Thursday, April 5, 2012

                                ਟੋਲ ਟੈਕਸ
      ਜੇਬ ਦੀ ਮੜ੍ਹਕ ਵਿਗਾੜੂ ਇਹ ਸੜਕ
                           ਚਰਨਜੀਤ ਭੁੱਲਰ
ਬਠਿੰਡਾ : ਕੌਮੀ ਮਾਰਗ ਬਠਿੰਡਾ-ਜ਼ੀਰਕਪੁਰ 'ਤੇ ਸਫਰ ਕਰਨਾ ਹੁਣ ਸਸਤਾ ਸੌਦਾ ਨਹੀਂ ਹੋਵੇਗਾ। ਜਲਦੀ ਹੀ ਮਲਵਈਆਂ ਨੂੰ ਵੀ ਟੋਲ ਟੈਕਸ ਦੀ ਮਾਰ ਝੱਲਣੀ ਪਵੇਗੀ। ਅਬੋਹਰ-ਜ਼ੀਰਕਪੁਰ ਸੜਕ ਹੀ ਸੀ ਜੋ ਹਾਲੇ ਤੱਕ ਟੋਲ ਟੈਕਸ ਤੋਂ ਬਚੀ ਹੋਈ ਸੀ। ਕੇਂਦਰ ਸਰਕਾਰ ਨੇ ਇਸ ਕੌਮੀ ਮਾਰਗ-64 ਨੂੰ ਜ਼ੀਰਕਪੁਰ ਤੋਂ ਬਠਿੰਡਾ ਤੱਕ ਚਹੁੰ ਮਾਰਗੀ ਬਣਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮੇਂ ਸੜਕ ਦੀ ਚੌੜਾਈ 7 ਤੋਂ 10 ਮੀਟਰ ਤੱਕ ਹੈ। ਕੇਂਦਰ ਸਰਕਾਰ ਵੱਲੋਂ ਇਸ ਸੜਕ ਨੂੰ ਬੀ.ਓ.ਟੀ ਆਧਾਰ 'ਤੇ ਬਣਾਇਆ ਜਾਣਾ ਹੈ। ਇਸ ਕੌਮੀ ਮਾਰਗ 'ਤੇ 2008 ਕਰੋੜ ਰੁਪਏ ਖਰਚ ਆਵੇਗਾ। ਪੰਜਾਬ ਸਰਕਾਰ ਵੱਲੋਂ 31 ਮਾਰਚ ਨੂੰ ਇਸ ਸੜਕ ਨੂੰ ਚਹੁੰ ਮਾਰਗੀ ਬਣਾਉਣ ਦਾ ਕੰਮ ਅਲਾਟ ਕਰ ਦਿੱਤਾ ਗਿਆ ਹੈ।
            ਪ੍ਰਾਪਤ ਜਾਣਕਾਰੀ ਅਨੁਸਾਰ ਛੇ ਮਹੀਨੇ ਮਗਰੋਂ ਇਸ ਸੜਕ ਨੂੰ ਚਹੁੰ ਮਾਰਗੀ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਕੌਮੀ ਸੜਕ ਮਾਰਗ ਦਾ ਕੰਮ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜ਼ੀਰਕਪੁਰ ਤੋਂ ਪਟਿਆਲਾ ਤੱਕ ਦੀ ਲੰਬਾਈ 50.700 ਕਿਲੋਮੀਟਰ ਹੈ ਜਦੋਂ ਕਿ ਪਟਿਆਲਾ ਤੋਂ ਬਠਿੰਡਾ ਤੱਕ ਦੀ ਲੰਬਾਈ 160 ਕਿਲੋਮੀਟਰ ਦੇ ਕਰੀਬ ਬਣਦੀ ਹੈ। ਵੇਰਵਿਆਂ ਅਨੁਸਾਰ ਬਠਿੰਡਾ ਤੋਂ ਜ਼ੀਰਕਪੁਰ ਤੱਕ ਦਾ ਸਫਰ ਕਰਨ ਵਾਲਿਆਂ ਨੂੰ ਢਾਈ ਵਰ੍ਹਿਆਂ ਮਗਰੋਂ ਇਸ ਚਹੁੰਮਾਰਗੀ ਸੜਕ ਦਾ ਸਫਰ ਕਾਫੀ ਮਹਿੰਗਾ ਪਵੇਗਾ। ਇਸ ਸੜਕ 'ਤੇ ਬਠਿੰਡਾ ਤੋਂ ਜ਼ੀਰਕਪੁਰ ਤੱਕ ਪੰਜ ਟੋਲ ਪਲਾਜ਼ੇ ਸਥਾਪਿਤ ਹੋਣਗੇ। ਵਾਹਨ ਚਾਲਕਾਂ ਨੂੰ ਬਠਿੰਡਾ ਤੋਂ ਜ਼ੀਰਕਪੁਰ ਤੱਕ ਪੰਜ ਥਾਵਾਂ 'ਤੇ ਟੋਲ ਟੈਕਸ ਤਾਰਨਾ ਪਵੇਗਾ। ਇਸ ਸਮੇਂ ਪੰਜਾਬ ਵਿੱਚ ਇੱਕ ਕਾਰ ਚਾਲਕ ਨੂੰ ਔਸਤਨ 25 ਤੋਂ 30 ਰੁਪਏ ਟੋਲ ਟੈਕਸ ਵਜੋਂ ਇੱਕ ਟੋਲ ਪਲਾਜ਼ੇ 'ਤੇ ਦੇਣੇ ਪੈਂਦੇ ਹਨ। ਇਸ ਹਿਸਾਬ ਨਾਲ ਬਠਿੰਡਾ ਤੋਂ ਜ਼ੀਰਕਪੁਰ ਤੱਕ ਇੱਕ ਕਾਰ ਚਾਲਕ ਨੂੰ 125 ਰੁਪਏ ਤੋਂ 150 ਰੁਪਏ ਟੋਲ ਟੈਕਸ ਇੱਕ ਪਾਸੇ ਦਾ ਦੇਣਾ ਪਵੇਗਾ। ਢਾਈ ਵਰ੍ਹਿਆਂ ਮਗਰੋਂ ਤਾਂ ਟੋਲ ਪਾਲਿਸੀ ਵਿੱਚ ਰੇਟ ਹੋਰ ਵੀ ਵੱਧ ਸਕਦੇ ਹਨ। ਟਰੱਕ ਚਾਲਕਾਂ ਲਈ ਤਾਂ ਇਸ ਸੜਕ ਦਾ ਸਫਰ ਜੇਬ ਖਾਲ੍ਹੀ ਕਰਨ ਵਾਲਾ ਹੋਵੇਗਾ।
           ਗੌਰਤਲਬ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕਾਫੀ ਵਰ੍ਹਿਆਂ ਤੋਂ ਬਠਿੰਡਾ ਜ਼ੀਰਕਪੁਰ ਸੜਕ ਨੂੰ ਚਹੁੰਮਾਰਗੀ ਬਣਾਏ ਜਾਣ ਦੇ ਐਲਾਨ ਕੀਤੇ ਜਾ ਰਹੇ ਸਨ ਅਤੇ ਕਾਫੀ ਸਮੇਂ ਤੱਕ ਇਸ ਸੜਕ ਦਾ ਕੇਸ ਕੇਂਦਰ ਸਰਕਾਰ ਕੋਲ ਪ੍ਰਵਾਨਗੀ ਲਈ ਪਿਆ ਸੀ। ਹੁਣ ਜਲਦੀ ਹੀ ਇਸ ਸੜਕ 'ਤੇ ਕੰਮ ਸ਼ੁਰੂ ਹੋ ਜਾਵੇਗਾ।ਪੰਜਾਬ ਸਰਕਾਰ ਵੱਲੋਂ ਜ਼ੀਰਕਪੁਰ ਤੋਂ ਪਟਿਆਲਾ ਸੜਕ ਦਾ ਕੰਮ ਰੋਹਨ ਐਂਡ ਰਾਜਦੀਪ ਕੰਪਨੀ ਨੂੰ ਅਲਾਟ ਕੀਤਾ ਗਿਆ ਹੈ ਜਦੋਂ ਕਿ ਪਟਿਆਲਾ ਤੋਂ ਬਠਿੰਡਾ ਤੱਕ ਸੜਕ ਬਣਾਉਣ ਦਾ ਕੰਮ ਹੈਦਰਾਬਾਦ ਦੀ ਕੰਪਨੀ ਆਈ.ਬੀ.ਆਰ.ਸੀ.ਐਲ. ਨੂੰ ਅਲਾਟ ਕੀਤਾ ਗਿਆ ਹੈ। ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਤੋਂ ਪ੍ਰਵਾਨਗੀਆਂ ਲੈਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਕੇਂਦਰੀ ਜੰਗਲਾਤ ਮੰਤਰਾਲੇ ਨੇ ਜ਼ੀਰਕਪੁਰ-ਪਟਿਆਲਾ ਸੜਕ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਦੋਂ ਕਿ ਪਟਿਆਲਾ ਤੋਂ ਬਠਿੰਡਾ ਪ੍ਰਾਜੈਕਟ ਦਾ ਕੇਸ ਸੁਣਵਾਈ ਅਧੀਨ ਹੈ।
            ਜ਼ੀਰਕਪੁਰ-ਪਟਿਆਲਾ ਸੜਕ ਦਾ ਪ੍ਰਾਜੈਕਟ 422 ਕਰੋੜ ਰੁਪਏ ਦਾ ਹੈ ਜਦੋਂ ਪਟਿਆਲਾ-ਬਠਿੰਡਾ ਸੜਕ ਦਾ ਪ੍ਰਾਜੈਕਟ 1586 ਕਰੋੜ ਰੁਪਏ ਦਾ ਹੈ। ਇਸ ਕਾਰਜ ਲਈ ਜ਼ਮੀਨ ਐਕੁਆਇਰ ਕਰਨੀ ਪਵੇਗੀ। ਬਿਜਲੀ ਦੀਆਂ ਲਾਈਨਾਂ ਵੀ ਸ਼ਿਫਟ ਕਰਨੀਆਂ ਪੈਣਗੀਆਂ ਅਤੇ ਸਭ ਤੋਂ ਵੱਡਾ ਕੁਹਾੜਾ ਹਰੀ ਪੱਟੀ 'ਤੇ ਚੱਲੇਗਾ। ਸਰਕਾਰ ਵੱਲੋਂ ਜ਼ਮੀਨ ਐਕੁਆਇਰ,ਖੰਭੇ ਸ਼ਿਫਟ ਕਰਨ ਅਤੇ ਜੰਗਲਾਤ ਲਈ 500 ਕਰੋੜ ਰੁਪਏ ਰੱਖੇ ਗਏ ਹਨ। ਜੰਗਲਾਤ ਮਹਿਕਮੇ ਵੱਲੋਂ ਜੋ ਕੌਮੀ ਸੜਕ ਮਾਰਗ 'ਤੇ ਪ੍ਰਭਾਵਿਤ ਹੋਣ ਵਾਲੇ ਦਰੱਖਤਾਂ ਦੀ ਅਸੈਸਮੈਂਟ ਕੀਤੀ ਗਈ ਹੈ ਉਸ ਮੁਤਾਬਕ ਗਰੀਨ ਬੈਲਟ ਦਾ 390 ਹੈਕਟੇਅਰ ਰਕਬਾ ਪ੍ਰਭਾਵਿਤ ਹੋਵੇਗਾ ਜਿਸ ਵਿੱਚ ਜ਼ੀਰਕਪੁਰ-ਪਟਿਆਲਾ ਤੱਕ ਦਾ ਰਕਬਾ 110 ਹੈਕਟੇਅਰ ਬਣਦਾ ਹੈ ਜਦੋਂ ਕਿ ਪਟਿਆਲਾ ਤੋਂ ਬਠਿੰਡਾ ਤੱਕ ਦਾ ਰਕਬਾ 280 ਹੈਕਟੇਅਰ ਬਣਦਾ ਹੈ। ਸੂਤਰਾਂ ਅਨੁਸਾਰ ਜ਼ੀਰਕਪੁਰ-ਪਟਿਆਲਾ ਸੜਕ ਨੂੰ ਚਹੁੰਮਾਰਗੀ ਬਣਾਉਣ ਦਾ ਸਮਾਂ ਦੋ ਸਾਲ ਦਾ ਨਿਸ਼ਚਿਤ ਕੀਤਾ ਗਿਆ ਹੈ ਜਦੋਂ ਕਿ ਪਟਿਆਲਾ-ਬਠਿੰਡਾ ਸੜਕ ਦੇ ਮੁਕੰਮਲ ਕਰਨ ਦਾ ਸਮਾਂ ਢਾਈ ਵਰ੍ਹੇ ਰੱਖਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਸੜਕ 'ਤੇ ਟਰੈਫਿਕ ਕਾਫੀ ਵੱਧ ਗਿਆ ਹੈ ਜਿਸ ਕਰ ਕੇ ਸੜਕ ਹਾਦਸੇ ਵੀ ਪਿਛਲੇ ਸਮੇਂ ਵਿੱਚ ਕਾਫੀ ਵੱਧ ਗਏ ਸਨ।
