟ ਵਿਭਾਗ ਵੱਲੋਂ ਪੇਸ਼ ਏਜੰਡੇ ‘ਲਾਈਫ਼ ਨਿਰਧਾਰਿਤ ਕਰਨ ਸਬੰਧੀ’ ਨੂੰ ਪ੍ਰਵਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਮੀਟਿੰਗ ਵਿੱਚ ਵੀਆਈਪੀ ਗੱਡੀਆਂ ਦੀ ਐਵਰੇਜ਼ ਫਿਕਸ ਕਰਨ ਦਾ ਏਜੰਡਾ ਵੀ ਪਾਸ ਕੀਤਾ ਗਿਆ ਹੈ। ਬੋਰਡ ਦੀ ਮੀਟਿੰਗ ਵਿੱਚ ਪੰਜਾਬ ਪੁਲੀਸ ਵੱਲੋਂ 2908 ਗੱਡੀਆਂ ਦੀ ਮੰਗ ਕੀਤੀ ਗਈ ਹੈ ਜਿਸ ਨੂੰ ਹਾਲੇ ਲੰਬਿਤ ਰੱਖਿਆ ਗਿਆ ਹੈ। ਪਤਾ ਲੱਗਿਆ ਹੈ ਕਿ ਬੋਰਡ ਨੇ ਇਸ ਬਾਰੇ ਫ਼ੈਸਲਾ ਲੈਣ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜਿਸ ਵਿਚ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। 

      ਤੱਥ ਸਾਹਮਣੇ ਆਏ ਕਿ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ’ਚ 67 ਆਈਏਐੱਸ/ਪੀਸੀਐੱਸ ਅਫ਼ਸਰਾਂ ਕੋਲ ਗੱਡੀਆਂ ਹੀ ਨਹੀਂ ਹਨ ਜਿਨ੍ਹਾਂ ਵਾਸਤੇ ਕੇਂਦਰੀ ਸਕੀਮ ਅਧੀਨ ਗੱਡੀਆਂ ਦੀ ਖ਼ਰੀਦ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਮੋਟਰ ਵਹੀਕਲ ਬੋਰਡ ਦੀ ਮੀਟਿੰਗ ਵਿੱਚ ਪੰਜਾਬ ਰੋਡਵੇਜ਼ ਦੀਆਂ ਗੱਡੀਆਂ ਦੀ ਮੌਜੂਦਾ ਫਲੀਟ ਸਟਰੈਂਥ 32 ਤੋਂ ਵਧਾ ਕੇ 43 ਕਰਨ ’ਤੇ ਵੀ ਮੋਹਰ ਲੱਗੀ ਹੈ। ਜੇਲ੍ਹ ਵਿਭਾਗ ਨੂੰ ਦਾਨ ਵਿੱਚ ਮਿਲੀਆਂ ਚਾਰ ਐਂਬੂਲੈਂਸਾਂ ਦਾ ਵੀ ਸੋਧਿਆ ਹੋਇਆ ਏਜੰਡਾ ਪੇਸ਼ ਹੋਇਆ ਸੀ। 

        ਸੂਤਰ ਦੱਸਦੇ ਹਨ ਕਿ ਵੱਖ ਵੱਖ ਸਰਕਾਰੀ ਵਿਭਾਗਾਂ ਵੱਲੋਂ ਜੋ ਗੱਡੀਆਂ ਦੀ ਮੰਗ ਕੀਤੀ ਗਈ ਸੀ, ਉਸ ਚੋਂ ਕਈ ਵਿਭਾਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਪ੍ਰਾਈਵੇਟ ਗੱਡੀਆਂ ਨੂੰ ਕਿਰਾਏ ’ਤੇ ਲੈਣ ਸਬੰਧੀ ਰੇਟਾਂ ਨੂੰ ਵੀ ਰਿਵਾਈਜ਼ ਕਰ ਦਿੱਤਾ ਗਿਆ ਹੈ। ਜੋ ਗੱਡੀਆਂ ਪਹਿਲਾਂ ਹੀ ਖ਼ਰੀਦ ਕੀਤੀਆਂ ਜਾ ਚੁੱਕੀਆਂ ਹਨ, ਉਨ੍ਹਾਂ ਨੂੰ ਕਾਰਜ ਬਾਅਦ ਪ੍ਰਵਾਨਗੀ ਵੀ ਦਿੱਤੀ ਗਈ ਹੈ। ਇਸੇ ਤਰ੍ਹਾਂ ਇਲੈਕਟ੍ਰਿਕ ਗੱਡੀਆਂ ਦੀ ਖ਼ਰੀਦ ਦੀਆਂ ਕੀਮਤਾਂ ਨਿਰਧਾਰਿਤ ਕੀਤੇ ਜਾਣ ਦਾ ਏਜੰਡਾ ਵੀ ਪੇਸ਼ ਹੋਇਆ ਸੀ। 


Friday, March 7, 2025

                                     ਜੈਲੀ ਮਲੰਗ, ਵੈਲੀ ਟਰੰਪ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਅਮਰੀਕਾ ’ਚੋਂ ਹੁਣ ‘ਵੈਲੀਫੋਰਨੀਆ’ ਦਾ ਝਉਲਾ ਪੈਂਦੈ। ਇੰਜ ਜਾਪਦੈ ਜਿਵੇਂ ਟਰੰਪ ’ਚ ਬਠਿੰਡੇ ਵਾਲਾ ਦਿਓ ਪ੍ਰਵੇਸ਼ ਕਰ ਗਿਆ ਹੋਵੇ। ਜਦੋਂ ਤੋਂ ਟਰੰਪ ਤਸ਼ਰੀਫ਼ ਲਿਆਏ ਨੇ, ਸਭ ਆਪੋ ਆਪਣੇ ਡੰਗਰ ਵੱਛੇ ਸਾਂਭਣ ਲੱਗੇ ਨੇ। ਟਰੰਪ ਦਾ ਸੁਭਾਅ ਉਸ ਵੈਲੀ ਵਰਗੈ ਜਿਹੜਾ ਜਣੇ ਖਣੇ ਦੇ ਗਲ ਪੈਂਦਾ ਫਿਰਦੈ। ਅਮਰੀਕੀ ਹੰਕਾਰ ਜਮਾਂਦਰੂ ਹੈ, ਤਾਹੀਓਂ ਕਦੇ ਵੀਅਤਨਾਮ ਤੇ ਕਦੇ ਇਰਾਕ ’ਚ ਟਕੂਏ ’ਤੇ ਟਕੂਏ ਖੜਕਿਆ। ਵਿਸ਼ਵ ਦੇ ‘ਥਾਣੇਦਾਰ’ ਨੂੰ ਵੀਅਤਨਾਮ ’ਚ ਮੂੰਹ ਦੀ ਖਾਣੀ ਪਈ। ਅਮਰੀਕਪੁਰੀ ਨੇ ਜੰਗ ਮੌਕੇ ਆਪਣੇ ਸੈਨਿਕਾਂ ਲਈ ਥਾਈਲੈਂਡ ਨੂੰ ਐਸ਼ਗਾਹ ਬਣਾ ਧਰਿਆ।

        ਸੱਜਣ ਜਣੋ! ਆਓ ਵਾਈਟ ਹਾਊਸ ਚੱਲੀਏ। ਔਹ ਦੇਖੋ, ਪੀੜ੍ਹੀ ’ਤੇ ਬੈਠਾ ਟਰੰਪ ਮੁਹੰਮਦ ਸਦੀਕ ਦੇ ਗਾਣੇ ’ਤੇ ਕਿਵੇਂ ਮਸਤੀ ’ਚ ਝੂਮਦਾ ਪਿਐ, ‘ਅਸੀਂ ਵੈਲੀਆਂ ਨੇ ਵੈਲ ਕਮਾਉਣੇ, ਸਾਡੀ ਕਿਹੜਾ ਮੰਗ ਛੁੱਟ ਜੂ।’ ਬਈ! ਸਦਕੇ ਜਾਈਏ ਇਹੋ ਜੇਹੇ ਵੈਲੀ ਦੇ। ਦੁਨੀਆ ਦੇ ਵਿਹੜੇ ’ਚ ਲਲਕਾਰੇ ਮਾਰਨੋ ਨੀਂ ਹਟ ਰਿਹਾ। ‘ਅਕਲਾਂ ਬਾਝੋਂ, ਅਮਰੀਕਾ ਖ਼ਾਲੀ।’ ਭਲਵਾਨ ਜੀ! ਜੇ ਕੋਈ ਪੰਜ ਤਿੰਨ ਕਰੇ ਤਾਂ ‘ਜੱਟ ਐਂਡ ਜੂਲੀਅਟ’ ਵਾਲੇ ਹੌਲਦਾਰ ਦਿਲਜੀਤ ਦੁਸਾਂਝ ਨੂੰ ਜ਼ਰੂਰ ਦੱਸਣਾ, ਉਹਨੂੰ ‘ਪਟਾਤੰਤਰ’ ਦੀ ਖਾਸ ਮੁਹਾਰਤ ਐ। 

       ਇਬਰਾਹਿਮ ਲਿੰਕਨ ਕੱਦ ਦਾ ਲੰਮਾ ਸੀ, ਟਰੰਪ ਦੀ ਜੀਭ ਲੰਮੀ ਹੈ। ‘ਵਾਸ਼ਿੰਗਟਨ ਪੋਸਟ’ ਵਾਲੇ ਆਖਦੇ ਹਨ ਕਿ ਟਰੰਪ ਝੂਠ ਬਹੁਤ ਬੋਲਦੈ। ਭਲਿਓ, ਇਹ ਤਾਂ ਮਾਣ ਵਾਲੀ ਗੱਲ ਹੈ। ‘ਗਪੌੜਸੰਖ’ ਵਾਲਾ ਨੋਬੇਲ ਪੁਰਸਕਾਰ ਸਿੱਧਾ ਥੋਡੀ ਝੋਲੀ ਪਊ। ਸਿਆਣੇ ਜੋ ਮਰਜ਼ੀ ਆਖੀ ਜਾਣ ਕਿ ‘ਚੰਗੇ ਫਲਾਂ ਦੀ, ਮਾੜੇ ਰੁੱਖਾਂ ਤੋਂ ਆਸ ਨਾ ਕਰੋ।’ ਆਓ ਹੁਣ ਮਲੰਗਾਂ ਦੇ ਵਿਹੜੇ ਚੱਲੀਏ। ਯੂਕਰੇਨ, ਤਿੰਨ ਵਰਿ੍ਹਆਂ ਤੋਂ ਰੂਸ ਆਲਾ ਪੂਤਿਨ ਲਤਾੜੀ ਜਾ ਰਿਹੈ। ਪਹਿਲੋਂ ਕਾਮੇਡੀਅਨ ਸੀ, ਹੁਣ ਯੂਕਰੇਨ ਦਾ ਰਾਸ਼ਟਰਪਤੀ ਐ ਜ਼ੇਲੈਂਸਕੀ, ਤਿੰਨ ਵਰਿ੍ਹਆਂ ਤੋਂ ਨੰਗੇ ਧੜ ਡਟਿਐ। 

       ਜਿਵੇਂ ਸਾਹਿਬਾਂ ਦੇ ਭਰਾਵਾਂ ਨੇ ਮਿਰਜ਼ੇ ਨੂੰ ਜੰਡ ਹੇਠਾਂ ਘੇਰਿਆ ਸੀ, ਉਵੇਂ ਰੂਸ ਨੇ ਜ਼ੇਲੈਂਸਕੀ ਨਾਲ ਕੀਤੀ। ਜ਼ੇਲੈਂਸਕੀ ਦਾ ਮੜੰ੍ਹਗਾ ਪਿੰਡ ਆਲੇ ਜੈਲੀ ਮਲੰਗ ’ਤੇ ਪੈਂਦੈ, ਜੀਹਦੇ ਕੋਲ ਮਲੰਗਪੁਣਾ ਵੀ ਹੈ, ਦੀਵਾਨਗੀ ਵੀ, ਨਾਲੇ ਫ਼ਕੀਰੀ ਵਾਲਾ ਝੋਲਾ ਵੀ। ‘ਮਰਨ ਗ਼ਰੀਬਾਂ ਦੀ, ਡਾਢੇ ਦੀ ਸਰਦਾਰੀ।’ ਜ਼ੇਲੈਂਸਕੀ ਉਰਫ਼ ‘ਜੈਲੀ ਮਲੰਗ’, ਅਣਖ ਦੀ ਸਲੀਬ ਮੋਢੇ ’ਤੇ ਚੁੱਕ ਸਿੱਧਾ ਵਾਈਟ  ਹਾਊਸ ਆਣ ਵੜਿਆ। ਲਓ ਜੀ! ਫਿਰ ਕੀ ਸੀ, ‘ਲੜ ਗਿਆ ਪੇਚਾ, ਸੋਹਣੇ ਸੱਜਣਾਂ ਦੇ ਨਾਲ।’ ਇੱਕ ਪੀੜ੍ਹੀ ’ਤੇ ਵੈਲੀ ਬੈਠਾ ਸੀ, ਦੂਜੀ ’ਤੇ ਮਲੰਗ। 

       ਟਰੰਪ ਫ਼ਰਮਾਏ, ਕਾਕਾ! ਤੂੰ ਸ਼ੁਕਰ ਕਰ ਅਸਾਡਾ। ਕਿਉਂ ਕਰਾਂ, ਅੱਗਿਓਂ ਜੁਆਬ ਮਿਲਿਆ। ਪੱਤੇ ਥੋਡੇ ਹੱਥ ਨਹੀਂ, ਬਾਬਾ ਟਰੰਪ ਬੋਲੇ। ਮਲੰਗ ਜੀ ਤਪ ਗਏ, ‘ਮੈਂ ਯੁੱਧ ਦੀ ਸਥਿਤੀ ’ਚ ਹਾਂ, ਕੋਈ ਪੱਤੇ ਨਹੀਂ ਖੇਡ ਰਿਹਾ।’ ਕਿੰਨਾ ਸਮਾਂ ਨਹਿਲੇ ’ਤੇ ਦਹਿਲਾ ਵੱਜਦਾ ਰਿਹਾ, ਦੁਨੀਆ ਦੇਖਦੀ ਰਹੀ। ਜੈਲੀ ਮਲੰਗ ਨੇ ਵੈਲੀ ਦੀ ਅੱਖ ’ਚ ਅੱਖ ਪਾਈ। ਨਾ ਸੌਰੀ ਕਿਹਾ, ਨਾ ਥੈਂਕ ਯੂ। ਰੂਸ ਆਲੇ ਬੋਲੇ, ‘ਅਸੀਂ ਹੈਰਾਨ ਹਾਂ, ਟਰੰਪ ਨੇ ਮਲੰਗ ਦੇ ਥੱਪੜ ਕਿਉਂ ਨਹੀਂ ਮਾਰਿਆ।’ ਟਰੰਪ ਦੀ ਧੌਂਸ ਤੇ ਮਲੰਗ ਦੀ ਅਣਖ, ਵਾਈਟ ਹਾਊਸ ’ਚ ਗੁੱਥਮਗੁੱਥਾ ਹੋ ਗਈਆਂ। 

