Thursday, March 22, 2012

                                      ਉਲਟੀ ਗੰਗਾ
    ਕਾਤਲ 'ਗਰੰਥੀ' ਤੇ ਤਸਕਰ 'ਪੁਜਾਰੀ'
                                  ਚਰਨਜੀਤ ਭੁੱਲਰ
ਬਠਿੰਡਾ : ਜੇਲ੍ਹਾਂ 'ਚ ਬੰਦ ਕਾਤਲ ਗੁਰੂ ਘਰਾਂ ਦੇ ਗਰੰਥੀ ਬਣ ਗਏ ਹਨ ਜਦੋਂ ਕਿ ਤਸਕਰ ਮੰਦਰਾਂ ਦੇ ਪੁਜਾਰੀ ਬਣ ਗਏ ਹਨ। ਖੁਦ ਮਾੜੇ ਕੰਮਾਂ ਵਿੱਚ ਸਜ਼ਾ ਕੱਟਣ ਵਾਲੇ ਹੁਣ ਦੂਸਰਿਆਂ ਨੂੰ ਰਾਹ ਦਿਖਾ ਰਹੇ ਹਨ। ਉਂਝ ਤਾਂ ਜੇਲ੍ਹੋਂ ਬਾਹਰ ਦੇ ਗੁਰੂ ਘਰਾਂ ਵਿੱਚ ਉਸ ਵਿਅਕਤੀ ਨੂੰ ਗਰੰਥੀ ਲਾਇਆ ਜਾਂਦਾ ਹੈ ਜਿਸ ਦਾ ਕਿਰਦਾਰ ਸਾਫ ਸੁਥਰਾ ਹੋਵੇ ਅਤੇ ਜੋ ਦੂਸਰਿਆਂ ਲਈ ਰੋਲ ਮਾਡਲ ਬਣ ਸਕਦਾ ਹੋਵੇ। ਵੈਸੇ ਤਾਂ ਗੁਰੂ ਘਰਾਂ ਲਈ ਚੰਗੇ ਗਰੰਥੀਆਂ ਦੀ ਕਮੀ ਸ਼ੁਰੂ ਤੋਂ ਹੀ ਰੜਕ ਰਹੀ ਹੈ ਪ੍ਰੰਤੂ ਫਿਰ ਵੀ ਗਰੰਥੀ ਦੀ ਨਿਯੁਕਤੀ ਸਮੇਂ ਚਰਿੱਤਰ ਦਾ ਖਿਆਲ ਰੱਖਿਆ ਜਾਂਦਾ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਉਲਟ ਗੰਗਾ ਵਹਿ ਰਹੀ ਹੈ। ਜੇਲ੍ਹਾਂ ਅੰਦਰ ਜੋ ਧਾਰਮਿਕ ਸਥਾਨ ਹਨ, ਉਨ੍ਹਾਂ ਦੀ ਅਗਵਾਈ ਤਸਕਰ ਅਤੇ ਕਾਤਲ ਕਰ ਰਹੇ ਹਨ। ਦੂਸਰੀ ਤਰਫ ਇਸ ਦਾ ਚੰਗਾ ਪੱਖ ਇਹ ਆਖਿਆ ਜਾ ਸਕਦਾ ਹੈ ਕਿ ਮਾੜੇ ਧੰਦੇ 'ਚ ਸਜ਼ਾ ਕੱਟਣ ਵਾਲੇ ਸੁਧਰੇ ਤਾਂ ਹਨ। ਤਾਹੀਓਂ ਜੇਲ੍ਹਾਂ ਵਿੱਚ ਬੰਦ ਕਾਤਲ ਤੇ ਤਸਕਰ ਹੁਣ ਪੂਜਾ ਪਾਠ ਕਰਨ ਲੱਗੇ ਹਨ। ਜੇਲ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਵਾਂ ਮੋੜਾ ਦਿੱਤਾ ਹੈ ਜਿਸ ਕਾਰਨ ਉਹ ਹੁਣ ਗੁਰੂ ਦੇ ਲੜ ਲੱਗ ਗਏ ਹਨ। ਇੱਥੋਂ ਤੱਕ ਕਿ ਉਹ ਦੂਜੇ ਕੈਦੀਆਂ ਨੂੰ ਵੀ ਧਰਮ ਦਾ ਪਾਠ ਪੜ੍ਹਾ ਰਹੇ ਹਨ। ਜੇਲ੍ਹਾਂ ਵਿੱਚ ਸਥਿਤ ਗੁਰੂ ਘਰਾਂ ਦੇ ਗ੍ਰੰਥੀ ਤਸਕਰ ਅਤੇ ਮੰਦਰਾਂ ਦੇ ਪੁਜਾਰੀ ਕਾਤਲ ਹਨ। ਸੂਚਨਾ ਅਧਿਕਾਰ ਤਹਿਤ ਜੇਲ੍ਹਾਂ ਤੋਂ ਪ੍ਰਾਪਤ ਵੇਰਵਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ।