Monday, April 2, 2012

                                     ਬੇਵੱਸੀ
    ਕੌਣ ਤਾਰੂ ਫਲੱਡ ਲਾਈਟਾਂ ਦਾ ਬਿੱਲ !
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਫਲੱਡ ਲਾਈਟਾਂ ਲਗਾ ਕੇ ਨਵੇਂ ਸਟੇਡੀਅਮ ਚਮਕਾਂ ਮਾਰਨ ਤਾਂ ਲਾ ਦਿੱਤੇ ਹਨ ਪਰ ਇਨ੍ਹਾਂ ਲਾਈਟਾਂ ਦੇ ਬਿਜਲੀ ਬਿੱਲ ਤਾਰਨ ਲਈ ਕੋਈ ਫੰਡ ਨਹੀਂ ਰੱਖਿਆ। ਫਲੱਡ ਲਾਈਟਾਂ ਦਾ ਬਿਜਲੀ ਬਿੱਲ ਹੁਣ ਖੇਡ ਮਹਿਕਮੇ ਨੂੰ ਕਰੰਟ ਮਾਰਨ ਲੱਗਾ ਹੈ। ਖੇਡ ਵਿਭਾਗ ਹੁਣ ਇਨ੍ਹਾਂ ਫਲੱਡ ਲਾਈਟਾਂ ਦਾ ਬਿਜਲੀ ਬਿੱਲ ਭਰਨ ਤੋਂ ਹੱਥ ਖੜ੍ਹੇ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ 16 ਨਵੇਂ ਖੇਡ ਸਟੇਡੀਅਮ ਬਣਾਏ ਗਏ ਹਨ ਜਿਨ੍ਹਾਂ 'ਚੋਂ ਅੱਠ ਖੇਡ ਸਟੇਡੀਅਮਾਂ ਵਿੱਚ ਫਲੱਡ ਲਾਈਟਾਂ ਲਗਾਈਆਂ ਗਈਆਂ ਹਨ। ਇਨ੍ਹਾਂ ਫਲੱਡ ਲਾਈਟਾਂ 'ਤੇ ਸਰਕਾਰ ਨੇ 19.92 ਕਰੋੜ ਰੁਪਏ ਖਰਚ ਕੀਤੇ ਹਨ। ਕਰੋੜਾਂ ਰੁਪਏ ਵਾਲੀਆਂ ਫਲੱਡ ਲਾਈਟਾਂ ਦੀ ਬਿਜਲੀ ਖਪਤ ਵੀ ਕੋਈ ਮਾਮੂਲੀ ਨਹੀਂ ਹੈ। ਦੂਜਾ ਵਿਸ਼ਵ ਕਬੱਡੀ ਕੱਪ ਕਰਾਉਣ ਤੋਂ ਪਹਿਲਾਂ ਇਹ ਫਲੱਡ ਲਾਈਟਾਂ ਲਾਈਆਂ ਗਈਆਂ ਹਨ। ਬਠਿੰਡਾ ਵਿੱਚ ਬਹੁਮੰਤਵੀ ਸਪੋਰਟਸ ਸਟੇਡੀਅਮ ਬਣਾਇਆ ਗਿਆ ਹੈ ਜਿਸ 'ਤੇ 10.44 ਕਰੋੜ ਰੁਪਏ ਖਰਚੇ ਗਏ ਹਨ ਜਿਨ੍ਹਾਂ 'ਚੋਂ 7.58 ਕਰੋੜ ਰੁਪਏ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਖਰਚੇ ਗਏ ਹਨ। ਇਸ ਮੁੱਖ ਖੇਡ ਸਟੇਡੀਅਮ ਵਿੱਚ 2.86 ਕਰੋੜ ਰੁਪਏ ਦੀਆਂ ਫਲੱਡ ਲਾਈਟਾਂ ਲਗਾਈਆਂ ਗਈਆਂ ਹਨ। ਫਲੱਡ ਲਾਈਟਾਂ ਵਾਲੇ ਸਟੇਡੀਅਮ ਦੇ ਚਾਰ ਚੁਫੇਰੇ ਚਾਰ ਪ੍ਰਮੁੱਖ ਪੋਲ ਹਨ ਜਿਨ੍ਹਾਂ 'ਤੇ ਕਰੀਬ 192 ਲਾਈਟਾਂ ਲੱਗੀਆਂ ਹੋਈਆਂ ਹਨ। ਦੂਜੇ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਵੀ ਇਨ੍ਹਾਂ ਫਲੱਡ ਲਾਈਟਾਂ ਦੀ ਰੋਸ਼ਨੀ 'ਚ ਹੀ ਹੋਇਆ ਸੀ।
        ਖੇਡ ਵਿਭਾਗ ਬਠਿੰਡਾ ਨੂੰ ਇਨ੍ਹਾਂ ਫਲੱਡ ਲਾਈਟਾਂ ਲਈ 64.28 ਕਿਲੋਵਾਟ ਲੋਡ ਵਾਲਾ ਇੱਕ ਨਵਾਂ ਬਿਜਲੀ ਕੁਨੈਕਸ਼ਨ ਲੈਣਾ ਪਿਆ ਸੀ। ਖੇਡ ਵਿਭਾਗ ਕੋਲ ਇੱਥੇ ਪਹਿਲਾਂ ਵੀ ਦੋ ਬਿਜਲੀ ਕੁਨੈਕਸ਼ਨ ਸਨ ਜਿਨ੍ਹਾਂ ਦਾ ਲੋਡ 20 ਕਿਲੋਵਾਟ ਦੇ ਕਰੀਬ ਹੈ। ਅਕਤੂਬਰ 2011 ਵਿੱਚ ਫਲੱਡ ਲਾਈਟਾਂ ਲਈ ਬਿਜਲੀ ਕੁਨੈਕਸ਼ਨ ਲਿਆ ਗਿਆ ਸੀ। ਫਲੱਡ ਲਾਈਟਾਂ ਦਾ ਇੱਕ ਮਹੀਨੇ ਦਾ ਬਿਜਲੀ ਬਿੱਲ ਜਦੋਂ 61 ਹਜ਼ਾਰ ਰੁਪਏ ਆ ਗਿਆ ਤਾਂ ਖੇਡ ਮਹਿਕਮਾ ਹਿੱਲ ਗਿਆ। ਉਸ ਮਗਰੋਂ ਆਏ ਬਿਜਲੀ ਬਿੱਲਾਂ ਨੇ ਮਹਿਕਮੇ ਦੀ ਤੋਬਾ ਕਰਾ ਦਿੱਤੀ। ਖੇਡ ਵਿਭਾਗ ਬਠਿੰਡਾ ਨੇ ਹੁਣ ਫਲੱਡ ਲਾਈਟਾਂ ਵਾਲਾ ਬਿਜਲੀ ਕੁਨੈਕਸ਼ਨ ਕਟਵਾਉਣ ਲਈ ਪਾਵਰਕੌਮ ਨੂੰ ਦਰਖਾਸਤ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਜੇਕਰ ਫਲੱਡ ਲਾਈਟਾਂ ਲਗਾਤਾਰ ਬੰਦ ਵੀ ਰਹਿੰਦੀਆਂ ਹਨ ਤਾਂ ਵੀ ਖੇਡ ਮਹਿਕਮੇ ਨੂੰ ਇਨ੍ਹਾਂ ਦਾ ਘੱਟੋ ਘੱਟ ਬਿੱਲ ਕਰੀਬ 20 ਹਜ਼ਾਰ ਰੁਪਏ ਮਹੀਨਾ ਤਾਰਨਾ ਪਵੇਗਾ। ਮਹਿਕਮੇ ਕੋਲ ਫੰਡ ਨਹੀਂ ਹਨ। ਮਹਿਕਮੇ ਕੋਲ ਜੋ ਪਹਿਲਾਂ ਦੋ ਬਿਜਲੀ ਕੁਨੈਕਸ਼ਨ ਹਨ ਉਨ੍ਹਾਂ ਦਾ ਬਿਜਲੀ ਬਿੱਲ ਦੋ ਮਹੀਨਿਆਂ ਦਾ ਕਰੀਬ 10 ਹਜ਼ਾਰ ਰੁਪਏ ਆਉਂਦਾ ਹੈ। ਪ੍ਰਤੀ ਮਹੀਨਾ ਪੰਜ ਹਜ਼ਾਰ ਰੁਪਏ ਬਿਜਲੀ ਬਿੱਲ ਤਾਰਨਾ ਮਹਿਕਮੇ ਨੂੰ ਔਖਾ ਨਹੀਂ ਲੱਗਦਾ।
