Wednesday, March 28, 2012

                                       ਪੈਲੀਆਂ ਦੇ ਵਾਰਸ਼
                              ਦੁੱਲਾ ਜੱਟ ਪੰਜਾਬ ਦਾ....
                                       ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦਾ ਦੁੱਲਾ ਜੱਟ ਹੁਣ ਲੇਬਰ ਚੌਂਕ 'ਚ ਖੜ•ਦਾ ਹੈ। ਕਸੂਰ ਲੱਧੀ ਮਾਂ ਦਾ ਨਹੀਂ,ਹਕੂਮਤਾਂ ਦਾ ਹੈ। ਤਾਹੀਓ ਉਸ ਨੂੰ ਲੇਬਰ ਚੌਂਕ ਦਾ ਮਜ਼ਦੂਰ ਬਣਨਾ ਪਿਆ ਹੈ। ਪੈਲੀਆਂ ਦੇ ਵਾਰਸ਼ ਹੁਣ ਖੇਤਾਂ ਨੂੰ ਤਰਸ ਗਏ ਹਨ। ਪੇਂਡੂ ਮਾਲਵਾ ਤਾਂ ਦੁੱਲੇ ਭੱਟੀ ਦੀ 'ਪਿੰਡੀ' ਵਾਂਗ ਜਰਖੇਜ ਸੀ। ਸਮੇਂ ਦੀ ਮਾਰ ਝੱਲਣੋਂ ਬੇਵੱਸ ਕੁਝ ਤਾਂ ਖੇਤਾਂ ਦੀ ਮਿੱਟੀ 'ਚ ਹੀ ਮਿਲ ਗਏ। ਬਾਕੀ ਕਿਸਾਨ ਸਮੇਂ ਦੇ 'ਅਕਬਰਾਂ' ਨੂੰ ਜਗਾਉਣ ਲਈ ਕਦੇ ਸੜਕਾਂ 'ਤੇ ਬੈਠਦੇ ਹਨ ਤੇ ਕਦੇ ਰੇਲ ਮਾਰਗਾਂ 'ਤੇ ਪੈਂਦੇ ਹਨ। ਅੱਜ ਦੇ ਦੁੱਲੇ ਜੱਟ ਤਾਂ ਜੰਮਦੇ ਹੀ ਕਰਜ਼ੇ 'ਚ ਹਨ। ਭਲਕੇ 26 ਮਾਰਚ ਨੂੰ ਉਸ ਦੁੱਲੇ ਭੱਟੀ ਦਾ ਸ਼ਹੀਦੀ ਦਿਹਾੜਾ ਹੈ ਜਿਸ ਨੇ ਆਪਣੇ ਪਿਉ ਦਾਦੇ ਵਾਂਗ ਅਕਬਰ ਬਾਦਸ਼ਾਹ ਨਾਲ ਟੱਕਰ ਲਈ ਸੀ। ਠੀਕ ਇਸ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਦੁੱਲੇ ਜੱਟ ਦੀ ਵੀ ਜ਼ਿੰਦਗੀ ਫਰੋਲਣੀ ਬਣਦੀ ਹੈ। ਬਠਿੰਡਾ ਜ਼ਿਲ•ੇ ਦੇ ਪਿੰਡ ਬੁਰਜ ਮਹਿਮਾ ਦਾ ਕਾਲਾ ਸਿੰਘ ਹੁਣ ਬਠਿੰਡਾ ਦੇ ਲੇਬਰ ਚੌਂਕ ਦਾ ਇੱਕ ਮਜ਼ਦੂਰ ਹੈ। ਕਦੇ ਉਹ ਖੇਤਾਂ ਦਾ ਮਾਲਕ ਸੀ। ਜਦੋਂ ਖੇਤ ਰੁੱਸ ਗਏ ਤੇ ਹਕੂਮਤਾਂ ਨੇ ਢਾਰਸ ਨਾ ਦਿੱਤੀ, ਉਸ ਦੀ ਜ਼ਿੰਦਗੀ ਦਾ ਪਿਛਲਾ ਪਹਿਰ ਸ਼ੁਰੂ ਹੋ ਗਿਆ। ਉਸ ਦੇ ਬਾਪ ਦੀ ਮੌਤ ਹੋ ਗਈ। ਕਰਜ਼ਿਆਂ ਵਿੱਚ ਉਸ ਹੱਥੋਂ ਛੇ ਏਕੜ ਜ਼ਮੀਨ ਨਿਕਲ ਗਈ। ਖੇਤਾਂ ਦੀ ਸੁੱਖ ਲਈ ਉਸ ਨੇ ਸਾਹੂਕਾਰਾਂ ਕੋਲ ਵੀ ਲੇਲੜੀਆਂ ਕੱਢੀਆਂ।
        ਇਸ ਦੁੱਲੇ ਜੱਟ ਦੇ ਟਰੈਕਟਰ ਵੀ ਵਿਕ ਗਏ ਤੇ ਪਸ਼ੂ ਵੀ। ਜਦੋਂ ਉਸ ਨੇ ਜ਼ਿੰਦਗੀ ਤੋਰਨ ਲਈ ਦਿਹਾੜੀ ਕਰਨੀ ਸ਼ੁਰੂ ਕੀਤੀ ਤਾਂ ਉਸਨੂੰ ਪਿੰਡ ਦੇ ਲੋਕਾਂ ਵਲੋਂ ਮਾਰੇ ਤਾਹਣਿਆਂ ਚੋਂ ਨੰਦੀ ਮਰਾਸਣ ਦੇ ਤਾਹਣੇ ਵਰਗਾ ਝਉਲਾ ਪਿਆ ਜਿਸ ਨੰਦੀ ਮਰਾਸਣ ਨੇ ਦੁੱਲੇ ਭੱਟੀ ਦੀ ਅਣਖ ਜਗਾਉਣ ਲਈ ਬੋਲੀ ਮਾਰੀ ਸੀ। ਕਾਲਾ ਸਿੰਘ ਹੁਣ ਨਿੱਤ ਨਵੇਂ ਘਰ ਦਾ ਮਜ਼ਦੂਰ ਬਣਦਾ ਹੈ। ਉਸ ਨੇ ਪਹਿਲਾਂ ਹਵਾਈ ਅੱਡੇ 'ਤੇ ਵੀ ਮਜ਼ਦੂਰੀ ਕੀਤੀ। ਪਿੰਡ ਮਾੜੀ ਦੀ ਅੱਜ ਦੀ ਲੱਧੀ ਮਾਂ ਬਚਨ ਕੌਰ ਦੇ ਤਾਂ ਪੰਜ ਦੁੱਲੇ ਸਨ। ਰੁੱਸੇ ਹੋਏ ਖੇਤਾਂ ਨੇ ਚਾਰ ਪੁੱਤਾਂ ਤੋਂ ਜ਼ਿੰਦਗੀ ਹੀ ਖੋਹ ਲਈ। ਇੱਕ ਪੁੱਤ ਸੜਕ ਹਾਦਸੇ 'ਚ ਚਲਾ ਗਿਆ ਜਦੋਂ ਤਿੰਨ ਪੁੱਤ ਖੁਦਕਸ਼ੀ ਦੇ ਰਾਹ ਚਲੇ ਗਏ। 