ਜੇਲ੍ਹਾਂ ਅੰਦਰ ਗੁਰਦੁਆਰੇ ਅਤੇ ਮੰਦਰ ਬਣੇ ਹੋਏ ਹਨ। ਕਈ ਜੇਲ੍ਹਾਂ ਅੰਦਰ ਤਾਂ ਮਸੀਤਾਂ ਵੀ ਹਨ। ਜੇਲ੍ਹਾਂ ਦੇ ਭਲਾਈ ਵਿਭਾਗ ਅਧੀਨ ਇਹ ਧਾਰਮਿਕ ਅਸਥਾਨ ਆਉਂਦੇ ਹਨ। ਗੁਰੂ ਘਰਾਂ ਦਾ ਪ੍ਰਬੰਧ ਕੈਦੀਆਂ ਦੀ ਕਮੇਟੀ ਵੱਲੋਂ ਚਲਾਇਆ ਜਾਂਦਾ ਹੈ।
              ਕੇਂਦਰੀ ਜੇਲ੍ਹ ਪਟਿਆਲਾ ਵਿੱਚ ਗੁਰਦੁਆਰਾ ਵੀ ਹੈ ਅਤੇ ਮੰਦਰ ਵੀ। ਸਰਕਾਰੀ ਸੂਚਨਾ ਅਨੁਸਾਰ ਇਸ ਜੇਲ੍ਹ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗੁਰਦਿਆਲ ਸਿੰਘ ਹੈ ਜੋ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ। ਇਸੇ ਜੇਲ੍ਹ ਦੇ ਮੰਦਰ ਦਾ ਪੁਜਾਰੀ ਮਹੇਸ਼ਇੰਦਰ ਹੈ ਜੋ ਧਾਰਾ 302 ਤਹਿਤ ਸਜ਼ਾ ਭੋਗ ਰਿਹਾ ਹੈ। ਪੂਜਾ ਪਾਠ ਦੀ ਜ਼ਿੰਮੇਵਾਰੀ ਇਹ ਕੈਦੀ ਹੀ ਨਿਭਾਉਂਦੇ ਹਨ। ਚੰਗਾ ਪੱਖ ਇਹ ਹੈ ਕਿ ਧਰਮ ਨੇ ਇਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਅਤੇ ਇਹ ਗ੍ਰੰਥੀ ਤੇ ਪੁਜਾਰੀ ਹੁਣ ਦੂਜੇ ਕੈਦੀਆਂ ਨੂੰ ਰਾਹ ਵਿਖਾ ਰਹੇ ਹਨ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਅੱਠ ਧਾਰਮਿਕ ਅਸਥਾਨ ਹਨ ਜਿਨ੍ਹਾਂ ਵਿੱਚ ਤਿੰਨ ਗੁਰਦੁਆਰੇ,4 ਮੰਦਰ ਅਤੇ ਇੱਕ ਮਸਜਿਦ ਹੈ। ਜੇਲ੍ਹ ਅੰਦਰ ਜੋ ਸਜ਼ਾ ਯਾਫਤਾ ਖਾਸ ਕਰਕੇ ਕਤਲ ਕੇਸ ਵਿੱਚ ਸ਼ਾਮਲ ਹਨ। ਇਨ੍ਹਾਂ ਧਾਰਮਿਕ ਅਸਥਾਨਾਂ ਵਿੱਚ ਸੇਵਾ ਨਿਭਾ ਰਹੇ ਹਨ।  