       ਜੈਲੀ ਦਾ ਮੜਕ ਸ਼ਾਸਤਰ, ਵੈਲੀ ਦੇ ਅਰਥਸ਼ਾਸਤਰ ਦੇ ਕੰਨ ਰਗੜਦਾ ਰਿਹਾ। ਟਰੰਪ ਨੂੰ ਹੰਕਾਰ ਦੇ ਦੌਰੇ ਵਾਰ ਵਾਰ ਪਏ, ਜੈਲੀ ਵੈਲੀ ਜੁੱਤੀ ਸੁੰਘਾਉਂਦਾ ਰਿਹਾ। ਯੂਰਪ ਦੇ ਚੁਬਾਰੇ ’ਤੇ ਗਾਣਾ ਵੱਜਿਆ, ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ..।’ ਸਾਹਿਰ ਲੁਧਿਆਣਵੀ ਫ਼ਰਮਾ ਰਹੇ ਨੇ, ‘ਏਕ ਸਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ, ਹਮ ਗਰੀਬੋਂ ਦੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ।’ ਐਰੇ ਗੈਰੇ ਦੀ ਇਹ ਮਜਾਲ! ਅਮਰੀਕਾ ਨੇ ਇਹ ਸੋਚ ਯੂਕਰੇਨੀ ਮਦਦ ਲਈ ਦਰਵਾਜ਼ੇ ਬੰਦ ਕਰ ਦਿੱਤੇ। ਭਾਈ ਟਰੰਪ ‘ਟੈਰਿਫ਼ ਕਿੰਗ’ ਹੈ, ਚਾਹੇ ਕੈਨੇਡਾ ਤੇ ਚੀਨ ਨੂੰ ਪੁੱਛ ਕੇ ਦੇਖ ਲਵੋ। 

        ਜੈਲੀ ਕਹਿੰਦਾ, ‘ਮੈਂ ਵੀ ਕੋਈ ਗੁੜ ਦੀ ਰੋੜੀ ਨਹੀਂ।’ ਜੈਲੀ ਦੇ ਮਨ ’ਚ ਗੂੰਜ ਪਈ, ‘ਚੱਲ ਉੱਡ ਜਾ ਰੇ ਪੰਛੀ, ਯੇਹ ਦੇਸ਼ ਹੂਆ ਬੇਗਾਨਾ..।’ ਟਰੰਪ ਦੀ ਸ਼ਬਦਾਂ ਨਾਲ ਛਿਤਰੌਲ ਕਰ ਜੈਲੀ ਬੇਰੰਗ ਚਿੱਠੀ ਵਾਂਗੂ ਮੁੜ ਆਇਆ। ਵੈਲੀ ਨੂੰ ਇੱਕ ਚੜ੍ਹੇ, ਇੱਕ ਉੱਤਰੇ, ਕਿਤੇ ਬਿੰਨੂ ਢਿੱਲੋਂ ਕੋਲ ਹੁੰਦਾ ਤਾਂ ਜ਼ਰੂਰ ਆਖਦਾ, ‘ਬਾਹਲਾ ਕੱਬਾ ਸੁਭਾਅ ਚੁੱਕੀ ਫਿਰਦੈ।’ ਕਈ ਜੈਲੀ ਨੂੰ ਨਿੰਦ ਵੀ ਰਹੇ ਨੇ, ਅਖੇ! ਯੂਕਰੇਨ ਨੂੰ ਬਲਦੀ ਦੇ ਬੂਥੇ ਦੇ ਦਿੱਤਾ। ਉਂਜ, ਅਮਰੀਕਾ ਨੂੰ ਅੱਖਾਂ ਦਿਖਾ ਦੁਨੀਆ ਦੇ ਕਾਲਜੇ ਠੰਢ ਪਾ ਗਿਆ ਜੈਲੀ। 

        ਸਿਆਣੇ ਆਖਦੇ ਨੇ, ‘ਤਲਵਾਰ ਦਾ ਫੱਟ ਭਰ ਜਾਂਦੈ, ਜੀਭ ਦਾ ਨਹੀਂ।’ ਕਿਸੇ ਨੇ ਸਹੇ ਨੂੰ ਪੁੱਛਿਆ ਕਿ ਮਾਸ ਖਾਣੈ, ਅੱਗਿਓਂ ਸਹੇ ਨੇ ਹੱਥ ਜੋੜ ਕਿਹਾ, ਭਰਾਵਾ ! ਆਪਦਾ ਹੀ ਬਚਿਆ ਰਹੇ, ਇਹੋ ਕਾਫ਼ੀ ਐ। ਜੈਲੀ ਮਲੰਗ ਨੇ ਸਾਈਕਲ ਚੁੱਕਿਆ, ਯੂਰਪ ਦੇ ਪਹੇ ’ਤੇ ਪਾ ਲਿਆ ਤੇ ਰੇਡੀਓ ਕਰ ਲਿਆ ਆਨ,..‘ਬੇਕਦਰੇ ਲੋਕਾਂ ’ਚ ਕਦਰ ਗੁਆ ਲਏਂਗਾ..।’ ਯੂਰਪ ਆਲਿਆਂ ਨੇ ਪਹਿਲੋਂ ਤੇਲ ਚੋਇਆ, ਫਿਰ ਜੈਲੀ ਮਲੰਗ ਦੇ ਸਿਰ ’ਤੇ ਹੱਥ ਰੱਖ ਆਖਿਆ, ‘ਹਮੇ ਤੁਮਸੇ ਪਿਆਰ ਕਿਤਨਾ..।’ ਪੋਲੈਂਡ ਵਾਲੇ ਨੇ ਮੱਥਾ ਚੁੰਮ ਇੱਥੋਂ ਤਕ ਆਖ ਦਿੱਤਾ, ‘ਨਾ ਰੋ ਧੀਏ ਸੱਸੀਏ, ਪੰਨੂ ਵਰਗੇ ਬਲੋਚ ਬਥੇਰੇ।’ 

       ਜੈਲੀ ਅੱਖਾਂ ਭਰ ਆਇਆ, ‘ਮੇਰੇ ਲਹਿਜ਼ੇ ਮੇਂ ਜੀ ਹਜ਼ੂਰ ਨਾ ਥਾ, ਔਰ ਮੇਰਾ ਕਸੂਰ ਨਾ ਥਾ।’ ਓਹ ਦਿਨ ਵੀ ਹੁਣ ਕਿਵੇਂ ਭੁੱਲੀਏ, ਜਦੋਂ ਨਾਅਰੇ ਦੀ ਗੂੰਜ ਪਈ ਸੀ, ‘ਅਬਕੀ ਬਾਰ ਟਰੰਪ ਸਰਕਾਰ’। ਟਰੰਪ ਪਹਿਲੀ ਵਾਰ ਰਾਸ਼ਟਰਪਤੀ ਸਜੇ ਤਾਂ ਨਰਿੰਦਰ ਮੋਦੀ ਨਾਲ ਘਿਓ ਖਿਚੜੀ ਹੋਏ ਸਨ। ‘ਸ਼ੋਅਲੇ’ ਫ਼ਿਲਮ ਵਾਲੇ ਬੰਬੂਕਾਟ ’ਚ ਬੈਠ ਗੇੜੀ ਵੀ ਲਾਈ, ‘ਯੇ ਦੋਸਤੀ, ਹਮ ਨਹੀਂ ਛੋੜੇਗੇ।’ ਟਰੰਪ ਨੇ ਆਪਣੀ ਬੀਵੀ ਮਿਲੇਨੀਆ ਨਾਲ ਅਹਿਮਦਾਬਾਦ ’ਚ ਵੀ ਚਰਨ ਕਮਲ ਪਾਏ ਸਨ। ਗ਼ਰੀਬੀ ਲੁਕੋਣ ਲਈ ਜਿਵੇਂ ਮੋਦੀ ਨੇ ਗ਼ਰੀਬ ਬਸਤੀ ਅੱਗੇ ਕੰਧ ਕੱਢੀ ਸੀ, ਉਹੀ ਹਾਲ ਹੁਣ ਮੈਕਸਿਕੋ ਦੀ ਕੰਧ ਦਾ ਹੈ। 

       ਟਰੰਪ ਬੰਦਿਆ! ਹੁਣ ਕਿਉਂ ਅੱਖਾਂ ਫੇਰ ਗਿਆ। ਤੇਰਾ ਕੀ ਘਟਣਾ ਸੀ, ਜੇ ‘ਵਿਸ਼ਵ ਗੁਰੂ’ ਨੂੰ ਸਹੁੰ ਚੁੱਕ ਸਮਾਗਮਾਂ ’ਤੇ ਬੁਲਾ ਲੈਂਦਾ। ਉਦੋਂ ਪੱਗ ਵੱਟ ਭਰਾ ਬਣੇ ਸਨ, ਹੁਣ ਮੂੰਹ ਫੱਟ ਭਰਾ ਲੱਗਦੇ ਨੇ। ਪੰਜਾਬੀ ਫ਼ਿਲਮ ਦਾ ਡਾਇਲਾਗ ਢੁਕਵਾਂ ਜਾਪਦੈ, ‘ਉਨ੍ਹਾਂ ਰੱਜ ਕੇ ਜਲੀਲ ਕੀਤਾ, ਅਸਾਂ ਮਾਸਾ ਨਾ ਫ਼ੀਲ ਕੀਤਾ।’ ਅਮਰੀਕੀ ਜਹਾਜ਼ ਜਦੋਂ ਅੰਮ੍ਰਿਤਸਰ ਲੈਂਡ ਹੋਏ ਤਾਂ ਪੈਰਾਂ ’ਚ ਬੇੜੀਆਂ ਤੇ ਹੱਥਕੜੀਆਂ ’ਚ ਜਕੜੇ ਮੁੰਡੇ, ਜਲਾਲਤ ਦਾ ਸਿਖਰ ਸੀ। ਡਿਪੋਰਟ ਹੋਏ ਗੁਜਰਾਤੀ ਰਾਤੋ ਰਾਤ ‘ਗੁਜਰਾਤ ਮਾਡਲ’ ਦੇ ਕੰਧਾੜੇ ਚੜ੍ਹ ਮਾਪਿਆਂ ਕੋਲ ਜਾ ਪੁੱਜੇ। 

       ਸਭ ਕੁੱਝ ਦੇਖ ਦਿੱਲੀ ਵਿਯੋਗ ’ਚ ਕੂਕਣ ਲੱਗੀ, ‘ਅਸੀਂ ਤੇਰੇ ਨਾਲ ਲਾਈਆਂ ਸੀ ਨਿਭਾਉਣ ਵਾਸਤੇ...।’ ਔਹ ਕਾਕਾ ਰਾਹੁਲ ਗਾਂਧੀ ਐਵੇਂ ਖ਼ੁਸ਼ੀਆਂ ਲੱਭਦਾ ਫਿਰਦੈ। ਪਾਰਕ ’ਚ ਬੈਠਾ ਦਿਲ ਬਹਿਲਾ ਰਿਹਾ ਹੈ, ‘ਜਿਨ੍ਹਾਂ ਪਿੱਛੇ ਤੂੰ ਫਿਰਦੈ, ਸਾਡੀ ਜੁੱਤੀ ਦੀਆਂ ਨੋਕਾਂ ਨੇ।’ ਭੇਤੀ ਦੱਸਦੇ ਨੇ ਕਿ ਜਦੋਂ ਰੱਬ ਅਕਲ ਦੇ ਗੱਫੇ ਵਰਤਾ ਰਿਹਾ ਸੀ ਤਾਂ ਰਾਹੁਲ ਗਾਂਧੀ ਰੁੱਸ ਕੇ ਚੰਦ ਭਾਨ ਦੇ ਟੇਸ਼ਨ ’ਤੇ ਜਾ ਬੈਠਾ ਸੀ। ‘ਸਬ ਕੋ ਸਨਮਤੀ ਦੇ ਭਗਵਾਨ।’ ਆਪਾਂ ਗੱਲ ਅਮਰੀਕਾ ਦੀ ਕਰਦੇ ਪਏ ਸੀ ਕਿ ਕਿਵੇਂ ਹਾਸਰਸ ਕਲਾਕਾਰ ਜੈਲੀ ਦੁਨੀਆ ਨੂੰ ਆਪਣੀ ਹਸਤੀ ਦਿਖਾ ਗਿਆ। ਪੰਜਾਬ ਦੇ ਨੇਤਾਵਾਂ ਦਾ ਜਦੋਂ ਵੀ ਕਿਸੇ ਟਰੰਪ ਵਰਗੇ ਨਾਲ ਵਾਹ ਪਏ, ਬੱਸ ਜੈਲੀ ਮਲੰਗ ਨੂੰ ਧਿਆ ਲਿਆ ਕਰਨ।

       ਕਾਮਰੇਡ ਆਖਦੇ ਨੇ ਕਿ ਹੱਲਾ ਵੱਡਾ ਐ, ਲੜਾਈ ਸਾਮਰਾਜੀ ਤੇ ਪੂੰਜੀਵਾਦੀ ਤਾਕਤਾਂ ਦੀ ਹੈ। ਸਭ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਅਖੀਰ ’ਚ ਇੱਕ ਲਤੀਫ਼ਾ। ਅੱਧੀ ਰਾਤ ਦਾ ਵੇਲਾ ਸੀ, ਟਰੇਨ ’ਚ ਪੰਜ ਸੱਤ ਕਾਮਰੇਡ ਗੰਭੀਰ ਸੰਵਾਦ ’ਚ ਉਲਝੇ ਹੋਏ ਸਨ। ਇੱਕ ਆਖਦਾ ਪਿਆ ਸੀ ਕਿ ਏਹ ਸਾਮਰਾਜਵਾਦ ਹੈ, ਦੂਜਾ ਆਖਣ ਲੱਗਾ, ਪੁਆੜਾ ਪੂੰਜੀਵਾਦ ਹੈ, ਤੀਜਾ ਬੋਲਿਆ ਇਹ ਦੌਰ ਫਾਸ਼ੀਵਾਦ ਦਾ ਹੈ, ਚੌਥਾ ਆਖਣ ਲੱਗਾ ਤਾਂ ਫਿਰ ਸਮਾਜਵਾਦ ਕਿਥੇ ਹੈ। ਉਪਰਲੇ ਬਰਥ ’ਚ ਸੁੱਤਾ ਪਿਆ ਯਾਤਰੀ ਅੱਖਾਂ ਮੱਲਦਾ ਉੱਠਿਆ, ਆਖਣ ਲੱਗਾ, ਸਾਥੀਓ! ਜਦੋਂ ਗਾਜ਼ੀਆਬਾਦ ਆਇਆ ਤਾਂ ਉਦੋਂ ਜ਼ਰੂਰ ਦੱਸਣਾ, ਮੈਂ ਉਤਰਨੈ।

(5 ਮਾਰਚ 2025)

                                                             ਹਰੀ ਝੰਡੀ
                                    ਨਹਿਰਾਂ ’ਚ ਚੱਲਣਗੇ ‘ਕਰੂਜ਼’
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦੀਆਂ ਨਹਿਰਾਂ ’ਚ ਹੁਣ ‘ਕਰੂਜ਼’ ਚੱਲਣਗੇ ਤਾਂ ਜੋ ਸੈਰ ਸਪਾਟੇ ਨੂੰ ਹੁਲਾਰਾ ਦਿੱਤਾ ਜਾ ਸਕੇ। ਕਈ ਨਹਿਰਾਂ ’ਚ ਬੋਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਕਰੀਬ ਦਰਜਨ ਨਹਿਰਾਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ’ਚ ਬੋਟਿੰਗ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਮਹਿਕਮੇ ਨੂੰ ਸੈਰ ਸਪਾਟੇ ਦੇ ਪੁਆਇੰਟ ਵਿਕਸਤ ਕਰਨ ਲਈ ਹਰੀ ਝੰਡੀ ਦਿੱਤੀ ਸੀ। ਨਵੇਂ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਜਿੱਥੇ ਲੋਕਾਂ ਨੂੰ ਆਪਣੇ ਪਿੰਡਾਂ ਸ਼ਹਿਰਾਂ ਦੇ ਨੇੜੇ ਹੀ ਬੋਟਿੰਗ ਦੇ ਮੌਕੇ ਮਿਲ ਸਕਣਗੇ, ਉੱਥੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਇਸ ਤੋਂ ਲਾਹਾ ਮਿਲੇਗਾ। ਜਲ ਸਰੋਤ ਮਹਿਕਮੇ ਵੱਲੋਂ 11 ਨਹਿਰਾਂ ’ਚ ਬੋਟਿੰਗ/ਕਰੂਜ਼ ਚਲਾਏ ਜਾਣ ਦੇ ਟੈਂਡਰ ਕੀਤੇ ਗਏ ਸਨ ਜਿਨ੍ਹਾਂ ’ਚੋਂ ਤਿੰਨ ਥਾਵਾਂ ’ਤੇ ਬੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ। 

       ਦੋਰਾਹਾ ਲਾਗੇ ਕੰਬਾਈਂਡ ਬਰਾਂਚ, ਜਿੱਥੋਂ ਅਬੋਹਰ ਤੇ ਬਠਿੰਡਾ ਬਰਾਂਚ ਨਿਕਲਦੀ ਹੈ, ’ਚ ਕਰੂਜ਼ ਚੱਲੇਗਾ ਜੋ ਕਰੀਬ 30 ਸੀਟਾਂ ਦਾ ਹੋਵੇਗਾ। ਮਹਿਕਮੇ ਤਰਫ਼ੋਂ ਇਸ ਦਾ ਟੈਂਡਰ ਮੁਕੰਮਲ ਕਰ ਲਿਆ ਗਿਆ ਹੈ ਅਤੇ ਪ੍ਰਾਈਵੇਟ ਕੰਪਨੀ ਨੇ ਕਿਸ਼ਤੀਆਂ ਤੇ ਕਰੂਜ਼ ਦਾ ਆਰਡਰ ਦੇ ਦਿੱਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਤਲਵਾੜਾ ਨੇੜੇ ਸ਼ਾਹ ਨਹਿਰ ਬੈਰਾਜ ’ਚ ਬੋਟਿੰਗ ਸ਼ੁਰੂ ਹੋ ਗਈ ਹੈ ਅਤੇ ਇਸੇ ਤਰ੍ਹਾਂ ਸੰਗਰੂਰ ਦੇ ਨਦਾਮਪੁਰ ਲਾਗੇ ਘੱਗਰ ਬਰਾਂਚ ’ਚ ਬੋਟਿੰਗ ਸ਼ੁਰੂ ਹੋ ਚੁੱਕੀ ਹੈ। ਨਿਦਾਮਪੁਰ ਪ੍ਰਾਜੈਕਟ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਦੋ ਮੈਂਬਰਾਂ ਤੋਂ 400 ਰੁਪਏ ਵਸੂਲਦੇ ਹਨ ਅਤੇ ਇੱਕ ਕਿਲੋਮੀਟਰ ਦੀ 10 ਮਿੰਟ ਤੱਕ ਦੀ ਬੋਟਿੰਗ ਕਰਾਉਂਦੇ ਹਨ। ਪ੍ਰੀ-ਵੈਡਿੰਗ ਸ਼ੂਟ ਲਈ ਵੱਖਰੇ ਚਾਰਜਿਜ਼ ਲਏ ਜਾਂਦੇ ਹਨ। ਇਸ ਪ੍ਰਾਜੈਕਟ ਤੋਂ ਸਰਕਾਰ ਨੂੰ ਆਮਦਨ ਹੋਵੇਗੀ।

       ਰੋਪੜ ਹੈੱਡ ਵਰਕਸ ’ਤੇ ਵੀ ਬੋਟਿੰਗ ਸ਼ੁਰੂ ਕਰਨ ਦੇ ਟੈਂਡਰ ਹੋ ਚੁੱਕੇ ਹਨ। ਰੋਪੜ ਹੈੱਡ ਵਰਕਸ ਦੇ ਬੋਟਿੰਗ ਪ੍ਰਾਜੈਕਟ ਤੋਂ ਸਰਕਾਰ ਨੂੰ 10,77,777 ਰੁਪਏ ਸਾਲਾਨਾ ਆਮਦਨ ਹੋਵੇਗੀ ਅਤੇ ਹਰ ਸਾਲ 10 ਫ਼ੀਸਦੀ ਦਾ ਵਾਧਾ ਹੋਵੇਗਾ। ਇਸੇ ਤਰ੍ਹਾਂ ਚਮਕੌਰ ਸਾਹਿਬ ਵਿਖੇ ਸਰਹਿੰਦ ਨਹਿਰ ਵਿੱਚ ਬੋਟਿੰਗ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਹਫ਼ਤੇ ਵਿੱਚ ਚਾਲੂ ਹੋਣ ਦੀ ਸੰਭਾਵਨਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਸ ਪ੍ਰਾਜੈਕਟ ਤੋਂ ਮਾਲੀਆ ਹਾਸਲ ਹੋਵੇਗਾ ਤੇ ਲੋਕਾਂ ਨੂੰ ਮਨੋਰੰਜਨ ਲਈ ਘਰ ਦੇ ਨੇੜੇ ਸੈਰ-ਸਪਾਟੇ ਵਾਲੀ ਥਾਂ ਮਿਲ ਜਾਵੇਗੀ। ਬਹੁਤੇ ਪ੍ਰਾਜੈਕਟਾਂ ਦੇ ਸਮਝੌਤੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਨੇ ਇਸ ’ਚ ਕਾਫ਼ੀ ਦਿਲਚਸਪੀ ਦਿਖਾਈ ਹੈ।

                                   ਰੈਸਟ ਹਾਊਸਾਂ ’ਚ ਖੋਲ੍ਹੇ ਜਾ ਰਹੇ ਨੇ ਕੈਫੇਟੇਰੀਆ

ਨਹਿਰ ਮਹਿਕਮੇ ਵੱਲੋਂ ਪੁਰਾਣੀਆਂ ਥਾਵਾਂ ’ਤੇ ਕੈਫੇਟੇਰੀਆ ਵੀ ਖੋਲ੍ਹੇ ਜਾ ਰਹੇ ਹਨ। ਰੋਪੜ ਹੈੱਡਵਰਕਸ ਅਤੇ ਹੁਸ਼ਿਆਰਪੁਰ ਵਿੱਚ ਕੈਫ਼ੇ ਖੋਲ੍ਹੇ ਜਾ ਰਹੇ ਹਨ ਜਦਕਿ ਹੁਸੈਨੀਵਾਲਾ ਰੈਸਟ ਹਾਊਸ ਨੂੰ ਵੀ (ਹਰ ਸਾਲ 10 ਫ਼ੀਸਦੀ ਦਾ ਵਾਧਾ) ਕਿਰਾਏ ’ਤੇ ਦਿੱਤਾ ਗਿਆ ਹੈ। ਲਹਿਲ ਰੈਸਟ ਹਾਊਸ ਨੂੰ ਫਿਸ਼ ਫਾਰਮਿੰਗ ਲਈ ਸੱਤ ਸਾਲ ਲਈ ਲੀਜ਼ ’ਤੇ ਦਿੱਤਾ ਗਿਆ ਹੈ।

Monday, March 3, 2025

                                                         ਰੁਝਾਨ ਨੂੰ ਮੋੜਾ
                               ਪਾਸਪੋਰਟ ਦੀ ਹਨੇਰੀ ਨੂੰ ਹੁਣ ਠੱਲ੍ਹ 
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ’ਚ ਹੁਣ ਨਵੇਂ ਪਾਸਪੋਰਟ ਬਣਾਉਣ ਦੇ ਰੁਝਾਨ ਨੂੰ ਮੋੜਾ ਪਿਆ ਹੈ। ਲੰਘੇ ਵਰ੍ਹਿਆਂ ਤੋਂ ਜੋ ਪਾਸਪੋਰਟ ਬਣਾਉਣ ਦੀ ਹਨੇਰੀ ਚੱਲੀ ਸੀ, ਉਸ ਨੂੰ ਹੁਣ ਠੱਲ੍ਹ ਪੈਣ ਲੱਗੀ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਨੇ ਜੋ ਜਨਵਰੀ 2025 ਤੱਕ ਦਾ ਵੇਰਵਾ ਜਨਤਕ ਕੀਤਾ ਹੈ, ਉਹ ਪੰਜਾਬ ਲਈ ਖੁਸ਼ਖਬਰ ਵਾਂਗ ਹੈ। ਪੰਜਾਬ ਵਿੱਚ ਸਾਲ 2023 ਵਿੱਚ ਪਾਸਪੋਰਟ ਬਣਾਏ ਜਾਣ ਦੇ ਸਭ ਰਿਕਾਰਡ ਟੁੱਟ ਗਏ ਸਨ ਅਤੇ ਉਸ ਇੱਕੋ ਸਾਲ ’ਚ 11.94 ਲੱਖ ਪਾਸਪੋਰਟ ਬਣੇ ਸਨ। ਨਵੇਂ ਤੱਥਾਂ ਅਨੁਸਾਰ ਸਾਲ 2024 ਵਿੱਚ 10.60 ਲੱਖ ਨਵੇਂ ਪਾਸਪੋਰਟ ਬਣੇ ਹਨ ਜੋ ਕਟੌਤੀ ਹੋਣ ਵੱਲ ਸੰਕੇਤ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਸੀ ਅਤੇ ਉੱਪਰੋਂ ਕੈਨੇਡਾ ਨੇ ਪਹਿਲਾਂ ਹੀ ਵੀਜ਼ੇ ਦੇਣ ਤੋਂ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ ਸੀ। 

       ਅਮਰੀਕਾ ’ਚੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੀ ਹੱਡ-ਬੀਤੀ ਅੱਖਾਂ ਖੋਲ੍ਹਣ ਵਾਲੀ ਹੈ। ਜਨਵਰੀ 2025 ਦੇ ਮਹੀਨੇ ’ਚ ਪੰਜਾਬ ’ਚ 59,907 ਪਾਸਪੋਰਟ ਬਣੇ ਹਨ। ਮਤਲਬ ਕਿ ਰੋਜ਼ਾਨਾ ਔਸਤਨ 1932 ਪਾਸਪੋਰਟ ਬਣੇ ਹਨ। ਸਾਲ 2023 ਵਿੱਚ ਸੂਬੇ ਵਿੱਚ ਰੋਜ਼ਾਨਾ ਔਸਤਨ 3271 ਜਦਕਿ ਸਾਲ 2024 2906 ਪਾਸਪੋਰਟ ਬਣੇ ਸਨ। ਪੰਜਾਬ ਵਿੱਚ ਸਾਲ 2014 ਤੋਂ ਇਹ ਰੁਝਾਨ ਸ਼ੁਰੂ ਹੋਇਆ ਸੀ ਜਦਕਿ ਇੱਕੋ ਸਾਲ ’ਚ 5.48 ਲੱਖ ਪਾਸਪੋਰਟ ਬਣੇ ਸਨ। ਸਾਲ 2016 ਇਹ ਅੰਕੜਾ 9.73 ਲੱਖ ’ਤੇ ਪਹੁੰਚ ਗਿਆ ਸੀ। ਸਿਰਫ਼ ਕਰੋਨਾ ਵਾਲੇ ਦੋ ਵਰ੍ਹਿਆਂ ’ਚ ਪਾਸਪੋਰਟਾਂ ’ਚ ਕਮੀ ਆਈ ਸੀ ਪਰ ਉਸ ਮਗਰੋਂ ਤੇਜ਼ ਰਫ਼ਤਾਰ ਨਾਲ ਪਾਸਪੋਰਟ ਵਧੇ ਸਨ।

       ਕਰੀਬ ਇੱਕ ਦਹਾਕੇ ਮਗਰੋਂ ਹੁਣ ਪਾਸਪੋਰਟਾਂ ਦੇ ਰੁਝਾਨ ਨੂੰ ਮੋੜਾ ਪਿਆ ਹੈ ਜੋ ਸੰਕੇਤ ਕਰਦਾ ਹੈ ਕਿ ਪੰਜਾਬੀਆਂ ਦੇ ਸਿਰ ’ਤੇ ਜੋ ਵਿਦੇਸ਼ ਜਾਣ ਦਾ ‘ਜਨੂੰਨ’ ਸਵਾਰ ਸੀ, ਉਹ ਹੁਣ ਉਤਰਨ ਲੱਗਾ ਹੈ। ਪੰਜਾਬ ’ਚ ਸਾਲ 2014 ਤੋਂ ਹੁਣ ਤੱਕ 92.40 ਲੱਖ ਪਾਸਪੋਰਟ ਬਣ ਚੁੱਕੇ ਹਨ। ਹਰਿਆਣਾ ’ਚ ਵੀ ਪਾਸਪੋਰਟ ਬਣਾਉਣ ਦਾ ਰੁਝਾਨ ਘਟਿਆ ਹੈ ਜਿੱਥੇ ਸਾਲ 2023 ਵਿੱਚ 5.82 ਲੱਖ ਜਦਕਿ ਸਾਲ 2024 ਵਿੱਚ 5.49 ਲੱਖ ਪਾਸਪੋਰਟ ਬਣੇ ਸਨ। ਪਾਸਪੋਰਟ ਬਣਾਉਣ ਦੇ ਮਾਮਲੇ ’ਚ ਕੇਰਲਾ ਦਾ ਪਹਿਲਾ ਸਥਾਨ ਹੈ ਜਿੱਥੇ ਸਾਲ 2023 ’ਚ 15.07 ਲੱਖ ਜਦਕਿ 2024 ਵਿਚ 15.93 ਲੱਖ ਪਾਸਪੋਰਟ ਬਣੇ। ਪੰਜਾਬ ਵਿੱਚ ਹੁਣ ਆਈਲੈਟਸ ਕੇਂਦਰਾਂ ਦਾ ਕਾਰੋਬਾਰ ਵੀ ਚੌਪਟ ਹੋਣ ਲੱਗਾ ਹੈ ਅਤੇ ਇਨ੍ਹਾਂ ਕੇਂਦਰਾਂ ਨੂੰ ਤੇਜ਼ੀ ਨਾਲ ਤਾਲੇ ਲੱਗੇ ਹਨ। 

       ਅਸਲ ਵਿੱਚ ਪੰਜਾਬ ਚੋਂ ਨੌਜਵਾਨ ਪਿਛਲੇ ਵਰ੍ਹਿਆਂ ’ਚ ਕੈਨੇਡਾ ਗਏ ਹਨ, ਉਹ ਉੱਥੇ ਪੀਆਰ ਹੋ ਚੁੱਕੇ ਹਨ ਅਤੇ ਪਿੱਛੇ ਉਨ੍ਹਾਂ ਦੇ ਮਾਪੇ ਵੀ ਕੈਨੇਡਾ ਚਲੇ ਗਏ ਹਨ। ਪੰਜਾਬ ’ਚ ਇਸ ਵੇਲੇ ਕਰੀਬ 55 ਲੱਖ ਘਰ ਹਨ ਜਦਕਿ ਪਾਸਪੋਰਟਾਂ ਦਾ ਅੰਕੜਾ 92.40 ਲੱਖ ਹੈ। ਇੱਕ ਦਹਾਕੇ ’ਚ ਕਰੀਬ 30 ਹਜ਼ਾਰ ਪੰਜਾਬੀ ਵਿਦੇਸ਼ ’ਚ ਨਾਗਰਿਕਤਾ ਮਿਲਣ ਮਗਰੋਂ ਪੰਜਾਬ ਨੂੰ ਪੱਕੇ ਤੌਰ ’ਤੇ ਅਲਵਿਦਾ ਵੀ ਆਖ ਚੁੱਕੇ ਹਨ। ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ‘ਵਤਨ ਵਾਪਸੀ’ ਦਾ ਨਾਅਰਾ ਦਿੱਤਾ ਗਿਆ ਸੀ, ਉਹ ਰੰਗ ਦਿਖਾਉਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਕਾ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਨੌਜਵਾਨਾਂ ਨੂੰ ਸੂਬੇ ਵਿੱਚ ਨੌਕਰੀਆਂ ਦੇ ਮੌਕੇ ਮਿਲਣ ਲੱਗੇ ਹਨ। ਇਸੇ ਦਾ ਅਸਰ ਹੁਣ ਸਾਹਮਣੇ ਆਉਣ ਲੱਗਿਆ ਹੈ।

Friday, February 21, 2025

                                          ਭਾਂਡੇ ਕਲੀ ਕਰਾ ਲੋ...        
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਉਦੋਂ ਜ਼ਮਾਨਾ ਅੰਗਰੇਜ਼ਾਂ ਦਾ ਸੀ ਜਦੋਂ ਕਲਕੱਤਾ ਦੇ ਇੱਕ ਸਫ਼ਾਈ ਸੇਵਕ ਦੀ ਲੱਖਾਂ ਪੌਂਡਾਂ ਦੀ ਲਾਟਰੀ ਨਿਕਲੀ। ਲੱਛਮੀ ਦੀ ਐਸੀ ਕਿਰਪਾ ਹੋਈ, ਝਾੜੂ ਬਰਦਾਰ ਨੇ ਕਾਰ ਕੋਠੀ ਸਭ ਕੁਝ ਬਣਾ ਲਿਆ। ਚਾਂਦੀ ਦਾ ਝਾੜੂ ਤੇ ਬੱਠਲ ਵੀ ਬਣਾਇਆ ਜਿਹਨੂੰ ਉਹ ਹਮੇਸ਼ਾ ਆਪਣੀ ਕਾਰ ’ਚ ਰੱਖਦਾ ਤਾਂ ਜੋ ਆਪਣੀ ਔਕਾਤ ਨਾ ਭੁੱਲ ਬੈਠੇ। ਆਪਣਾ ਅਰਵਿੰਦ ਕੇਜਰੀਵਾਲ ਇਹੋ ਭੁੱਲ ਕਰ ਬੈਠਾ। ਝੁੱਗੀ ਝੌਂਪੜੀ ਨੂੰ ਛੱਡ ਸ਼ੀਸ਼ ਮਹਿਲ ਜਾ ਬੈਠਾ। ਬੱਸ ਫਿਰ ਓਹੀ ਮਹਿਲ ਜੋੜਾਂ ’ਚ ਬੈਠ ਗਿਆ। ਆਲੀਸ਼ਾਨ ਗੱਡੀਆਂ ਦੇ ਕਾਫ਼ਲੇ ’ਚ ਕਿਤੇ ਵੈਗਨ ਆਰ ਵੀ ਚੱਲਦੀ, ਆਹ ਨੌਬਤ ਨਹੀਓਂ ਆਉਣੀ ਸੀ। 

       ‘ਪੈ ਗਏ ਮਾਮਲੇ ਭਾਰੀ, ਨਰਮ ਸਰੀਰਾਂ ਨੂੰ’। ਕੋਈ ਗ਼ੁੱਸਾ ਕਰੇ ਚਾਹੇ ਗਿਲਾ, ਅਸਾਂ ਨੂੰ ਆਹ ਗਾਣਾ ਪਸੰਦ ਹੈ, ‘ਭੋਲੀ ਸੀ ਸੂਰਤ, ਆਂਖੋਂ ਮੇਂ ਮਸਤੀ’। ਕੇਜਰੀਵਾਲ ਦੀ ਪੈਰ ਪੈਰ ’ਤੇ ਲਾਟਰੀ ਨਿਕਲੀ। ਸਾਦਗੀ ਤੇ ਈਮਾਨ ਨਾਲ ਅਣਬਣ ਕੀ ਹੋਈ, ਉੱਪਰੋਂ ਯਮੁਨਾ ਮਈਆ ਨੇ ਸਰਾਪ ਦੇ ਦਿੱਤਾ, ਸਾਰਾ ਖੇਲਾ ਹੀ ਖ਼ਰਾਬ ਹੋ ਗਿਆ। ਇਸ਼ਕ-ਏ-ਦਿੱਲੀ ’ਚ ਫ਼ੱਕਰਾਂ ਵਾਂਗੂੰ ਗਾਉਂਦਾ ਫਿਰਦੈ.. ‘ਜੀਨਾ ਯਹਾਂ, ਮਰਨਾ ਯਹਾ...!’ ਪਹਿਲੋਂ ਕੇਜਰੀਵਾਲ ਐਵਰਗਰੀਨ ਲੱਗਦਾ ਸੀ। ਲੋਕਾਂ ਦੀ ਅਕਲ ’ਤੇ ਐਸਾ ਪਰਦਾ ਪਿਆ, ਕਹਿੰਦੇ ‘ਅਸੀਂ ਨਹੀਂ ਬਣਨਾ ਮੰਡੀ ਦਾ ਮਾਲ’। ਵੈਲ ਤਾਂ ਚਾਹ ਦਾ ਮਾੜੈ, ਇੱਕ ਅਕਲ ਦਾ ਨਸ਼ਾ, ਉੱਪਰੋਂ ਸੱਤਾ ਦਾ ਨਸ਼ਾ। 

      ‘ਏਵੇਂ ਹੋਣੀ ਸੀ, ਕੀ ਦੋਸ਼ ਨਣਦ ਨੂੰ ਦੇਵਾਂ। ਐਵੇਂ ਦਿਲ ਹੌਲਾ ਨਾ ਕਰੋ ਕੇਜਰੀਵਾਲ ਜੀ। ਬੰਦਿਆਂ ’ਤੇ ਹੀ ਭੀੜਾਂ ਪੈਂਦੀਆਂ ਨੇ। ਬੱਸ ਆਹ ਕਾਕਾ ਇਨਕਲਾਬ ਸਿੰਘ ਦਾ ਖ਼ਿਆਲ ਜ਼ਰੂਰ ਰੱਖਿਓ, ਜੇ ਰੋਵੇ ਤਾਂ ਮੂੰਹ ’ਚ ਚੁੰਘਣੀ ਪਾ ਦਿਓ, ਜੇ ਗੱਲ ਨਾ ਬਣੇ ਤਾਂ ਚਾਰ ਰਿਊੜੀਆਂ ਮੂੰਹ ’ਚ ਪਾ ਦਿਓ। ਕਾਕਾ ਜੀ ਦੀ ਨਿਆਣੀ ਉਮਰ ਹੈ, ਥੋੜ੍ਹੀ ਰੈਸਟ ਵੀ ਕਰਨ ਦਿਓ। ਅਰਵਿੰਦ ਜੀ, ਥੋਡੀ ਕੁਰਬਾਨੀ ਨੂੰ ਸੱਤ ਸਲਾਮਾਂ। ਲੋਕਾਂ ਖ਼ਾਤਰ ਆਪਣੀ ਖੰਘ ਤੱਕ ਦੀ ਪ੍ਰਵਾਹ ਨਹੀਂ ਕੀਤੀ। ਆਪਣੇ ਹਾਸੇ ਤਕ ਵਾਰ ਦਿੱਤੇ। ਜਨਾਬ ਨੂੰ ਲੱਗਦਾ ਸੀ ਜੇ ਕਿਤੇ ਹੱਸ ਪਿਆ ਤਾਂ ਇਨਕਲਾਬ ਨਹੀਂ ਆਉਣਾ।  

      ਕਿਵੇਂ ਭੁੱਲੀਏ ਉਹ ਦਿਨ ਜਦੋਂ ‘ਆਪ’ ਦੇ ਘਰ ਕਾਕਾ ਇਨਕਲਾਬ ਸਿੰਘ ਨੇ ਜਨਮ ਲਿਆ ਸੀ। ‘ਤੈਂ ਘਰ ਜੰਮਿਆ ਪੁੱਤ ਵੀ ਨਿਰੰਜਨਾ’। ਉਦੋਂ ਪੰਜਾਬ ਤੋਂ ਚਾਅ ਨਹੀਂ ਚੁੱਕਿਆ ਗਿਆ ਸੀ। ਬਾਬਾ ਪੰਜਾਬ ਸਿਓਂ ਵੀ ਗੱਜਿਆ ਸੀ, ’...ਸਾਰਾ ਪੰਜਾਬ ਤੇਰੇ ਨਾਲ।’ ਅੱਜ ਬਾਬਾ ਵੀ ਉਦਾਸ ਹੈ। ‘ਬਾਪੂ ਤੇਰੇ ਕੁੜਮਾਂ ਨੇ ਮੇਰੇ ਕੰਮ ਦੀ ਕਦਰ ਨਾ ਪਾਈ।’ ਪੁਰਾਣੀ ਫ਼ਿਲਮ ਐ ‘ਸਗੀਨਾ’ ਜਿਸ ਦੇ ਹੀਰੋ ਮਜ਼ਦੂਰ ਨੇਤਾ ਨੂੰ ਪਟਾਉਣ ਲਈ ਫ਼ੈਕਟਰੀ ਦਾ ਸੇਠ ਉਸ ਨੂੰ ਪਹਿਲੋਂ ਵੱਖਰਾ ਦਫ਼ਤਰ ਦਿੰਦੈ, ਸਭ ਸੁਖ ਸਹੂਲਤਾਂ ਦਿੰਦੈ, ਨਾਇਕ ਨੂੰ ਸੂਟ ਬੂਟ ਪਵਾਉਂਦੈ ਜਿਨ੍ਹਾਂ ਦੇ ਚਾਅ ’ਚ ਓਹ ਗਾਉਂਦਾ ਫਿਰਦੈ..‘ਸਾਲਾ ਮੈਂ ਤੋਂ ਸਾਹਬ ਬਨ ਗਿਆ...।’ ਦਿੱਲੀ ’ਚ ਜੋ ਬਣਿਆ, ਸਭ ਭੁੱਲ ਜਾਓ। ਹਿੰਮਤ ਰੱਖੋ, ਤੁਸੀਂ ਕਿਸੇ ਨਪੋਲੀਅਨ ਜਾਂ ਸਿਕੰਦਰ ਤੋਂ ਘੱਟ ਹੋ, ਦਿਨਾਂ ’ਚ ਦੁਨੀਆ ਫ਼ਤਿਹ ਕਰ ਲਵੋਗੇ। 

         ਜਦੋਂ ਪੰਜਾਬ ਫ਼ਤਿਹ ਕੀਤਾ ਸੀ, ਉਦੋਂ ਕੇਜਰੀਵਾਲ ਦੀ ਆਵਾਜ਼ ਆਲ ਇੰਡੀਆ ਰੇਡੀਓ ਵਰਗੀ ਸੀ, ਦਿੱਲੀ ਕਾਹਦੀ ਹਾਰੇ, ਧੀਮੀ ਗਤੀ ਦਾ ਸਮਾਚਾਰ ਹੀ ਬਣ ਬੈਠੇ। ਪ੍ਰਵਾਹ ਨਹੀਓਂ ਕਰਨੀ, ਬੰਦਾ ਔਗੁਣਾਂ ਦਾ ਪੁਤਲੈ। ਤੁਸੀਂ ‘ਝਾੜੂ ਮੋਰਚਾ’ ਐਲਾਨੋ, ਪੰਜਾਬੀ ਜੇਲ੍ਹਾਂ ਭਰ ਦੇਣਗੇ। ਜਿਹੜਾ ਪਾਰਟੀ ਦਫ਼ਤਰ ’ਚ ‘ਚਾਪਲੂਸੀ ਦਾ ਮਹਾਂਕਾਵਿ’ ਪਿਐ, ਉਸ ਨੂੰ ਵੀ ਸੰਤੋਖ ਦੇਵੋ। ਸਿਆਣੇ ਆਖਦੇ ਨੇ ਕਿ ਸਾਦਾ ਬੰਦਾ ਦਲੇਰ ਹੁੰਦੈ, ਚਲਾਕ ਬੰਦਾ ਤਾਂ ਗਿਣਤੀ ਮਿਣਤੀ ’ਚ ਪੈ ਜਾਂਦੈ। ਹੁਣ ਕਰੀਏ ਕੀ, ਪੇਂਡੂ ਘਰਾਂ ’ਚ ਜਿਵੇਂ ਮੱਝ ਕਿਸੇ ਦੇ ਹੱਥ ਪੈ ਜਾਂਦੀ ਹੈ, ਇਵੇਂ ‘ਬਦਲਾਅ’ ਵੀ ਕੇਜਰੀਵਾਲ ਦੇ ਹੱਥ ਪਿਆ ਲੱਗਦੈ। ਜਦੋਂ ਰੁਤਬੇ ਹੀ ਨਹੀਂ ਰਹੇ ਤਾਂ ਹੁਣ ਸਭ ਨੂੰ ਹੱਸ ਕੇ ਬੁਲਾਵੋ, ਗਲ ਨਾਲ ਲਾਓ। ਨਾਲੇ ਗਾਣਾ ਧਿਆਓ, ‘ਕਿਤੇ ਨੀਂ ਤੇਰਾ ਰੁਤਬਾ ਘੱਟਦਾ, ਜੇ ਹੱਸ ਕੇ ਬੁਲਾ ਲਵੇਂ ਕਿਧਰੇ।’ 