70 ਵਰਿ•ਆਂ ਦੀ ਮਾਂ ਬਚਨ ਕੌਰ ਦੀ ਚਾਰ ਏਕੜ ਜ਼ਮੀਨ ਕਰਜ਼ਿਆਂ ਵਿੱਚ ਵਿਕ ਗਈ ਹੈ। ਡੇਢ ਏਕੜ ਜ਼ਮੀਨ ਗਹਿਣੇ ਹੈ। ਚਾਰ ਪੁੱਤਾਂ ਦੀ ਮੌਤ ਵੀ ਕਰਜ਼ਿਆਂ ਦਾ ਬੋਝ ਘਟਾ ਨਹੀਂ ਸਕੀ। ਇੱਕ ਮ੍ਰਿਤਕ ਪੁੱਤ ਦਾ ਬਿਜਲੀ ਵਾਲੇ ਮੀਟਰ ਵੀ ਪੁੱਟ ਕੇ ਲੈ ਗਏ ਹਨ। ਇਸ ਮਾਂ ਦੀ ਇੱਕ ਧੀਅ ਵੀ ਜਹਾਨੋ ਚਲੀ ਗਈ ਹੈ। ਇਸ ਲੱਧੀ ਮਾਂ ਦਾ ਦੋਹਤਾ ਨਾਇਬ ਸਿੰਘ ਹੁਣ ਪੈਲੀਆਂ ਦਾ ਵਾਰਸ ਬਣਨ ਦੀ ਥਾਂ ਲੇਬਰ ਚੌਂਕ ਦਾ ਮਜ਼ਦੂਰ ਬਣ ਗਿਆ। ਜਦੋਂ ਇਸ ਬਜ਼ੁਰਗ ਨੂੰ ਪੁੱਛਿਆ ਕਿ 'ਜੱਟਾਂ ਦਾ ਪੁੱਤ ਹੋ ਕੇ ਦਿਹਾੜੀ ? ਉਸ ਦਾ ਜੁਆਬ ਸੀ,' ਭੁੱਖਾ ਮਰਦਾ ਬੰਦਾ ਕੀ ਨਹੀਂ ਕਰਦਾ'।
          ਪਿੰਡ ਤੁੰਗਵਾਲੀ ਦੀ ਮਾਂ ਪਰਮਜੀਤ ਕੌਰ ਜਦੋਂ ਨੌਜਵਾਨ ਪੁੱਤ ਬਲਵਿੰਦਰ ਸਿੰਘ  ਨੂੰ ਦਿਹਾੜੀ ਜਾਂਦੇ ਨੂੰ ਦੇਖਦੀ ਹੈ ਤਾਂ ਉਸ ਦੇ ਧੂਹ ਕਲੇਜੇ ਪੈਂਦੀ ਹੈ। ਕਦੇ ਬਲਵਿੰਦਰ ਦੇ ਪਿਉ ਦਾਦੇ ਮੁਰੱਬਿਆਂ ਦੇ ਮਾਲਕ ਸਨ। ਵਕਤ ਨੇ ਏਦਾ ਦੀ ਮਾਰ ਪਾਈ ਕਿ ਅੱਜ ਉਹ ਪਿੰਡਾਂ ਵਿੱਚ ਦਿਹਾੜੀ ਕਰਦਾ ਹੈ। ਉਸ ਦੇ ਬਾਪ ਗੁਰਬਚਨ ਸਿੰਘ ਨੂੰ ਕੈਂਸਰ ਦੀ ਬਿਮਾਰੀ ਸੀ ਜਿਸ ਦੇ ਇਲਾਜ ਲਈ ਦੋ ਲੱਖ ਰੁਪਏ ਦਾ ਕਰਜ਼ਾ ਵੀ ਚੁੱਕਿਆ ਪ੍ਰੰਤੂ ਉਹ ਬਚ ਨਾ ਸਕਿਆ। ਹੁਣ ਪੁੱਤ ਦਿਹਾੜੀ ਕਰਕੇ ਬੈਂਕ ਦੀਆਂ ਕਿਸਤਾਂ ਤਾਰਦਾ ਹੈ। ਉਹ ਦੱਸਦਾ ਹੈ ਕਿ ਜਦੋਂ ਪਹਿਲੇ ਦਿਨ ਦਿਹਾੜੀ ਕਰਨੀ ਪਈ ਤਾਂ ਕਈ ਦਿਨ ਨੀਂਦ ਨਾ ਆਈ। ਹੁਣ ਕੋਈ ਚਾਰਾ ਨਹੀਂ ਬਚਿਆ। ਮਾਂ ਆਖਦੀ ਹੈ ਕਿ ਉਨ•ਾਂ ਨੂੰ ਸਮੇਂ ਨੇ ਆਹ ਦਿਨ ਵਿਖਾ ਦਿੱਤੇ ਹਨ। ਬਲਵਿੰਦਰ ਸਿੰਘ ਦਾ ਦੂਸਰਾ ਅਣਪੜ ਭਰਾ ਅਮਰੂਦਾਂ ਦੇ ਬਾਗ ਦੀ ਰਾਖੀ ਕਰਦਾ ਹੈ। ਪਿੰਡ ਕੋਟੜਾ ਕੌੜਿਆਂ ਤੋਂ ਕਰੀਬ ਇੱਕ ਦਰਜ਼ਨ ਜੱਟਾਂ ਦੇ ਮੁੰਡੇ ਲਹਿਰਾ ਥਰਮਲ ਵਿੱਚ ਦਿਹਾੜੀ ਕਰਨ ਜਾਂਦੇ ਹਨ। ਬਹੁਤੇ ਮੁੰਡੇ ਸ਼ਹਿਰਾਂ ਵਿੱਚ ਕਾਰੀਗਰਾਂ ਨਾਲ ਲੱਗੇ ਹੋਏ ਹਨ। ਲਹਿਰਾ ਮੁਹੱਬਤ ਪਿੰਡ ਦਾ ਭੋਲਾ ਸਿੰਘ ਵੀ ਹੁਣ ਥਰਮਲ ਵਿੱਚ ਮਜ਼ਦੂਰੀ ਕਰਦਾ ਹੈ।
        ਪਿੰਡ ਸੰਦੋਹਾ ਦਾ ਦੁੱਲਾ ਜੱਟ ਬਲਵੀਰ ਸਿੰਘ ਹੁਣ ਪਿੰਡਾਂ ਵਿੱਚ ਦਿਹਾੜੀ ਕਰਦਾ ਹੈ। ਉਸ ਦੇ ਬਾਪ ਕੋਲ 10 ਏਕੜ ਜ਼ਮੀਨ ਸੀ। ਖੇਤਾਂ ਨੇ ਜਦੋਂ ਭਾਰ ਨਾ ਝੱਲਿਆ ਤਾਂ ਇਸ ਪਰਿਵਾਰ ਨੂੰ ਮਜ਼ਬੂਰੀ ਵਿੱਚ ਕਰਜ਼ੇ ਚੁੱਕਣੇ ਪਏ। ਪੰਜ ਭੈਣਾਂ ਦੇ ਵਿਆਹ ਸਾਹੇ ਕਰਨੇ ਵੀ ਪਰਿਵਾਰ ਨੂੰ ਕਿਹੜਾ ਸੌਖੇ ਸਨ। ਹੁਣ ਇਸ ਪਰਿਵਾਰ ਕੋਲ ਸਿਰਫ ਡੇਢ ਏਕੜ ਜ਼ਮੀਨ ਬਚੀ ਹੈ। ਜੋ ਬੈਂਕ ਵਲੋਂ ਕਿਸੇ ਵੇਲੇ ਵੀ ਕੁਰਕ ਕੀਤੀ ਜਾ ਸਕਦੀ ਹੈ। ਬਲਵੀਰ ਸਿੰਘ ਖੁਦ ਹੁਣ ਮੌੜ ਮੰਡੀ ਜਾਂ ਫਿਰ ਪਿੰਡਾਂ ਵਿੱਚ ਦਿਹਾੜੀ ਕਰਨ ਜਾਂਦਾ ਹੈ। ਇਸੇ ਪਿੰਡ ਦਾ ਤਾਰ ਸਿੰਘ ਵੀ ਦਿਹਾੜੀ ਕਰਦਾ ਹੈ। ਉਸ ਦੀ ਢਾਈ ਏਕੜ ਜ਼ਮੀਨ ਵਿਕ ਚੁੱਕੀ ਹੈ। ਉਸ ਦਾ ਕਹਿਣਾ ਸੀ ਕਿ, ਜੁਆਕ ਪਾਲਣ ਖਾਤਰ, ਦਿਹਾੜੀ ਕਰਨ ਦਾ ਕੋਈ ਮਿਹਣਾ ਨਹੀਂ। ਇਸ ਪਿੰਡ ਦੇ ਦਰਜ਼ਨ ਦੇ ਕਰੀਬ ਕਿਸਾਨ ਹੁਣ ਦਿਹਾੜੀ ਕਰਦੇ ਹਨ। ਪੰਜਾਬ ਖੇਤੀਬਾੜੀ ਵਰਸਿਟੀ ਦੇ ਡਾ.