Friday, March 23, 2012

                              ਸਰਕਾਰੀ ਜਲਵਾ
          ਅਠਾਰਾਂ ਕਰੋੜ ਨੂੰ ਸੁਸਰੀ ਲੱਗੀ
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਰਾਜ ਗੁਦਾਮ ਨਿਗਮ ਨੇ ਸੁਸਰੀ ਤੇ ਚੂਹੇ ਮਾਰਨ ਤੇ ਅਨਾਜ ਦੀ ਸਾਂਭ ਸੰਭਾਲ ਲਈ ਛੇ ਵਰ੍ਹਿਆਂ ਵਿੱਚ 18 ਕਰੋੜ ਰੁਪਏ ਕੀਟਨਾਸ਼ਕ ਦਵਾਈਆਂ 'ਤੇ ਹੀ ਖਰਚ ਦਿੱਤੇ ਗਏ ਹਨ। ਬਾਕੀ ਖਰੀਦ ਏਜੰਸੀਆਂ ਵੱਲੋਂ ਜੋ ਦਵਾਈ 'ਤੇ ਖਰਚਾ ਕੀਤਾ ਜਾਂਦਾ ਹੈ, ਉਹ ਵੱਖਰਾ ਹੈ।ਪੰਜਾਬ ਰਾਜ ਗੋਦਾਮ ਨਿਗਮ ਵੱਲੋਂ ਹਰ ਸਾਲ ਸੂਬਾ ਪੱਧਰ 'ਤੇ ਕੀਟਨਾਸ਼ਕ ਦਵਾਈ ਖਰੀਦੀ ਜਾਂਦੀ ਹੈ। ਕਣਕ ਤੇ ਚੌਲਾਂ ਨੂੰ ਜਨੌਰਾਂ ਤੇ ਕੀੜੇ ਮਕੌੜਿਆਂ ਤੋਂ ਬਚਾਉਣ ਖਾਤਰ ਗੋਦਾਮਾਂ ਵਿੱਚ ਦਵਾਈ ਦਾ ਛਿੜਕਾਓ ਕੀਤਾ ਜਾਂਦਾ ਹੈ। ਗੋਦਾਮ ਨਿਗਮ ਰੋਜ਼ਾਨਾ 85 ਹਜ਼ਾਰ ਰੁਪਏ ਇਕੱਲੀ ਕੀੜੇਮਾਰ ਦਵਾਈ 'ਤੇ ਖਰਚ ਕਰਦਾ ਹੈ। ਦੂਜੇ ਪਾਸੇ ਇੰਨੀ ਵੱਡੀ ਮਾਤਰਾ ਵਿੱਚ ਛਿੜਕੀ ਗਈ ਕੀਟਨਾਸ਼ਕ ਦਵਾਈ ਅਨਾਜ ਵਿੱਚ ਵੀ ਦਾਖਲ ਹੁੰਦੀ ਹੈ ਜੋ ਹਾਨੀਕਾਰਕ ਹੈ। ਸੂਚਨਾ ਦੇ ਅਧਿਕਾਰ ਤਹਿਤ ਮਿਲੇ ਵੇਰਵਿਆਂ ਮੁਤਾਬਕ ਗੋਦਾਮ ਨਿਗਮ ਨੇ ਪਿਛਲੇ ਛੇ ਵਰ੍ਹਿਆਂ ਵਿੱਚ ਅਨਾਜ ਨੂੰ ਸੁਸਰੀ ਅਤੇ ਚੂਹਿਆਂ ਤੋਂ ਬਚਾਉਣ ਲਈ 18.33 ਕਰੋੜ ਰੁਪਏ ਇਕੱਲੀ ਦਵਾਈ 'ਤੇ ਹੀ ਖਰਚ ਦਿੱਤੇ ਹਨ। ਗੋਦਾਮ ਨਿਗਮ ਔਸਤਨ ਹਰ ਸਾਲ 3.05 ਕਰੋੜ ਰੁਪਏ ਅਨਾਜ ਦੀ ਚੂਹਿਆਂ ਤੇ ਸੁਸਰੀ ਦੇ ਹਮਲੇ ਤੋਂ ਰੱਖਿਆ ਲਈ ਖਰਚ ਕਰਦਾ ਹੈ  ਤੇ ਪ੍ਰਤੀ ਮਹੀਨਾ ਇਹ ਖਰਚ 25.45 ਲੱਖ ਰੁਪਏ ਬਣ ਜਾਂਦੇ ਹਨ।ਗੋਦਾਮ ਨਿਗਮ ਨੂੰ ਔਸਤਨ 10 ਤੋਂ 12 ਪੈਸੇ ਪ੍ਰਤੀ ਕਿਲੋ ਅਨਾਜ ਦੀ ਸੰਭਾਲ ਲਈ ਦਵਾਈ ਦਾ ਖਰਚਾ ਪੈ ਜਾਂਦਾ ਹੈ।              