        ਜ਼ਿਲ੍ਹਾ ਖੇਡ ਅਫਸਰ ਬਠਿੰਡਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਜਲੀ ਕੁਨੈਕਸ਼ਨ ਕਟਾਉਣ ਲਈ ਲਿਖ ਦਿੱਤਾ ਹੈ। ਜਦੋਂ ਲੋੜ ਪਵੇਗੀ ਤਾਂ ਉਹ ਮੁੜ ਆਰਜੀ ਕੁਨੈਕਸ਼ਨ ਲੈ ਲੈਣਗੇ। ਇਥੇ ਸਰਕਾਰੀ ਰਜਿੰਦਰਾ ਕਾਲਜ ਵਿੱਚ ਇੱਕ ਨਵਾਂ ਹਾਕੀ ਸਟੇਡੀਅਮ ਬਣਾਇਆ ਗਿਆ ਹੈ ਜਿਸ ਦੀ ਲਾਗਤ 5.50 ਕਰੋੜ ਰੁਪਏ ਹੈ। ਇਸ ਹਾਕੀ ਸਟੇਡੀਅਮ ਲਈ ਨਗਰ ਸੁਧਾਰ ਟਰੱਸਟ ਬਠਿੰਡਾ ਵੱਲੋਂ ਫੰਡ ਦਿੱਤੇ ਗਏ ਹਨ। ਹਾਕੀ ਸਟੇਡੀਅਮ ਵਿੱਚ ਵੀ ਹੁਣ ਦੋ ਕਰੋੜ ਰੁਪਏ ਦੀ ਲਾਗਤ ਨਾਲ ਫਲੱਡ ਲਾਈਟਾਂ ਲਗਾਈਆਂ ਗਈਆਂ ਹਨ। ਹਾਕੀ ਸਟੇਡੀਅਮ ਵਿੱਚ ਲਾਈਟਾਂ ਲੱਗ ਚੁੱਕੀਆਂ ਹਨ ਪ੍ਰੰਤੂ ਇਨ੍ਹਾਂ ਲਾਈਟਾਂ ਲਈ ਨਵਾਂ ਬਿਜਲੀ ਕੁਨੈਕਸ਼ਨ ਲੈਣ ਲਈ ਮਹਿਕਮੇ ਕੋਲ ਪੈਸੇ ਨਹੀਂ ਹਨ। ਕੁਝ ਦਿਨ ਪਹਿਲਾਂ ਇਨ੍ਹਾਂ ਫਲੱਡ ਲਾਈਟਾਂ ਦੀ ਟੈਸਟਿੰਗ ਵੀ ਜੈਨਰੇਟਰ ਚਲਾ ਕੇ ਕੀਤੀ ਗਈ ਹੈ। ਸੂਤਰਾਂ ਮੁਤਾਬਕ ਨਵਾਂ ਕੁਨੈਕਸ਼ਨ ਲੈਣ ਲਈ ਸਕਿਊਰਿਟੀ ਰਾਸ਼ੀ ਕਾਫੀ ਭਰਨੀ ਪਵੇਗੀ। ਇਸ ਲਈ ਫਲੱਡ ਲਾਈਟਾਂ ਲਈ ਨਵਾਂ ਕੁਨੈਕਸ਼ਨ ਲੈਣ ਦਾ ਵਿਚਾਰ ਤਿਆਗ ਦਿੱਤਾ ਗਿਆ ਹੈ। ਫੈਸਲਾ ਕੀਤਾ ਗਿਆ ਹੈ ਕਿ ਜੈਨਰੇਟਰ ਨਾਲ ਹੀ ਫਲੱਡ ਲਾਈਟਾਂ ਚਲਾਈਆਂ ਜਾਣਗੀਆਂ। ਮੁਹਾਲੀ ਵਿੱਚ ਹਾਕੀ ਸਟੇਡੀਅਮ ਵਿੱਚ ਜੋ ਫਲੱਡ ਲਾਈਟਾਂ ਲਗਾਈਆਂ ਹਨ ਉਨ੍ਹਾਂ 'ਤੇ ਵੀ 2.16 ਕਰੋੜ ਰੁਪਏ ਖਰਚ ਆਏ ਹਨ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਦੀਆਂ ਫਲੱਡ ਲਾਈਟਾਂ 'ਤੇ 2.16 ਕਰੋੜ ਰੁਪਏ ਖਰਚ ਆਏ ਹਨ ਅਤੇ ਇਹ ਖਰਚ ਪੀ.ਆਈ.ਡੀ.