Friday, March 2, 2012

                       ਕਾਹਲੇ ਉਮੀਦਵਾਰ
             ਮੰਨ ਗਏ ਥੋਡੇ ਟਸ਼ਨ ਨੂੰ !
                        ਚਰਨਜੀਤ ਭੁੱਲਰ
ਬਠਿੰਡਾ : ਦਰਜਨਾਂ ਉਮੀਦਵਾਰਾਂ ਨੇ ਚੋਣ ਨਤੀਜੇ ਤੋਂ ਪਹਿਲਾਂ ਹੀ ਤਿਆਰੀ ਖਿੱਚ ਲਈ ਹੈ। ਕੋਈ ਦਫਤਰ ਸ਼ਿੰਗਾਰ ਰਿਹਾ ਹੈ ਅਤੇ ਕੋਈ ਨਵੀਆਂ ਪੁਸ਼ਾਕਾਂ ਤਿਆਰ ਕਰਵਾ ਰਿਹਾ ਹੈ। ਇਨ੍ਹਾਂ ਦਿਨਾਂ ਵਿੱਚ ਮੁਕਤਸਰ ਦੇ ਪ੍ਰਿੰਸ ਟੇਲਰਜ਼ ਕੋਲ ਕਾਫੀ ਭੀੜ ਹੈ, ਜੋ ਖਾਸ ਕਰਕੇ ਨੇਤਾਵਾਂ ਦੀਆਂ ਪੁਸ਼ਾਕਾਂ ਦੀ ਸਿਲਾਈ ਲਈ ਮਸ਼ਹੂਰ ਹੈ। ਕਰੀਬ ਚਾਰ ਦਰਜਨ ਉਮੀਦਵਾਰਾਂ ਵੱਲੋਂ ਇਸ ਦਰਜ਼ੀ ਤੋਂ ਫਰਵਰੀ ਮਹੀਨੇ ਵਿੱਚ ਕੱਪੜੇ ਸਿਲਾਏ ਗਏ ਹਨ। ਕਰੀਬ ਇਕ ਦਰਜਨ ਉਮੀਦਵਾਰਾਂ ਨੇ 4 ਮਾਰਚ ਤੱਕ ਕੱਪੜੇ ਮੰਗੇ ਹਨ।ਬਠਿੰਡਾ ਤੋਂ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਆਪਣੇ ਦਫਤਰ ਨੂੰ ਰੰਗ ਰੋਗਨ ਕਰਾ ਲਿਆ ਹੈ ਅਤੇ ਚੋਣਾਂ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੀਆਂ ਸੂਚੀਆਂ ਵੀ ਤਿਆਰ ਕਰ ਲਈਆਂ ਹਨ। ਸ੍ਰੀ ਸਿੰਗਲਾ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਪੁਸ਼ਾਕਾਂ ਤਾਂ ਪਹਿਲਾਂ ਹੀ ਹਨ ਅਤੇ ਹੁਣ ਦਫਤਰ ਨੂੰ ਰੰਗ ਰੋਗਨ ਕਰਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪੂਰੀ ਤਿਆਰ ਕਰ ਲਈ ਹੈ ਅਤੇ ਚੋਣ ਨਤੀਜੇ ਉਨ੍ਹਾਂ ਦੇ ਪੱਖ ਵਿੱਚ ਜਾਣਗੇ। ਬਠਿੰਡਾ ਜ਼ਿਲ੍ਹੇ ਦੇ ਦੋ ਕਾਂਗਰਸੀ ਉਮੀਦਵਾਰਾਂ ਵੱਲੋਂ ਦਰਜਨ ਨਵੀਆਂ ਪੁਸ਼ਾਕਾਂ ਸਿਲਵਾਈਆਂ ਗਈਆਂ ਹਨ, ਜਿਨ੍ਹਾਂ ਦੀ ਡਲਿਵਰੀ ਕੱਲ੍ਹ ਹੋਈ ਹੈ। ਬਠਿੰਡਾ ਜ਼ਿਲ੍ਹੇ ਦੇ ਇਕ ਅਕਾਲੀ ਉਮੀਦਵਾਰ ਨੇ ਇਸ ਹਫਤੇ ਇਕ ਗੁਰਦੁਆਰੇ ਵਿੱਚ ਆਪਣੇ ਵਰਕਰਾਂ ਦਾ ਇਕੱਠ ਕਰਕੇ ਉਨ੍ਹਾਂ ਨੂੰ ਜਿੱਤ ਦੇ ਜਸ਼ਨ ਮਨਾਉਣ ਵਾਸਤੇ ਤਿਆਰ ਰਹਿਣ ਲਈ ਆਖ ਦਿੱਤਾ ਹੈ। ਅਕਾਲੀ ਉਮੀਦਵਾਰ ਨੇ ਆਪਣੇ ਵਰਕਰਾਂ ਨੂੰ ਆਖ ਦਿੱਤਾ ਹੈ ਕਿ ਉਹ ਆਪੋ ਆਪਣੇ ਘਰਾਂ ਵਿੱਚ ਆਤਿਸ਼ਬਾਜ਼ੀ ਅਤੇ ਗੁਲਾਲ ਮੰਗਵਾ ਲੈਣ ਤਾਂ ਜੋ 6 ਮਾਰਚ ਨੂੰ ਜਿੱਤ ਦੇ ਜਸ਼ਨਾਂ ਨੂੰ ਰੰਗੀਨ ਬਣਾਇਆ ਜਾ ਸਕੇ। ਹਲਕਾ ਮੌੜ ਤੋਂ ਕਾਂਗਰਸੀ ਉਮੀਦਵਾਰ ਮੰਗਤ ਰਾਏ ਬਾਂਸਲ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਤਾਂ ਤਿਆਰੀ ਹੀ ਹੈ ਅਤੇ ਵਰਕਰ 6 ਮਾਰਚ ਨੂੰ ਮੌਕੇ 'ਤੇ ਗੁਲਾਲ ਵਗੈਰਾ ਖੇਡਣਗੇ। ਉਨ੍ਹਾਂ ਦੱਸਿਆ ਕਿ ਉਹ ਆਪਣਾ ਦਫ਼ਤਰ ਮੌੜ ਮੰਡੀ ਵਿਖੇ ਰੱਖਣਗੇ ਅਤੇ ਦਫਤਰ ਵਗੈਰਾ ਦੇਖ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪੁਸ਼ਾਕ ਤਾਂ ਪਹਿਲਾਂ ਹੀ ਹੈ।
           ਹਲਕਾ ਰਾਮਪੁਰਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਉਨ੍ਹਾਂ ਕਦੇ ਖਾਸ ਤਿਆਰੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਜਿੱਤ ਮਗਰੋਂ ਪਿੰਡ ਮਹਿਰਾਜ ਦੇ ਗੁਰਦੁਆਰੇ ਜਾਂਦੇ ਹਨ। ਸ਼ਹਿਰ ਦੇ ਢੋਲੀ ਵੀ 6 ਮਾਰਚ ਦਾ ਦਿਨ ਉਡੀਕ ਰਹੇ ਹਨ।ਮੁਕਤਸਰ ਦੇ ਪ੍ਰਿੰਸ ਟੇਲਰਜ਼ ਦੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵੋਟਾਂ ਵਾਲੇ ਦਿਨਾਂ ਵਿੱਚ ਉਨ੍ਹਾਂ ਕੋਲ ਆਗੂਆਂ ਦਾ ਕੰਮ ਘਟ ਗਿਆ ਸੀ। ਉਨ੍ਹਾਂ ਦੱਸਿਆ ਕਿ ਵੋਟਾਂ ਮਗਰੋਂ ਇਕਦਮ ਫਰਵਰੀ ਮਹੀਨੇ ਵਿੱਚ ਨਵੀਆਂ ਪੁਸ਼ਾਕਾਂ ਸਿਲਵਾਉਣ ਵਾਲੇ ਆਗੂਆਂ ਦੀ ਆਮਦ ਵਧ ਗਈ। ਉਨ੍ਹਾਂ ਦੱਸਿਆ ਕਿ 50 ਦੇ ਕਰੀਬ ਉਮੀਦਵਾਰਾਂ ਨੇ ਕਮੀਜ਼ ਪਜ਼ਾਮੇ ਅਤੇ ਜੈਕਟਾਂ ਸਿਲਵਾਈਆਂ ਹਨ। ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਨੇ 6 ਮਾਰਚ ਤੋਂ ਪਹਿਲਾਂ ਆਪਣੀਆਂ ਪੁਸ਼ਾਕਾਂ ਤਿਆਰ ਮੰਗੀਆਂ ਹਨ। ਇਹ ਵੀ ਦੱਸਿਆ ਕਿ ਅਕਾਲੀ ਅਤੇ ਕਾਂਗਰਸੀ ਉਮੀਦਵਾਰ ਦੋਵੇਂ ਤਿਆਰੀ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਦਰਜ਼ੀ ਦੀ ਮਸ਼ਹੂਰੀ ਕਰਕੇ ਲੁਧਿਆਣਾ, ਬਠਿੰਡਾ, ਮਾਨਸਾ, ਬਰਨਾਲਾ, ਫਰੀਦਕੋਟ, ਫਿਰੋਜ਼ਪੁਰ, ਮੋਗਾ ਅਤੇ ਸੰਗਰੂਰ ਦੇ ਸਿਆਸੀ ਲੀਡਰ ਮੁਕਤਸਰ ਵਿੱਚ ਪੁਸ਼ਾਕਾਂ ਦੀ ਸਿਲਾਈ ਲਈ ਪੁੱਜਦੇ ਹਨ।