            ਜਾਣਕਾਰੀ ਅਨੁਸਾਰ ਜਨਵਰੀ ਤੋਂ ਅਪਰੈਲ ਮਹੀਨੇ ਤੱਕ ਦਵਾਈ ਦਾ ਪ੍ਰਤੀ ਕਿਲੋ ਖਰਚ ਔਸਤਨ 2 ਤੋਂ ਤਿੰਨ ਪੈਸੇ ਪੈਂਦਾ ਹੈ। ਮਈ ਵਿੱਚ ਇਹ ਖਰਚਾ ਵੱਧ ਕੇ 7 ਤੋਂ 8 ਪੈਸੇ ਪ੍ਰਤੀ ਕਿਲੋ ਹੋ ਜਾਂਦਾ ਹੈ। ਜੂਨ ਮਹੀਨੇ ਤੋਂ ਸਤੰਬਰ ਮਹੀਨੇ ਤੱਕ ਦਵਾਈ ਦਾ ਪ੍ਰਤੀ ਕਿਲੋ ਪਿਛੇ ਖਰਚ 8 ਪੈਸੇ ਤੋਂ ਲੈ ਕੇ 15 ਪੈਸੇ ਤੱਕ ਚਲਾ ਜਾਂਦਾ ਹੈ। ਉਸ ਮਗਰੋਂ ਇਹ ਖਰਚ ਪ੍ਰਤੀ ਕਿਲੋ ਪਿਛੇ ਮੁੜ 5 ਤੋਂ 7 ਪੈਸੇ ਰਹਿ ਜਾਂਦਾ ਹੈ। ਅਨਾਜ ਦੀ ਸਾਂਭ ਸੰਭਾਲ ਲਈ ਐਲੂਮੀਨੀਅਮ ਫਾਸਫਾਈਡ, ਡੀ.ਡੀ.ਵੀ.ਪੀ,ਮੈਲਾਥੀਨ ਅਤੇ ਡੈਲਟਾ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ 113 ਦੇ ਕਰੀਬ ਵੇਅਰਹਾਊਸ ਹਨ।
           ਗੋਦਾਮ ਨਿਗਮ ਵੱਲੋਂ ਸਾਲ 2004 ਵਿੱਚ ਐਲੂਮੀਨੀਅਮ ਫਾਸਫਾਈਡ 281 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆਂ ਜਾਂਦਾ ਸੀ ਜਿਸ ਦਾ ਭਾਅ ਹੁਣ 400 ਰੁਪਏ ਤੋਂ ਵੱਧ ਗਿਆ ਹੈ। ਬਾਕੀ ਦਵਾਈਆਂ ਦੀ ਕੀਮਤ ਵਿੱਚ ਵੀ ਲਗਾਤਾਰ ਵਾਧਾ ਹੋਇਆ ਹੈ।  ਮਿਸਾਲ ਦੇ ਤੌਰ 'ਤੇ ਇੱਕਲੇ ਜ਼ਿਲ੍ਹਾ ਬਠਿੰਡਾ ਵਿੱਚ ਹਰ ਸਾਲ ਔਸਤਨ 7 ਕੁਇੰਟਲ ਡੈਲਟਾ ਦੀ ਲਾਗਤ ਹੈ ਤੇ ਸਵਾ ਸੌ ਲੀਟਰ ਦੇ ਕਰੀਬ ਡੀ.ਡੀ.ਵੀ.