ਸੁਖਪਾਲ ਸਿੰਘ ਵਲੋਂ ਕੀਤੀ ਸਟੱਡੀ ਅਨੁਸਾਰ ਕਰੀਬ ਡੇਢ ਦਹਾਕੇ ਦੌਰਾਨ ਪੰਜਾਬ ਦੇ 2 ਲੱਖ ਕਿਸਾਨ ਖੇਤੀ ਚੋਂ ਬਾਹਰ ਹੋ ਗਏ ਹਨ। ਇਨ•ਾਂ ਖੇਤੀਂ ਚੋਂ ਵਿਰਵੇ ਹੋਏ ਪੰਜਾਬ ਦੇ ਇਨ•ਾਂ ਕਿਸਾਨਾਂ ਚੋਂ 22 ਫੀਸਦੀ ਮਜ਼ਦੂਰ ਬਣ ਗਏ ਹਨ ਜਿਨ•ਾਂ ਦੀ ਗਿਣਤੀ ਇਸ ਹਿਸਾਬ ਨਾਲ 44 ਹਜ਼ਾਰ ਬਣਦੀ ਹੈ।
        ਬਠਿੰਡਾ ਦੇ ਲੇਬਰ ਚੌਂਕ ਵਿੱਚ ਖੜਨ ਵਾਲੇ ਦਰਜ਼ਨਾਂ ਮਜ਼ਦੂਰ ਕਿਸਾਨ ਪਰਿਵਾਰਾਂ ਚੋਂ ਹੀ ਸਨ। ਜਦੋਂ ਗੱਲ ਕੀਤੀ ਤਾਂ ਸ਼ਰਮ ਦੇ ਮਾਰੇ ਬਹੁਤੇ ਨਾਮ ਦੱਸਣ ਤੋਂ ਹੀ ਟਾਲਾ ਵੱਟ ਗਏ। ਇੱਕ ਕਿਸਾਨ ਦਾ ਕਹਿਣਾ ਸੀ ਕਿ ਸੁੰਡੀ ਨੇ ਉਨ•ਾਂ ਦੇ ਘਰ ਕੰਗਾਲ ਕਰ ਦਿੱਤਾ। ਨਰਮੇ ਕਪਾਹ 'ਤੇ ਕਰਜ਼ੇ ਚੁੱਕ ਕੇ ਸਪਰੇਆਂ ਕਰਦੇ ਰਹੇ ਪ੍ਰੰਤੂ ਪੱਲੇ ਕੁਝ ਨਾ ਪਿਆ। ਆਖਰ ਪੈਲੀ ਵੇਚਣੀ ਪਈ। ਉਸ ਨੇ ਆਖਿਆ ਕਿ 'ਕਾਹਦੇ ਦੁੱਲੇ ਜੱਟ ਹਾਂ, ਕਰਜ਼ੇ ਨੇ ਮਾਰ ਦਿੱਤੀਆਂ ਅਣਖਾਂ।' ਏਦਾ ਦੇ ਹਜ਼ਾਰਾਂ ਕਿਸਾਨ ਹਨ, ਜੋ ਖੇਤਾਂ ਚੋਂ ਬਾਹਰ ਹੋ ਗਏ ਹਨ ਅਤੇ ਉਨ•ਾਂ ਨੂੰ ਦਿਹਾੜੀ ਕਰਨੀ ਪੈ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਮੌਜੂਦਾ ਦੁੱਲਾ ਜੱਟ ਦੀ ਇਸ ਤਰਾਸਦੀ ਲਈ ਸਰਕਾਰਾਂ ਜਿੰਮੇਵਾਰ ਹਨ ਜੋ ਉਸ ਦੀ ਬਦਹਾਲੀ ਨੂੰ ਦੇਖਦੀਆਂ ਤਾਂ ਰਹੀਆਂ ਪ੍ਰੰਤੂ ਕੋਈ ਇਲਾਜ ਨਹੀਂ ਕੀਤਾ। ਉਨ•ਾਂ ਦਾ ਕਹਿਣਾ ਸੀ ਕਿ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਪੰਜਾਬ ਦੇ ਦੁੱਲੇ ਜੱਟ ਹੋਰ ਸਮਾਂ ਟਿੱਕ ਕੇ ਨਹੀਂ ਬੈਠਣਗੇ। ਇਨਕਲਾਬੀ ਗਾਇਕ ਜਗਸੀਰ ਜੀਦਾ ਨੇ ਅੱਜ ਦੇ ਦੁੱਲੇ ਜੱਟ ਦੀ ਤਰਾਸਦੀ ਇੰਝ ਬਿਆਨ ਕੀਤੀ ਹੈ
