Friday, April 6, 2012


                          ਇਕੱਲੀ ਜੇਬ ਨਹੀਂ
           ਰੋਗ ਦੀ ਕੱਟੇਗਾ ਕੌਮੀ ਮਾਰਗ
                           ਚਰਨਜੀਤ ਭੁੱਲਰ
ਬਠਿੰਡਾ : ਕੌਮੀ ਮਾਰਗ ਜ਼ੀਰਕਪੁਰ-ਬਠਿੰਡਾ ਰੇਲ ਫਾਟਕਾਂ ਦੇ ਰੋਗ ਵੀ ਕੱਟੇਗਾ। ਕੇਂਦਰ ਸਰਕਾਰ ਵੱਲੋਂ ਬਣਾਏ ਜਾਣ ਵਾਲੇ 210 ਕਿਲੋਮੀਟਰ ਲੰਮੇ ਚਹੁੰ ਮਾਰਗੀ ਕੌਮੀ ਸੜਕ ਮਾਰਗ 'ਤੇ ਕੋਈ ਤੰਗ ਪੁਲ ਨਜ਼ਰ ਨਹੀਂ ਆਏਗਾ। ਇਸ ਕੌਮੀ ਸੜਕ ਮਾਰਗ 'ਤੇ ਤਿੰਨ ਓਵਰ ਬਰਿੱਜ ਬਣਨਗੇ, ਜਦੋਂ ਕਿ ਭਾਖੜਾ ਨਹਿਰ 'ਤੇ ਪੁਲ ਉਸਰੇਗਾ। ਧਨੌਲਾ ਅਤੇ ਸੰਗਰੂਰ ਵਿੱਚ ਦੋ ਬਾਈਪਾਸ ਬਣਾਏ ਜਾਣੇ ਹਨ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਬਠਿੰਡਾ ਤੋਂ ਜ਼ੀਰਕਪੁਰ ਕੌਮੀ ਮਾਰਗ ਨੂੰ ਚਹੁੰ ਮਾਰਗੀ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ 'ਤੇ 2008 ਕਰੋੜ ਰੁਪਏ ਖਰਚ ਆਉਣਗੇ। ਢਾਈ ਵਰ੍ਹਿਆਂ ਵਿੱਚ ਇਹ ਮਾਰਗ ਮੁਕੰਮਲ ਹੋਵੇਗਾ ਅਤੇ ਉਸ ਮਗਰੋਂ ਇਸ 'ਤੇ ਪੰਜ ਥਾਵਾਂ 'ਤੇ ਟੋਲ ਪਲਾਜ਼ਾ ਸਥਾਪਤ ਹੋਵੇਗਾ। ਕੌਮੀ ਸੜਕ ਮਾਰਗ ਜਿਥੇ ਮਾਲਵਾ ਦੇ ਲੋਕਾਂ ਦੀ ਜੇਬ੍ਹ ਢਿੱਲੀ ਕਰੇਗਾ, ਉਥੇ ਕਈ ਤਕਲੀਫ਼ਾਂ ਵੀ ਦੂਰ ਕਰੇਗਾ। ਕੌਮੀ ਮਾਰਗ ਨੂੰ ਚਹੁੰ ਮਾਰਗੀ ਬਣਾਉਣ ਕਰਕੇ ਸ਼ਹਿਰ ਵਿਚਲੇ ਉਹ ਲੋਕ ਡਰ ਗਏ ਹਨ, ਜਿਨ੍ਹਾਂ ਦੇ ਘਰ ਜਾਂ ਦੁਕਾਨਾਂ ਸੜਕਾਂ 'ਤੇ ਹਨ। ਉਨ੍ਹਾਂ ਨੂੰ ਡਰ ਹੈ ਕਿ ਸੜਕ ਨੂੰ ਚੌੜਾ ਕਰਨ ਸਮੇਂ ਉਨ੍ਹਾਂ ਦੀਆਂ ਉਸਾਰੀਆਂ ਢਾਹ ਦਿੱਤੀਆਂ ਜਾਣਗੀਆਂ। ਸਰਕਾਰ ਦਾ ਫੈਸਲਾ ਹੈ ਕਿ ਜੋ ਜਾਇਜ਼ ਉਸਾਰੀਆਂ ਹੋਣਗੀਆਂ, ਉਨ੍ਹਾਂ ਦੇ ਮਾਲਕਾਂ ਨੂੰ ਮੁਆਵਜ਼ਾ ਮਿਲੇਗਾ।