                                         ਟੋਲ ਪਾਲਿਸੀ ਅਨੁਸਾਰ ਟੋਲ ਟੈਕਸ ਲੱਗੇਗਾ: ਨੋਡਲ ਅਫਸਰ
ਲੋਕ ਨਿਰਮਾਣ ਵਿਭਾਗ ਪੰਜਾਬ ਦੇ ਇਸ ਕੌਮੀ ਸੜਕ ਦੇ ਨੋਡਲ ਅਫਸਰ ਐਨ.ਪੀ.ਸਿੰਘ ਦਾ ਕਹਿਣਾ ਹੈ ਕਿ ਜ਼ੀਰਕਪੁਰ-ਬਠਿੰਡਾ ਸੜਕ ਨੂੰ ਚਹੁੰਮਾਰਗੀ ਬਣਾਉਣ ਦਾ ਕੰਮ ਅਲਾਟ ਹੋ ਗਿਆ ਹੈ ਅਤੇ ਸਰਕਾਰ ਵੱਲੋਂ 6 ਮਹੀਨੇ ਦੇ ਅੰਦਰ ਅੰਦਰ ਹਰ ਤਰ੍ਹਾਂ ਦੀ ਪ੍ਰਵਾਨਗੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਪੰਜ ਥਾਵਾਂ 'ਤੇ ਟੋਲ ਟੈਕਸ ਲੱਗੇਗਾ ਅਤੇ ਟੋਲ ਟੈਕਸ ਦੀ ਰਾਸ਼ੀ ਟੋਲ ਪਾਲਿਸੀ ਅਨੁਸਾਰ ਤੈਅ ਕੀਤੀ ਜਾਵੇਗੀ।
                                                      ਕਿਥੇ ਕਿਥੇ ਹੋਵੇਗਾ ਟੋਲ ਪਲਾਜ਼ਾ
ਬਠਿੰਡਾ-ਜ਼ੀਰਕਪੁਰ ਸੜਕ 'ਤੇ ਪੰਜ ਥਾਵਾਂ 'ਤੇ ਟੋਲ ਪਲਾਜ਼ੇ ਸਥਾਪਤ ਕੀਤੇ ਜਾਣਗੇ। ਬਠਿੰਡਾ ਤੇ ਪਟਿਆਲਾ ਦਰਮਿਆਨ ਤਿੰਨ ਟੋਲ ਪਲਾਜ਼ੇ ਅਤੇ ਪਟਿਆਲਾ-ਜ਼ੀਰਕਪੁਰ ਦਰਮਿਆਨ ਦੋ ਟੋਲ ਪਲਾਜ਼ੇ ਸਥਾਪਿਤ ਕੀਤੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟੋਲ ਪਲਾਜ਼ਾ ਰਾਮਪੁਰਾ ਤੇ ਭੁੱਚੋ ਦੇ ਦਰਮਿਆਨ,ਦੂਸਰਾ ਟੋਲ ਪਲਾਜ਼ਾ ਧਨੌਲਾ ਨੇੜੇ, ਤੀਜਾ ਟੋਲ ਪਲਾਜ਼ਾ ਭਵਾਨੀਗੜ੍ਹ ਨੇੜੇ,ਚੌਥਾ ਟੋਲ ਪਲਾਜ਼ਾ ਪਟਿਆਲਾ-ਰਾਜਪੁਰਾ ਵਿਚਕਾਰ ਅਤੇ ਪੰਜਵਾਂ ਟੋਲ ਪਲਾਜ਼ਾ ਰਾਜਪੁਰਾ-ਜ਼ੀਰਕਪੁਰ ਦੇ ਵਿਚਕਾਰ ਸਥਾਪਿਤ ਕੀਤਾ ਜਾਵੇਗਾ।

No comments:

Post a Comment