        ਕਿਤੇ ਭੁੱਲ ਨਾ ਜਾਇਓ, ਜੇ ਕਾਕਾ ਇਨਕਲਾਬ ਸਿੰਘ ਜ਼ਿੱਦ ਕਰੇ ਤਾਂ ਉਸ ਨੂੰ ਗਿੱਚੀਓਂ ਫੜ ਕੇ ਪੰਜਾਬ ਲਿਆਇਓ। ਪੰਜਾਬੀਆਂ ਨੇ ਤਾਂ ਹਾਲੇ ਕਾਕੇ ਦਾ ਚੰਗੀ ਤਰ੍ਹਾਂ ਮੂੰਹ ਹੀ ਨਹੀਂ ਵੇਖਿਆ। ਦਿੱਲੀ ਚੋਣਾਂ ’ਚ ਤੁਸੀਂ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਤਾਂ ਵੇਖ ਹੀ ਲਏ, ਘਰੋਂ ਪ੍ਰਸ਼ਾਦੇ ਲੋਡ ਕੇ ਦਿੱਲੀ ’ਚ ਦਿਨ ਰਾਤ ਤੁਰੇ ਫਿਰਦੇ ਰਹੇ। ‘ਸੁੱਤੀ ਵਜ਼ੀਰ ਨਾਲ, ਉਠੀ ਫ਼ਕੀਰ ਨਾਲ’। ਬੱਸ ਇਸੇ ਗੱਲੋਂ ਡਰਦੇ ਨੇ ਕਿ ਕਿਤੇ ਫ਼ਕੀਰੀ ਪੱਲੇ ਨਾ ਪੈ ਜਾਵੇ। ਥੋਨੂੰ ਤਾਂ ਲੱਗਦਾ ਹੋਊ ਕਿ ਇਹ ਗੂੰਗੇ ਨੇ, ਦੇਖੋ ਗਾਉਂਦੇ ਕਿੰਨਾ ਸੋਹਣਾ ਨੇ, ‘ਕੀ ਪੁੱਛਦੇ ਹੋ, ਹਾਲ ਫ਼ਕੀਰਾਂ ਦਾ।’ 

       ਕਾਂਗਰਸੀ ਐਵੇਂ ਖ਼ੁਸ਼ ਹੋਈ ਜਾਂਦੇ ਨੇ, ਦਿੱਲੀ ’ਚ ਜ਼ੀਰੋ ਦਾ ਰਿਕਾਰਡ ਕਾਂਗਰਸ ਦੇ ਹਿੱਸੇ ਆਇਐ। ਮਨੁੱਖੀ ਸੁਭਾਅ ਹੈ ਕਿ ਬੰਦਾ ਬਿਗਾਨੀ ਬੱਕਰੀ ਮਾਰਨ ਲਈ ਆਪਣਾ ਕੰਧ ਢਾਹੁਣ ਲਈ ਤਿਆਰ ਹੋ ਜਾਂਦੈ। ਹਰਿਆਣਾ ’ਚ ਭੁਪਿੰਦਰ ਹੁੱਡਾ ਦਾ ਮੇਮਣਾ ਮਾਰਨ ਲਈ ਕੇਜਰੀਵਾਲ ਨੇ ਆਪਣੀ ਕੰਧ ਮਲਬਾ ਕਰ ਲਈ, ਉਵੇਂ ਦਿੱਲੀ ’ਚ ਕੇਜਰੀਵਾਲ ਦੀ ਬੱਕਰੀ ਮਾਰਨ ਲਈ ਰਾਹੁਲ ਗਾਂਧੀ ਨੇ ਆਪਣੀ ਕੰਧ ਢਾਹ ਸੁੱਟੀ। ‘ਤੇਰਾ ਕੱਖ ਨੀ ਬਚਨੀਏ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।’ ਦੇਖਿਓ ਕਿਤੇ ਹੁਣ ਪੰਜਾਬ ਦੀ ਕੰਧ ਨੂੰ ਦਾਅ ’ਤੇ ਨਾ ਲਾ ਦਿਓ।

         ਖ਼ੈਰ ਪੰਜਾਬ ਕੋਲ ਕੰਧਾਂ ਵੀ ਨੇ, ਕੰਨ ਵੀ ਨੇ, ਪਹਿਰੇ ਵੀ ਨੇ, ਚਾਹੇ ਮੁਗ਼ਲਾਂ ਅੰਗਰੇਜ਼ਾਂ ਨੂੰ ਪੁੱਛ ਲਓ। ਜੱਟ ਐਂਡ ਜੂਲੀਅਟ ਫ਼ਿਲਮ ਦਾ ਇੱਕ ਡਾਇਲਾਗ ਚੇਤੇ ਆਇਆ, ‘ਚੰਡੀਗੜ੍ਹ ਢਹਿਜੂ ਪਿੰਡਾਂ ਜੋਗਾ ਤਾਂ ਰਹਿਜੂ..।’ ਪੰਜਾਬ ਦੀ ਤਾਸੀਰ ਵੱਖਰੀ ਤੇ ਆਲਮ ਨਿਰਾਲਾ ਹੈ। ਨਿੱਤ ਦਿਨ ਦੇ ਹੱਲੇ ਤਾਂ ਪੰਜਾਬ ਦੇ ਰੂਮਮੇਟ ਹੀ ਰਹੇ ਨੇ। ਦਿੱਲੀ ਚੋਣਾਂ ’ਚ ਹਾਰ ਨੂੰ ਦੇਖ ਕੇ ਪੰਜਾਬ ਮੋਗੇੰਬੋ ਤੋਂ ਵੱਧ ਖ਼ੁਸ਼ ਹੋਇਆ। ਪੰਜਾਬੀ ਮਾਵਾਂ ਨੇ ਪੁੱਤ ਗੁੱਲੀ ਡੰਡਾ ਖੇਡਣ ਨੂੰ ਨਹੀਂ ਜੰਮੇ। ‘ਖ਼ਬਰਦਾਰ ਰਹਿਣਾ ਜੀ, ਚੌਂਕੀ ਹਾਕਮਾਂ ਦੀ ਆਈ’। ਹੁਣ ‘ਪੰਜਾਬ ਮਾਡਲ’ ਦਾ ਰੌਲਾ ਪਿਐ। ਤੁਸੀਂ ਦੱਸੋ ਹੁਣ ਫਿਰ, ਕਿਵੇਂ ਕਰਨੈ, ‘ਪੰਜਾਬ ਮਾਡਲ’ ਬਣਾਉਣੈ ਜਾਂ ਰੰਗਲਾ ਬਣਾਉਣੈ।

       ਜਿਹੜੇ ਲੋਕ ਉਮੀਦਾਂ ਲੈ ਕੇ ਉੱਡੇ ਸੀ, ਉਹ ਭਰੋਸਿਆਂ ਦੀ ਗੱਠੜੀ ਨਾਲ ਲੈਂਡ ਹੋਏ ਹਨ। ਪੰਜਾਬ ਦੀ ਮਸੀਤ ਹੀ ਵੱਖਰੀ ਹੈ। ਖ਼ੁਸ਼ ਹੋਣ ਤਾਂ ਸਾਰਾ ਬਾਗ਼ ਹਵਾਲੇ ਕਰਦੇ ਨੇ, ਨਾਰਾਜ਼ ਹੋਣ ਤਾਂ ਫਿਰ ਕੀ ਮਜਾਲ ਐ ਕਿਸੇ ਕਾਂ ਦਾ ਆਲ੍ਹਣਾ ਅੰਬ ਦੇ ਬੂਟੇ ’ਤੇ ਪੈ ਜਾਵੇ। ਲੰਡੇ ਲਾਟ ਦੀ ਪ੍ਰਵਾਹ ਨਹੀਓਂ ਕਰਦੇ, ਆਹ ਗਾਣੇ ਵਾਂਗੂੰ, ‘ਅਸਾਂ ਨੀਂ ਕਨੌੜ ਝੱਲਣੀ, ਗੱਲ ਸੋਚ ਕਰੀਂ ਤੂੰ ਜ਼ੈਲਦਾਰਾ’।

        ਦੀਵਾਲੀ ਵੇਲੇ ਕਲੀ-ਕੂਚੀ ਤਾਂ ਪੰਜਾਬੀ ਖ਼ੁਦ ਹੀ ਘਰਾਂ ਨੂੰ ਕਰ ਲੈਂਦੇ ਹਨ, ਜੇ ਘਰ ਨੂੰ ਰੰਗਲਾ ਬਣਾਉਣਾ ਹੋਵੇ ਤਾਂ ਵੀ ਪਿੰਡੋਂ ਹੀ ਪੇਂਟਰ ਬੁਲਾਉਂਦੇ ਨੇ। ਬਾਹਰਲੇ ਪੇਂਟਰ ਰਾਸ ਨਹੀਂ ਆਉਂਦੇ। ਪਿੰਡਾਂ ’ਚ ਹੋਕੇ ਵੱਜਦੇ ਹੁੰਦੇ ਸਨ, ‘ਭਾਂਡੇ ਕਲੀ ਕਰਾ ਲਓ।’ ਮੁਨੀਸ਼ ਸਿਸੋਦੀਆ ਨੂੰ ਪੰਜਾਬ ਦੀਆਂ ਗਲੀਆਂ ’ਚ ਮੇਲਦੇ ਦੇਖ ਕੇ ਇੰਜ ਲੱਗਦੈ ਜਿਵੇਂ ਕਹਿੰਦੇ ਹੋਣ ‘ਰੰਗਲਾ ਪੰਜਾਬ ਬਣਾ ਲਓ।’ ਸ਼ਾਇਦ ਦਿੱਲੀ ਦੇ ‘ਇਨਕਲਾਬੀ’ ਵੀਰਾਂ ਨੂੰ ਆਪਣੀ ਅਕਲ ਮੱਝ ਤੋਂ ਵੱਡੀ ਲੱਗਦੀ ਹੈ। ਪੰਜਾਬੀਆਂ ਨੇ ਬੂਰੀਆਂ ਮੱਝਾਂ ਚੁੰਘੀਆਂ ਨੇ, ਐਨੇ ਲੋਲ੍ਹੇ ਵੀ ਨਾ ਸਮਝੋ। ਸ਼ੇਖ਼ ਸਾਅਦੀ ਦਾ ਕਥਨ ਐ, ‘ਜੇ ਚਿੜੀਆਂ ਏਕਾ ਕਰ ਲੈਣ ਤਾਂ ਸ਼ੇਰ ਦੀ ਖੱਲ ਉਧੇੜ ਦਿੰਦੀਆਂ ਨੇ।’ ਬਾਕੀ ਤੁਸੀਂ ਸਿਆਣੇ ਹੋ। 

(21 ਫਰਵਰੀ 2025) 



Monday, February 17, 2025

                                                           ਨਵੀਂ ਚਰਚਾ
                            ‘ਪਾਰਟੀ ਫ਼ੰਡ’ ਮੰਗਣਾ ਰਿਸ਼ਵਤ ਨਹੀਂ !
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਕੀ ਪੰਜਾਬ ਵਿੱਚ ‘ਪਾਰਟੀ ਫ਼ੰਡ’ ਮੰਗਣਾ ਰਿਸ਼ਵਤ ਨਹੀਂ ਹੈ? ਵਿਜੀਲੈਂਸ ਬਿਊਰੋ ਵੱਲੋਂ ਪਾਵਰਕੌਮ ਦੇ ਵੰਡ ਹਲਕੇ ਦੇ ਫੜੇ ਗਏ ਡਿਪਟੀ ਚੀਫ਼ ਇੰਜਨੀਅਰ ਹਰਮਿੰਦਰ ਸਿੰਘ ਦੇ ਮਾਮਲੇ ਨੇ ਸੂਬੇ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਵਿਜੀਲੈਂਸ ਇਸ ਕੇਸ ਦੀਆਂ ਤੰਦਾਂ ਨੂੰ ਘੋਖਣ ਲੱਗੀ ਹੈ ਪਰ ਫੜੇ ਗਏ ਡਿਪਟੀ ਚੀਫ਼ ਇੰਜਨੀਅਰ ਦੀ ਕਾਨੂੰਨੀ ਟੀਮ ਨੇ ਨਵਾਂ ਤਰਕ ਪੇਸ਼ ਕੀਤਾ ਹੈ ਕਿ ‘ਪਾਰਟੀ ਫ਼ੰਡ’ ਰਿਸ਼ਵਤ ਦੇ ਘੇਰੇ ’ਚ ਨਹੀਂ ਆਉਂਦੇ ਹਨ ਜਦੋਂਕਿ ਵਿਜੀਲੈਂਸ ਅਧਿਕਾਰੀ ਆਖਦੇ ਹਨ ਕਿ ਕਾਨੂੰਨ ਮੁਤਾਬਿਕ ਅਜਿਹੇ ਤਰੀਕੇ ਨਾਲ ਪੈਸੇ ਮੰਗਣਾ ਜੁਰਮ ਹੈ। ਆਉਂਦੇ ਦਿਨਾਂ ’ਚ ਇੰਜਨੀਅਰ ਹਰਮਿੰਦਰ ਸਿੰਘ ਦੀ ਕਾਨੂੰਨੀ ਟੀਮ ਵੱਲੋਂ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਜਾਣੀ ਹੈ। ਅਹਿਮ ਸੂਤਰਾਂ ਅਨੁਸਾਰ ਇਸ ਮਾਮਲੇ ’ਚ ਇੱਕ ਸਿਆਸੀ ਨੇਤਾ ਵੀ ਖ਼ੌਫ਼ ਵਿੱਚ ਹੈ ਜਿਸ ਵੱਲ ਸੂਈ ਘੁੰਮਦੀ ਨਜ਼ਰ ਆ ਰਹੀ ਹੈ। 

         ਇਸੇ ਦੌਰਾਨ ਪਾਵਰਕੌਮ ਨੇ 2 ਫਰਵਰੀ ਨੂੰ ਇੰਜ. ਹਰਮਿੰਦਰ ਸਿੰਘ ਅਤੇ ਲਾਈਨਮੈਨ ਕੇਵਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਉਸ ਦਿਨ ਹੀ ਪਾਵਰਕੌਮ ਨੇ ਜਲੰਧਰ ਸਰਕਲ ਦੇ ਨਿਗਰਾਨ ਇੰਜੀਨੀਅਰ ਸੁਰਿੰਦਰ ਪਾਲ ਸੌਂਧੀ ਦੀ ਬਦਲੀ ਰੋਪੜ ਦੇ ਤਾਪ ਬਿਜਲੀ ਘਰ ਦੀ ਕਰ ਦਿੱਤੀ ਹੈ। ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ‘ਪਾਰਟੀ ਫ਼ੰਡ’ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰੋਫੈਸ਼ਨਲ ਅਦਾਰੇ ਵਿੱਚ ਇਸ ਤਰ੍ਹਾਂ ਅਨੈਤਿਕ ਪ੍ਰੈਕਟਿਸ ਨਹੀਂ ਸਵੀਕਾਰੀ ਜਾ ਸਕਦੀ ਹੈ। ਚੇਤੇ ਰਹੇ ਕਿ ਵਿਜੀਲੈਂਸ ਬਿਊਰੋ ਨੇ ਪਹਿਲੀ ਫਰਵਰੀ ਨੂੰ ਡਿਪਟੀ ਚੀਫ਼ ਇੰਜਨੀਅਰ ਹਰਮਿੰਦਰ ਸਿੰਘ ਅਤੇ ਲਾਈਨਮੈਨ ਕੇਵਲ ਸ਼ਰਮਾ ’ਤੇ ਰਿਸ਼ਵਤ ਲੈਣ ਦਾ ਕੇਸ, ਨੰਬਰ ਛੇ ਜਲੰਧਰ ਰੇਂਜ ਵਿੱਚ ਦਰਜ ਕੀਤਾ ਸੀ।

        ਮੁਕੇਰੀਆਂ ਦੇ ਸੀਨੀਅਰ ਕਾਰਜਕਾਰੀ ਇੰਜਨੀਅਰ ਲਖਵੀਰ ਸਿੰਘ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਹੋਇਆ ਹੈ। ਐੱਫ਼ਆਈਆਰ ਅਨੁਸਾਰ ਲਖਵੀਰ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਡਿਪਟੀ ਚੀਫ਼ ਇੰਜਨੀਅਰ ਹਰਮਿੰਦਰ ਸਿੰਘ ਨੇ 29 ਜਨਵਰੀ ਨੂੰ ਦਫ਼ਤਰ ਬੁਲਾ ਕੇ ‘ਪਾਰਟੀ ਫ਼ੰਡ’ ਦੇ ਨਾਮ ’ਤੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਇਹ ਰਾਸ਼ੀ ਲਾਈਨਮੈਨ ਕੇਵਲ ਨੂੰ ਫੜਾਉਣ ਲਈ ਆਖਿਆ। 31 ਜਨਵਰੀ ਤੇ 1 ਫਰਵਰੀ ਨੂੰ ਸ਼ਿਕਾਇਤਕਰਤਾ ਨੇ ਹਰਮਿੰਦਰ ਸਿੰਘ ਤੇ ਕੇਵਲ ਨਾਲ ਫ਼ੋਨ ’ਤੇ ਗੱਲ ਵੀ ਕੀਤੀ। ਲਖਵੀਰ ਸਿੰਘ ਨੇ ਕਿਹਾ ਕਿ ਉਸ ਨੇ ਸਾਰੀ ਗੱਲਬਾਤ ਫ਼ੋਨ ’ਤੇ ਰਿਕਾਰਡ ਕਰ ਲਈ ਹੈ ਅਤੇ ਉਹ ਪਾਰਟੀ ਫ਼ੰਡ ਦੇ ਨਾਮ ਹੇਠ ਕੋਈ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਐੱਫਆਈਆਰ ’ਚ ‘ਪਾਰਟੀ ਫ਼ੰਡ’ ਦਾ ਹਵਾਲਾ ਆਉਣ ਕਰਕੇ ਸਿਆਸੀ ਹਲਕਿਆਂ ਵਿੱਚ ਵੀ ਰੌਲਾ ਪੈ ਗਿਆ ਹੈ। 

         ਅਹਿਮ ਸੂਤਰਾਂ ਨੇ ਦੱਸਿਆ ਕਿ ਮਾਝੇ ਹਲਕੇ ਦੇ ਇੱਕ ਤਾਕਤਵਰ ਅਫ਼ਸਰ ਦੇ ਰਿਕਾਰਡ ਨੂੰ ਖੰਘਾਲਿਆ ਜਾ ਰਿਹਾ ਹੈ ਜੋ ਹਮੇਸ਼ਾ ਅਹਿਮ ਪੋਸਟਾਂ ’ਤੇ ਰਿਹਾ ਹੈ। ਉਸ ਦੀ ਤਾਇਨਾਤੀ ਲਈ ਕਿਸ-ਕਿਸ ਮੰਤਰੀ ਵੱਲੋਂ ਸਿਫ਼ਾਰਸ਼ ਕੀਤੀ ਗਈ, ਉਸ ਦੇ ਆਧਾਰ ’ਤੇ ਗੱਲ ਅਗਾਂਹ ਵਧ ਸਕਦੀ ਹੈ। ਡਿਪਟੀ ਚੀਫ਼ ਇੰਜਨੀਅਰ ਹਰਮਿੰਦਰ ਸਿੰਘ ਦੇ ਵਕੀਲ ਐੱਚਐੱਸ ਸੈਣੀ ਦਾ ਕਹਿਣਾ ਸੀ ਕਿ ਵਿਜੀਲੈਂਸ ਵੱਲੋਂ ਦਰਜ ਐੱਫਆਈਆਰ ਵਿੱਚ ਸਿਰਫ਼ ‘ਪਾਰਟੀ ਫ਼ੰਡ’ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਕਾਨੂੰਨ ਮੁਤਾਬਿਕ ‘ਪਾਰਟੀ ਫ਼ੰਡ’ ਕਿਸੇ ਵੀ ਤਰ੍ਹਾਂ ਰਿਸ਼ਵਤ ਦੇ ਘੇਰੇ ਵਿਚ ਨਹੀਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਕਈ ਕੇਸਾਂ ਦੇ ਹਵਾਲਿਆਂ ਅਨੁਸਾਰ ਜਦੋਂ ਤੱਕ ਬਦਲੇ ਵਿਚ ਕੋਈ ਫ਼ਾਇਦਾ ਨਹੀਂ ਦਿੱਤਾ ਜਾਂਦਾ, ਉਹ ਰਾਸ਼ੀ ਰਿਸ਼ਵਤ ਦੇ ਦਾਇਰੇ ਵਿੱਚ ਨਹੀਂ ਆਉਂਦੀ ਹੈ।

Thursday, February 13, 2025

                                                       ‘ਸਰਫ਼ਾ’ ਫਾਰਮੂਲਾ 
                              ਕੱਚੇ ‘ਪਾਇਲਟ’ ਮਹਿੰਗੇ, ਪੱਕੇ ਸਸਤੇ !
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਕਿਫ਼ਾਇਤੀ ਫਾਰਮੂਲਾ ਤਿਆਰ ਕਰਨ ਦਾ ਢੰਗ ਕੋਈ ਆਬਕਾਰੀ ਅਤੇ ਕਰ ਵਿਭਾਗ ਤੋਂ ਸਿੱਖੇ। ਪੰਜਾਬ ਕੈਬਨਿਟ ਨੇ ਪਹਿਲੀ ਮਾਰਚ 2021 ਦੀ ਮੀਟਿੰਗ ’ਚ ਫ਼ੈਸਲਾ ਕੀਤਾ ਸੀ ਕਿ ਆਬਕਾਰੀ ਤੇ ਕਰ ਮਹਿਕਮੇ ’ਚ ਖ਼ਰਚੇ ਘਟਾਉਣ ਲਈ ਡਰਾਈਵਰਾਂ ਦੀ ਭਰਤੀ ‘ਆਊਟਸੋਰਸਿੰਗ’ ਜ਼ਰੀਏ ਕੀਤੀ ਜਾਵੇ। ਇਸ ਬਾਰੇ ਬਕਾਇਦਾ 22 ਅਪਰੈਲ 2021 ਨੂੰ ਨੋਟੀਫ਼ਿਕੇਸ਼ਨ ਵੀ ਹੋਇਆ, ਜਿਸ ਦੇ ਆਧਾਰ ’ਤੇ ਮਹਿਕਮੇ ਨੇ 52 ਡਰਾਈਵਰ ਆਊਟਸੋਰਸਿੰਗ ਰਾਹੀਂ ਭਰਤੀ ਵੀ ਕਰ ਲਏ। ਜਦੋਂ ਹੁਣ ਮਾਮਲੇ ਦੀ ਘੋਖ ਹੋਈ ਹੈ ਤਾਂ ਆਊਟਸੋਰਸਿੰਗ ਜ਼ਰੀਏ ਭਰਤੀ ਕੀਤੇ 52 ਡਰਾਈਵਰਾਂ ’ਤੇ ਸਰਕਾਰੀ ਖ਼ਜ਼ਾਨੇ ’ਚੋਂ 1.39 ਕਰੋੜ ਸਾਲਾਨਾ ਖ਼ਰਚ ਕੀਤੇ ਜਾ ਰਹੇ ਹਨ, ਜਦੋਂ ਕਿ 53 ਰੈਗੂਲਰ ਡਰਾਈਵਰ ਭਰਤੀ ਕੀਤੇ ਜਾਣ ਦੀ ਸੂਰਤ ’ਚ ਸਾਲਾਨਾ ਖਰਚਾ 1.38 ਕਰੋੜ ਆਉਣਾ ਹੈ। ਭਾਵ ਅੱਜ ਦੀ ਘੜੀ ’ਚ ਪੰਜਾਬ ਸਰਕਾਰ ਨੂੰ ਆਊਟਸੋਰਸਿੰਗ ਨਾਲੋਂ ਰੈਗੂਲਰ ਡਰਾਈਵਰ ਸਸਤੇ ਪੈਂਦੇ ਹਨ। ਹਾਲਾਂਕਿ ਰੈਗੂਲਰ ਭਰਤੀ ਨੂੰ ਖ਼ਰਚੇ ਦਾ ਘਰ ਦੱਸਦਿਆਂ ਮਹਿਕਮੇ ਨੇ ਆਊਟਸੋਰਸਿੰਗ ਰਾਹੀਂ ਭਰਤੀ ਕੀਤੀ ਸੀ ਤਾਂ ਜੋ ਬੱਚਤ ਕੀਤੀ ਜਾ ਸਕੇ।

          ਮਾਹਿਰਾਂ ਦਾ ਤਰਕ ਹੈ ਕਿ ਰੈਗੂਲਰ ਭਰਤੀ ਕੀਤੇ ਉਮੀਦਵਾਰਾਂ ਨੂੰ ਪਹਿਲੇ ਤਿੰਨ ਸਾਲ ਬੇਸਿਕ ਤਨਖ਼ਾਹ ਹੀ ਮਿਲਦੀ ਹੈ, ਜਿਸ ਕਰ ਕੇ ਉਨ੍ਹਾਂ ਦਾ ਸਾਲਾਨਾ ਖਰਚਾ ਤਿੰਨ ਸਾਲ ਘੱਟ ਪੈਂਦਾ ਹੈ ਜਦੋਂਕਿ ਆਊਟਸੋਰਸਿੰਗ ਭਰਤੀ ਕੀਤੇ ਡਰਾਈਵਰ ਦਾ ਡੀਸੀ ਰੇਟ ਵਧਦਾ ਰਹਿੰਦਾ ਹੈ। ਤਸਵੀਰ ਦਾ ਦੂਸਰਾ ਪਾਸਾ ਦੇਖੀਏ ਤਾਂ ਅਧੀਨ ਸੇਵਾਵਾਂ ਚੋਣ ਬੋਰਡ ਤਰਫ਼ੋਂ ਆਬਕਾਰੀ ਤੇ ਕਰ ਵਿਭਾਗ ਲਈ ਰੈਗੂਲਰ ਡਰਾਈਵਰ ਭਰਤੀ ਕੀਤੇ ਜਾਣ ਦੀ ਪ੍ਰਕਿਰਿਆ ਮੁਕੰਮਲ ਕੀਤੀ ਹੋਈ ਹੈ। ਆਬਕਾਰੀ ਤੇ ਕਰ ਵਿਭਾਗ ਨੇ ਸਾਲ 2016 ਵਿਚ 53 ਡਰਾਈਵਰ ਰੈਗੂਲਰ ਭਰਤੀ ਕਰਨ ਵਾਸਤੇ ਇਸ਼ਤਿਹਾਰ ਜਾਰੀ ਕੀਤਾ ਅਤੇ ਸਤੰਬਰ 2018 ਵਿੱਚ ਲਿਖਤੀ ਪ੍ਰੀਖਿਆ ਲੈਣ ਮਗਰੋਂ ਮਾਰਚ 2020 ਨੂੰ ਉਮੀਦਵਾਰਾਂ ਦੀ ਕੌਂਸਲਿੰਗ ਮੁਕੰਮਲ ਕੀਤੀ ਗਈ। ਇਸ ਉਪਰੰਤ 14 ਜਨਵਰੀ 2021 ਤੱਕ ਸਕਿੱਲ ਟੈਸਟ ਵੀ ਮੁਕੰਮਲ ਕਰ ਲਿਆ ਗਿਆ। ਇਸ ਭਰਤੀ ਦੌਰਾਨ ਹੀ ਆਬਕਾਰੀ ਅਤੇ ਕਰ ਵਿਭਾਗ ਨੇ ਆਊਟਸੋਰਸਿੰਗ ਜ਼ਰੀਏ ਡਰਾਈਵਰ ਭਰਤੀ ਕਰਨ ਦਾ ਫ਼ੈਸਲਾ ਕਰ ਲਿਆ। ਅਧੀਨ ਸੇਵਾਵਾਂ ਚੋਣ ਬੋਰਡ ਨੇ ਜਨਵਰੀ 2021 ਵਿਚ ਰੈਗੂਲਰ ਡਰਾਈਵਰਾਂ ਦੀ ਭਰਤੀ ਮੁਕੰਮਲ ਕਰ ਲਈ ਸੀ।

            ਮਹਿਕਮੇ ਨੇ ਇਸ ਦੀ ਬਜਾਏ ਆਊਟਸੋਰਸਿੰਗ ਰਾਹੀਂ ਡਰਾਈਵਰਾਂ ਦੀ ਭਰਤੀ ਕਰ ਲਈ। ਰੈਗੂਲਰ ਡਰਾਈਵਰਾਂ ਨੂੰ ਭਰਤੀ ਮੁਕੰਮਲ ਹੋਣ ਤੋਂ ਚਾਰ ਸਾਲ ਮਗਰੋਂ ਵੀ ਨਿਯੁਕਤੀ ਪੱਤਰ ਨਹੀਂ ਮਿਲੇ। ਜਾਣਕਾਰੀ ਅਨੁਸਾਰ ਭਰਤੀ ਕੀਤੇ ਉਮੀਦਵਾਰਾਂ ’ਚੋਂ ਸੰਦੀਪ ਸਿੰਘ ਨੇ ਰਿੱਟ ਪਟੀਸ਼ਨ ਦਾਇਰ ਕਰ ਦਿੱਤੀ। ਅਦਾਲਤ ਨੇ ਪਟੀਸ਼ਨਰਾਂ ਬਾਰੇ ਮਹੀਨੇ ਦੇ ਅੰਦਰ ਫ਼ੈਸਲਾ ਲੈਣ ਲਈ ਆਖਿਆ। ਆਬਕਾਰੀ ਤੇ ਕਰ ਵਿਭਾਗ ਵਿੱਚ ਕਰੀਬ 91 ਅਸਾਮੀਆਂ ਖ਼ਾਲੀ ਹਨ। ਇਸੇ ਤਰ੍ਹਾਂ ਦਾ ਹਾਲ ਸਿਹਤ ਮਹਿਕਮੇ ’ਚ ਭਰਤੀ ਕੀਤੇ ਗਏ ਰੈਗੂਲਰ ਡਰਾਈਵਰਾਂ ਦਾ ਹੈ, ਜਿਨ੍ਹਾਂ ਦੀ ਤਾਂ 12 ਸਾਲ ਬਾਅਦ ਵੀ ਨਹੀਂ ਸੁਣੀ ਗਈ। ਅਧੀਨ ਸੇਵਾਵਾਂ ਚੋਣ ਬੋਰਡ ਨੇ ਸਿਹਤ ਵਿਭਾਗ ’ਚ 200 ਡਰਾਈਵਰਾਂ ਦੀ ਭਰਤੀ ਲਈ 2011 ਵਿਚ ਇਸ਼ਤਿਹਾਰ ਦਿੱਤਾ ਸੀ ਅਤੇ 2013 ਵਿਚ ਕੌਂਸਲਿਗ ਵੀ ਮੁਕੰਮਲ ਹੋ ਗਈ ਸੀ। ਇਸ ਭਰਤੀ ’ਚ ਸਫ਼ਲ ਹੋਏ ਉਮੀਦਵਾਰ ਹਰਦੇਵ ਸਿੰਘ ਦਾਤੇਵਾਸ ਦਾ ਕਹਿਣਾ ਹੈ ਕਿ ਕਰੀਬ 200 ਸਫ਼ਲ ਉਮੀਦਵਾਰ 12 ਸਾਲ ਤੋਂ ਨਿਯੁਕਤੀ ਪੱਤਰ ਉਡੀਕ ਰਹੇ ਹਨ। ਬਹੁਤੇ ਉਮੀਦਵਾਰ ਤਾਂ 50 ਸਾਲ ਦੀ ਉਮਰ ਵੀ ਟੱਪ ਚੁੱਕੇ ਹਨ ਤੇ ਇਨ੍ਹਾਂ ਨੇ ਵੀ ਸਰਕਾਰ ਤੱਕ ਵਾਰ-ਵਾਰ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ।

