Friday, April 13, 2012

                             ਬਾਦਲ ਮਾਰਗ
         ਸਿੱਧੀ ਸੜਕ ਮੁਰੱਬਿਆਂ ਨੂੰ ਜਾਵੇ
                            ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਦੇ ਪਿੰਡ ਬਾਦਲ ਨੂੰ ਜਾਂਦੀ ਬਠਿੰਡਾ-ਬਾਦਲ ਸੜਕ ਹੁਣ ਚਹੁੰ ਮਾਰਗੀ ਬਣ ਗਈ ਹੈ। ਸਿਰਫ 15 ਤੋਂ 20 ਫੀਸਦੀ ਕੰਮ ਬਾਕੀ ਹੈ। ਭਾਵੇਂ ਇਸ ਸੜਕ ਮਾਰਗ 'ਤੇ ਬਠਿੰਡਾ-ਪਟਿਆਲਾ ਅਤੇ ਬਠਿੰਡਾ-ਮਾਨਸਾ ਸੜਕ ਵਾਲਾ ਟਰੈਫਿਕ ਲੋਡ ਨਹੀਂ ਹੈ ਪਰ ਸਰਕਾਰ ਨੇ ਇਸ ਮੁੱਖ ਜ਼ਿਲ੍ਹਾ ਸੜਕ ਨੂੰ ਤਰਜੀਹੀ ਆਧਾਰ 'ਤੇ ਮੁਕੰਮਲ ਕਰ ਦਿੱਤਾ ਹੈ। ਬਠਿੰਡਾ ਪੱਟੀ ਵਿੱਚ ਇਕੱਲੀ ਬਠਿੰਡਾ-ਬਾਦਲ ਚਹੁੰ ਮਾਰਗੀ ਸੜਕ ਹੈ, ਜਦੋਂ ਕਿ ਦੂਜੀਆਂ ਪ੍ਰਮੁੱਖ ਸੜਕਾਂ ਤੋਂ ਟਰੈਫਿਕ ਝੱਲਿਆ ਨਹੀਂ ਜਾ ਰਿਹਾ ਹੈ। ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਨੂੰ ਹੁਣ ਚਹੁੰ ਮਾਰਗੀ ਬਣਾਇਆ ਜਾ ਰਿਹਾ ਹੈ, ਜਿਸ 'ਤੇ 2008 ਕਰੋੜ ਰੁਪਏ ਲਾਗਤ ਆਉਣੀ ਹੈ। ਏਨੀ ਵੱਡੀ ਰਾਸ਼ੀ ਲੋਕਾਂ ਦੀ ਜੇਬ ਵਿੱਚੋਂ ਹੀ ਟੋਲ ਟੈਕਸ ਜ਼ਰੀਏ ਕੱਢੀ ਜਾਣੀ ਹੈ। ਸਰਕਾਰੀ ਰਾਸ਼ੀ ਨਾਲ ਇਸ ਕੌਮੀ ਹਾਈਵੇਅ ਨੂੰ ਚਹੁੰ ਮਾਰਗੀ ਨਹੀਂ ਕੀਤਾ ਜਾ ਰਿਹਾ ਹੈ, ਜਦੋਂ ਕਿ ਬਠਿੰਡਾ-ਬਾਦਲ ਸੜਕ ਮਾਰਗ ਨੂੰ ਚਹੁੰ ਮਾਰਗੀ ਕਰਨ ਵਾਸਤੇ ਸਰਕਾਰੀ ਖਜ਼ਾਨੇ ਵਿੱਚੋਂ ਰਾਸ਼ੀ ਵਰਤੀ ਗਈ ਹੈ, ਜਿਸ 'ਤੇ ਕੋਈ ਟੋਲ ਟੈਕਸ ਨਹੀਂ ਲੱਗਣਾ ਹੈ। ਵਿਧਾਨ ਸਭਾ ਪੰਜਾਬ ਵਿੱਚ ਵੀ ਬਠਿੰਡਾ-ਬਾਦਲ ਸੜਕ ਦਾ ਰੌਲਾ ਰੱਪਾ ਪੈ ਚੁੱਕਾ ਹੈ। ਵਿਧਾਨ ਸਭਾ ਚੋਣਾਂ ਕਰਕੇ ਇਸ ਸੜਕ ਦਾ ਕੰਮ ਥੋੜ੍ਹਾ ਢਿੱਲਾ ਹੋ ਗਿਆ ਸੀ, ਜਿਸ ਨੇ ਮੁੜ ਰਫਤਾਰ ਫੜ ਲਈ ਹੈ।