                                                  ਦੁੱਲਾ ਜੱਟ ਪੰਜਾਬ ਦਾ ਪੈ ਗਿਆ ਖੁਦਕਸ਼ੀਆਂ ਦੇ ਰਾਹ              
                                                      ਸਰਕਾਰੀ ਸਰਵੇ ਜਾਰੀ ਹੈ…
ਕਈ ਵਰਿ•ਆਂ ਤੋਂ ਪੰਜਾਬ ਸਰਕਾਰ ਦਾ ਖੁਦਕਸ਼ੀ ਕਰਨ ਵਾਲੇ ਪ੍ਰਵਾਰਾਂ ਦਾ ਸਰਵੇ ਚੱਲ ਰਿਹਾ ਹੈ। ਪੀੜਤ ਕਿਸਾਨ ਪਰਿਵਾਰ ਇੱਕ ਦਹਾਕੇ ਤੋਂ ਮਾਲੀ ਮੱਦਦ ਦੀ ਉਡੀਕ ਕਰ ਰਹੇ ਹਨ। ਬਠਿੰਡਾ ਜ਼ਿਲ•ੇ ਦੇ ਸਿਰਫ ਪੰਜ ਪੀੜਤ ਕਿਸਾਨਾਂ ਨੂੰ ਮਾਲੀ ਮੱਦਦ ਮਿਲੀ ਹੈ। ਪੰਜਾਬ ਖੇਤੀਬਾੜੀ ਵਰਸਿਟੀ ਦੇ ਸਰਵੇ ਮੁਤਾਬਿਕ ਬਠਿੰਡਾ ਅਤੇ ਸੰਗਰੂਰ ਦੇ 1757 ਕਿਸਾਨਾਂ ਅਤੇ 1133 ਮਜ਼ਦੂਰਾਂ ਨੇ ਖੁਦਕਸ਼ੀ ਕੀਤੀ ਹੈ। ਬਾਕੀ ਜ਼ਿਲਿ•ਆਂ ਦਾ ਸਰਵੇ ਚੱਲ ਰਿਹਾ ਹੈ। ਕਾਫੀ ਸਮਾਂ ਤਾਂ ਸਰਕਾਰ ਨੇ ਸਰਵੇ ਲਈ ਫੰਡ ਹੀ ਜਾਰੀ ਨਹੀਂ ਕੀਤੇ ਜਿਸ ਕਰਕੇ ਸਰਵੇ ਦਾ ਕੰਮ ਹੋ ਪਛੜ ਗਿਆ। ਹੁਣ ਜਦੋਂ ਪੀੜਤ ਪ੍ਰਵਾਰਾਂ ਦੀ ਮਾਲੀ ਮੱਦਦ ਬਾਰੇ ਸਰਕਾਰ ਨੂੰ ਪੁੱਛਿਆ ਜਾਂਦਾ ਹੈ ਤਾਂ ਸਰਕਾਰ ਦਾ ਇੱਕੋ ਜੁਆਬ ਹੁੰਦਾ ਹੈ ਕਿ ਸਰਵੇ ਚੱਲ ਰਿਹਾ ਹੈ। ਸਰਵੇ ਮੁਕੰਮਲ ਹੋਣ ਵਿੱਤੀ ਮੱਦਦ ਦਿਆਂਗੇ। ਦੱਸਣਯੋਗ ਹੈ ਕਿ ਬਹੁਤੇ ਪੀੜਤ ਤਾਂ ਉਡੀਕ ਕਰਦੇ ਹੀ ਮੁੱਕ ਗਏ ਹਨ ਪ੍ਰੰਤੂ ਸਰਕਾਰ ਦਾ ਸਰਵੇ ਨਹੀਂ ਮੁੱਕਿਆ ਹੈ।