ਪੀ ਦੀ ਵਰਤੋਂ ਹੋ ਜਾਂਦੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਕਰੀਬ 70 ਗੋਦਾਮ ਹਨ। ਇੱਥੇ ਬਹੁਤੇ ਗੋਦਾਮਾਂ ਵਿੱਚ ਚੂਹਿਆਂ ਦੀ  ਵੱਡੀ ਸਮੱਸਿਆ ਹੈ। ਮਾਲਵਾ ਇਲਾਕੇ ਵਿੱਚ ਜਦੋਂ ਤੋਂ ਸਰਕਾਰ ਨੇ ਚੂਹੇ ਮਾਰ ਮੁਹਿੰਮ ਬੰਦ ਕੀਤੀ ਹੈ,ਉਦੋਂ ਤੋਂ ਚੂਹਿਆਂ ਦੀ ਸਮੱਸਿਆ ਵਿੱਚ ਵੱਡਾ ਵਾਧਾ ਹੋਇਆ ਹੈ। ਬਹੁਤਾ ਅਨਾਜ ਤਾਂ ਚੂਹੇ ਖੇਤਾਂ ਵਿੱਚ ਹੀ ਬਰਬਾਦ ਕਰ ਦਿੰਦੇ ਹਨ। ਪਹਿਲਾਂ ਸਰਕਾਰ ਵੱਲੋਂ ਹਾੜੀ ਸਾਉਣੀ ਕਿਸਾਨਾਂ ਨੂੰ ਚੂਹੇ ਮਾਰਨ ਵਾਸਤੇ ਦਵਾਈ ਦਿੱਤੀ ਜਾਂਦੀ ਹੈ ਜਿਸ ਸਦਕਾ ਚੂਹਿਆਂ ਦੀ ਆਬਾਦੀ 'ਤੇ ਕੰਟਰੋਲ ਸੀ ਪਰ ਹੁਣ ਕਰੀਬ 10 ਵਰ੍ਹਿਆਂ ਤੋਂ ਇਹ ਮੁਹਿੰਮ ਬੰਦ ਹੈ ਜਿਸ ਕਰਕੇ ਚੂਹਿਆਂ ਦੀ ਮਾਰ ਗੋਦਾਮਾਂ 'ਤੇ ਵੀ ਵੱਧ ਗਈ ਹੇ। ਸੂਤਰਾਂ ਮੁਤਾਬਕ ਦਵਾਈ ਦਾ ਜ਼ਿਆਦਾ ਛਿੜਕਾਅ ਸਿਰਫ ਕਾਗਜ਼ਾਂ ਵਿੱਚ ਹੀ ਰਹਿ ਜਾਂਦਾ ਹੈ।
                                    ਨਿਯਮਾਂ ਅਨੁਸਾਰ ਹੁੰਦੀ ਹੈ ਦਵਾਈ ਦੀ ਵਰਤੋਂ : ਜ਼ਿਲ੍ਹਾ ਮੈਨੇਜਰ
ਪੰਜਾਬ ਰਾਜ ਗੋਦਾਮ ਨਿਗਮ ਦੇ ਜ਼ਿਲ੍ਹਾ ਮੈਨੇਜਰ ਬਠਿੰਡਾ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਅਨਾਜ ਦੀ ਸਾਂਭ ਸੰਭਾਲ ਲਈ ਸਟੇਟ ਹੈਡਕੁਆਰਟਰ 'ਤੇ ਹੀ ਦਵਾਈ ਆਦਿ ਦੀ ਇਕੱਠੀ ਖਰੀਦ ਕੀਤੀ ਜਾਂਦੀ ਹੈ ਅਤੇ ਲੋੜ ਅਤੇ ਮੰਗ ਅਨੁਸਾਰ ਸਾਰੇ ਜ਼ਿਲ੍ਹਿਆਂ ਨੂੰ ਦਵਾਈ ਭੇਜ ਦਿੱਤੀ ਜਾਂਦੀ ਹੈ। ਨਿਰਧਾਰਤ ਨਿਯਮਾਂ ਅਤੇ ਮਿਆਰਾਂ ਮੁਤਾਬਕ ਹੀ ਗੋਦਾਮਾਂ ਵਿੱਚ ਅਨਾਜ ਦੀ ਸੰਭਾਲ ਲਈ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ।

No comments:

Post a Comment