          ਜਾਣਕਾਰੀ ਅਨੁਸਾਰ ਬਠਿੰਡਾ-ਬਾਦਲ ਸੜਕ ਨੂੰ ਚਹੁੰ ਮਾਰਗੀ ਕਰਨ ਦਾ ਕੰਮ ਅਪਰੈਲ 2011 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਛੇ ਮਹੀਨੇ ਵਿੱਚ ਮੁਕੰਮਲ ਕੀਤਾ ਜਾਣਾ ਸੀ। ਹੁਣ ਇਸ ਸੜਕ ਦਾ ਕੰਮ 20 ਕੁ ਫੀਸਦੀ ਬਚਿਆ ਹੈ। ਇਸ ਸੜਕ ਮਾਰਗ ਨੂੰ ਕਰੀਬ 30 ਕਰੋੜ ਰੁਪਏ ਦੀ ਲਾਗਤ ਨਾਲ ਚਹੁੰ ਮਾਰਗੀ ਬਣਾਇਆ ਜਾ ਰਿਹਾ ਹੈ। ਕੇਂਦਰੀ ਰੋਡ ਫੰਡ ਨਾਲ ਇਸ ਸੜਕ ਦੀ ਉਸਾਰੀ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕੇਂਦਰੀ ਰੋਡ ਫੰਡ ਦਾ ਪੈਸਾ ਵਰਤਣ ਵਾਸਤੇ ਪਹਿਲਾਂ ਸੜਕ 'ਤੇ ਟਰੈਫਿਕ ਲੋਡ ਦੇਖਿਆ ਜਾਂਦਾ ਹੈ। ਇੰਡੀਅਨ ਰੋਡ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸੇ ਨੂੰ ਸੜਕ ਨੂੰ ਚਹੁੰ ਮਾਰਗੀ ਬਣਾਉਣ ਤੋਂ ਪਹਿਲਾਂ ਉਸ ਸੜਕ 'ਤੇ ਟਰੈਫਿਕ ਲੋਡ ਬਾਕਾਇਦਾ ਤੈਅ ਕੀਤਾ ਹੋਇਆ ਹੈ। ਸੂਤਰ ਆਖਦੇ ਹਨ ਕਿ ਕੇਂਦਰੀ ਰੋਡ ਫੰਡ ਦਾ ਪੈਸਾ ਲੈਣ ਲਈ ਅਫਸਰਾਂ ਵੱਲੋਂ ਬਠਿੰਡਾ-ਬਾਦਲ ਸੜਕ 'ਤੇ ਟਰੈਫਿਕ ਲੋਡ ਜ਼ਿਆਦਾ ਦਿਖਾ ਦਿੱਤਾ ਗਿਆ ਹੈ, ਜਦੋਂ ਕਿ ਅਮਲੀ ਰੂਪ ਵਿੱਚ ਉਨਾ ਟਰੈਫਿਕ ਹੀ ਨਹੀਂ ਹੈ। ਪਤਾ ਲੱਗਿਆ ਹੈ ਕਿ ਕਾਗਜ਼ਾਂ ਦਾ ਢਿੱਡ ਹੀ ਭਰਿਆ ਗਿਆ ਹੈ। ਇਸ ਸੜਕ ਮਾਰਗ ਨੂੰ ਤਿੰਨ ਪੜਾਵਾਂ ਵਿੱਚ ਵੰਡ ਕੇ ਕੰਮ ਕੀਤਾ ਗਿਆ ਹੈ ਅਤੇ ਵੱਖੋ ਵੱਖਰੀ ਪ੍ਰਵਾਨਗੀ ਲਈ ਗਈ ਹੈ। ਐਤਕੀਂ ਇਸ ਸੜਕ ਮਾਰਗ 'ਤੇ ਆਡਿਟ ਮਹਿਕਮੇ ਨੇ ਵੀ ਉਂਗਲ ਉਠਾ ਦਿੱਤੀ ਹੈ।
