Monday, March 19, 2012

                            ਕੁਵੇਲੇ ਦੀਆਂ ਟੱਕਰਾਂ
           ਬਾਬਾ ਜੀ ਤਾਂ ਪੇਪਰ ਦੇਣ ਗਏ ਨੇ...
                              ਚਰਨਜੀਤ ਭੁੱਲਰ
ਬਠਿੰਡਾ : ਜ਼ਿੰਦਗੀ ਦੀ ਢਲਦੀ ਸ਼ਾਮ ਵਿੱਚ ਹੁਣ ਬਾਬੇ ਪੇਪਰ ਦੇ ਰਹੇ ਹਨ, ਜੋ ਬਚਪਨ ਉਮਰੇ ਪੜ੍ਹਨੋਂ ਖੁੰਝ ਗਏ ਹਨ, ਉਹ ਹੁਣ ਬੁਢਾਪੇ ਵਿੱਚ ਪੜ੍ਹਨ ਦੇ ਰਾਹ ਪਏ ਹਨ। ਇਹ ਵੱਖਰੀ ਗੱਲ ਹੈ ਕਿ ਬਹੁਤੇ ਬਜ਼ੁਰਗਾਂ ਦੇ ਪੁੱਤ ਪੋਤੇ ਵੀ ਪੜ੍ਹ ਲਿਖ ਕੇ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਖੜ੍ਹੇ ਹਨ। ਕੇਂਦਰ ਸਰਕਾਰ ਵੱਲੋਂ ਭਾਰਤ ਸਾਖਰ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਹੈ। ਇਸ ਵਿੱਚ ਬਠਿੰਡਾ ਜ਼ਿਲ੍ਹਾ ਵੀ ਸ਼ਾਮਲ ਹੈ। ਭਾਰਤ ਸਾਖਰ ਮਿਸ਼ਨ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਵਿੱਚ ਬਜ਼ੁਰਗਾਂ ਦੀ ਪ੍ਰੀਖਿਆ ਲਈ ਗਈ ਤਾਂ ਜੋ ਉਨ੍ਹਾਂ ਨੂੰ ਸਾਖਰ ਬਣਾਇਆ ਜਾ ਸਕੇ। ਲਰਨਰ ਅਸੈਸਮੈਂਟ ਟੈਸਟ ਵਿੱਚ ਅੱਜ ਜ਼ਿਲ੍ਹੇ ਭਰ ਵਿੱਚ ਕਰੀਬ 10 ਹਜ਼ਾਰ ਵਿਅਕਤੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ।ਪਿੰਡ ਤੁੰਗਵਾਲੀ ਦੇ 87 ਵਰ੍ਹਿਆਂ ਦੇ ਬਜ਼ੁਰਗ ਹਰਭਜਨ ਸਿੰਘ ਨੇ ਅੱਜ ਪ੍ਰੀਖਿਆ ਦਿੱਤੀ ਹੈ, ਉਹ ਹੁਣ ਪੜ੍ਹਨਾ ਚਾਹੁੰਦਾ ਹੈ। ਉਸ ਦਾ ਇਕ ਲੜਕਾ ਸਾਬਕਾ ਵਿਧਾਇਕ (ਗੁਰਾਂ ਸਿੰਘ ਤੁੰਗਵਾਲੀ) ਹੈ, ਜਦੋਂ ਕਿ ਉਸ ਦੀ ਪੋਤੀ ਬੀ.ਐੱਡ ਕਰ ਰਹੀ ਹੈ। ਬਾਬੇ ਦਾ ਇਕ ਲੜਕਾ ਸਕੂਲ ਵੀ ਚਲਾ ਰਿਹਾ ਹੈ। ਇਸ ਬਾਬੇ ਦੀ ਇੱਛਾ ਹੁਣ ਪੜ੍ਹਨ ਲਿਖਣ ਦੀ ਹੈ। ਅੱਜ ਤੁੰਗਵਾਲੀ ਦੇ ਪ੍ਰੀਖਿਆ ਕੇਂਦਰ ਵਿੱਚ 35 ਦੇ ਕਰੀਬ ਵਿਅਕਤੀ ਸਨ।