Tuesday, February 11, 2025

                                                         ਸਿਆਸੀ ਕਿਆਸ
                           ਮੀਟਿੰਗ ਦਿੱਲੀ ਵਿੱਚ, ਸੰਨਾਟਾ ਪੰਜਾਬ ’ਚ
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਲਕੇ ਦਿੱਲੀ ਦੇ ਕਪੂਰਥਲਾ ਹਾਊਸ ’ਚ ਪੰਜਾਬ ਦੇ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਮੀਟਿੰਗ ਕਰਨਗੇ ਪ੍ਰੰਤੂ ਇਸ ਤੋਂ ਪਹਿਲਾਂ ਹੀ ਪੰਜਾਬ ’ਚ ਸੰਨਾਟਾ ਛਾਇਆ ਹੋਇਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਮਗਰੋਂ ਕੇਜਰੀਵਾਲ ਵੱਲੋਂ ਸੱਦੀ ਗਈ ਮੀਟਿੰਗ ਦੇ ਪੰਜਾਬ ’ਚ ਵੱਖ ਵੱਖ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ। ਕਈ ਕੈਬਨਿਟ ਵਜ਼ੀਰ ਅਤੇ ਵਿਧਾਇਕ ਅੱਜ ਹੀ ਦਿੱਲੀ ਪੁੱਜ ਗਏ ਹਨ। ਉਧਰ ਵਿਰੋਧੀ ਧਿਰਾਂ ਨੇ ਇਸ ਮੀਟਿੰਗ ਨੂੰ ਲੈ ਕੇ ਸਿਆਸੀ ਅਖਾੜਾ ਭਖਾ ਦਿੱਤਾ ਹੈ ਅਤੇ ਉਨ੍ਹਾਂ ਦੇ ਨਿਸ਼ਾਨੇ ’ਤੇ ਕੇਜਰੀਵਾਲ ਹਨ। ਇਸ ਗੱਲ ’ਤੇ ਹੈਰਾਨੀ ਜਤਾਈ ਜਾ ਰਹੀ ਹੈ ਕਿ ਦਿੱਲੀ ਚੋਣਾਂ ’ਚ ਹੋਈ ਹਾਰ ਨੂੰ ਲੈ ਕੇ ‘ਆਪ’ ਦੀ ਪੰਜਾਬ ਇਕਾਈ ਦਾ ਹਰ ਛੋਟਾ-ਵੱਡਾ ਨੇਤਾ ਚੁੱਪ ਹੈ। ਦਿੱਲੀ ’ਚ ਭਲਕੇ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਪੰਜਾਬ ਵਿਚ ਜਿੰਨੇ ਮੂੰਹ, ਓਨੀਆਂ ਗੱਲਾਂ ਹਨ।ਬੇਸ਼ੱਕ ਸਿਆਸੀ ਧਿਰਾਂ ਬੋਲ ਰਹੀਆਂ ਹਨ ਪ੍ਰੰਤੂ ਆਮ ਪੰਜਾਬੀ ਸਮੁੱਚੇ ਵਰਤਾਰੇ ਨੂੰ ਨੀਝ ਲਾ ਕੇ ਦੇਖ ਰਿਹਾ ਹੈ ਕਿ ‘ਆਪ’ ਭਲਕੇ ਕੀ ਪੈਂਤੜਾ ਲਵੇਗੀ ਅਤੇ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਕੀ ਨਜ਼ਰੀਆ ਰੱਖਦੇ ਹਨ। ਆਉਂਦੇ ਦਿਨਾਂ ’ਚ ‘ਆਪ’ ਨੂੰ ਫੂਕ ਫੂਕ ਕੇ ਕਦਮ ਰੱਖਣੇ ਪੈਣਗੇ। 

         ਵੱਡੀ ਚਰਚਾ ਇਹ ਵੀ ਹੈ ਕਿ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਸੱਦਣ ਵਿਚ ਏਨੀ ਕਾਹਲ ਕਿਉਂ ਦਿਖਾਈ ਹੈ ਅਤੇ ਉਪਰੋਂ ਕੈਬਨਿਟ ਮੀਟਿੰਗ ਪਿੱਛੇ ਪਾਉਣ ਨੇ ਵੀ ਨਵੇਂ ਸ਼ੰਕਿਆਂ ਨੂੰ ਜਨਮ ਦੇ ਦਿੱਤਾ ਹੈ। ਸਿਆਸੀ ਮਾਹਿਰਾਂ ਮੁਤਾਬਕ ਕੇਜਰੀਵਾਲ ਦਿੱਲੀ ਹਾਰਨ ਤੋਂ ਬਾਅਦ ਪੰਜਾਬ ਦੇ ਵਿਧਾਇਕਾਂ ਨੂੰ ਉਥੇ ਸੱਦ ਕੇ ਪਾਰਟੀ ’ਤੇ ਆਪਣੀ ਪਕੜ ਪੂਰੀ ਤਰ੍ਹਾਂ ਮਜ਼ਬੂਤ ਹੋਣ ਦਾ ਮਨੋਵਿਗਿਆਨਕ ਤੌਰ ’ਤੇ ਇੱਕ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਉਹ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਪਏ ਹਨ। ਦਿੱਲੀ ਮੀਟਿੰਗ ਦੀ ਅੰਦਰੂਨੀ ਰਣਨੀਤੀ ਕੋਈ ਵੀ ਹੋਵੇ ਪ੍ਰੰਤੂ ‘ਆਪ’ ਹਾਈਕਮਾਨ ਭਾਜਪਾ ਦੀ ਭਵਿੱਖ ਦੀ ਚਾਲ ਦੇ ਡਰੋਂ ਆਪਣੇ ਵਿਧਾਇਕਾਂ ਨੂੰ ਖ਼ਬਰਦਾਰ ਵੀ ਕਰਨਾ ਚਾਹੁੰਦੀ ਹੋਵੇਗੀ। ਦੂਜੇ ਪਾਸੇ ਪੰਜਾਬ ਵਿਚਲੇ ਸੰਨਾਟੇ ਦਰਮਿਆਨ ਸੂਬੇ ਦੀ ਹਰ ਅੱਖ ਅਤੇ ਕੰਨ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਚੋਣਾਂ ’ਚ ਪਾਰਟੀ ਨੂੰ ਮਿਲੀ ਹਾਰ ’ਤੇ ਪ੍ਰਤੀਕਿਰਿਆ ਉਡੀਕ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੇ 30 ਵਿਧਾਇਕ ਸੰਪਰਕ ਵਿਚ ਹੋਣ ਦੀ ਗੱਲ ਆਖ ਕੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ। 

        ਉਨ੍ਹਾਂ ਕਿਹਾ ਕਿ ‘ਆਪ’ ਹੁਣ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਜ਼ਮੀਨ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ ਅਤੇ ਪੰਜਾਬ ਦੀਵਾਲੀਆ ਹੋਣ ਦੀ ਕਰਾਰ ’ਤੇ ਹੈ। ਇਸੇ ਦੌਰਾਨ ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸਾਰੀਆਂ ਚਰਚਾਵਾਂ ਨੂੰ ਵਿਰਾਮ ਦਿੰਦਿਆਂ ਕਿਹਾ ਕਿ ਦਿੱਲੀ ’ਚ ਭਲਕੇ ਪਾਰਟੀ ਦੀ ਜਥੇਬੰਦਕ ਮੀਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਾਰਟੀ ਦੇ ਕੌਮੀ ਕਨਵੀਨਰ ਹਨ ਅਤੇ ਅਜਿਹੀਆਂ ਮੀਟਿੰਗਾਂ ਕਿਸੇ ਵੀ ਪਾਰਟੀ ਦੀ ਨਿਯਮਤ ਪ੍ਰਕਿਰਿਆ ਦਾ ਹਿੱਸਾ ਹੁੰਦੀਆਂ ਹਨ। ਕੰਗ ਨੇ ਬਾਜਵਾ ਦੇ ਦਾਅਵੇ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਵਿਧਾਇਕ ਤਾਂ ਦੂਰ, ਬਾਜਵਾ ਦੀ ਆਪਣੀ ਪਾਰਟੀ ਦੇ ਵਿਧਾਇਕ ਵੀ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹਨ। ਉਨ੍ਹਾਂ ਬਾਜਵਾ ਨੂੰ ਸਵਾਲ ਕੀਤਾ, ‘‘ਕੀ ਸਾਰੇ ਕਾਂਗਰਸੀ ਵਿਧਾਇਕ ਤੁਹਾਡੇ ਸੰਪਰਕ ’ਚ ਹਨ?’’ ਕੰਗ ਨੇ ਕਿਹਾ ਕਿ ਪ੍ਰਤਾਪ ਬਾਜਵਾ ਦੇ ਸਕੇ ਭਰਾ ਫਤਿਹਗੰਜ ਬਾਜਵਾ ਉਨ੍ਹਾਂ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ, ਉਹ ਫਿਰ ਵੀ ਰੋਕ ਨਹੀਂ ਸਕੇ।

         ਉਨ੍ਹਾਂ ਕਿਹਾ ਕਿ ਬਾਜਵਾ ‘ਮੁੰਗੇਰੀਲਾਲ ਦੇ ਹਸੀਨ ਸੁਪਨੇ’ ਦੇਖ ਰਹੇ ਹਨ ਜੋ ਕਦੇ ਪੂਰੇ ਨਹੀਂ ਹੋਣਗੇ। ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇੱਕ ਯੋਜਨਾ ਤਹਿਤ ਅਚਨਚੇਤ ਪੰਜਾਬ ਦੇ ਵਿਧਾਇਕਾਂ ਦੀ ਦਿੱਲੀ ’ਚ ਮੀਟਿੰਗ ਸੱਦੀ ਗਈ ਹੈ ਅਤੇ ਹਾਰ ਤੋਂ ਬੌਖਲਾਏ ਕੇਜਰੀਵਾਲ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਸਮੇਤ ‘ਆਪ’ ਦੇ ਵੱਡੇ ਆਗੂਆਂ ਨੂੰ ਸੱਤਾ ਤੋਂ ਬਾਹਰ ਕਰਕੇ ਢੁੱਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣੇ ਵਿਧਾਇਕਾਂ ਨੂੰ ਇਹ ਕਹਿਣ ਲਈ ਮਜਬੂਰ ਕਰ ਰਹੇ ਹਨ ਕਿ ਉਹ ’ਚੰਗਾ ਆਦਮੀ’ ਹੈ ਅਤੇ ਉਸ ਨੂੰ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।

                                ਪੰਜਾਬ ਦੇ ਵਿਧਾਇਕਾਂ ਦੀ ਤੌਹੀਨ: ਪਰਗਟ ਸਿੰਘ

ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪਰਗਟ ਸਿੰਘ ਨੇ ‘ਆਪ’ ਦੀ ਦਿੱਲੀ ’ਚ ਹੋ ਰਹੀ ਮੀਟਿੰਗ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਇੱਕ ਹਾਰਿਆ ਹੋਇਆ ਵਿਧਾਇਕ ਪੰਜਾਬ ਦੇ ਚੁਣੇ ਹੋਏ ਵਿਧਾਇਕਾਂ ਦੀ ਮੀਟਿੰਗ ਕਰ ਰਿਹਾ ਹੈ ਜੋ ਪੰਜਾਬੀ ਵਿਧਾਇਕਾਂ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਲੱਗਦਾ ਇਹ ਹੈ ਕਿ ਪੰਜਾਬ ਦੇ ਵਿਧਾਇਕ ਤੇ ਵਜ਼ੀਰ ਇਹ ਤੌਹੀਨ ਝੱਲਣ ਲਈ ਵੀ ਤਿਆਰ ਹਨ।

Monday, February 10, 2025

                                                            ਚੁੱਪ ਚੁਪੀਤੇ 
                             ਹੈੱਡ ਵਰਕਸਾਂ ’ਤੇ ਸੈਂਸਰ ਲਾਉਣੇ ਆਰੰਭੇ
                                                         ਚਰਨਜੀਤ ਭੁੱਲਰ  

ਚੰਡੀਗੜ੍ਹ  : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਨੇ ਚੁੱਪ ਚੁਪੀਤੇ ਹੀ ਪੰਜਾਬ ਦੇ ਹੈੱਡ ਵਰਕਸਾਂ ’ਤੇ ਨਹਿਰੀ ਪਾਣੀਆਂ ਨੂੰ ਮਾਪਣ ਵਾਲੇ ਆਧੁਨਿਕ ਸੈਂਸਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪਤਾ ਲੱਗਾ ਹੈ ਕਿ ਬੀਬੀਐੱਮਬੀ ਇਨ੍ਹਾਂ ਡਿਵਾਈਸਾਂ ਰਾਹੀਂ ਪੰਜਾਬ ਦੇ ਪਾਣੀਆਂ ’ਤੇ ਨਜ਼ਰ ਰੱਖਣਾ ਚਾਹੁੰਦਾ ਹੈ। ਸੂਤਰ ਦੱਸਦੇ ਹਨ ਕਿ ਹਰਿਆਣਾ ਸਰਕਾਰ ਨੇ ਜ਼ੁਬਾਨੀ ਤੌਰ ’ਤੇ ਬੀਬੀਐੱਮਬੀ ਤੱਕ ਪਹੁੰਚ ਕਰਕੇ ਅਜਿਹਾ ਕਰਨ ਲਈ ਕਿਹਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਕੌਮੀ ਹਾਈਡਰੋਲੋਜੀ ਪ੍ਰਾਜੈਕਟ ਦੇ ਫੰਡਾਂ ਤਹਿਤ ਬੀਬੀਐੱਮਬੀ ਇਸ ਪਾਸੇ ਕਦਮ ਚੁੱਕ ਰਿਹਾ ਹੈ। ਪੰਜਾਬ ਦੇ ਜਲ ਸਰੋਤ ਵਿਭਾਗ ਨੂੰ ਉਦੋਂ ਪਤਾ ਲੱਗਿਆ ਜਦੋਂ ਬੀਬੀਐੱਮਬੀ ਨੇ ਮਾਧੋਪੁਰ ਹੈੱਡ ਵਰਕਸ ’ਤੇ ਸੈਂਸਰ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਲ ਸਰੋਤ ਵਿਭਾਗ ਦੇ ਉੱਚ ਅਫ਼ਸਰਾਂ ਨੇ ਫ਼ੌਰੀ ਬੀਬੀਐੱਮਬੀ ਨਾਲ ਰਾਬਤਾ ਕਾਇਮ ਕੀਤਾ ਅਤੇ ਇਹ ਕੰਮ ਰੋਕਣ ਵਾਸਤੇ ਕਿਹਾ। ਮਾਹਿਰ ਦੱਸਦੇ ਹਨ ਕਿ ਇਨ੍ਹਾਂ ਨੂੰ ਰੀਅਲ ਟਾਈਮ ਸੈਂਸਰ (ਆਰਟੀਡੀਏਐੱਸ) ਕਿਹਾ ਜਾਂਦਾ ਹੈ। 