           ਵੇਰਵਿਆਂ ਅਨੁਸਾਰ ਬਠਿੰਡਾ-ਜ਼ੀਰਕਪੁਰ ਸੜਕ 'ਤੇ ਜੋ ਤਿੰਨ ਰੇਲਵੇ ਫਾਟਕ ਪੈਂਦੇ ਹਨ, ਉਨ੍ਹਾਂ 'ਤੇ ਓਵਰ ਬਰਿੱਜ ਬਣੇਗਾ। ਬਠਿੰਡਾ ਜ਼ਿਲ੍ਹੇ ਵਿੱਚ ਰਾਮਪੁਰਾ ਫੂਲ ਦੇ ਰੇਲਵੇ ਫਾਟਕ 'ਤੇ ਓਵਰ ਬਰਿੱਜ ਬਣੇਗਾ। ਇਸ ਤਰ੍ਹਾਂ ਸੰਗਰੂਰ ਬਾਈਪਾਸ 'ਤੇ ਰੇਲ ਮਾਰਗ 'ਤੇ ਓਵਰ ਬਰਿੱਜ ਬਣੇਗਾ। ਤੀਜਾ ਓਵਰ ਬਰਿੱਜ ਰਾਜਪੁਰਾ ਬਾਈਪਾਸ 'ਤੇ ਬਣੇਗਾ। ਇਕ ਓਵਰ ਬਰਿੱਜ ਦੀ ਲਾਗਤ ਕਰੀਬ 60 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬਰਿੱਜ ਦੀ ਕੀਮਤ ਵੀ ਕੁੱਲ ਪ੍ਰਾਜੈਕਟ ਦੇ ਲਾਗਤ ਖਰਚ ਵਿੱਚ ਸ਼ਾਮਲ ਕੀਤੀ ਹੋਈ ਹੈ। ਇਹ ਓਵਰ ਬਰਿੱਜ ਚਹੁੰ ਮਾਰਗੀ ਹੋਣਗੇ ਅਤੇ ਇਨ੍ਹਾਂ ਦੀ ਚੌੜਾਈ 24 ਮੀਟਰ ਹੋਵੇਗੀ।
            ਕੌਮੀ ਮਾਰਗ ਦੇ ਰਸਤੇ ਵਿੱਚ ਜੋ ਡਰੇਨ ਦੇ ਪੁਲ ਹਨ ਜਾਂ ਨਹਿਰਾਂ ਦੇ ਪੁਲ ਹਨ, ਉਹ ਵੀ ਚਹੁੰ ਮਾਰਗੀ ਹੋਣਗੇ। ਧਨੌਲਾ ਅਤੇ ਬਡਬਰ ਦਰਮਿਆਨ, ਜੋ ਹਰੀਗੜ੍ਹ ਵਾਲਾ ਕਾਫੀ ਤੰਗ ਪੁਲ ਹੈ, ਉਸ ਦਾ ਰੋਗ ਵੀ ਕੱਟਿਆ ਜਾਵੇਗਾ। ਧਨੌਲਾ ਮੰਡੀ ਵਿੱਚ ਇਕ ਬਾਈਪਾਸ ਬਣੇਗਾ ਜੋ ਚਾਰ ਮਾਰਗੀ ਹੋਵੇਗਾ। ਇਸ ਤਰ੍ਹਾਂ ਸੰਗਰੂਰ ਬਾਈਪਾਸ ਬਣਾਉਣਾ ਵੀ ਇਸ ਪ੍ਰਾਜੈਕਟ ਦਾ ਹਿੱਸਾ ਹੈ। ਕੇਂਦਰੀ ਸੜਕ ਮੰਤਰਾਲੇ ਦੇ ਨਿਯਮਾਂ ਮੁਤਾਬਕ ਕੌਮੀ ਸੜਕ ਮਾਰਗ ਦੀ ਚੌੜਾਈ ਵੀ 24 ਮੀਟਰ ਹੀ ਹੋਵੇਗੀ। ਜੋ ਸੈਂਟਰਲ ਵਰਜ ਬਣੇਗਾ, ਉਸ ਦੀ ਚੌੜਾਈ 1.2 ਮੀਟਰ ਤੋਂ ਪੰਜ ਮੀਟਰ ਤੱਕ ਹੋਵੇਗੀ।ਸਰਕਾਰੀ ਸੂਤਰਾਂ ਅਨੁਸਾਰ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੀ ਹਦੂਦ ਵਿੱਚ ਕੌਮੀ ਸੜਕ ਮਾਰਗ ਦੀ ਚੌੜਾਈ  24 ਮੀਟਰ ਰਹੇਗੀ ਪਰ ਸੈਂਟਰਲ ਵਰਜ 1.2 ਮੀਟਰ ਦਾ ਹੋਵੇਗਾ, ਜਦੋਂ ਕਿ ਸ਼ਹਿਰਾਂ ਦੀ ਹਦੂਦ ਤੋਂ ਬਾਹਰ ਸੈਂਟਰਲ ਵਰਜ 5 ਮੀਟਰ ਤੱਕ ਦਾ ਹੋਵੇਗਾ। ਸੜਕ ਚੌੜਾ ਕਰਨ ਵਾਸਤੇ ਲੋਕ ਨਿਰਮਾਣ ਮਹਿਕਮੇ ਦੀ ਜਗ੍ਹਾ ਹੀ ਵਰਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਬਹੁਤ ਘੱਟ ਉਸਾਰੀਆਂ ਸੜਕ ਮਾਰਗ ਦੀ ਮਾਰ ਵਿੱਚ ਆਉਣਗੀਆਂ। ਜੋ ਗ਼ੈਰਕਾਨੂੰਨੀ ਉਸਾਰੀ ਹੋਵੇਗੀ, ਉਹ ਢਾਹੀ ਜਾਵੇਗੀ ਅਤੇ ਜਾਇਜ਼ ਉਸਾਰੀਆਂ ਇਸ ਦੀ ਮਾਰ ਤੋਂ ਬਚ ਜਾਣਗੀਆਂ।
            ਸੂਤਰ ਦੱਸਦੇ ਹਨ ਕਿ ਇਸ ਸੜਕ ਪ੍ਰਾਜੈਕਟ ਵਿੱਚ ਹੀ ਮੁਆਵਜ਼ੇ ਦੀ ਰਾਸ਼ੀ ਸ਼ਾਮਲ ਕੀਤੀ ਹੋਈ ਹੈ। ਜੋ ਜਾਇਜ਼ ਉਸਾਰੀ ਢਾਹੀ ਜਾਵੇਗੀ, ਉਸ ਦਾ ਮੁਆਵਜ਼ਾ ਸਬੰਧਤ ਦੁਕਾਨਦਾਰ ਜਾਂ ਇਮਾਰਤ ਦੇ ਮਾਲਕ ਨੂੰ ਦਿੱਤਾ ਜਾਵੇਗਾ। ਸ਼ਹਿਰਾਂ ਵਿੱਚ ਤਿੰਨ ਓਵਰ ਬਰਿੱਜ ਬਣਨਗੇ, ਉਹ ਸਿੱਧੇ ਹੀ ਬਣਨੇ ਅਤੇ ਉਹ ਸਾਈਡ 'ਤੇ ਕਿਸੇ ਪਾਸੇ ਵੱਲ ਵੀ ਨਹੀਂ ਉਤਰਨਗੇ। ਓਵਰ ਬਰਿੱਜ ਦੀ ਲੰਬਾਈ ਵਾਲੀ ਜਗ੍ਹਾ ਵਿੱਚੋਂ ਜੋ ਸਾਈਡਾਂ ਨੂੰ ਲਿੰਕ ਸੜਕਾਂ ਹਨ, ਉਨ੍ਹਾਂ ਲਈ ਵੱਖਰੀਆਂ ਸਰਵਿਸ ਰੋਡਜ਼ ਬਣਨਗੀਆਂ। ਪ੍ਰਾਜੈਕਟ ਅਨੁਸਾਰ ਕੌਮੀ ਸੜਕ ਮਾਰਗ ਦੇ ਰਸਤੇ ਵਿੱਚ ਜੋ ਸ਼ਹਿਰ ਪੈਂਦੇ ਹਨ, ਉਨ੍ਹਾਂ ਸ਼ਹਿਰਾਂ ਵਿੱਚ ਚਹੁੰ ਮਾਰਗੀ ਸੜਕ ਦੇ ਨਾਲ ਸੱਤ ਸੱਤ ਮੀਟਰ ਚੌੜੀਆਂ ਸਰਵਿਸ ਸੜਕਾਂ ਬਣਨੀਆਂ ਹਨ। ਸ਼ਹਿਰਾਂ ਦੀਆਂ ਕਲੋਨੀਆਂ ਦੀਆਂ ਗਲੀਆਂ ਸਿੱਧੀਆਂ ਕੌਮੀ ਸੜਕ ਮਾਰਗ 'ਤੇ ਨਹੀਂ ਚੜ੍ਹਨਗੀਆਂ, ਉਨ੍ਹਾਂ ਲਈ ਸਰਵਿਸ ਰੋਡਜ਼ ਹੋਣਗੀਆਂ। ਇਸ ਕੌਮੀ ਪ੍ਰਾਜੈਕਟ ਦੀ ਵੱਡੀ ਮਾਰ ਜੰਗਲਾਤ ਨੂੰ ਪਏਗੀ। ਇਸ ਸੜਕ 'ਤੇ ਪੈਂਦੇ ਹਰੇ ਭਰੇ ਦਰੱਖਤ ਵੀ ਕੱਟੇ ਜਾਣਗੇ। ਕਰੀਬ 390 ਹੈਕਟੇਅਰ ਰਕਬੇ ਵਿੱਚੋਂ ਦਰੱਖਤਾਂ ਦੀ ਕਟਾਈ ਹੋਵੇਗੀ।                                                                                               
