Tuesday, March 27, 2012

                                     ਪੰਥਕ ਸਰਕਾਰ
                  500 ਠੇਕਿਆਂ ਦਾ ਨਵਾਂ ਤੋਹਫਾ
                                 ਚਰਨਜੀਤ ਭੁੱਲਰ
ਬਠਿੰਡਾ : ਮਾਲਵਾ ਦੇ ਪਿੰਡਾਂ ਵਿੱਚ ਐਤਕੀਂ ਠੇਕਿਆਂ ਦੀ ਕੋਈ ਤੋਟ ਨਹੀਂ ਰਹਿਣੀ। ਏਨੇ ਸ਼ਰਾਬ ਦੇ ਠੇਕੇ ਖੋਲ੍ਹੇ ਜਾਣੇ ਹਨ ਕਿ ਪਿੰਡਾਂ ਵਿੱਚ ਪਾਣੀ ਦੀ ਕਿੱਲਤ ਹੋ ਸਕਦੀ ਹੈ ਪਰ ਸ਼ਰਾਬ ਹਰ ਥਾਂ ਤੋਂ ਮਿਲੇਗੀ। ਜ਼ਿਲ੍ਹਾ ਬਠਿੰਡਾ ਦੇ ਪਿੰਡਾਂ ਵਿੱਚ ਦੋ ਦਰਜਨ ਨਵੇਂ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਪਹਿਲੀ ਅਪਰੈਲ ਤੋਂ ਬਠਿੰਡਾ ਜ਼ਿਲ੍ਹੇ ਦੇ ਹਰ ਪਿੰਡ 'ਚ ਸ਼ਰਾਬ ਦੀ ਸੁਵਿਧਾ ਹੋ ਜਾਵੇਗੀ। ਇੱਥੋਂ ਤੱਕ ਕਿ ਡੇਢ ਦਰਜਨ ਪਿੰਡਾਂ ਵਿੱਚ ਤਾਂ ਸ਼ਰਾਬ ਦੇ ਦੋ-ਦੋ ਠੇਕੇ ਹਨ। ਨਵੇਂ ਮਾਲੀ ਵਰ੍ਹੇ ਤੋਂ ਕਈ ਪਿੰਡਾਂ ਨੂੰ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੀ 'ਸਹੂਲਤ' ਵੀ ਦੇ ਦਿੱਤੀ ਗਈ ਹੈ। ਬਠਿੰਡਾ ਜ਼ਿਲ੍ਹੇ 'ਚ ਹੁਣ ਸ਼ਰਾਬ ਦੇ ਠੇਕਿਆਂ ਦੀ ਗਿਣਤੀ 521 ਹੋ ਗਈ ਹੈ ਜਿਨ੍ਹਾਂ 'ਚੋਂ 279 ਸ਼ਰਾਬ ਦੇ ਠੇਕੇ ਦਿਹਾਤੀ ਖੇਤਰ ਵਿੱਚ ਹੋਣਗੇ। ਐਤਕੀਂ ਉਨ੍ਹਾਂ ਪਿੰਡਾਂ 'ਚ ਵੀ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ ਜੋ ਪਿੰਡ ਹਾਲੇ ਤੱਕ ਸ਼ਰਾਬ ਤੋਂ ਬਚੇ ਹੋਏ ਸਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈਰੂਪਾ ਵਿੱਚ ਪਹਿਲਾਂ ਹੀ ਸ਼ਰਾਬ ਦੇ ਤਿੰਨ ਠੇਕੇ ਸਨ। ਹੁਣ ਇਸ ਪਿੰਡ ਵਿੱਚ ਇੱਕ ਹੋਰ ਨਵਾਂ ਠੇਕਾ ਹੋਵੇਗਾ। ਪਿੰਡ ਭਾਈਰੂਪਾ ਵਿੱਚ ਪਿਛਲੇ ਪੰਜ ਵਰ੍ਹਿਆਂ 'ਚ ਐਨੇ ਸਕੂਲ ਨਹੀਂ ਖੁੱਲ੍ਹੇ ਜਿੰਨੇ ਸ਼ਰਾਬ ਦੇ ਠੇਕੇ ਖੁੱਲ ਗਏ ਹਨ। ਪਿੰਡ ਮਹਿਰਾਜ ਵਿੱਚ ਪਹਿਲਾਂ ਹੀ ਸ਼ਰਾਬ ਦੇ ਚਾਰ ਠੇਕੇ ਹਨ। ਲਹਿਰਾ ਮੁਹੱਬਤ 'ਚ ਪਹਿਲਾਂ ਦੋ ਠੇਕੇ ਸਨ। ਹੁਣ ਇਥੇ ਇੱਕ ਹੋਰ ਨਵਾਂ ਠੇਕਾ ਖੁੱਲ੍ਹੇਗਾ। ਪਿੰਡ ਭਾਗੀ ਵਾਂਦਰ,ਰਾਮਸਰਾ ਅਤੇ ਜੀਦਾ ਵਿੱਚ ਸ਼ਰਾਬ ਦੇ ਤਿੰਨ ਤਿੰਨ ਠੇਕੇ ਹਨ। ਪਿੰਡ ਕੋਟਸ਼ਮੀਰ ਵਿੱਚ ਵੀ ਹੁਣ ਠੇਕਿਆਂ ਦੀ ਗਿਣਤੀ ਤਿੰਨ ਹੋ ਗਈ ਹੈ।
           ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਅਪਰੈਲ ਤੋਂ ਪਿੰਡ ਮਾੜੀ, ਪਿਪਲੀ, ਰਾਈਆ, ਦੁੱਨੇਵਾਲਾ, ਕੁੱਟੀ ਕਿਸ਼ਨਪੁਰਾ, ਲਹਿਰਾ ਸੌਂਧਾ, ਲਹਿਰਾ ਬੇਗਾ ਅਤੇ ਧਿੰਗੜ ਵਿੱਚ ਵੀ ਸ਼ਰਾਬ ਦੇ ਨਵੇਂ ਠੇਕੇ ਖੁੱਲ੍ਹ ਜਾਣਗੇ ਜਦੋਂ ਕਿ ਪਹਿਲਾਂ ਇਨ੍ਹਾਂ ਪਿੰਡਾਂ ਵਿੱਚ ਠੇਕੇ ਨਹੀਂ ਸਨ। ਇਸੇ ਤਰ੍ਹਾਂ ਪਿੰਡ ਸੰਦੋਹਾ, ਜੇਠੂਕੇ, ਮਲਕਾਣਾ, ਗਿਆਨਾ, ਜਲਾਲ, ਗੁਰੂਸਰ ਸੈਣੇਵਾਲਾ, ਗਹਿਰੀ ਭਾਗੀ, ਰਾਜਗੜ੍ਹ ਕੁੱਬੇ, ਨਥਾਣਾ, ਨਰ ਸਿੰਘ ਕਲੋਨੀ ਵਿੱਚ ਹੁਣ ਇੱਕ ਇੱਕ ਨਵਾਂ ਸ਼ਰਾਬ ਦਾ ਠੇਕਾ ਖੁੱਲਣਾ ਹੈ ਜਦੋਂ ਕਿ ਇਨ੍ਹਾਂ ਪਿੰਡਾਂ ਵਿੱਚ ਪਹਿਲਾਂ ਵੀ ਇੱਕ ਇੱਕ ਠੇਕਾ ਸੀ।ਪਿੰਡ ਮਲਕਾਣਾ ਅਤੇ ਗਿਆਨਾ ਤਾਂ ਕੈਂਸਰ ਦੇ ਝੰਬੇ ਹੋਏ ਪਿੰਡ ਹਨ ਜਿਨ੍ਹਾਂ ਨੂੰ ਲੰਮਾ ਅਰਸਾ ਨਵਾਂ ਜਲਘਰ ਵੀ ਨਸੀਬ ਨਹੀਂ ਹੋਇਆ। ਸਰਕਾਰ ਨੇ ਹੁਣ ਇਨ੍ਹਾਂ ਪਿੰਡਾਂ ਨੂੰ ਦੋ ਦੋ ਸ਼ਰਾਬ ਦੇ ਠੇਕੇ ਦਿੱਤੇ ਹਨ। ਪਿੰਡ ਲਹਿਰਾ ਸੌਧਾ ਦੇ ਲੋਕਾਂ ਨੇ ਸਰਕਾਰ ਤੋਂ ਖਰੀਦ ਕੇਂਦਰ ਪੱਕਾ ਕਰਨ ਦੀ ਮੰਗ ਕੀਤੀ ਪਰ ਸਰਕਾਰ ਨੇ ਖਰੀਦ ਕੇਂਦਰ ਪੱਕਾ ਕਰਨ ਦੀ ਥਾਂ ਹੁਣ ਪਿੰਡ ਦੇ ਲੋਕਾਂ ਨੂੰ ਸ਼ਰਾਬ ਦਾ ਨਵਾਂ ਠੇਕਾ ਦੇ ਦਿੱਤਾ ਹੈ। ਪਿੰਡ ਗਹਿਰੀ ਭਾਗੀ ਦੇ ਕੈਂਸਰ ਪੀੜਤਾਂ ਨੂੰ ਹਾਲੇ ਤੱਕ ਸਰਕਾਰੀ ਰਾਸ਼ੀ ਤਾਂ ਨਹੀਂ ਮਿਲੀ ਪਰ ਪਿੰਡ ਦੇ ਲੋਕਾਂ ਨੂੰ ਸ਼ਰਾਬ ਦੇ ਨਵੇਂ ਠੇਕੇ ਦਾ ਇੱਕ ਹੋਰ ਤੋਹਫਾ ਜ਼ਰੂਰ ਮਿਲ ਗਿਆ।  ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਪਿੰਡ ਜਲਾਲ ਨੂੰ ਸਰਕਾਰ ਨੇ ਇੱਕ ਹੋਰ ਠੇਕਾ ਦੇ ਦਿੱਤਾ ਹੈ।