ਬੀ ਵੱਲੋਂ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਹੀ ਇੱਕ ਹੋਰ ਬਹੁਮੰਤਵੀ ਖੇਡ ਸਟੇਡੀਅਮ ਦੀਆਂ ਫਲੱਡ ਲਾਈਟਾਂ 'ਤੇ 2.86 ਕਰੋੜ ਰੁਪਏ ਖਰਚ ਆਏ ਹਨ। ਇਨ੍ਹਾਂ ਫਲੱਡ ਲਾਈਟਾਂ ਦਾ ਬਿਜਲੀ ਬਿੱਲ ਵੀ ਮਹਿਕਮੇ ਦਾ ਲੱਕ ਤੋੜਨ ਵਾਲਾ ਹੈ।
        ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਬਣਾਏ ਨਵੇਂ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਵੀ ਫਲੱਡ ਲਾਈਟਾਂ ਦਾ ਬਜਟ 2.86 ਕਰੋੜ ਰੁਪਏ ਦਾ ਸੀ। ਫਲੱਡ ਲਾਈਟਾਂ ਚਲਾਉਣ ਖਾਤਰ ਬਿਜਲੀ ਲੋਡ ਜ਼ਿਆਦਾ ਲੈਣਾ ਪੈਂਦਾ ਹੈ ਜਿਸ ਦੀ ਬਿਜਲੀ ਸਕਿਊਰਿਟੀ ਹੀ ਕਾਫੀ ਬਣ ਜਾਂਦੀ ਹੈ। ਜਲੰਧਰ ਵਿੱਚ ਬਣਾਏ ਬਹੁਮੰਤਵੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀਆਂ ਫਲੱਡ ਲਾਈਟਾਂ ਦਾ ਖਰਚਾ ਵੀ 2.86 ਕਰੋੜ ਰੁਪਏ ਹੈ। ਇਨ੍ਹਾਂ ਖੇਡ ਸਟੇਡੀਅਮਾਂ ਵਿੱਚ ਹੀ ਦੂਜਾ ਵਿਸ਼ਵ ਕਬੱਡੀ ਕੱਪ ਕਰਾਇਆ ਗਿਆ ਸੀ। ਜਗਮਗ ਕਰਦੇ ਸਟੇਡੀਅਮਾਂ ਨੇ ਸਰਕਾਰ ਦੀ ਚੰਗੀ ਭੱਲ ਬਣਾਈ ਸੀ। ਪਹਿਲੇ ਮਹੀਨਿਆਂ ਵਿੱਚ ਤਾਂ ਇਨ੍ਹਾਂ ਫਲੱਡ ਲਾਈਟਾਂ ਦਾ ਬਿਜਲੀ ਬਿੱਲ ਵਿੱਤੋ ਬਾਹਰ ਸੀ ਪਰ ਫਿਰ ਵੀ ਖੇਡ ਮਹਿਕਮੇ ਨੇ ਇਹ ਬਿੱਲ ਭਰ ਦਿੱਤਾ। ਖੇਡ ਵਿਭਾਗ ਦੇ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਬਿਜਲੀ ਬਿੱਲ ਲਈ ਨਿਸ਼ਚਿਤ ਫੰਡ ਮਿਲਦਾ ਹੈ ਜੇਕਰ ਸਰਕਾਰ ਬਿਜਲੀ ਲਈ ਵੱਖਰੇ ਫੰਡ ਸਾਲਾਨਾ ਦਿੰਦੀ ਹੈ ਤਾਂ ਇਨ੍ਹਾਂ ਫਲੱਡ ਲਾਈਟਾਂ ਦਾ ਬਿੱਲ ਭਰਨਾ ਕੋਈ ਔਖਾ ਨਹੀਂ ਹੈ।

No comments:

Post a Comment