           ਤਾਜ਼ਾ ਆਡਿਟ ਵਿੱਚ ਪੈਰਾ ਨੰਬਰ 7 ਵਿੱਚ ਇਸ ਸੜਕ ਦੇ ਕੰਮਾਂ ਦੀਆਂ ਪ੍ਰਵਾਨਗੀਆਂ 'ਤੇ ਸੁਆਲ ਖੜ੍ਹੇ ਕਰਦੇ ਹੋਏ ਆਖਿਆ ਗਿਆ ਹੈ ਕਿ ਇਸ ਸੜਕ 'ਤੇ 1.11 ਕਰੋੜ ਰੁਪਏ ਵਾਧੂ ਖਰਚੇ ਗਏ ਹਨ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਇਕ ਸੁਆਲ ਦੇ ਜੁਆਬ ਵਿੱਚ ਇਹ ਤਰਕ ਦਿੱਤਾ ਗਿਆ ਸੀ ਕਿ ਬਠਿੰਡਾ-ਬਾਦਲ ਸੜਕ ਨੂੰ ਇਸ ਕਰਕੇ ਚਹੁੰ ਮਾਰਗੀ ਬਣਾਇਆ ਗਿਆ ਹੈ ਕਿਉਂਕਿ ਇਸ 'ਤੇ ਟਰੈਫਿਕ ਕਾਫੀ ਵੱਧ ਗਿਆ ਹੈ। ਤਰਕ ਦਿੱਤਾ ਗਿਆ ਕਿ ਇਸ ਸੜਕ 'ਤੇ ਕੇਂਦਰੀ ਯੂਨੀਵਰਸਿਟੀ ਪਿੰਡ ਘੁੱਦਾ ਵਿੱਚ ਬਣ ਰਹੀ ਹੈ। ਇਸ ਇਲਾਕੇ ਵਿੱਚ ਤੇਲ ਸੋਧਕ ਕਾਰਖਾਨਾ ਬਣ ਗਿਆ ਹੈ ਅਤੇ ਇਹੋ ਸੜਕ ਬਠਿੰਡਾ ਦੀ ਰਿੰਗ ਰੋਡ ਨੂੰ ਮਿਲਾਉਂਦੀ ਹੈ। ਇਸ ਸੜਕ ਉਪਰੋਂ ਵਾਇਆ ਰਿੰਗ ਰੋਡ ਨਵੇਂ ਬਣ ਰਹੇ ਹਵਾਈ ਅੱਡੇ ਤੱਕ ਪਹੁੰਚਿਆ ਜਾਣਾ ਹੈ।ਦੱਸਣਯੋਗ ਹੈ ਕਿ ਇਸ ਸੜਕ ਮਾਰਗ ਨੂੰ ਕਾਫੀ ਸਾਲ ਪਹਿਲਾਂ ਕਾਫੀ ਚੌੜਾ ਕੀਤਾ ਗਿਆ ਸੀ ਅਤੇ ਮਜ਼ਬੂਤ ਬਣਾਇਆ ਗਿਆ ਸੀ। ਇਹ ਸੜਕ ਵੀ.ਆਈ.ਪੀ. ਰੋਡ ਵਜੋਂ ਮਸ਼ਹੂਰ ਹੈ ਅਤੇ ਇਸ ਸੜਕ ਮਾਰਗ 'ਤੇ ਜ਼ਿਆਦਾ ਲਾਲ ਬੱਤੀ ਵਾਲੀਆਂ ਗੱਡੀਆਂ ਹੀ ਚੱਲਦੀਆਂ ਹਨ। ਇਸ ਸੜਕ 'ਤੇ ਹੀ ਪੈਂਦੇ ਪਿੰਡ ਕਾਲਝਰਾਨੀ ਵਿੱਚ ਹੈਲੀਪੈਡ ਬਣਾਇਆ ਹੋਇਆ ਹੈ।

No comments:

Post a Comment