                                                       ਭੌਂ ਪ੍ਰਾਪਤੀ ਲਈ ਪ੍ਰਕਿਰਿਆ ਸ਼ੁਰੂ
ਕੌਮੀ ਸੜਕ ਮਾਰਗ ਲਈ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜ਼ਮੀਨ ਐਕੁਆਇਰ ਕਰਨ ਵਾਸਤੇ 3 ਏ (ਸਮਾਲ ਏ) ਦਾ ਨੋਟੀਫਿਕੇਸ਼ਨ ਹੋ ਚੁੱਕਾ ਹੈ। ਇਸ ਤਹਿਤ ਸਬੰਧਤ ਐਸ.ਡੀ.ਐਮਜ਼ ਨੂੰ ਲੈਂਡ ਐਕੁਜੀਸ਼ਨ ਅਫਸਰ ਐਲਾਨਿਆ ਗਿਆ ਹੈ। ਕੇਂਦਰੀ ਮੰਤਰਾਲੇ ਨੇ ਇਸ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਹੈ। ਜ਼ੀਰਕਪੁਰ ਤੋਂ ਪਟਿਆਲਾ ਸੜਕ ਲਈ 3 ਏ (ਬਿੱਗ ਏ) ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ, ਜਦੋਂ ਕਿ ਪਟਿਆਲਾ ਤੋਂ ਬਠਿੰਡਾ ਤੱਕ ਦਾ ਇਹ ਨੋਟੀਫਿਕੇਸ਼ਨ ਕੇਂਦਰੀ ਮੰਤਰਾਲੇ ਕੋਲ ਪ੍ਰਵਾਨਗੀ ਲਈ ਪਿਆ ਹੈ। ਐਕੁਆਇਰ ਕਰਨ ਵਾਲੀ ਜ਼ਮੀਨ ਦੀ ਸ਼ਨਾਖਤ ਕਰ ਲਈ ਗਈ ਹੈ।
                                   ਪ੍ਰਭਾਵਤ ਉਸਾਰੀਆਂ ਦਾ ਮੁਆਵਜ਼ਾ ਮਿਲੇਗਾ: ਨੋਡਲ ਅਫਸਰ
ਲੋਕ ਨਿਰਮਾਣ ਮਹਿਕਮੇ ਦੇ ਇਸ ਪ੍ਰਾਜੈਕਟ ਦੇ ਨੋਡਲ ਅਫਸਰ ਐਨ.ਪੀ. ਸਿੰਘ ਦਾ ਕਹਿਣਾ ਸੀ ਕਿ ਕੌਮੀ ਸੜਕ ਮਾਰਗ ਚਹੁੰ ਮਾਰਗੀ ਬਣਨ ਨਾਲ ਨੁਹਾਰ ਬਦਲ ਜਾਏਗੀ। ਉਨ੍ਹਾਂ ਦੱਸਿਆ ਕਿ ਕੌਮੀ ਮਾਰਗ ਦੇ ਰਸਤੇ ਵਿੱਚ ਕੋਈ ਤੰਗ ਪੁਲ ਜਾਂ ਰਸਤਾ ਨਹੀਂ ਦਿਖੇਗਾ। ਸੜਕ ਮਾਰਗ ਬਣਨ ਨਾਲ ਬਠਿੰਡਾ-ਚੰਡੀਗੜ੍ਹ ਵਿੱਚ ਸਮਾਂ ਵੀ ਘੱਟ ਲੱਗੇਗਾ। ਉਨ੍ਹਾਂ ਦੱਸਿਆ ਕਿ ਜੋ ਉਸਾਰੀਆਂ ਸੜਕ ਮਾਰਗ ਬਣਨ ਕਰਕੇ ਢਹਿਣਗੀਆਂ, ਉਨ੍ਹਾਂ ਦੀ ਅਸੈਸਮੈਂਟ ਕਰਾਈ ਜਾਵੇਗੀ, ਜਿਸ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ।

No comments:

Post a Comment