           ਪਿੰਡ ਖੋਖਰ ਦੇ ਪ੍ਰੀਖਿਆ ਕੇਂਦਰ ਵਿੱਚ ਅੱਜ 60 ਸਾਲ ਦੀ ਬਜ਼ੁਰਗ ਔਰਤ ਸੱਤਿਆ ਦੇਵੀ ਅਤੇ 58 ਸਾਲ ਦੀ ਬਜ਼ੁਰਗ ਮਹਿੰਦਰ ਕੌਰ ਨੇ ਵੀ ਪ੍ਰੀਖਿਆ ਦਿੱਤੀ। ਅਧਿਆਪਕ ਨਾਜ਼ਮ ਸਿੰਘ ਨੇ ਦੱਸਿਆ ਕਿ ਬਜ਼ੁਰਗਾਂ ਵਿੱਚ ਪ੍ਰੀਖਿਆ ਦੇਣ ਦੀ ਕਾਫੀ ਰੁਚੀ ਸੀ।ਪਿੰਡ ਮੰਡੀ ਕਲਾਂ ਵਿੱਚ ਅੱਜ 67 ਸਾਲ ਦੀ ਔਰਤ ਕਰਨੈਲ ਕੌਰ ਨੇ ਪ੍ਰੀਖਿਆ ਦਿੱਤੀ। ਇਥੋਂ ਦੇ ਹੀ 62 ਸਾਲ ਦੇ ਮੱਖਣ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਪੜ੍ਹ ਲਿਖ ਨਹੀਂ ਸਕੇ ਪਰ ਹੁਣ ਦੋ ਚਾਰ ਅੱਖਰ ਪੜ੍ਹ ਜਾਵਾਂਗੇ ਤਾਂ ਘੱਟੋ ਘੱਟ ਬੱਸ ਅੱਡਿਆਂ ਤੇ ਬੱਸ ਤਾਂ ਨਹੀਂ ਪੁੱਛਣੀ ਪਵੇਗੀ। 60 ਸਾਲ ਦੇ ਸਤਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਹੁਣ ਪੜ੍ਹਨ ਦੀ ਇੱਛਾ ਜਾਗੀ ਹੈ। ਪ੍ਰੀਖਿਆ ਡਿਊਟੀ 'ਤੇ ਤਾਇਨਾਤ ਪ੍ਰੇਰਕ ਰਾਜਵਿੰਦਰ ਕੌਰ ਦਾ ਕਹਿਣਾ ਸੀ ਕਿ ਇਹ ਪ੍ਰੀਖਿਆ ਕੇਵਲ ਅਸੈਸਮੈਂਟ ਲੈਣ ਲਈ ਹੀ ਹੈ। ਪਿੰਡ ਚਾਉਕੇ ਵਿੱਚ ਅੱਜ 65 ਵਰ੍ਹਿਆਂ ਦੇ ਮਿੱਠੂ ਸਿੰਘ ਨੇ ਵੀ ਪ੍ਰੀਖਿਆ ਦਿੱਤੀ। ਪ੍ਰੀਖਿਆ ਵਿੱਚ ਤਸਵੀਰਾਂ ਦੀ ਪਛਾਣ, ਅੱਖਰ ਲਿਖਣ ਅਤੇ ਕੁਝ ਗਣਿਤ ਦੇ ਸਵਾਲ ਸਨ।ਭਗਤਾ ਭਾਈ ਦੇ ਪ੍ਰੀਖਿਆ ਕੇਂਦਰ ਵਿੱਚ ਬਜ਼ੁਰਗ ਔਰਤ ਜਸਵਿੰਦਰ ਕੌਰ ਨੇ ਵੀ ਪ੍ਰੀਖਿਆ ਦਿੱਤੀ ਹੈ। ਉਹ ਬਚਪਨ ਉਮਰੇ ਸਿਰਫ਼ ਤਿੰਨ ਜਮਾਤਾਂ ਪੜ੍ਹੀ ਸੀ। ਉਸ ਦੇ ਲੜਕੇ ਸਵਰਨਜੀਤ ਸਿੰਘ ਨੇ ਵੀ ਬੀ.ਏ. ਅਤੇ ਈ.ਟੀ.ਟੀ. ਕੀਤੀ ਹੋਈ ਹੈ, ਜੋ ਬੇਰੁਜ਼ਗਾਰ ਹੈ। ਉਸ ਦਾ ਕਹਿਣਾ ਸੀ ਕਿ ਇਹ ਤਾਂ ਅਫਸੋਸ ਹੈ ਕਿ ਇੱਥੇ ਡਿਗਰੀਆਂ ਦਾ ਕੋਈ ਮੁੱਲ ਨਹੀਂ ਪੈਂਦਾ ਪਰ ਪੜ੍ਹਨ ਲਿਖਣ ਨਾਲ ਜ਼ਿੰਦਗੀ ਜਿਊਣ ਦੀ ਜਾਂਚ ਆ ਜਾਂਦੀ ਹੈ। ਏਦਾਂ ਦੇ ਹਜ਼ਾਰਾਂ ਬਜ਼ੁਰਗ ਸਨ, ਜਿਨ੍ਹਾਂ ਪ੍ਰੀਖਿਆ ਵੀ ਦਿੱਤੀ ਤੇ ਨਾਲੋਂ ਨਾਲ ਸਰਕਾਰਾਂ ਨੂੰ ਵੀ ਕੋਸਿਆ ਕਿ ਇਥੇ ਪੜ੍ਹਾਈ ਲਿਖਾਈ ਦਾ ਕੋਈ ਮੁੱਲ ਨਹੀਂ ਪੈਂਦਾ। ਬਜ਼ੁਰਗਾਂ ਦਾ ਕਹਿਣਾ ਸੀ ਕਿ ਜੋ ਪੜ੍ਹੇ ਲਿਖੇ ਹਨ, ਉਹ ਤਾਂ ਵਿਹਲੇ ਫਿਰਦੇ ਹਨ ਅਤੇ ਬਜ਼ੁਰਗਾਂ ਨੂੰ ਪੜ੍ਹਾਉਣ ਲਈ ਸੈਂਟਰ ਖੋਲ੍ਹ ਰਹੀ ਹੈ।