                                                       ਕੋਈ ਕੇਂਦਰੀ ਰਾਹਤ ਨਹੀਂ
ਪੰਜਾਬ ਵਿੱਚ ਲੰਘੇ ਡੇਢ ਦਹਾਕੇ ਵਿੱਚ ਹਜ਼ਾਰਾਂ ਕਿਸਾਨ ਕਰਜ਼ਿਆਂ ਦੀ ਭੇਟ ਚੜ• ਗਏ ਹਨ। ਪੰਜਾਬ ਸਰਕਾਰ ਹਾਲੇ ਤੱਕ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦਾ ਪਤਾ ਨਹੀਂ ਲਗਾ ਸਕੀ ਹੈ। ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੀ ਰਿਪੋਰਟ ਭੇਜੀ ਗਈ ਹੈ, ਉਸ ਅਨੁਸਾਰ ਲੰਘੇ ਪੰਜ ਵਰਿ•ਆਂ ਵਿੱਚ ਪੰਜਾਬ ਵਿੱਚ ਸਿਰਫ 74 ਕਿਸਾਨਾਂ ਨੇ ਖੁਦਕਸ਼ੀ ਕੀਤੀ ਹੈ। ਭੇਜੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਾਲ 2006 ਵਿੱਚ 19 ਕਿਸਾਨਾਂ,ਸਾਲ 2007 ਵਿੱਚ 24 ਕਿਸਾਨਾਂ, ਸਾਲ 2008 ਵਿੱਚ 12 ਕਿਸਾਨਾਂ,ਸਾਲ 2009 ਵਿੱਚ 15 ਕਿਸਾਨਾਂ ਅਤੇ ਸਾਲ 2010 ਵਿੱਚ 4 ਕਿਸਾਨਾਂ ਨੇ ਕਰਜ਼ਿਆਂ ਕਾਰਨ ਖੁਦਕਸ਼ੀ ਕੀਤੀ ਹੈ। ਕੇਂਦਰ ਸਰਕਾਰ ਇਨ•ਾਂ ਅੰਕੜਿਆਂ ਦੇ ਅਧਾਰ 'ਤੇ ਕੋਈ ਰਾਹਤ ਪੈਕੇਜ ਕਿਸਾਨਾਂ ਨੂੰ ਦੇਣ ਲਈ ਤਿਆਰ ਨਹੀਂ। ਕੇਂਦਰ ਸਰਕਾਰ ਨੇ ਹੁਣ ਤੱਕ ਮਹਾਂਰਾਸ਼ਟਰ,ਕਰਨਾਟਕਾ,ਆਂਧਰਾ ਪ੍ਰਦੇਸ਼ ਅਤੇ ਕੇਰਲਾ ਦੇ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੇ ਮੁੜ ਬਸੇਵੇ ਲਈ ਰਾਹਤ ਪੈਕੇਜ ਦਿੱਤਾ ਹੈ।

No comments:

Post a Comment