ਕੇਂਦਰੀ ਜੇਲ੍ਹ ਸੰਗਰੂਰ ਵਿੱਚ ਜੋ ਗੁਰੂ ਘਰ ਹੈ, ਉਸ ਦਾ ਗ੍ਰੰਥੀ ਰਜਿੰਦਰ ਸਿੰਘ ਹੈ ਜੋ ਕਤਲ ਕੇਸ ਵਿੱਚ ਸਜ਼ਾ ਕੱਟ ਰਿਹਾ ਹੈ। ਇਸੇ ਤਰ੍ਹਾਂ ਜੇਲ੍ਹ ਅੰਦਰਲੇ ਮੰਦਰ ਦਾ ਪੁਜਾਰੀ ਸੁਰੇਸ਼ ਕੁਮਾਰ ਹੈ ਅਤੇ ਉਹ ਵੀ ਧਾਰਾ 302 ਤਹਿਤ ਸਜ਼ਾ ਕੱਟ ਰਿਹਾ ਹੈ। ਜੇਲ੍ਹ ਅੰਦਰ ਜੋ ਧਾਰਮਿਕ ਉਤਸਵ ਮਨਾਏ ਜਾਂਦੇ ਹਨ,ਉਨ੍ਹਾਂ ਦੀ ਸਾਰੀ ਦੇਖ ਰੇਖ ਇਹ ਗ੍ਰੰਥੀ ਅਤੇ ਪੁਜਾਰੀ ਕਰਦੇ ਹਨ। ਇਹ ਗ੍ਰੰਥੀ ਕੈਦੀਆਂ ਦੇ ਚੰਗੇ ਜੀਵਨ ਅਤੇ ਸੁਧਾਰ ਲਈ ਜੇਲ੍ਹ ਅੰਦਰਲੇ ਗੁਰੂ ਘਰਾਂ ਵਿੱਚ ਇਹ ਨਿੱਤ ਅਰਦਾਸ ਕਰਦੇ ਹਨ। ਇਹ ਗ੍ਰੰਥੀ ਲੰਗਰ ਵੀ ਲਾਉਂਦੇ ਹਨ ਜਿਸ ਵਿੱਚ ਸਾਰੇ ਕੈਦੀ ਅਤੇ ਬੰਦੀ ਯੋਗਦਾਨ ਪਾਉਂਦੇ ਹਨ। ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿੱਚ ਗੁਰਦੁਆਰੇ ਦਾ ਗ੍ਰੰਥੀ ਰਤਨ ਸਿੰਘ ਹੈ ਜੋ ਕਿ ਕਤਲ ਕੇਸ 'ਚ ਸਜ਼ਾ ਭੋਗ ਰਿਹਾ ਅਤੇ ਇਸੇ ਤਰ੍ਹਾਂ ਮੰਦਰ ਦਾ ਪੁਜਾਰੀ ਰਾਮਜੀ ਹੈ ਅਤੇ ਉਹ ਵੀ ਕਤਲ ਕੇਸ ਵਿੱਚ ਬੰਦ ਹੈ। ਜੇਲ੍ਹ ਸੂਤਰਾਂ ਮੁਤਾਬਕ ਜਦੋਂ ਗ੍ਰੰਥੀ ਅਤੇ ਪੁਜਾਰੀ ਛੁੱਟੀ ਕੱਟਣ ਜਾਂਦੇ ਹਨ ਤਾਂ ਉਨ੍ਹਾਂ ਦੀ ਥਾਂ ਆਰਜ਼ੀ ਤੌਰ 'ਤੇ ਕੋਈ ਦੂਜਾ ਕੈਦੀ ਪ੍ਰਬੰਧ ਸੰਭਾਲਦਾ ਹੈ।
           ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਚੰਗੀ ਗੱਲ ਹੈ ਕਿ ਜੇਲ੍ਹਾਂ ਵਿੱਚ ਗੁਰੂ ਘਰ ਹੋਣ ਕਰਕੇ ਕੈਦੀਆਂ ਦੀ ਜ਼ਿੰਦਗੀ ਸੁਧਰ ਰਹੀ ਹੈ। ਬਹੁਤੇ ਕੈਦੀਆਂ ਨੇ ਗੁਰੂ ਘਰਾਂ ਵਿੱਚ ਪਸ਼ਚਾਤਾਪ ਕੀਤਾ ਹੈ। ਜੇਲ੍ਹ ਲੁਧਿਆਣਾ ਵਿਚਲੇ ਗੁਰੂ ਘਰ ਦਾ ਗ੍ਰੰਥੀ ਦਰਸ਼ਨ ਸਿੰਘ ਹੈ ਜੋ ਕਿ ਕਤਲ ਕੇਸ 'ਚ ਸਜ਼ਾ ਕੱਟ ਰਿਹਾ ਹੈ। ਇਸੇ ਤਰ੍ਹਾਂ ਕਤਲ ਕੇਸ ਦੀ ਸਜ਼ਾ ਕੱਟ ਰਿਹਾ ਰਾਜੂ ਇਸ ਜੇਲ੍ਹ ਵਿਚਲੇ ਮੰਦਰ ਦਾ ਪੁਜਾਰੀ ਹੈ। ਕਪੂਰਥਲਾ ਜੇਲ੍ਹ ਵਿਚਲੇ ਮੰਦਰ ਦਾ ਪੁਜਾਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਸਜ਼ਾ ਕੱਟ ਰਿਹਾ ਹੈ ਜਦੋਂ ਕਿ ਗੁਰੂ ਘਰ ਦਾ ਗ੍ਰੰਥੀ ਕਤਲ ਦੀ ਸਜ਼ਾ ਕੱਟ ਰਿਹਾ ਹੈ। ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਤਾਂ ਚਰਚ ਵੀ ਹੈ ਜਿਸ ਦੀ ਦੇਖ ਰੇਖ ਇੱਕ ਕਾਤਲ ਕਰ ਰਿਹਾ ਹੈ। ਇਸ ਜੇਲ੍ਹ ਦੇ ਗੁਰਦੁਆਰਾ ਸਾਹਿਬ ਅਤੇ ਮੰਦਰ ਦੀ ਜ਼ਿੰਮੇਵਾਰੀ ਵੀ ਕਤਲ ਕੇਸ ਵਿੱਚ ਸਜ਼ਾ ਭੁਗਤਣ ਵਾਲੇ ਨਿਭਾ ਰਹੇ ਹਨ। ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਕੋਈ ਧਾਰਮਿਕ ਸਥਾਨ ਨਹੀਂ ਹੈ ਅਤੇ ਇਹ ਜੇਲ੍ਹ 7 ਜੁਲਾਈ,2011 ਨੂੰ ਚਾਲੂ ਹੋਈ ਹੈ। ਕਈ ਸਬ ਜੇਲ੍ਹਾਂ 'ਚ ਧਾਰਮਿਕ ਸਥਾਨ ਨਹੀਂ ਹਨ। ਸਬ ਜੇਲ੍ਹ ਮਲੇਰਕੋਟਲਾ ਵਿੱਚ ਪੀਰ ਦੀ ਦਰਗਾਹ ਹੈ। ਇਸ ਜੇਲ੍ਹ ਦੇ ਸੁਪਰਡੈਂਟ ਦੀ ਸੂਚਨਾ ਅਨੁਸਾਰ ਇਸ ਦਰਗਾਹ 'ਤੇ ਕੈਦੀ ਹੀ ਸੇਵਾ ਅਤੇ ਜੋਤ ਬੱਤੀ ਕਰਦੇ ਹਨ। ਇਥੇ ਕੋਈ ਗੋਲਕ ਨਹੀਂ ਹੈ। ਜੇਲ੍ਹਾਂ ਦੇ ਸੁਪਰਡੈਂਟਾਂ ਦਾ ਕਹਿਣਾ ਹੈ ਕਿ ਧਾਰਮਿਕ ਸਥਾਨ ਕੈਦੀਆਂ ਨੂੰ ਸੁਧਾਰਨ ਵਿਚ ਸਹਾਈ ਹੋ ਰਹੇ ਹਨ।
                                                                  ਗੁਰੂ ਦੀ ਗੋਲਕ
ਜੇਲ੍ਹਾਂ ਵਿੱਚ ਜੋ ਧਾਰਮਿਕ ਸਥਾਨ ਹਨ,ਉਨ੍ਹਾਂ ਵਿਚਲੀ ਗੁਰੂ ਦੀ ਗੋਲਕ ਦਾ ਹਿਸਾਬ ਕਿਤਾਬ ਜੇਲ੍ਹ ਦਾ ਭਲਾਈ ਵਿਭਾਗ ਰੱਖਦਾ ਹੈ। ਸੂਚਨਾ ਅਨੁਸਾਰ ਗੋਲਕ ਦੀ ਆਮਦਨ ਨੂੰ ਧਾਰਮਿਕ ਸਥਾਨ ਦੀ ਭਲਾਈ ਅਤੇ ਧਾਰਮਿਕ ਸਮਾਗਮ ਕਰਾਉਣ ਵਾਸਤੇ ਵਰਤਿਆ ਜਾਂਦਾ ਹੈ। ਗੁਰਪੁਰਬ ਮਨਾਏ ਜਾਣ ਵੇਲੇ ਗੋਲਕ 'ਚੋਂ ਖਰਚ ਕੀਤਾ ਜਾਂਦਾ ਹੈ। ਲੁਧਿਆਣਾ ਜੇਲ੍ਹ ਵਿਚਲੇ ਗੁਰੂ ਘਰ ਦੀ ਗੋਲਕ 'ਚੋਂ ਸੱਤ ਵਰ੍ਹਿਆਂ ਵਿੱਚ 41,500 ਰੁਪਏ ਅਤੇ ਮੰਦਰ ਦੀ ਗੋਲਕ 'ਚੋਂ 24,900 ਰੁਪਏ ਦੀ ਆਮਦਨ ਹੋਈ ਹੈ। ਗੁਰੂ ਘਰਾਂ ਵਿੱਚ ਜੋ ਲੰਗਰ ਲਗਾਏ ਜਾਂਦੇ ਹਨ,ਉਨ੍ਹਾਂ 'ਚ ਕੈਦੀ ਸ਼ਰਧਾ ਅਨੁਸਾਰ ਯੋਗਦਾਨ ਪਾਉਂਦੇ ਹਨ।

No comments:

Post a Comment