           ਸਾਖਰ ਭਾਰਤ ਮਿਸ਼ਨ ਤਹਿਤ ਬਠਿੰਡਾ ਜ਼ਿਲ੍ਹੇ ਦੇ ਹਰ ਪਿੰਡ ਵਿੱਚ 5000 ਦੀ ਆਬਾਦੀ ਪਿੱਛੇ ਇਕ ਅਡਲਟ ਐਜ਼ੂਕੇਸ਼ਨ ਸੈਂਟਰ ਖੋਲ੍ਹਿਆ ਗਿਆ ਹੈ। ਇਸ ਜ਼ਿਲ੍ਹੇ ਵਿੱਚ 337 ਐਜ਼ੂਕੇਸ਼ਨ ਸੈਂਟਰ ਖੋਲ੍ਹੇ ਗਏ ਹਨ। ਹਰ ਸੈਂਟਰ ਵਿੱਚ ਬਜ਼ੁਰਗਾਂ ਨੂੰ ਪੜ੍ਹਾਉਣ ਖਾਤਰ ਦੋ ਦੋ ਪ੍ਰੇਰਕ ਰੱਖੇ ਗਏ ਹਨ। ਕੇਂਦਰ ਸਰਕਾਰ ਵੱਲੋਂ ਸਾਲ 2009 ਵਿੱਚ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਪਰ ਬਠਿੰਡਾ ਜ਼ਿਲ੍ਹੇ ਵਿੱਚ ਇਹ ਪ੍ਰਾਜੈਕਟ ਸਾਲ 2011 ਵਿੱਚ ਸ਼ੁਰੂ ਹੋਇਆ। ਹੁਣ ਤੱਕ ਕਰੀਬ 29 ਲੱਖ ਰੁਪਏ ਦੀ ਰਾਸ਼ੀ ਆ ਚੁੱਕੀ ਹੈ, ਜਿਸ ਵਿੱਚੋਂ 10 ਲੱਖ ਰੁਪਏ ਦੀ ਰਾਸ਼ੀ ਖਰਚੀ ਜਾ ਚੁੱਕੀ ਹੈ।
                                              ਪਹਿਲੀ ਤਨਖਾਹ ਨਸੀਬ ਨਹੀਂ ਹੋਈ
ਸਾਖਰ ਭਾਰਤ ਮਿਸ਼ਨ ਤਹਿਤ ਰੱਖੇ ਪੌਣੇ ਸੱਤ ਸੌ ਪ੍ਰੇਰਕਾਂ ਨੂੰ ਹਾਲੇ ਪਹਿਲੀ ਤਨਖਾਹ ਵੀ ਨਹੀਂ ਮਿਲ ਸਕੀ। ਇਹ ਪ੍ਰੇਰਕ ਪਿੰਡਾਂ ਵਿੱਚ ਕੰਮ ਤਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਾਢੇ ਤਿੰਨ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ, ਜਿਸ ਕਰਕੇ ਉਨ੍ਹਾਂ ਵਿੱਚ ਰੋਸ ਹੈ। ਸਰਕਾਰ ਵੱਲੋਂ ਜੋ ਫੰਡ ਦਿੱਤੇ ਗਏ ਹਨ, ਉਹ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ 'ਤੇ ਤਾਂ ਪੁੱਜ ਗਏ ਹਨ ਪਰ ਪਿੰਡਾਂ ਨੂੰ ਹਾਲੇ ਫੰਡ ਜਾਰੀ ਨਹੀਂ ਕੀਤੇ ਗਏ, ਜਿਸ ਕਰਕੇ ਪ੍ਰੇਰਕਾਂ ਨੂੰ ਤਨਖਾਹ ਨਹੀਂ ਮਿਲ ਸਕੀ। ਹਰ ਪ੍ਰੇਰਕ ਨੂੰ ਦੋ ਹਜ਼ਾਰ ਰੁਪਏ ਤਨਖਾਹ ਦਿੱਤੀ ਜਾਣੀ ਹੈ। ਅੱਜ ਇਨ੍ਹਾਂ ਪ੍ਰੇਰਕਾਂ ਨੇ ਵੀ ਬਜ਼ੁਰਗਾਂ ਦਾ ਅਸੈਸਮੈਂਟ ਟੈਸਟ ਲਿਆ।

No comments:

Post a Comment