         ਇਨ੍ਹਾਂ ਸੈਂਸਰਾਂ ਜ਼ਰੀਏ ਦੇਖਿਆ ਜਾ ਸਕਦਾ ਹੈ ਕਿ ਨਹਿਰ ਵਿਚ ਕਿੰਨਾ ਪਾਣੀ ਚੱਲ ਰਿਹਾ ਹੈ ਅਤੇ ਉਸ ਦਾ ਸਾਰਾ ਡਾਟਾ ਆਨਲਾਈਨ ਮੁਹੱਈਆ ਹੁੰਦਾ ਹੈ। ਇਸ ਤੋਂ ਪਹਿਲਾਂ ਪਾਣੀ ਮਾਪਣ ਦਾ ਪੁਰਾਣਾ ਢੰਗ ਤਰੀਕਾ ਹੀ ਹੈ। ਬੀਬੀਐੱਮਬੀ ਦੀ ਰੋਪੜ ਅਤੇ ਹਰੀਕੇ ਹੈੱਡ ਵਰਕਸ ’ਤੇ ਵੀ ਅਜਿਹੇ ਸੈਂਸਰ ਲਗਾਏ ਜਾਣ ਦੀ ਯੋਜਨਾ ਹੈ ਅਤੇ ਇਸੇ ਤਰ੍ਹਾਂ ਭਾਖੜਾ ਮੇਨ ਲਾਈਨ ’ਤੇ ਉਸ ਜਗ੍ਹਾ ਸੈਂਸਰ ਲੱਗਣੇ ਹਨ ਜਿੱਥੋਂ ਪਾਣੀ ਹਰਿਆਣਾ ਨੂੰ ਮਿਲਣਾ ਸ਼ੁਰੂ ਹੁੰਦਾ ਹੈ। ਇਨ੍ਹਾਂ ਸੈਂਸਰਾਂ ਦੀ ਗੱਲ ਉੱਤਰੀ ਜ਼ੋਨਲ ਕੌਂਸਲ ਆਦਿ ਦੀਆਂ ਮੀਟਿੰਗਾਂ ਵਿਚ ਜਦੋਂ ਵੀ ਚੱਲੀ ਸੀ ਤਾਂ ਉਦੋਂ ਵੀ ਪੰਜਾਬ ਨੇ ਵਿਰੋਧ ਕੀਤਾ ਸੀ। ਚੇਤੇ ਰਹੇ ਕਿ ਥੋੜ੍ਹੇ ਦਿਨ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਚੁੱਪ ਚੁਪੀਤੇ ਬੀਬੀਐੱਮਬੀ ਵਿਚ ਆਪਣਾ ਮੈਂਬਰ ਵੀ ਲਗਾ ਦਿੱਤਾ ਸੀ ਜੋ ਪੰਜਾਬ ਦੇ ਇਤਰਾਜ਼ ਮਗਰੋਂ ਹਰਿਆਣਾ ਨੂੰ ਵਾਪਸ ਲੈਣਾ ਪਿਆ ਸੀ। ਕੇਂਦਰ ਸਰਕਾਰ ਪਹਿਲਾਂ ਹੀ ਨਿਯਮਾਂ ਨੂੰ ਸੋਧ ਕੇ ਬੀਬੀਐੱਮਬੀ ’ਚੋਂ ਪੰਜਾਬ ਦੇ ਹੱਕ ਖ਼ਤਮ ਕਰਨ ’ਤੇ ਲੱਗੀ ਹੋਈ ਹੈ।

         ਮਾਮਲਾ ਧਿਆਨ ਵਿੱਚ ਆਉਣ ’ਤੇ ਪੰਜਾਬ ਸਰਕਾਰ ਨੇ ਬੀਬੀਐੱਮਬੀ ਕੋਲ ਇਸ ਦਾ ਸਖ਼ਤ ਇਤਰਾਜ਼ ਕੀਤਾ। ਜਲ ਸਰੋਤ ਵਿਭਾਗ ਨੇ 7 ਫਰਵਰੀ ਨੂੰ ਬੀਬੀਐੱਮਬੀ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇਹ ਸੈਂਸਰ ਲਗਾਏ ਜਾਣ ’ਤੇ ਇਤਰਾਜ਼ ਕੀਤਾ ਹੈ। ਪੱਤਰ ਵਿਚ ਲਿਖਿਆ ਹੈ ਕਿ ਬੀਬੀਐੱਮਬੀ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਹੀ ਪੰਜਾਬ ਦੀ ਹਦੂਦ ਅੰਦਰ ਸੈਂਸਰ ਲਗਾਉਣ ਜਾ ਰਹੀ ਹੈ। ਪੱਤਰ ਅਨੁਸਾਰ ਪੰਜਾਬ ਸਰਕਾਰ ਨੇ ਕਿਹਾ ਕਿ ਜਿੰਨਾ ਸਮਾਂ ਦਰਿਆਈ ਪਾਣੀਆਂ ਨਾਲ ਸਬੰਧਤ ਕੇਸਾਂ ਦਾ ਆਖ਼ਰੀ ਨਿਬੇੜਾ ਨਹੀਂ ਹੋ ਜਾਂਦਾ, ਓਨਾ ਸਮਾਂ ਪੰਜਾਬ ਸਰਕਾਰ ਕੋਈ ਵੀ ਅਜਿਹੀ ਗਤੀਵਿਧੀ ਪ੍ਰਵਾਨ ਨਹੀਂ ਕਰੇਗੀ। ਜਲ ਸਰੋਤ ਵਿਭਾਗ ਨੇ ਬੀਬੀਐੱਮਬੀ ਦੇ ਚੇਅਰਮੈਨ ਨੂੰ ਕਿਹਾ ਕਿ ਅਜਿਹੇ ਸੈਂਸਰ ਨੂੰ ਰੋਕਣ ਵਾਸਤੇ ਅਧਿਕਾਰੀਆਂ ਨੂੰ ਫ਼ੌਰੀ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਕੋਈ ਅਣਸੁਖਾਵੇਂ ਹਾਲਾਤ ਪੈਦਾ ਨਾ ਹੋਣ।

Saturday, February 8, 2025

                                                   ਹਲਕਿਆਂ ਦੀ ਤਜਵੀਜ਼
                       ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਛੇਤੀ
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿੱਚ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀਆਂ ਆਮ ਚੋਣਾਂ ਕਰਵਾਉਣ ਲਈ ਤਿਆਰੀ ਵਿੱਢ ਦਿੱਤੀ ਹੈ ਅਤੇ ਨੇੜ ਭਵਿੱਖ ਵਿਚ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਚੋਣ ਹਲਕੇ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ 18 ਫਰਵਰੀ ਤੱਕ ਹਲਕਿਆਂ ਦੀਆਂ ਤਜਵੀਜ਼ਾਂ ਦਾ ਕੰਮ ਨੇਪਰੇ ਚਾੜ੍ਹਿਆ ਜਾਣਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਚੋਣ ਹਲਕੇ ਬਣਾਉਣ ਬਾਰੇ ਪੱਤਰ ਜਾਰੀ ਕਰ ਦਿੱਤਾ ਹੈ। ਪੰਜਾਬ ਵਿਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਹੋ ਗਈਆਂ ਸਨ ਅਤੇ ਨਵੀਆਂ ਪੰਚਾਇਤਾਂ ਨੇ ਆਪਣਾ ਕੰਮਕਾਜ ਵੀ ਸ਼ੁਰੂ ਕਰ ਦਿੱਤਾ ਹੈ। ਦੂਜੇ ਗੇੜ ਵਿਚ ਹੁਣ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੀ ਚੋਣ ਕਰਵਾਈ ਜਾ ਰਹੀ ਹੈ। ਲੁਧਿਆਣਾ ਦੀ ਜ਼ਿਮਨੀ ਚੋਣ ਵੀ ਕਿਸੇ ਵੀ ਵੇਲੇ ਐਲਾਨੀ ਜਾ ਸਕਦੀ ਹੈ। ਇਸੇ ਦੌਰਾਨ ਪੰਚਾਇਤ ਵਿਭਾਗ ਨੇ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਚੋਣ ਹਲਕੇ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

           ਪੰਚਾਇਤ ਵਿਭਾਗ ਨੇ ਹਲਕੇ ਤਜਵੀਜ਼ ਕਰਨ ਬਾਰੇ ਅੱਜ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਾਲ 2011 ਦੀ ਮਰਦਮਸ਼ੁਮਾਰੀ ਨੂੰ ਆਧਾਰ ਬਣਾ ਕੇ ਹੀ ਚੋਣ ਹਲਕੇ ਬਣਾਏ ਜਾਣੇ ਹਨ। ਪੰਚਾਇਤ ਸਮਿਤੀਆਂ ਦੇ ਘੱਟੋ ਘੱਟ 15 ਮੈਂਬਰ ਅਤੇ ਵੱਧ ਤੋਂ ਵੱਧ 25 ਮੈਂਬਰ ਹੋਣਗੇ। ਜਿਸ ਪੰਚਾਇਤ ਸਮਿਤੀ ਦੀ ਆਬਾਦੀ 90 ਹਜ਼ਾਰ ਤੋਂ ਘੱਟ ਹੈ, ਉੱਥੇ 15 ਮੈਂਬਰ ਹੋਣਗੇ। ਜਿੱਥੇ ਇਹ ਆਬਾਦੀ ਡੇਢ ਲੱਖ ਤੋਂ ਵੱਧ ਹੋਵੇਗੀ, ਉੱਥੇ ਮੈਂਬਰਾਂ ਦੀ ਗਿਣਤੀ ਵੱਧ ਤੋਂ ਵੱਧ 25 ਹੋਵੇਗੀ। ਪੰਚਾਇਤ ਸਮਿਤੀ ਦੇ ਹਰ ਹਲਕੇ ਦੀ ਆਬਾਦੀ ਕਰੀਬ ਛੇ ਹਜ਼ਾਰ ਹੋਵੇ ਅਤੇ ਚੋਣ ਹਲਕਾ ਭੂਗੋਲਿਕ ਤੌਰ ’ਤੇ ਜੁੜਵਾਂ ਹੋਣਾ ਚਾਹੀਦਾ ਹੈ। ਹਰ ਚੋਣ ਹਲਕੇ ਦੀ ਆਬਾਦੀ ਬਰਾਬਰ-ਬਰਾਬਰ ਰੱਖਣ ਦੀ ਕੋਸ਼ਿਸ਼ ਕਰਨ ਲਈ ਕਿਹਾ ਗਿਆ ਹੈ। ਕਿਸੇ ਵੀ ਪੰਚਾਇਤ ਨੂੰ ਦੋ ਚੋਣ ਹਲਕਿਆਂ ਵਿਚ ਨਾ ਵੰਡਣ ਲਈ ਵੀ ਕਿਹਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਲਈ ਘੱਟੋ-ਘੱਟ ਮੈਂਬਰ 10 ਅਤੇ ਵੱਧ ਤੋਂ ਵੱਧ 25 ਮੈਂਬਰ ਹੋ ਸਕਦੇ ਹਨ। 

          ਜਿਸ ਜ਼ਿਲ੍ਹਾ ਪਰਿਸ਼ਦ ਦੀ ਆਬਾਦੀ ਪੰਜ ਲੱਖ ਤੋਂ ਘੱਟ ਹੈ, ਉੱਥੇ 10 ਚੋਣ ਹਲਕੇ ਬਣਨਗੇ ਅਤੇ ਜਿੱਥੇ ਆਬਾਦੀ 12 ਲੱਖ ਤੋਂ ਉਪਰ ਹੈ, ਉੱਥੇ ਵੱਧ ਤੋਂ ਵੱਧ 25 ਚੋਣ ਹਲਕੇ ਬਣਾਏ ਜਾਣ ਦੀ ਤਜਵੀਜ਼ ਹੈ। ਹਰ ਚੋਣ ਹਲਕੇ ਦੀ ਆਬਾਦੀ ਕਰੀਬ 50 ਹਜ਼ਾਰ ਤੱਕ ਹੋਵੇ ਅਤੇ ਹਲਕਾ ਭੂਗੋਲਿਕ ਤੌਰ ’ਤੇ ਜੁੜਿਆ ਹੋਵੇ। ਡਿਪਟੀ ਕਮਿਸ਼ਨਰਾਂ ਨੂੰ ਚੋਣ ਹਲਕਿਆਂ ਦੇ ਨਕਸ਼ੇ ਤਿਆਰ ਕਰਨ ਦੀ ਹਦਾਇਤ ਕੀਤੀ ਗਈ ਹੈ। ਕੋਈ ਵੀ ਪਿੰਡ ਜਾਂ ਗ੍ਰਾਮ ਸਭਾ ਦਾ ਖੇਤਰ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਵਿਚ ਸ਼ਾਮਲ ਹੋਣ ਤੋਂ ਬਾਕੀ ਨਹੀਂ ਰਹਿਣਾ ਚਾਹੀਦਾ। ਮਾਲੇਰਕੋਟਲਾ ਜ਼ਿਲ੍ਹੇ ਦੀ ਨਵੀਂ ਜ਼ਿਲ੍ਹਾ ਪਰਿਸ਼ਦ ਬਣਨੀ ਹੈ ਅਤੇ ਨਵੀਆਂ ਪੰਚਾਇਤ ਸਮਿਤੀਆਂ ’ਚ ਪਟਿਆਲਾ ਦਿਹਾਤੀ, ਮੁਹਾਲੀ, ਰਮਦਾਸ, ਅਮਰਗੜ੍ਹ, ਅਹਿਮਦਗੜ੍ਹ ਅਤੇ ਮਾਲੇਰਕੋਟਲਾ ਹੈੱਡਕੁਆਟਰ ਆਦਿ ਸ਼ਾਮਲ ਹਨ। 2018 ਵਿਚ ਬਣੇ ਜ਼ੋਨਾਂ ਵਿਚ ਖ਼ਾਸ ਹਾਲਾਤ ਵਿਚ ਹੀ ਫੇਰਬਦਲ ਕਰਨ ਲਈ ਕਿਹਾ ਗਿਆ ਹੈ। ਜਿੱਥੇ ਕਿਤੇ ਜ਼ੋਨ ਦਾ ਹਿੱਸਾ ਸ਼ਹਿਰੀ ਖੇਤਰ ਵਿਚ ਸ਼ਾਮਲ ਹੋ ਗਿਆ ਹੈ, ਉੱਥੇ ਬਦਲਾਅ ਹੋ ਸਕਦਾ ਹੈ।