           ਪ੍ਰਿੰਸ ਟੇਲਰਜ਼ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਕੱਪੜੇ ਤਿਆਰ ਮੰਗਣ ਵਾਲੇ ਲੀਡਰਾਂ ਦੀ ਗਿਣਤੀ ਵਧਣ ਕਰਕੇ ਉਨ੍ਹਾਂ ਨੂੰ ਫਰਵਰੀ ਮਹੀਨੇ ਵਿੱਚ ਦਿਨ ਰਾਤ ਕੰਮ ਚਾਲੂ ਰੱਖਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ ਦੋ ਹਫ਼ਤੇ ਤੋਂ ਤਾਂ ਰੋਜ਼ਾਨਾ 5 ਤੋਂ 7 ਵੀ.ਵੀ.ਆਈ.ਪੀ. ਵਿਸ਼ੇਸ਼ ਪੁਸ਼ਾਕਾਂ ਤਿਆਰ ਕਰਵਾਉਣ ਵਾਸਤੇ ਆ ਰਹੇ ਹਨ। ਕਈ ਉਮੀਦਵਾਰਾਂ ਵੱਲੋਂ ਤਾਂ 10-10 ਕਮੀਜ਼ ਪਜ਼ਾਮੇ ਸਿਲਵਾਏ ਗਏ ਹਨ। ਪਤਾ ਲੱਗਿਆ ਹੈ ਕਿ ਪਟਿਆਲਾ ਅਤੇ ਚੰਡੀਗੜ੍ਹ ਤੋਂ ਇਲਾਵਾ ਲੁਧਿਆਣਾ ਅਤੇ ਜਲੰਧਰ ਦੇ ਦਰਜ਼ੀਆਂ ਕੋਲ ਵੀ ਉਮੀਦਵਾਰਾਂ ਦੇ ਕੱਪੜਿਆਂ ਦੀ ਸਿਲਾਈ ਦਾ ਕਾਫੀ ਕੰਮ ਵੱਧ ਗਿਆ ਹੈ। ਪਤਾ ਲੱਗਿਆ ਹੈ ਕਿ ਅੰਦਰੋਂ ਅੰਦਰੀ ਤਾਂ ਕਈ ਉਮੀਦਵਾਰਾਂ ਨੇ ਹਲਵਾਈਆਂ ਨੂੰ ਲੱਡੂਆਂ ਦੇ ਆਰਡਰ ਵੀ ਦੇ ਰੱਖੇ ਹਨ ਪਰ ਇਸ ਬਾਰੇ ਕੋਈ ਵੀ ਉਮੀਦਵਾਰ ਨਹੀਂ ਦੱਸ ਰਿਹਾ ਹੈ। ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨੂੰ ਗੁਲਾਲ ਦਾ ਪ੍ਰਬੰਧ ਕਰਨ ਵਾਸਤੇ ਆਖ ਰੱਖਿਆ ਹੈ। ਇੱਥੋਂ ਤੱਕ ਕਿ ਬਹੁਤੇ ਉਮੀਦਵਾਰਾਂ ਨੇ ਤਾਂ ਚੋਣ ਨਤੀਜੇ ਦੇ ਐਲਾਨ ਮਗਰੋਂ ਜੇਤੂ ਜਲੂਸ ਦਾ ਰੂਟ ਪ੍ਰੋਗਰਾਮ ਵੀ ਬਣਾ ਰੱਖਿਆ ਹੈ। ਦੇਖਣਾ ਇਹ ਹੈ ਕਿ ਚੋਣ ਨਤੀਜੇ ਕੀ ਆਖਦੇ ਹਨ।
                                                    ਗਿਣਤੀ ਏਜੰਟਾਂ ਦੀਆਂ ਸੂਚੀਆਂ ਦੀ ਤਿਆਰੀ
ਉਮੀਦਵਾਰਾਂ ਨੇ ਗਿਣਤੀ ਏਜੰਟਾਂ ਦੀਆਂ ਸੂਚੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਨੂੰ ਗਿਣਤੀ ਏਜੰਟਾਂ ਅਤੇ ਸੁਪਰਵਾਈਜ਼ਰਾਂ ਦੀਆਂ ਸੂਚੀਆਂ ਜਮ੍ਹਾਂ ਕਰਾਉਣ ਲਈ 2 ਮਾਰਚ ਦੀ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਹੋਇਆ ਹੈ, ਜਿਸ ਕਰਕੇ ਉਮੀਦਵਾਰ ਗਿਣਤੀ ਕੇਂਦਰਾਂ 'ਤੇ ਬੈਠਣ ਵਾਲੇ ਆਪਣੇ ਗਿਣਤੀ ਏਜੰਟਾਂ ਦੀਆਂ ਸੂਚੀਆਂ ਤਿਆਰ ਕਰ ਰਹੇ ਹਨ। ਮੌੜ ਦੇ ਉਮੀਦਵਾਰ ਮੰਗਤ ਰਾਏ ਬਾਂਸਲ ਨੇ ਏਜੰਟਾਂ ਦੀ ਸੂਚੀ ਜਮ੍ਹਾਂ ਕਰਾ ਦਿੱਤੀ ਹੈ, ਜਦੋਂ ਕਿ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਅਤੇ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਸੂਚੀਆਂ ਤਿਆਰ ਕੀਤੀਆਂ ਹਨ।

No comments:

Post a Comment