              ਪਿੰਡ ਦੇ ਲੋਕ ਕੁਲਦੀਪ ਮਾਣਕ ਦੀ ਪਿੰਡ ਵਿੱਚ ਯਾਦਗਾਰ ਦੀ ਮੰਗ ਕਰਦੇ ਸਨ। ਜ਼ਿਲ੍ਹਾ ਬਠਿੰਡਾ ਦੇ ਪਿੰਡ ਚਾਉਕੇ,ਜਗ੍ਹਾ ਰਾਮ ਤੀਰਥ,ਸੇਖਪੁਰਾ,ਜੈ ਸਿੰਘ ਵਾਲਾ, ਪੱਕਾ ਕਲਾਂ, ਘੁੱਦਾ, ਕਣਕਵਾਲ, ਬੱਲੂਆਣਾ, ਕੋਠਾ ਗੁਰੂ,ਗੁੰਮਟੀ ਕਲਾਂ,ਚੱਕ ਖੜਕ ਸਿੰਘ ਵਾਲਾ, ਪਥਰਾਲਾ, ਮਾਈਸਰਖਾਨਾ, ਝੁੰਬਾ, ਕਲਿਆਣ ਸੁੱਖਾ,ਰਾਈਆ,ਬੁਰਜ ਮਹਿਮਾ,ਦਿਉਣ ਅਤੇ ਪਿੰਡ ਜੰਡਾਵਾਲਾ ਵਿੱਚ ਤਾਂ ਪਹਿਲਾਂ ਹੀ ਸ਼ਰਾਬ ਦੇ ਦੋ ਦੋ ਠੇਕੇ ਹਨ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ 8 ਸ਼ਰਾਬ ਦੇ ਨਵੇਂ ਠੇਕੇ ਖੁਲਣਗੇ। ਫਰੀਦਕੋਟ ਦੇ ਪਿੰਡਾਂ 'ਚ ਨਵੇਂ 16 ਸ਼ਰਾਬ ਦੇ ਠੇਕੇ ਖੁਲਣੇ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ੍ਹੇ ਮੁਕਤਸਰ ਦੇ ਪਿੰਡਾਂ ਵਿੱਚ 16 ਸ਼ਰਾਬ ਦੇ ਨਵੇਂ ਠੇਕੇ ਖੋਲ੍ਹੇ ਜਾਣੇ ਹਨ।   ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੁਣ ਠੇਕਿਆਂ ਦੀ ਗਿਣਤੀ 674 ਹੋ ਜਾਣੀ ਹੈ। ਐਤਕੀਂ ਪਹਿਲੀ ਅਪਰੈਲ ਤੋਂ ਇਸ ਜ਼ਿਲ੍ਹੇ ਵਿੱਚ 74 ਸ਼ਰਾਬ ਦੇ ਨਵੇਂ ਠੇਕੇ ਖੁਲ੍ਹ ਜਾਣੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਵਿੱਚ 38 ਸ਼ਰਾਬ ਦੇ ਨਵੇਂ ਠੇਕੇ ਖੋਲ੍ਹੇ ਜਾ ਰਹੇ ਹਨ ਜਦੋਂ ਕਿ ਜ਼ਿਲ੍ਹਾ ਪਟਿਆਲਾ ਵਿੱਚ ਸ਼ਰਾਬ ਦੇ 92 ਨਵੇਂ ਠੇਕੇ ਖੋਲ੍ਹੇ ਜਾਣੇ ਹਨ। ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਹੋਰ ਠੇਕੇ ਖੋਲ੍ਹੇ ਜਾ ਰਹੇ ਹਨ ਅਤੇ ਦੂਜੇ ਪਾਸੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਪਿੰਡਾਂ ਵਿੱਚ ਵੱਡੀ ਪੱਧਰ 'ਤੇ ਸਰਕਾਰ ਨੇ ਜਿੰਮ ਦਾ ਸਾਮਾਨ ਵੰਡਿਆ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ। ਵਿਸ਼ਵ ਕਬੱਡੀ ਕੱਪ ਵੀ ਇਸ ਨਜ਼ਰ ਤੋਂ ਹੀ ਕਰਾਏ ਗਏ ਹਨ ਤਾਂ ਜੋ ਨੌਜਵਾਨ ਖੇਡਾਂ ਵਿੱਚ ਪੈ ਕੇ ਨਸ਼ਿਆਂ ਤੋਂ ਦੂਰ ਹੋ ਸਕਣ। ਇਸੇ ਲੜੀ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ 16 ਨਵੇਂ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਜਿਨ੍ਹਾਂ 'ਚੋਂ ਕੁਝ ਸਟੇਡੀਅਮ ਤਾਂ ਤਿਆਰ ਵੀ ਹੋ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਬਠਿੰਡਾ ਵਿੱਚ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਹੋਇਆ ਹੈ। ਇਹ ਕੇਂਦਰ ਤਾਂ ਨਹੀਂ ਖੁਲ੍ਹਿਆ ਪਰ ਸ਼ਰਾਬ ਦੇ ਨਵੇਂ ਠੇਕੇ ਪਹਿਲੀ ਅਪਰੈਲ ਤੋਂ ਖੁੱਲ੍ਹ ਜਾਣੇ ਹਨ।
                                                        ਸ਼ਰਾਬ ਸਨਅਤਾਂ ਦਾ ਤੋਹਫਾ
ਜ਼ਿਲ੍ਹਾ ਬਠਿੰਡਾ ਨੂੰ ਤਾਂ ਸਰਕਾਰ ਨੇ ਦੋ ਸ਼ਰਾਬ ਫੈਕਟਰੀਆਂ ਦਾ ਤੋਹਫਾ ਵੀ ਦਿੱਤਾ ਹੈ। ਇਹ ਸ਼ਰਾਬ ਸਨਅਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਨੇੜੇ ਹੀ ਹਨ ਜਿਨ੍ਹਾਂ 'ਚੋਂ ਇੱਕ ਤਾਂ ਸ਼ੁਰੂ ਹੋਣ ਦੇ ਨੇੜੇ ਹੀ ਹੈ। ਬਲਾਕ ਸੰਗਤ ਵਿੱਚ ਦੋ ਸ਼ਰਾਬ ਫੈਕਟਰੀਆਂ ਜਲਦੀ ਹੀ ਸ਼ੁਰੂ ਹੋ ਜਾਣੀਆਂ ਹਨ। ਇਸ ਤੋਂ ਪਹਿਲਾਂ ਬਠਿੰਡਾ ਜ਼ਿਲ੍ਹਾ ਸ਼ਰਾਬ ਦੀਆਂ ਫੈਕਟਰੀਆਂ ਤੋਂ ਬਚਿਆ ਹੋਇਆ ਸੀ। ਪੰਜਾਬ ਭਰ ਵਿੱਚ 19 ਨਵੀਆਂ ਸ਼ਰਾਬ ਸਨਅਤਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਬਠਿੰਡਾ ਰਿਫਾਈਨਰੀ ਦੇ ਇਲਾਕੇ ਦੇ ਆਸ ਪਾਸ ਹੀ ਬਠਿੰਡਾ ਜ਼ਿਲ੍ਹੇ ਵਿੱਚ ਦੋ ਸ਼ਰਾਬ ਫੈਕਟਰੀਆਂ ਲੱਗ ਰਹੀਆਂ ਹਨ। ਇੱਕ ਸ਼ਰਾਬ ਸਨਅਤ ਦਾ ਇਲਾਕੇ ਦੇ ਲੋਕਾਂ ਵਲੋਂ ਵਿਰੋਧ ਵੀ ਕੀਤਾ ਗਿਆ ਸੀ ਪਰ ਲੋਕਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋਈ। ਲੋਕਾਂ ਨੂੰ ਡਰ ਹੈ ਕਿ ਇਨ੍ਹਾਂ ਸਨਅਤਾਂ ਦਾ ਪ੍ਰਦੂਸ਼ਣ ਉਨ੍ਹਾਂ ਦਾ ਜਿਉਣਾ ਮੁਹਾਲ ਕਰ ਦੇਵੇਗਾ।

No comments:

Post a Comment